ਨੱਕ ( ਮਿੰਨੀ ਕਹਾਣੀ )

04/20/2019 1:45:53 PM

ਕਿਸੇ ਵੇਲ਼ੇ ਚੋਖੀ ਜਾਇਦਾਦ ਦੇ ਮਾਲਕ ਸ਼ੇਰ ਸਿੰਘ ਦੀ ਆਪਣੇ ਇਲਾਕੇ ਵਿੱਚ ਪੂਰੀ ਚੜ੍ਹਤ ਹੁੰਦੀ ਸੀ ਪਰ ਜਦੋਂ ਤੋਂ ਉਸਦੇ ਪੁੱਤਰ ਦਾ ਵਿਆਹ  =ਹੋਇਆ ਤਾਂ ਉਸਦੀ ਨੂੰਹ ਘਰ ਨੂੰ ਘੁਣ ਵਾਂਗ ਚਿੰਬੜ ਗਈ ਅਤੇ ਉਸ ਨੇ ਕੁੱਝ-ਕੁ ਸਾਲਾਂ ਵਿੱਚ ਹੀ ਸ਼ੇਰ ਸਿੰਘ ਦੀ ਜ਼ਿੰਦਗੀ ਦਾ ਪਾਸਾ ਬਦਲ ਕੇ ਰੱਖ ਦਿੱਤਾ ਸੀ । ਹੌਲੀ-ਹੌਲੀ ਸ਼ੇਰ ਸਿੰਘ ਦਾ ਪਰਿਵਾਰ ਸਾਰੀ ਜਾਇਦਾਦ ਤੋਂ ਹੱਥ ਧੋ ਬੈਠਾ। 
ਢਲਦੀ ਉਮਰੇ ਜਦੋਂ ਵੀ ਬੇਵੱਸ ਸ਼ੇਰ ਸਿੰਘ ਓਹਨਾਂ ਬੇਗਾਨੇ ਖੇਤਾਂ ਵੱਲ ਦੇਖਦਾ ਜੋ ਕਦੇ ਉਸਦੇ ਆਪਣੇ ਹੁੰਦੇ ਸਨ, ਤਾਂ ਉਸ ਦਾ ਧੁਰ ਅੰਦਰ ਤੱਕ ਪਾਟ ਜਾਂਦਾ ਸੀ।
ਇੱਕ ਦਿਨ ਸ਼ੇਰ ਸਿੰਘ ਜਦੋਂ ਆਪਣੇ ਪੋਤੇ ਨੂੰ ਨਾਲ ਲੈ ਕੇ ਖੇਤਾਂ ਦੀ ਸੈਰ ਕਰ ਰਿਹਾ ਸੀ ਤਾਂ ਉਸਦਾ ਪੋਤਾ ਪੁੱਛਣ ਲੱਗਾ ,  “ ਬਾਪੂ ! ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਮੇਰੇ ਤਾਏ-ਚਾਚਿਆਂ ਕੋਲ ਤਾਂ ਐਨੇ ਵੱਡੇ-ਵੱਡੇ  ਖੇਤ ਆ, ਆਪਣੇ ਕੋਲ ਕੱਲਾ ਘਰ ਈ ਐ !! ਆਪਣੇ ਕੋਲ ਕੋਈ ਖੇਤ ਕਿਉਂ ਨਹੀਂ ਐ ? “ 
ਇਹ ਸੁਣ ਕੇ ਸ਼ੇਰ ਸਿੰਘ ਦੀ ਭੁੱਬ ਨਿਕਲ ਗਈ ਉਹ ਅੱਖਾਂ ਭਰ ਕੇ ਬੋਲਿਆ, ਪੁੱਤ !! ਖੇਤ ਤਾਂ ਆਪਣੇ ਕੋਲ ਵੀ ਬਥੇਰੇ ਵੱਡੇ-ਵੱਡੇ ਸੀ, ਪਰ ਤੇਰੀ ਹੋਛੀ ਮਾਂ ਨੂੰ ਪੈਲ਼ੀ ਨਾਲੋਂ ਵੱਧ ਆਪਦੇ ਨੱਕ ਦਾ ਫਿਕਰ ਸੀ, ਓਹਨੇ ਫਜੂਲ ਖਰਚੇ ਕਰਕੇ ਨੱਕ ਤਾਂ ਬਚਾ ਲਿਆ, ਪਰ ਉਹਦਾ ਨੱਕ ਆਪਣੇ ਸਾਰੇ ਖੇਤਾਂ ਨੂੰ ਖਾ ਗਿਆ “ 

ਸੁਖਵਿੰਦਰ ਸਿੰਘ ਦਾਨਗੜ੍ਹ
94171 80205 : 9417180205

Aarti dhillon

This news is Content Editor Aarti dhillon