ਕਵਿਤਾ ਖਿੜਕੀ : ' ਮਾਂ ਬਿਨ ਦਿਵਾਲੀ '

10/28/2020 6:00:06 PM

ਮਾਂ ਬਿਨ ਦਿਵਾਲੀ

ਸਾਨੂੰ ਕਾਹਦੇ ਚਾਅ ਸੀ ਦਿਵਾਲੀ ਦੇ,
ਬਸ ਮਾਂ ਆਪਣੀ ਐਂਵੇ ਹੀ ਲੰਘ ਗਈ,
ਬਾਪੂ ਵੀ ਗਿਆ ਸੀ ਦਿਹਾੜੀ ’ਤੇ ਮੈਂ ਵੀ,
ਭੈਣ ਵੀ ਮਜਦੂਰੀ ’ਚ ਹੁੰਦੀ ਤੰਗ ਗਈ,
ਚੁੱਲਾ ਠੰਡਾ ਆਪਣਾ ਨਾ ਆਇਆ ਕੋਈ,
ਤੇਰੀ ਦੂਰੀ ਸਦਾ ਲਈ ਸੂਲੀ ਟੰਗ ਗਈ,,
ਵੇਖੇ ਸੀ ਕੀਪੂ ਦੀਪੂ ਰਾਮ ਹੋਰੀ ਨੱਚਦੇ,
ਪਤਾ ਨਹੀਂ ਸਾਡੀ ਖੁਸ਼ੀ ਕੀਹਤੋਂ ਸੰਗ ਗਈ,
ਸਿਰ ’ਤੇ ਲਾਓਂਣ ਲਈ ਨਾ ਕੀ ਪਾਵਾਂ ਦੀਵੇ ’ਚ,
ਤੇਰੀ ਯਾਦ ਨਿਮਾਣੀ ਸੱਪ ਬਣ ਡੰਗ ਗਈ,,
ਆਮ ਦਿਨਾਂ ਵਾਂਗ ਸੀ ਇਹ ਦਿਨ ਵੀ ਸਾਡਾ,
ਲੋਕਾਂ ਦੇ ਦਿਨ ਰਾਤ ਹੋਣੀ ਇਹ ਰੰਗ ਗਈ,
ਤੂੰ ਸੀ ਕੋਲ ਤਾਂ ਗੱਲ ਵੱਖਰੀ ਸੀ ਅੰਮੀਏ,
ਹੁਣ ਜ਼ਿੰਦਗੀ ਫੜ ਕਸੂਤੇ ਜਿਹੇ ਢੰਗ ਗਈ,,
ਕਾਹਦੀ ਤੂੰ ਵਿਛੜ ਗਈ ਉਜੜਿਆ ਸੰਸਾਰ,
ਰਹਿ ਗਈ ਡੋਰ ਹੱਥੀਂ ਤੇ ਉੱਡ ਪਤੰਗ ਗਈ,,
ਭਰੇ ਮਨ ਨਾਲ ਰਿਹਾ ਤੇਰਾ ਮੱਖਣ ਸ਼ੇਰੋਂ ਮਾਂ,
ਮਰਨ ਹੋਗਿਆ ਚਾਚੀ ਹੱਸਕੇ ਜੇ ਖੰਗ ਗਈ,

ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ
ਸੰਪਰਕ 98787-98726

 

ਉਹ ਆਖਦੇ ਹਨ 

ਉਹ ਆਖ਼ਦੇ ਹਨ 
ਕਿ ਇਹ ਕਾਮਰੇਡ ਕੁੜੀ 
ਬਹੁਤ ਤਿੱਖ਼ਾ ਬੋਲਦੀ ਹੈ,
ਜੀਵਨ ਦੇ ਗੁੱਝੇ ਭੇਤ ਖ਼ੋਲ੍ਹਦੀ ਹੈ
ਮਰਨ ਤੋਂ ਨਹੀਂ ਡਰਦੀ
ਆਪਣੀ ਗੱਲ ਤੋਂ ਪਿੱਛੇ ਨਹੀਂ ਹੱਟਦੀ 
ਸੱਚ ਸਿੱਧਾ ਆਖ਼ਦੀ ਹੈ
ਟੇਢੇ ਸਵਾਲ ਕਰਦੀ ਹੈ,
ਬੀ.ਏ. ਵਿੱਚ ਪੜ੍ਹਦੀ ਹੈ
ਇਸਦੀ ਜੁਅੱਰਤ 
ਦੋਗਲੀਆਂ ਨੀਤੀਆਂ ਦੇ
ਮਿਰਚਾਂ ਵਾਂਗ ਲੜਦੀ ਹੈ।
ਇਹ ਕੁੜੀ ਪੁੱਛਦੀ ਹੈ
ਘਰ ਵਿੱਚ ਲੜਕੀ ਦੇ ਜਨਮ ’ਤੇ
ਦਾਦੀ ਐਨਾ ਕਿਉਂ ਕਲਪਦੀ ਹੈ?
ਬੋਲ-ਕੁਬੋਲ ਬੋਲਦੀ ਹੈ ਨੂੰਹ ਨੂੰ 
ਤਾਂ ਫੇਰ ਇਹ ਕੰਜਕਾਂ ਕਿਉਂ ਪੂਜਦੀ ਹੈ?
ਇਸ ਕੁੜੀ ਦੇ ਇਹ ਬਿਲਕੁਲ
ਸਮਝ ਨਹੀਂ ਆਉਂਦਾ 
ਕੀ ਕਸੂਰ ਹੈ ਉਸ ਪਤਨੀ ਦਾ 
ਜਿਸਦਾ ਪਤੀ 
ਪੋਚੇ ਮਾਰਦੀ ਨੌਕਰਾਣੀ ਦੀ ਧੀ ਵੱਲ
ਹਾਬੜੀ ਭੁੱਖ਼ ਨਾਲ ਵੇਖਦਾ ਹੈ
ਤੇ ਆਪਣੀ ਧੀ ਨੂੰ
ਘਰ ਦੀ ਇੱਜ਼ਤ ਸਮਝਦਾ, ਸਹੇਜਦਾ ਹੈ
ਇਹ ਕੁੜੀ ਬਹੁਤ ਬਾਗੀ ਹੈ 
ਇਸਦੀ ਸੋਚ ਵਿੱਚ ਉਹ
ਹਰ ਬੰਦਾ ਦਾਗੀ ਹੈ
ਜੋ ਹਰ ਪਲ ਸਿਰਫ ਸਵੈ ਤੋਂ 
ਨਿਜ ਤੱਕ ਸਿਮਟਿਆ ਹੈ
ਫੇਰ ਸਾਡੇ ਉੱਪਰ 
ਕਿਉਂ ਤੇ ਕਾਹਦਾ ਰੋਹਬ
ਕਿਉਂ ਅਹੰਕਾਰ ਵਿੱਚ ਲਿਪਟਿਆ ਹੈ

ਬਹੁਤ ਕੌੜੇ ਸਵਾਲ 
ਕਰਦੀ ਹੈ
ਇਹ ਕੁੜੀ 
ਕਹਿੰਦੀ 
ਅਸੀਂ ਗੱਲਾਂ ਹੋਰ ਕਰਦੇ ਹਾਂ 
ਸੋਚਦੇ ਕੁਝ ਹੋਰ ਹਾਂ
ਸਾਡੇ ਕੰਮ ਕੁਝ ਹੋਰ ਨੇ
ਬਹੁਤੇ ਬੇਈਮਾਨ ਨੇ 
ਭ੍ਰਿਸ਼ਟਾਚਾਰੀ ਤੇ ਚੋਰ ਨੇ
ਇਹ ਕੁੜੀ ਆਖ਼ਦੀ ਹੈ
ਕਿ ਬਿਗਾਨੀ ਤੀਵੀਂ 
ਤੇ ਬੇਗਾਨੇ ਪੈਸੇ ਦੀ ਭੁੱਖ਼
ਸਮਾਜ ਦੇ ਹੱਡਾਂ ਵਿੱਚ ਕਿਉਂ
ਰਚ ਗਈ ਹੈ
ਕਿਸਮਤ ਵਾਲੀ ਹੈ ਉਹ ਧੀ 
ਜੋ ਇਨ੍ਹਾਂ ਤੋਂ ਬਚ ਗਈ ਹੈ
ਕੁੜੀ ਇਸ ਗੱਲੋਂ ਬਹੁਤ ਹੈਰਾਨ ਹੈ 
ਕਿ ਦਿਵਾਲੀ ਦੀ ਖ਼ੁਸ਼ੀ ਦੇ ਬਹਾਨੇ 
ਅਸੀਂ ਐਨਾ ਪ੍ਰਦੂਸ਼ਣ 
ਕਿਉਂ ਫੈਲਾਉਂਦੇ ਹਾਂ
ਜ਼ਹਿਰੀਲੇ ਸ਼ੋਰ ਵਾਲੇ ਪਟਾਖ਼ੇ ਕਿਉਂ ਚਲਾਉਂਦੇ ਹਾਂ
ਇਸ ਧਰਤੀ ਦੇ ਚੱਪੇ ਚੱਪੇ ’ਤੇ 
ਗੈਸ ਚੈਂਬਰ ਕਿਉਂ ਬਣਾਉਂਦੇ ਹਾਂ 
ਨਹੀਂ ਸਮਝ ਸਕਦੀ ਇਹ ਕੁੜੀ 
ਭੋਲੀ ਹੈ
ਕਿ ਧਰਤੀ ਸਾਰੀ ਕੁਦਰਤ ਦੀ ਹੈ
ਉਸਤੇ ਕੰਧਾਂ ਖ਼ੜ੍ਹੀਆਂ ਕਰਕੇ 
ਅਸੀਂ ਇੰਨਾ ਝੂਠਾ ਹੱਕ 
ਕਿਉਂ ਜਤਾਉਂਦੇ ਹਾਂ।

ਕਾਮਰੇਡ ਕੁੜੀ 
ਸਵਾਮੀ ਆਨੰਦ ਅਲੋਕ ਧੂਰੀ
ਅਨੰਦ ਵਿਲਾ, ਮੋਬ.ਨੰ- 70099-43390

 

ਇਨਸਾਨ

ਜੋ ਵੀ ਕੰਮ ਤੂੰ ਤੁਰਦਾ
ਮਨ ਉਸ ਨੂੰ ਮਹਾਨ 
ਸੰਤੁਸ਼ਟ ਹੁੰਦਾ ਕਿਉਂ ਨਹੀਂ 
ਆਖਿਰ ਇਹ ਇਨਸਾਨ ।

ਇੱਕ ਇੱਛਾ ਪੂਰੀ ਹੋਵੇ 
ਦੂਜੀ ਪ੍ਰਬਲ ਨਾਲੋਂ ਨਾਲ 
ਨਾਲ ਮਿਹਨਤਾਂ ਹੀ ਕਮਾਈ
ਸਭ ਹੋ ਜਾਵਣ ਮਾਲੋ ਮਾਲ।

ਚਿੱਤ ਬਿਰਤੀ ਜੇ ਇਕਾਗਰ 
ਪਾਰ ਹੋ ਜਾਣੇ ਸਾਰੇ ਸਾਗਰ 
ਝਰਨੇ ਮਿੱਠੇ ਪਾਣੀ ਦੇ 
ਆ ਭਰ ਲੈ ਤੂੰ ਵੀ ਗਾਗਰ।

ਆਪਸੀ ਪਿਆਰ ਨਾਲ ਸਾਥੀਆਂ 
ਬਖਸ਼ੂ ਤਾਕਤ ਵਾਂਗ ਹਾਥੀਆਂ
ਦੁੱਖ ਸੁੱਖ ਸਭ ਦੇ 
ਤੂੰ ਸ਼ਰੀਕ ਹੋਈ ਜਾ
ਜੱਗ ਉੱਤੇ ਹੋਣੀ 'ਨੰਦੀ'
ਤੇਰੀ ਅੱਡਰੀ ਜੀ ਥਾਂ ।

ਦਿਨੇਸ਼ ਨੰਦੀ

rajwinder kaur

This news is Content Editor rajwinder kaur