ਨਾਵਲ ਕੌਰਵ ਸਭਾ : ਕਾਂਡ- 4

08/02/2020 4:43:46 PM

ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਸਥਿਤੀ ਦੀ ਗੰਭੀਰਤਾ ਨੂੰ ਭਾਂਪ ਚੁੱਕਾ ਸੀ।
ਦਿਨ ਦੇ ਗਿਆਰਾਂ ਵੱਜ ਚੁੱਕੇ ਸਨ। ਹਾਲੇ ਤਕ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਤਕ ਨਹੀਂ ਸੀ ਦਿੱਤੀ ਗਈ।
ਮਰੀਜ਼ਾਂ ਦੇ ਵਾਰਿਸ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਵਿਚੋਂ ਇੱਕ ਵਕੀਲ ਸੀ ਅਤੇ ਇੱਕ ਡਾਕਟਰ। ਉਹ ਡਾਕਟਰਾਂ ਦੀ ਅਣਗਹਿਲੀ ਤੇ ਕਿੰਤੂ ਪ੍ਰੰਤੂ ਕਰ ਰਹੇ ਸਨ। ਕਿਸੇ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ।
ਪੱਤਰਕਾਰ ਗੇੜੇ ਮਾਰ ਰਹੇ ਸਨ। ਕੁੱਝ ਮਜ਼ਰੂਬਾਂ ਦੀਆਂ ਫੋਟੋ ਉਤਾਰ ਕੇ ਲੈ ਗਏ ਸਨ। ਬਾਕੀ ਦੇ ਡਾਕਟਰਾਂ ਤੋਂ ਜਾਨਣਾ ਚਾਹੁੰਦੇ ਸਨ ਕਿ ਮਜ਼ਰੂਬਾਂ ਦੀ ਹਾਲਤ ਕਿਹੋ ਜਿਹੀ ਹੈ? ਖ਼ਤਰੇ ਵਿੱਚ ਹਨ ਜਾਂ ਖ਼ਤਰੇ ਤੋਂ ਬਾਹਰ?
ਭਾਈਚਾਰੇ ਦੇ ਨਾਤੇ ਪੁਲਿਸ ਵਾਲਿਆਂ ਨੇ ਡਾਕਟਰਾਂ ਨੂੰ ਸੁਚੇਤ ਕਰ ਦਿੱਤਾ ਸੀ। ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਸੀ। ਸ਼ਹਿਰ ਵਿੱਚ ਇਸ ਵਾਰਦਾਤ ਕਾਰਨ ਗੁੱਸਾ ਅਤੇ ਘਬਰਾਹਟ ਫੈਲ ਰਹੀ ਸੀ। ਗ੍ਰਹਿ-ਮੰਤਰੀ ਸ਼ਹਿਰ ਦਾ ਦੌਰਾ ਕਰਨ ਆ ਰਿਹਾ ਸੀ। ਉਹ ਮਜ਼ਰੂਬਾਂ ਦਾ ਹਾਲ-ਚਾਲ ਪੁੱਛਣ ਹਸਪਤਾਲ ਵੀ ਆਏਗਾ। ਡਾਕਟਰਾਂ ਨੂੰ ਹਾਲਾਤ ਅਨੁਸਾਰ ਢਲ ਜਾਣਾ ਚਾਹੀਦਾ ਸੀ।
ਆਪਣਾ ਫਰਜ਼ ਸਮਝ ਕੇ ਐਮਰਜੈਂਸੀ ਡਾਕਟਰ ਨੇ ਫ਼ੋਨ ਕਰ-ਕਰ ਸਾਰੇ ਡਾਕਟਰਾਂ ਨੂੰ ਸੂਚਿਤ ਕਰ ਦਿੱਤਾ ਸੀ। ਐਕਸਰੇ ਵਾਲੇ ਡਾਕਟਰ ਅਤੇ ਲੇਡੀ ਡਾਕਟਰ ਸ਼ਰਨਜੀਤ ਨੂੰ ਉਸਨੇ ਤਾੜਿਆ ਵੀ ਸੀ। ਨਜ਼ਲਾ ਉਨ੍ਹਾਂ ਤੇ ਝੜ ਸਕਦਾ ਸੀ।
ਠੇਕੇਦਾਰ ਆਪਣੀ ਰਿਪੋਰਟ ਦੇ ਚੁੱਕਾ ਸੀ। ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ ਸੀ। ਮੁਫ਼ਤ ਵਿੱਚ ਮੁਆਇਨੇ ਕਰਨੇ ਪੈਣੇ ਸਨ। ਡਾ.ਨਸੀਬ ਮਿੱਤਲ ਨੂੰ ਕੋਈ ਪਰਵਾਹ ਨਹੀਂ ਸੀ। ਉਹ ਸ਼ਹਾਦਤ ਦੇਣ ਅਦਾਲਤ ਗਿਆ ਸੀ। ਅਦਾਲਤ ਨਾਲ ਸਹਿਯੋਗ ਕਰਨਾ ਹਰ
ਸ਼ਹਿਰੀ ਦਾ ਪਹਿਲਾ ਫਰਜ਼ ਸੀ। ਉਸਨੇ ਅਦਾਲਤ ਕੋਲੋਂ ਆਪਣੇ ਹਾਜ਼ਰ ਹੋਣ ਬਾਰੇ ਸਰਟੀਫਿਕੇਟ ਲੈ ਲਿਆ ਸੀ। ਹੁਣ ਉਸਨੂੰ ਮੰਤਰੀ ਦਾ ਕੋਈ ਡਰ ਨਹੀਂ ਸੀ। ਉਸਨੇ ਆਪਣੇ ਫਾਰਮਾਸਿਸਟ ਨੂੰ ਆਖ ਦਿੱਤਾ ਸੀ। ਉਹ ਮਰੀਜ਼ਾਂ ਨੂੰ ਕੱਲ੍ਹ ਦਾ ਟਾਈਮ ਦੇ ਦੇਵੇ।
ਡਾ.ਸ਼ਰਨਜੀਤ ਕੋਲ ਅਜਿਹਾ ਕੋਈ ਬਹਾਨਾ ਨਹੀਂ ਸੀ। ਇਸ ਲਈ ਉਸਨੇ ਆਪਣੀ ਨਰਸ ਨੂੰ ਤਿਆਰ ਰਹਿਣ ਦਾ ਸੁਨੇਹਾ ਭੇਜ ਦਿੱਤਾ ਸੀ। ਆਉਂਦਿਆਂ ਹੀ ਉਸਨੇ ਪਹਿਲਾਂ ਨੇਹਾ ਦਾ ਡਾਕਟਰੀ ਮੁਲਾਹਜ਼ਾ ਕਰਨਾ ਸੀ। ਬਾਕੀ ਮਰੀਜ਼ਾਂ ਨੂੰ ਫੇਰ ਦੇਖਣਾ ਸੀ।
ਰਾਮ ਨਾਥ ਜਦੋਂ ਜਨਾਨਾ ਵਾਰਡ ਵਿੱਚ ਪੁੱਜਾ, ਉਸ ਸਮੇਂ ਨੇਹਾ ਦਾ ਡਾਕਟਰੀ ਮੁਲਾਹਜ਼ਾ ਹੋ ਰਿਹਾ ਸੀ।
ਉਸਦੇ ਜ਼ਖ਼ਮਾਂ ਤੇ ਮਲ੍ਹਮ-ਪੱਟੀ ਹੋ ਚੁੱਕੀ ਸੀ। ਫਟੇ ਅਤੇ ਖ਼ੂਨ ਨਾਲ ਲਿਬੜੇ ਕੱਪੜੇ ਕਬਜ਼ੇ ਵਿੱਚ ਲਏ ਜਾ ਚੁੱਕੇ ਸਨ। ਨਰਸ ਉਨ੍ਹਾਂ ਨੂੰ ਸਫ਼ੈਦ ਥੈਲੀ ਵਿੱਚ ਪਾ ਕੇ ਉਨ੍ਹਾਂ ਦਾ ਪਾਰਸਲ ਬਣਾ ਰਹੀ ਸੀ।
ਸੰਗੀਤਾ ਆਪਣੀ ਨਣਦ ਸੀਮਾ ਨੂੰ ਨੀਲਮ ਕੋਲ ਬੈਠਾ ਕੇ ਨੇਹਾ ਕੋਲ ਆ ਗਈ ਸੀ। ਸੰਗੀਤਾ ਅਤੇ ਪਲਵੀ ਡਾਕਟਰ ਦੀ ਡਾਕਟਰੀ ਮੁਆਇਨੇ ਵਿੱਚ ਸਹਾਇਤਾ ਕਰ ਰਹੀਆਂ ਸਨ। ਨੇਹਾ ਨਿਢਾਲ ਪਈ ਸੀ। ਲਗਦਾ ਸੀ ਹਾਲੇ ਉਸ ਨੂੰ ਹੋਸ਼ ਨਹੀਂ ਸੀ ਆਈ।
ਰਾਮ ਨਾਥ ਨੂੰ ਵਾਰਡ ਵਿੱਚ ਆਇਆ ਦੇਖ ਕੇ ਸੰਗੀਤਾ ਵੇਦ ਦੀ ਹਾਲਤ ਜਾਨਣ ਲਈ ਉਸ ਕੋਲ ਆ ਗਈ।
ਰਾਮ ਨਾਥ ਸੰਗੀਤਾ ਨੂੰ ਇੱਕ ਪਾਸੇ ਲੈ ਗਿਆ। ਸੰਗੀਤਾ ਨੇ ਨੇਹਾ ਦਾ ਮੁਆਇਨਾ ਹੁੰਦਾ ਦੇਖਿਆ ਸੀ। ਉਸ ਨਾਲ ਕੀ ਬੀਤੀ ਸੀ? ਰਾਮ ਨਾਥ ਵਿਸਥਾਰ ਨਾਲ ਜਾਨਣਾ ਚਾਹੁੰਦਾ ਸੀ। ਇਹ ਜਾਣਕਾਰੀ ਉਸਨੂੰ ਪਰਚਾ ਦਰਜ ਕਰਾਉਣ ਲਈ ਚਾਹੀਦੀ ਸੀ।
ਕੁੜੀ ਦਾ ਭੈੜਾ ਹਾਲ ਸੀ। ਜਾਪਦਾ ਸੀ ਬਲਾਤਕਾਰੀ ਹੱਟਾ-ਕੱਟਾ ਸੀ। ਕੁੜੀ ਨੂੰ ਭੇੜੀਏ ਵਾਂਗ ਪਿਆ ਸੀ। ਨਾਜ਼ੁਕ ਕੁੜੀ ਦਾ ਅੰਗ-ਅੰਗ ਚੂੰਡਿਆ ਪਿਆ ਸੀ। ਕੁੜੀ ਨੂੰ ਸੰਭਲਣ ਲਈ ਕਈ ਦਿਨ ਲੱਗਣੇ ਸਨ।
ਨੇਹਾ ਗਹਿਰੇ ਸਦਮੇ ਵਿੱਚ ਸੀ। ਥੋੜ੍ਹੀ ਜਿਹੀ ਹੋਸ਼ ਪਰਤਦੇ ਹੀ ਖੂਹ-ਖਾਤਾ ਗੰਦਾ ਕਰਨ ਲਈ ਆਖਣ ਲਗਦੀ ਸੀ।
“ਉਹ ਕੁੱਝ ਵਾਰਦਾਤ ਬਾਰੇ ਦੱਸ ਸਕਦੀ ਹੈ?”
ਰਾਮ ਨਾਥ ਦਾ ਧਿਆਨ ਇਕੋ ਨੁਕਤੇ ਤੇ ਅਟਕਿਆ ਹੋਇਆ ਸੀ।
“ਲੋਕ ਠੀਕ ਆਖਦੇ ਹਨ। ਵਕੀਲਾਂ ਦੇ ਸੀਨੇ ਵਿੱਚ ਦਿਲ ਨਹੀਂ ਹੁੰਦਾ। ਉਹ ਸ਼ਰਮ ਦੀ ਮਾਰੀ ਆਤਮ-ਹੱਤਿਆ ਕਰਨ ਨੂੰ ਫਿਰਦੀ ਹੈ। ਤੁਸੀਂ ਉਸ ਤੋਂ ਵਾਰਦਾਤ ਦੇ ਵੇਰਵੇ ਪੁੱਛਦੇ ਹੋ? ਗੱਲ ਛੇੜ ਕੇ ਉਸ ਦੇ ਅੱਲੇ ਜ਼ਖ਼ਮਾਂ ਤੇ ਲੂਣ ਨਾ ਛਿੜਕ ਦੇਣਾ। ਮੇਰੀ ਫੁੱਲਾਂ
ਵਰਗੀ ਬੇਟੀ ਨੂੰ ਬਖਸ਼ੋ!”
ਸੰਗੀਤਾ ਰਾਮ ਨਾਥ ਦੇ ਮੋਢੇ ਤੇ ਸਿਰ ਰੱਖ ਕੇ ਅੱਥਰੂਆਂ ਰਾਹੀਂ ਮਨ ਦੀ ਭੜਾਸ ਕੱਢਣ ਲੱਗੀ।
“ਪਰਚਾ ਦਰਜ ਕਰਾਉਣਾ ਜ਼ਰੂਰੀ ਹੈ। ਹੁਣ ਮੈਂ ਪਰਚੇ ਵਿੱਚ ਦੱਸ ਕੀ ਲਿਖਾਵਾਂ?”
ਸੰਗੀਤਾ ਨੂੰ ਰੋਂਦੇ ਦੇਖ ਕੇ ਰਾਮ ਨਾਥ ਦਾ ਮਨ ਭਰ ਆਇਆ। ਪਰ ਉਸਨੇ ਆਪਣੇ ਹੰਝੂ ਅੱਖਾਂ ਵਿੱਚ ਰੋਕੀ ਰੱਖੇ। ਕੁੱਝ ਦੇਰ ਖਾਮੋਸ਼ ਰਹਿ ਕੇ ਮਨ ਨੂੰ ਢਾਰਸ ਦਿੱਤੀ ਅਤੇ ਜਦੋਂ ਸੰਗੀਤਾ ਸੰਭਲੀ, ਉਸਨੇ ਆਪਣੀ ਚਿੰਤਾ ਉਸ ਨਾਲ ਸਾਂਝੀ ਕੀਤੀ।
“ਭੱਠ ਵਿੱਚ ਪਏ ਤੁਹਾਡਾ ਕੇਸ! ਪਤਾ ਨਹੀਂ ਕਿਹੋ ਜਿਹੇ ਖੂੰਖਾਰ ਮੁਲਜ਼ਮ ਹੋਣਗੇ? ਕੌਣ ਦਿਊ ਉਨ੍ਹਾਂ ਵਿਰੁੱਧ ਗਵਾਹੀ? ਤੁਸੀਂ ਇਨ੍ਹਾਂ ਨੂੰ ਸੰਭਾਲੋ।”
“ਦੇਖਦੇ ਹਾਂ।”
“ਇਕ ਗੱਲ ਹੋਰ ਸੁਣੋ। ਕਿਧਰੇ ਪਰਚੇ ਵਿੱਚ ਨੇਹਾ ਨਾਲ ਹੋਏ ਬਲਾਤਕਾਰ ਦਾ ਜ਼ਿਕਰ ਨਾ ਕਰ ਦੇਣਾ। ਜੇ ਬਲਾਤਕਾਰ ਦੀ ਕਹਾਣੀ ਪਾ ਦਿੱਤੀ ਕੁੜੀ ਦਾ ਭਵਿੱਖ ਤਬਾਹ ਹੋ ਜਾਏਗਾ।”
ਇੱਕ ਔਰਤ ਦਾ ਦਰਦ ਇੱਕ ਔਰਤ ਸਮਝ ਸਕਦੀ ਸੀ। ਇਹ ਸਮਝ ਉਹ ਰਾਮ ਨਾਥ ਨੂੰ ਦੇਣਾ ਚਾਹੁੰਦੀ ਸੀ।
ਰਾਮ ਨਾਥ ਨੂੰ ਪਹਿਲੀ ਵਾਰ ਆਪਣੇ ਪੱਥਰ-ਦਿਲ ਹੋਣ ਦਾ ਅਹਿਸਾਸ ਹੋਇਆ। ਸਬੂਤਾਂ ਦੇ ਚੱਕਰ ਨੇ ਉਸ ਦੀ ਸੰਵੇਦਨਸ਼ੀਲਤਾ ਅਤੇ ਦੂਰਦਰਸ਼ਤਾ ਨੂੰ ਨਿਗਲ ਲਿਆ ਸੀ। ਉਸਨੂੰ ਅਫ਼ਸੋਸ ਹੋਇਆ। ਉਸ ਨੂੰ ਇਹ ਗੱਲ ਖ਼ੁਦ ਨੂੰ ਕਿਉਂ ਨਹੀਂ ਸੁੱਝੀ? ਇੱਕ ਵਕੀਲ ਹੋਣ ਦੇ ਨਾਤੇ ਉਸਨੂੰ ਬਲਾਤਕਾਰ ਦੇ ਭਵਿੱਖਮੁਖੀ ਪ੍ਰਭਾਵਾਂ ਦਾ ਪਤਾ ਹੋਣਾ ਚਾਹੀਦਾ ਸੀ।
ਹਾਲੇ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਸੀ ਵਿਗੜਿਆ। ਪਰਚੇ ਵਿੱਚ ਉਹ ਬਲਾਤਕਾਰ ਦਾ ਉੱਕਾ ਜ਼ਿਕਰ ਨਹੀਂ ਕਰੇਗਾ।
ਉਸ ਨੂੰ ਬਲਾਤਕਾਰ ਦੇ ਸਬੂਤ ਹੁਣ ਤੋਂ ਮਿਟਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਡਾ.ਸ਼ਰਨਜੀਤ ਇੰਜਰੀ ਰਿਪੋਰਟ ਤਿਆਰ ਕਰ ਰਹੀ ਸੀ। ਰਾਮ ਨਾਥ ਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਸੀ। ਉਸਨੂੰ ਬੇਨਤੀ ਕਰਨੀ ਚਾਹੀਦੀ ਸੀ। ਉਹ ਬਲਾਤਕਾਰ ਵਾਲੇ ਤੱਥ ਨੂੰ ਉੱਕਾ ਛੁਪਾ ਲਏ। ਕੇਵਲ ਸੱਟਾਂ ਦਾ ਜ਼ਿਕਰ ਕਰੇ।
ਰਾਮ ਨਾਥ ਨੂੰ ਆਸ ਸੀ ਕਿ ਔਰਤ ਹੋਣ ਦੇ ਨਾਤੇ ਡਾਕਟਰ ਨੇਹਾ ਦੀਆਂ ਮਜਬੂਰੀਆਂ ਨੂੰ ਸਮਝੇਗੀ। ਫੇਰ ਜਦੋਂ ਮੁਦਈ ਧਿਰ ਨੂੰ ਇਸ ਜੁਰਮ ਨੂੰ ਛਿਪਾਉਣ ਵਿੱਚ ਕੋਈ ਇਤਰਾਜ ਨਹੀਂ ਸੀ ਤਾਂ ਡਾਕਟਰ ਨੂੰ ਕੀ ਉਜਰ ਹੋ ਸਕਦਾ ਸੀ। ਇਹ ਮੰਗ ਜੇ ਮੁਲਜ਼ਮ ਕਰਦੇ ਫੇਰ ਹੋਰ ਗੱਲ ਸੀ।
“ਤੁਸੀਂ ਕਮਾਲ ਕਰਦੇ ਹੋ ਵਕੀਲ ਸਾਹਿਬ! ਇੱਡੀ ਵੱਡੀ ਗੱਲ ਨੂੰ ਮੈਂ ਕਿਵੇਂ ਛੁਪਾ ਲਵਾਂ? ਮੈਂ ਨੌਕਰੀ ਕਰਨੀ ਹੈ। ਕਿਸੇ ਨੇ ਇਸਦਾ ਮੈਡੀਕਲ ਕਿਧਰੋਂ ਹੋਰ ਕਰਾਉਣ ਦੀ ਦਰਖ਼ਾਸਤ ਦੇ ਦਿੱਤੀ ਮੇਰਾ ਕੀ ਬਣੂ?”
“ਹੋਰ ਕਿਸੇ ਨੂੰ ਡਾਕਟਰੀ ਕਰਾਉਣ ਵਿੱਚ ਕੀ ਦਿਲਚਸਪੀ ਹੈ? ਮੁਲਜ਼ਮ ਦਾ ਪਤਾ ਨਹੀਂ ਕੌਣ ਹਨ? ਮੈਂ ਲੜਕੀ ਦਾ ਮਾਮਾ ਹਾਂ। ਵਕੀਲ ਹਾਂ। ਉਸਦੇ ਬੁਰੇ ਭਲੇ ਦਾ ਮੈਨੂੰ ਅਹਿਸਾਸ ਹੈ। ਇਸਦੇ ਮਾਂ-ਬਾਪ ਮਰਨ ਕਿਨਾਰੇ ਹਨ। ਬੱਚੀ ਦੇ ਭਵਿੱਖ ਦਾ ਸਵਾਲ ਹੈ।
ਮੈਂ ਜੋ ਆਖੋ, ਲਿਖ ਕੇ ਦੇਣ ਨੂੰ ਤਿਆਰ ਹਾਂ।”
ਰਾਮ ਨਾਥ ਨੇ ਉਹ ਸਭ ਤਰਲੇ ਲਏ, ਜੋ ਇੱਕ ਔਰਤ ਦਾ ਦਿਲ ਪਸੀਜਣ ਲਈ ਲਏ ਜਾ ਸਕਦੇ ਸਨ।
ਪਰ ਉਹ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਸੀ। ਰਾਮ ਨਾਥ ਦੀਆਂ ਅੱਖਾਂ ਵਿੱਚ ਭਰੇ ਹੰਝੂ ਉਸਨੂੰ ਖਾਰੇ ਪਾਣੀ ਤੋਂ ਵੱਧ ਕੁੱਝ ਨਹੀਂ ਸਨ ਲੱਗ ਰਹੇ।
ਰਾਮ ਨਾਥ ਨੇ ਹੋਰ ਮਿੰਨਤ ਕੀਤੀ ਤਾਂ ਉਹ ਵੱਢ ਖਾਣਿਆਂ ਵਾਂਗ ਪਈ।
“ਪਲੀਜ਼! ਮੇਰਾ ਟਾਇਮ ਖਰਾਬ ਨਾ ਕਰੋ। ਮੈਨੂੰ ਆਪਣਾ ਕੰਮ ਕਰਨ ਦਿਉ।”
ਦਾਲ ਨਾ ਗਲਦੀ ਦੇਖਕੇ ਰਾਮ ਨਾਥ ਉਸ ਦੇ ਦਫ਼ਤਰੋਂ ਬਾਹਰ ਆ ਗਿਆ।
“ਅੰਕਲ ਤੁਸੀਂ ਉਸ ਠੇਕੇਦਾਰ ਨੂੰ ਮਿਲੋ। ਦੇਖਣਾ ਉਹ ਕੰਮ ਕਰਵਾ ਦੇਵੇਗਾ।” ਪਲਵੀ ਨੂੰ ਠੇਕੇਦਾਰ ਭੁੱਲਾ ਨਹੀਂ ਸੀ। ਉਸਨੇ ਰਾਮ ਨਾਥ ਨੂੰ ਉਸਦੀ ਯਾਦ ਦਿਵਾਈ।
ਰਾਮ ਨਾਥ ਨੂੰ ਇੱਕ ਵਾਰ ਫੇਰ ਆਪਣੀ ਅਕਲ ਤੇ ਗੁੱਸਾ ਆਇਆ। ਅੱਜ ਜਿਵੇਂ ਉਸ ਅੰਦਰਲਾ ਚੁਸਤ ਵਕੀਲ ਮਰ ਚੁੱਕਾ ਸੀ। ਉਸਨੂੰ ਨਵੇਂ ਵਿਚਾਰ ਕਿਥੋਂ ਸੁਝਣੇ ਸਨ। ਉਸਦੀ ਪਕੜ ਵਿੱਚ ਸਾਧਾਰਨ ਵਿਚਾਰ ਨਹੀਂ ਸਨ ਆ ਰਹੇ। ਸ਼ਾਇਦ ਇਸ ਦਾ ਕਾਰਨ ਸਿਰ ਤੇ ਪਈ ਭੀੜ ਸੀ।
ਠੇਕੇਦਾਰ ਨੇ ਪਹਿਲਾਂ ਨਖਰਾ ਕੀਤਾ। ਸਵੇਰ ਦਾ ਉਹ ਮਿੰਨਤਾਂ ਕਰ ਰਿਹਾ ਸੀ, ਕਿਸੇ ਨੇ ਉਸਦੀ ਗੱਲ ਨਹੀਂ ਸੁਣੀ।
ਫੇਰ ਉਹ ਮੰਨ ਗਿਆ। ਸਾਧਾਰਨ ਕੇਸਾਂ ਵਿੱਚ ਡਾਕਟਰ ਦੀ ਫ਼ੀਸ ਪੰਜ ਹਜ਼ਾਰ ਰੁਪਏ ਸੀ। ਇਥੇ ਕੋਈ ਦੂਸਰੀ ਧਿਰ ਨਹੀਂ ਸੀ। ਫੇਰ ਕੁੜੀ ਦੀ ਇੱਜ਼ਤ ਦਾ ਮਾਮਲਾ ਸੀ। ਇਸ ਲਈ ਉਸਨੇ ਗੱਲ ਚਾਰ ਹਜ਼ਾਰ ਤੋਂ ਸ਼ੁਰੂ ਕਰ ਕੇ ਦੋ ਤੇ ਨਬੇੜ ਦਿੱਤੀ।
ਰਾਮ ਨਾਥ ਨੇ ਸ਼ੁਕਰ ਕੀਤਾ। ਕੁੜੀ ਜੱਗ ਵੱਸਦੀ ਰਹਿ ਗਈ।
ਇੱਕ ਸਮੱਸਿਆ ਹੱਲ ਹੋਈ ਤਾਂ ਦੂਜੀ ਅੱਗੇ ਆ ਖੜੀ।
ਕੁੱਝ ਘੰਟਿਆਂ ਬਾਅਦ ਨੇਹਾ ਨੂੰ ਹੋਸ਼ ਆ ਜਾਣੀ ਸੀ। ਫੇਰ ਉਸਨੂੰ ਛੁੱਟੀ ਹੋ ਜਾਣੀ ਸੀ। ਛੁੱਟੀ ਕਰਵਾ ਕੇ ਉਸਨੂੰ ਕਿੱਥੇ ਲਿਜਾਇਆ ਜਾਵੇ?
ਰਾਮ ਨਾਥ ਅਤੇ ਸੰਗੀਤਾ ਨੇ ਆਪਣੇ-ਆਪਣੇ ਦਿਮਾਗ਼ਾਂ ਦੇ ਘੋੜੇ ਦੌੜਾਏ। ਦੋਹਾਂ ਦੇ ਘੋੜੇ ਪੱਚੀ ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਦੌੜ-ਦੌੜ ਹੰਭ ਗਏ। ਉਨ੍ਹਾਂ ਨੂੰ ਇੱਕ ਘਰ ਵੀ ਅਜਿਹਾ ਨਹੀਂ ਸੀ ਲੱਭਾ ਜਿੱਥੇ ਕੁੜੀ ਨੂੰ ਕੁੱਝ ਦਿਨਾਂ ਲਈ ਠਹਿਰਾਇਆ ਜਾ ਸਕੇ।
ਇੱਕ ਵਾਰ ਫੇਰ ਪਲਵੀ ਉਨ੍ਹਾਂ ਲਈ ਸੋਨ ਪਰੀ ਬਣਕੇ ਬਹੁੜੀ।
ਇਹ ਸਮੱਸਿਆ ਉਹ ਪਹਿਲਾਂ ਹੀ ਭਾਂਪੀ ਖੜ੍ਹੀ ਸੀ।
ਨੇਹਾ ਨੂੰ ਲੈਣ ਉਸਦੇ ਮਾਂ-ਬਾਪ ਹਸਪਤਾਲ ਆ ਰਹੇ ਸਨ। ਪੂਰੀ ਤਰ੍ਹਾਂ ਠੀਕ ਹੋ ਜਾਣ ਤਕ ਨੇਹਾ ਉਨ੍ਹਾਂ ਦੇ ਘਰ ਰਹੇਗੀ।
ਘਰੋਂ ਫੇਰ ਪੁਲਿਸ ਦਾ ਸੁਨੇਗਾ ਆਇਆ। ਪੁਲਿਸ ਹੋਰ ਇੰਤਜ਼ਾਰ ਨਹੀਂ ਸੀ ਕਰ ਸਕਦੀ।
ਹੁਣ ਦੇਰ ਕਰਨ ਦਾ ਕੋਈ ਕਾਰਨ ਵੀ ਨਹੀਂ ਸੀ।
ਰਾਮ ਨਾਥ ਨੇ ਸੰਗੀਤਾਂ ਨੂੰ ਹਦਾਇਤ ਕੀਤੀ। ਛੁੱਟੀ ਹੋਣ ਤਕ ਉਹ ਹਸਪਤਾਲ ਰਹੇ। ਫੇਰ ਦਯਾਨੰਦ ਹਸਪਤਾਲ ਪੁੱਜ ਜਾਵੇ।
ਖੁਦ ਉਹ ਪਰਚਾ ਦਰਜ ਕਰਾਉਣ ਘਰ ਜਾ ਰਿਹਾ ਸੀ।

ਪੜ੍ਹੋ ਇਹ ਵੀ - ਨਾਵਲ ਕੌਰਵ ਸਭਾ : ਕਾਂਡ- 3

ਨਾਵਲ ਕੌਰਵ ਸਭਾ : ਕਾਂਡ- 2

ਨਾਵਲ ਕੌਰਵ ਸਭਾ : ਕਾਂਡ- 1

rajwinder kaur

This news is Content Editor rajwinder kaur