ਗੈਰ ਹਾਜ਼ਿਰ ਸਿਰਨਾਂਵਾ

06/22/2018 4:43:59 PM

ਇਹ ਕੈਸਾ ਦੌਰ ਹੈ
ਕਿ ਜਿਸ ਦਰ ਵੀ
ਦਸਤਕ ਦੇਈਦਾ
ਓਸ ਦਰ ਅੰਦਰਲੀਆਂ
ਸੱਭੇ ਰੂਹਾਂ
ਗਾਇਬ ਹੋ ਜਾਂਦੀਆਂ
ਤੇ ਫਿਰ...
ਉਹਨਾਂ ਗੈਰ-ਹਾਜ਼ਿਰ ਰੂਹਾਂ ਦੀ
ਤਲਾਸ਼ ਵਿਚ ਘੁੰਮਦੇ
ਖੁਦ ਵਿਚੋਂ
ਮਨਫੀ ਹੋ
ਘਰ ਤੋਂ
ਬੜੀ ਹੀ ਦੂਰ
ਆ ਜਾਂਦਾ ਹਾਂ !!
ਤੇ ਘਰ
ਕਾਗਜ ਦੀ ਹਿਕ 'ਤੇ
ਦੋ ਅੱਖਰਾਂ ਦੀ
ਕਵਿਤਾ ਵਿਚ ਲਿਪਟ
ਸਾਰੀ ਦੁਨੀਆ ਨੂੰ
ਆਪਣੇ ਕਲਾਵੇ ਵਿਚ
ਲੈਣਾ ਲੋਚਦਾ ਹੈ,
ਫਿਰ...
ਕਲਪਦਾ ਹਾਂ
ਬਰਾਮਦੇ ਦੇ ਪਿੱਲਰਾਂ 'ਤੇ
ਨਟਰਾਜ ਦੀਆਂ ਮੂਰਤਾਂ,
ਕਮਰੇ ਦੀ ਛੱਤ 'ਤੇ
ਸਤਿਗੁਰ ਦੀ ਮੇਹਰ,
ਪਰਦਿਆਂ 'ਤੇ
ਮੋਨਾਲਿਜਾ ਦੀਆਂ ਤਸਵੀਰਾਂ,
ਬੂਹੇ ਪਿੱਛੇ
ਸਰਬਤੀ ਚਿਹਰੇ !!
ਸੋਚਾਂ ਦੇ ਅਖਾੜੇ ਵਿਚ
ਗੁੱਥਮ-ਗੁੱਥਾ ਹੁੰਦਿਆ
ਆਪਣੇ ਹੀ ਸਿਰਨਾਂਵੇਂ 'ਤੇ
ਕਵਿਤਾ ਲਿਖ ਭੇਜਦਾ ਹਾਂ,
ਪਰ; ਸੋਚਦਾ ਹਾਂ
ਜੇ ਕਵਿਤਾ ਨੂੰ ਵੀ
ਅੱਗੋਂ ਰੂਹ ਨਾ ਮਿਲੀ !
ਤਾਂ ਮੈਂ
ਕਿਸੇ ਨੂੰ
ਅਪਣਾ ਸਿਰਨਾਂਵਾਂ
ਕੀ ਦੱਸਾਗਾ...?
ਗਗਨਦੀਪ ਸਿੰਘ ਸੰਧੂ
— 917589431402