ਰਹਿੰਦੀ ਦੁਨੀਆ ਤੱਕ ਕਾਇਮ ਰਹੇਗੀ ਮਾਂ ਬੋਲੀ ਦੀ ਸ਼ਾਨ

02/21/2021 6:58:19 PM

ਦੁਨੀਆ ਅੱਜ ਮਾਂ ਬੋਲੀ ਦਿਵਸ ਮਨਾ ਰਹੀ ਹੈ। ਦੁਨੀਆ ਦੀਆਂ ਵੱਖ-ਵੱਖ ਬੋਲੀਆਂ ਦੇ ਚਿੰਤਕ ਆਪਣੀ ਭਾਸ਼ਾ ਨੂੰ ਬਚਾਉਣ ਦਾ ਤਹੱਈਆ ਕਰਨਗੇ। ‘ਜਗ ਬਾਣੀ’ ਆਪਣੇ ਪਾਠਕਾਂ ਲਈ ਅਜਿਹੀ ਜਾਣਕਾਰੀ ਲੈ ਕੇ ਆਇਆ ਹੈ, ਜੋ ਪੰਜਾਬੀ ਮਾਂ ਬੋਲੀ ਦੇ ਚਿੰਤਕਾਂ ਦੇ ਚਿਹਰੇ ’ਤੇ ਚਮਕ ਲੈ ਆਵੇਗੀ। 

‘‘2011 ਦੀ ਜਨਸੰਖਿਆ ਦੇ ਅੰਕੜਿਆਂ ਮੁਤਾਬਕ ਯੂ. ਕੇ. ’ਚ 2 ਲੱਖ 73 ਹਜ਼ਾਰ ਲੋਕ ਪੰਜਾਬੀ ਬੋਲਦੇ ਹਨ ਅਤੇ ਇਹ ਯੂ. ਕੇ. ਦੀ ਤੀਜੀ ਸਭ ਤੋਂ ਜ਼ਿਆਦਾ ਬੋਲੇ ਜਾਣ ਵਾਲੀ ਭਾਸ਼ਾ ਹੈ’’

‘‘ਕੈਨੇਡਾ ਦੀ ਆਬਾਦੀ ਦੇ ਅੰਕੜਿਆਂ ਮੁਤਾਬਕ 4 ਲੱਖ 30 ਹਜ਼ਾਰ ਲੋਕ ਪੰਜਾਬੀ ਬੋਲਦੇ ਹਨ ਅਤੇ ਅੰਗਰੇਜ਼ੀ ਅਤੇ ਫ੍ਰੈਂਚ ਤੋਂ ਬਾਅਦ ਕੈਨੇਡਾ ਦੀ ਸੰਸਦ ਦੀ ਤੀਜੀ ਭਾਸ਼ਾ ਪੰਜਾਬੀ ਹੈ’’

‘‘ਆਸਟ੍ਰੇਲੀਆ ਦੀ ਆਬਾਦੀ ਦੇ ਅੰਕੜਿਆਂ ਮੁਤਾਬਕ ਪੰਜਾਬੀ ਆਸਟ੍ਰੇਲੀਆ ਦੀ 7ਵੀਂ ਸਭ ਤੋਂ ਜ਼ਿਆਦਾ ਬੋਲੇ ਜਾਣ ਵਾਲੀ ਭਾਸ਼ਾ ਹੈ’’

ਯੂਨੈਸਕੋ ਦੀ ਰਿਪੋਰਟ ਮੁਤਾਬਕ ਹੁਣ ਤਕ ਦੁਨੀਆ ਤੋਂ 573 ਬੋਲੀਆਂ ਖਤਮ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਵਿਚੋਂ 230 ਬੋਲੀਆਂ 1950 ਤੋਂ ਲੈ ਕੇ 2010 ਦਰਮਿਆਨ 60 ਸਾਲਾਂ ਵਿਚ ਗਾਇਬ ਹੋਈਆਂ ਹਨ। ਭਾਵ ਇਹ ਬੋਲੀਆਂ ਨਾ ਤਾਂ ਬੋਲ-ਚਾਲ ਦੀ ਭਾਸ਼ਾ ਵਿਚ ਮੌਜੂਦ ਹਨ ਅਤੇ ਨਾ ਹੀ ਲਿਖਤੀ ਰੂਪ ਵਿਚ ਇਨ੍ਹਾਂ ਦਾ ਇਸਤੇਮਾਲ ਹੋ ਰਿਹਾ ਹੈ ਅਤੇ ਭਾਰਤ ਵਾਸੀਆਂ ਲਈ ਖੁਸ਼ੀ ਵਾਲੀ ਗੱਲ ਇਹ ਹੈ ਕਿ ਗਾਇਬ ਹੋ ਚੁੱਕੀਆਂ ਇਨ੍ਹਾਂ 573 ਬੋਲੀਆਂ ਵਿਚੋਂ ਇਕ ਵੀ ਬੋਲੀ ਭਾਰਤ ਦੀ ਨਹੀਂ ਹੈ। ਇਹ ਗੱਲ ਜਿੱਥੇ ਦੇਸ਼ ਦੀਆਂ ਦੂਜੀਆਂ ਬੋਲੀਆਂ ਲਈ ਚੰਗੀ ਹੈ, ਉਥੇ ਪੰਜਾਬੀ ਭਾਸ਼ਾ ਲਈ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਕਾਫ਼ੀ ਚਿਰ ਤੋਂ ਪੰਜਾਬੀ ਭਾਸ਼ਾ ’ਤੇ ਖ਼ਤਰੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹਾਲਾਂਕਿ ਕਹੀਆਂ ਇਹ ਸਾਡੇ ਭਾਸ਼ਾ ਪ੍ਰਤੀ ਵਤੀਰੇ ਕਰਕੇ ਹੀ ਜਾਂਦੀਆਂ ਸਨ ਪਰ ਹੁਣ ਚੰਗੀ ਗੱਲ ਇਹ ਹੈ ਕਿ ਇਹ ਖ਼ਤਰਾ ਟਲ ਚੁੱਕਾ ਹੈ। 

ਅਮਰੀਕਾ ਦੀਆਂ ਵਧੇਰੇ ਬੋਲੀਆਂ ਖ਼ਤਮ
ਯੂਨਾਈਟਿਡ ਸਟੇਟ ਦੀ ਰਿਪੋਰਟ ਮੁਤਾਬਕ ਗਾਇਬ ਹੋ ਚੁੱਕੀਆਂ ਬੋਲੀਆਂ ਵਿਚੋਂ ਵਧੇਰੇ ਬੋਲੀਆਂ ਅਮਰੀਕਾ ਦੀਆਂ ਹਨ। ਅਲਾਸਕਾ ਦੇ ਜੰਗਲੀ ਕਬੀਲਿਆਂ ਵਿਚ ਬੋਲੀ ਜਾਣ ਵਾਲੀ ਏਯਕ ਨਾਂ ਦੀ ਬੋਲੀ 2008 ਤਕ ਬੋਲੀ ਜਾਂਦੀ ਸੀ ਪਰ ਹੁਣ ਇਸ ਬੋਲੀ ਨੂੰ ਬੋਲਣ ਵਾਲਾ ਕੋਈ ਨਹੀਂ ਬਚਿਆ ਹੈ। ਦੁਨੀਆ ਦੀਆਂ ਦੋ ਤਿਹਾਈ ਬੋਲੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਤੋਂ ਹੇਠਾਂ ਹੈ। ਨੈਸ਼ਨਲ ਜਿਓਗ੍ਰਾਫਿਕ ਸੋਸਾਇਟੀ ਦੀ ਰਿਪੋਰਟ ਮੁਤਾਬਕ ਹਰ ਦੋ ਹਫ਼ਤੇ ਬਾਅਦ ਇਸ ਧਰਤੀ ਤੋਂ ਇਕ ਬੋਲੀ ਖ਼ਤਮ ਹੋ ਰਹੀ ਹੈ ਅਤੇ ਜੇ ਇਹੋ ਹਾਲ ਰਿਹਾ ਤਾਂ ਅਗਲੀ ਸਦੀ ਤੱਕ 50 ਤੋਂ 90 ਫ਼ੀਸਦੀ ਬੋਲੀਆਂ ਗਾਇਬ ਹੋ ਜਾਣਗੀਆਂ।

ਪੰਜਾਬੀ ਨੂੰ ਖ਼ਤਰਾ ਨਹੀਂ
ਪੰਜਾਬੀ ਮਾਂ ਬੋਲੀ ਦੇ ਖ਼ਤਮ ਹੋਣ ਦਾ ਕੋਈ ਖਤਰਾ ਇਸ ਲਈ ਨਹੀਂ ਹੈ, ਕਿਉਂਕਿ ਦੁਨੀਆ ਭਰ ਵਿਚ ਪੰਜਾਬੀ ਮਾਂ ਬੋਲੀ ਬੋਲਣ ਵਾਲਿਆਂ ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਹੈ। ਇਸ ਵਿਚ ਭਾਰਤ ਤੋਂ ਇਲਾਵਾ ਪਾਕਿ ਵਿਚ ਮਾਂ ਬੋਲੀ ਬੋਲਣ ਵਾਲੇ ਪੰਜਾਬੀ ਅਤੇ ਦੁਨੀਆ ਵਿਚ ਵਸੇ ਹੋਰ ਪੰਜਾਬੀ ਸ਼ਾਮਲ ਹਨ ਅਤੇ ਇਹ ਦੁਨੀਆ ਦੀ 17ਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਵੱਖ-ਵੱਖ ਦੇਸ਼ਾਂ ’ਚ ਪੰਜਾਬੀ ਵਿਚ ਵੱਡੇ ਪੱਧਰ ’ਤੇ ਸਾਹਿਤ ਵੀ ਰਚਿਆ ਜਾ ਰਿਹਾ ਹੈ। 

ਡਿਜੀਟਲ ਦੁਨੀਆ ਵਿਚ ਪੰਜਾਬੀ ਦੀ ਗੂੰਜ
ਦੁਨੀਆ ਭਰ ਵਿਚ ਵਸੇ ਪੰਜਾਬੀ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਨੂੰ ਵੇਖਦੇ ਹੋਏ ਪੰਜਾਬੀਆਂ ਨੂੰ ਆਪਣੇ ਨਾਲ ਜੋੜਨ ਲਈ ਗੂਗਲ ਵਰਗੀਆਂ ਵੱਡੀਆਂ ਟੈੱਕ ਕੰਪਨੀਆਂ ਨੇ ਵੀ ਪੰਜਾਬੀ ਦੇ ਵਿਸਤਾਰ ਲਈ ਕਾਫ਼ੀ ਕੰਮ ਕੀਤਾ ਹੈ। ਹਰ ਮੋਬਾਇਲ ਫੋਨ ਵਿਚ ਪੰਜਾਬੀ ਭਾਸ਼ਾ ਦਾ ਕੀ-ਬੋਰਡ ਮੌਜੂਦ ਹੈ ਅਤੇ ਇਸ ਤੋਂ ਇਲਾਵਾ ਆਵਾਜ਼ ਦੀ ਪਛਾਣ ਕਰ ਕੇ ਪੰਜਾਬੀ ਵਿਚ ਟਾਈਪ ਕਰਨ ਵਾਲੇ ਸਾਫਟਵੇਅਰ ਵੀ ਬਣਾਏ ਗਏ ਹਨ। ਅਜਿਹੀ ਤਕਨੀਕ ਦਾ ਵੀ ਵਿਕਾਸ ਕੀਤਾ ਗਿਆ ਹੈ, ਜਿਸ ਵਿਚ ਹੱਥ ਨਾਲ ਲਿਖੀ ਪੰਜਾਬੀ ਦੀ ਫੋਟੋ ਖਿੱਚ ਕੇ ਪੋਸਟ ਕਰਨ ਉੱਤੇ ਵੀ ਸਾਫਟਵੇਅਰ ਇਸ ਭਾਸ਼ਾ ਨੂੰ ਸਮਝਦਾ ਹੈ। ਗੂਗਲ ਦੇ ਸਾਫਟਵੇਅਰ ਵਿਚ ਭਾਸ਼ਾ ਦੀਆਂ ਗਲਤੀਆਂ ਨੂੰ ਠੀਕ ਕਰਨ ਦੀ ਵੀ ਸਮਰੱਥਾ ਹੈ ਅਤੇ ਇਹ ਬੋਲੀ ਦੇ ਵਿਕਾਸ ਵਿਚ ਸਹਾਈ ਸਿੱਧ ਹੋ ਰਿਹਾ ਹੈ।

ਕਿਉਂ ਖ਼ਤਰਾ ਨਹੀਂ
ਪੰਜਾਬੀ ਨੂੰ ਰਹਿੰਦੀ ਦੁਨੀਆ ਤਕ ਕਾਇਮ ਰੱਖਣ ਦਾ ਮੁੱਢ ਸਾਡੇ ਗੁਰੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਮੁਖੀ ਲਿੱਪੀ ਵਿਚ ਰਚ ਕੇ ਬੰਨ੍ਹ ਦਿੱਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲਾ ਅਤੇ ਇਸ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਵਾਲਾ ਹਰ ਪੰਜਾਬੀ ਗੁਰਮੁਖੀ ਲਿੱਪੀ ਨਾਲ ਜੁੜਿਆ ਰਹੇਗਾ ਅਤੇ ਅਸੀਂ ਇਸ ਨੂੰ ਪੰਜਾਬੀ ਦੇ ਰਹਿੰਦੀ ਦੁਨੀਆ ਤਕ ਕਾਇਮ ਰਹਿਣ ਦੀ ਸਭ ਤੋਂ ਵੱਡੀ ਵਜ੍ਹਾ ਵੀ ਮੰਨ ਸਕਦੇ ਹਾਂ।

ਦੁਨੀਆਂ ’ਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ 8 ਬੋਲੀਆਂ

ਅੰਗਰੇਜ਼ੀ - 113 ਕਰੋੜ
ਹਿੰਦੀ - 61 ਕਰੋੜ
ਚੀਨੀ - 111 ਕਰੋੜ
ਸਪੈਨਿਸ਼ - 53 ਕਰੋੜ
ਅਰਬੀ - 27 ਕਰੋੜ
ਫ੍ਰੈਂਚ - 28 ਕਰੋੜ
ਰਸ਼ੀਅਨ - 25 ਕਰੋੜ
ਬੰਗਾਲੀ - 26 ਕਰੋੜ

ਮਨੋਰੰਜਨ ਜਗਤ ’ਚ ਪੰਜਾਬੀ ਨੂੰ ਮਾਨਤਾ
ਪੰਜਾਬੀ ਦੇ ਕਾਇਮ ਰਹਿਣ ਦੀ ਦੂਜੀ ਵੱਡੀ ਵਜ੍ਹਾ ਮਨੋਰੰਜਨ ਜਗਤ ਵਿਚ ਪੰਜਾਬੀ ਭਾਸ਼ਾ ਨੂੰ ਮਾਨਤਾ ਮਿਲਣਾ ਹੈ। ਬਾਲੀਵੁੱਡ ਦੀਆਂ ਵਧੇਰੇ ਫ਼ਿਲਮਾਂ ਵਿਚ ਪੰਜਾਬੀ ਦਾ ਇਕ ਗੀਤ ਜ਼ਰੂਰ ਸ਼ਾਮਲ ਹੁੰਦਾ ਹੈ। ਪੰਜਾਬ ਤੋਂ ਬਾਹਰ ਰਹਿੰਦੇ ਲੋਕਾਂ ਨੂੰ ਇਸਦੀ ਭਾਸ਼ਾ ਦਾ ਮਤਲਬ ਭਾਵੇਂ ਘੱਟ ਸਮਝ ਆਵੇ ਪਰ ਇਸਦੇ ਬੋਲ ਜ਼ਰੂਰ ਜ਼ੁਬਾਨ ’ਤੇ ਆਉਂਦੇ ਰਹਿੰਦੇ ਹਨ।

ਪਰ ਇਹ ਰੁਝਾਨ ਚਿੰਤਾਜਨਕ
ਹਾਲਾਂਕਿ ਪੰਜਾਬੀ ਦੇ ਖ਼ਤਮ ਹੋਣ ਦਾ ਕੋਈ ਖ਼ਤਰਾ ਨਹੀਂ ਪਰ ਇਸਦੇ ਬਾਵਜੂਦ ਪੰਜਾਬੀ ਨੂੰ ਲੈ ਕੇ ਸ਼ਹਿਰੀ ਨੌਜਵਾਨ ਪੀੜ੍ਹੀ ਵਿਚ ਪੈਦਾ ਹੋ ਰਹੇ ਰੁਝਾਨ ਚਿੰਤਾਜਨਕ ਜ਼ਰੂਰ ਹਨ।

ਪੰਜਾਬੀ ਨੂੰ ਲੈ ਕੇ ਧਾਰਨਾ ਸੁਧਾਰਨ ਦੀ ਲੋੜ
ਸ਼ਹਿਰਾਂ ਵਿਚ ਪੰਜਾਬੀ ਨੂੰ ਲੈ ਕੇ ਧਾਰਨਾ ਦੇ ਪੱਧਰ ’ਤੇ ਕੰਮ ਕੀਤੇ ਜਾਣ ਦੀ ਲੋੜ ਹੈ। ਸ਼ਹਿਰਾਂ ਵਿਚ ਨਵੀਂ ਪੀੜ੍ਹੀ ਦੀਆਂ ਜਨਾਨੀਆਂ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਇਸ ਲਈ ਰੋਕ ਰਹੀਆਂ ਹਨ, ਕਿਉਂਕਿ ਉਨ੍ਹਾਂ ਨੂੰ ਪੰਜਾਬੀ ਸਿਰਫ਼ ਗਾਲੀ-ਗਲੋਚ ਵਾਲੀ ਭਾਸ਼ਾ ਲੱਗਦੀ ਹੈ, ਜਦਕਿ ਇਹ ਗਾਲੀ-ਗਲੋਚ ਵਾਲੀ ਭਾਸ਼ਾ ਨਹੀਂ। ਸਿੱਖਿਅਕ ਅਦਾਰਿਆਂ ਵੱਲੋਂ ਵੀ ਇਸ ਸੰਬੰਧੀ ਨਿੱਗਰ ਉਪਰਾਲੇ ਕਰਨ ਦੀ ਲੋੜ ਹੈ। 


rajwinder kaur

Content Editor

Related News