ਗੁੜ ਅਤੇ ਰੱਬ

06/13/2019 3:08:32 PM

ਵਿਅੰਗਾਤਮਕ ਤੌਰ ਤੇ ਕਿਹਾ ਜਾਂਦਾ ਹੈ ਕਿ, ਗੁੜ ਨੇ ਰੱਬ ਨੂੰ ਫਰਿਆਦ ਕੀਤੀ ਕਿ ਰੱਬਾ ਮੈਨੂੰ ਸਾਰੇ ਲੋਕ ਖਾਈ ਜਾਂਦੇ ਹਨ,ਤਾਂ ਰੱਬ ਨੇ ਉਤਰ ਦਿੱਤਾ,ਪਰੇ ਹੋ ਜਾ, ਮੇਰੀ ਵੀ ਰੂਹ ਕਰ ਗਈ ਹੈ। ਭਾਵਅਰਥ ਸਪੱਸ਼ਟ ਹੈ ਕਿ ਗੁੜ ਦਾ ਮਿਠਾਸ ਵਾਲਾ ਗੁਣ ਉਸਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦਾ ਹੋਇਆ ਗੁਣਾਤਮਿਕਤਾ ਵਧਾਉਂਦਾ ਹੈ। 
ਕੁਦਰਤੀ ਪਦਾਰਥਾਂ ਵਿਚੋਂ ਗੁੜ ਸਭ ਤੋਂ ਮਿੱਠਾ ਹੈ। ਕੁਦਰਤ ਨੇ ਸਮਤੋਲ ਰੱਖਣ ਲਈ ਮਨੁੱਖ ਨੂੰ ਗੁੜ ਦੀ ਨਿਆਮਤ ਦਿੱਤੀ। ਵੈਦਿਕ ਪੱਖ ਤੋਂ ਗੁੜ ਪਾਚਨ ਕਿਰਿਆ,ਅਸਥਮਾ ਅਤੇ ਖੂਨ ਸਫਾ ਵਰਗੀਆਂ ਬਿਮਾਰੀਆਂ ਨਾਲ ਲੜਨ ਲਈ ਵਰਦਾਨ ਹੈ। ਆਮ ਤੌਰ ਤੇ ਸਾਡੇ ਬਜ਼ੁਰਗ ਰੋਟੀ 
ਉਪਰੋਂ ਗੁੜ ਹੀ ਖਾਂਦੇ ਸਨ, ਜਿਸ ਨੂੰ ਅੱਜ_ਕੱਲ੍ਹ ਖੁਰਾਸਾਨੀ ਦੁਲੱਤੇ ਮਾਰਨ ਵਾਲਿਆਂ ਨੇ ਸਵੀਟ ਡਿਸ਼ ਦਾ ਨਾਮ ਦਿੱਤਾ ਹੋਇਆ ਹੈ। ਗੁੜ ਦੀ ਖੁਸ਼ਬੋ ਅਤੇ ਗੁੜ ਤੋਂ ਬਣੀ ਸ਼ਰਾਬ ਸਾਡੇ ਵਿਰਸੇ ਵਿਚ ਛੁਪੀ ਹੋਈ ਹੈ। 
ਜ਼ਿੰਮੀਦਾਰ ਪਰਿਵਾਰ ਦਾ ਸਿਹਤ ਪੱਖੋਂ ਗੁੜ ਖਜ਼ਾਨਾ ਰਿਹਾ ਹੈ। ਹੁਣ ਗੁੜ ਵਿਚ ਕੈਮੀਕਲ ਮਿਲਾਵਟਾਂ ਨੇ ਮਨੁੱਖਤਾ ਨੂੰ ਘੇਰਿਆ ਹੈ। ਉਲਾਂਭੇ ਰੱਬ ਨੂੰ ਦੇਈ ਜਾਂਦੇ ਹਾਂ। ਸਵੇਰੇ ਗੁੜ ਦੀ ਬਣੀ ਚਾਹ ਤੋਂ ਲੈ ਕੇ ਸ਼ਾਮ ਦੀ ਰੋਟੀ ਘਿਉ ਸ਼ੱਕਰ ਨਾਲ ਖਾਣ ਤੱਕ ਸਾਡਾ ਵਿਰਸਾ ਜਾਗਦਾ ਸੀ।ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਖਾਂ ਵਿਚ ਗੁੜ ਦੀ ਵਰਤੋਂ ਹੋਣ ਕਰਕੇ ਇਨ੍ਹਾਂ ਦਾ ਮਿਠਾਸ ਗੂੜ੍ਹਾ ਹੋ ਜਾਂਦਾ ਸੀ। ਗੰਨੇ ਤੋਂ ਬਣਿਆ ਗੁੜ ਬਾਰੇ ਕਹਾਵਤ ਵੀ ਮਸ਼ਹੂਰ ਸੀ ਕਿ ਜੱਟ ਗੰਨਾ ਨਹੀਂ ਦਿੰਦਾ ਗੁੜ ਦੀ ਭੇਲੀ ਦੇ ਦਿੰਦਾ ਹੈ। 
ਰੱਬ ਦੀ ਇਸ ਨਿਆਮਤ ਨੂੰ ਵਿਸਾਰਨ ਅਤੇ ਮਿਲਾਵਟ ਤੋਂ ਬਾਅਦ ਹੁਣ ਸੂਝ ਆਉਣ ਲੱਗ ਪਈ ਹੈ। ਲੋਕ ਵੀ ਜਾਗ ਰਹੇ ਹਨ, ਸਰਕਾਰਾਂ ਵੀ 
ਗੁੜ ਦੀ ਸਿਖਲਾਈ ਦੇਣ ਲਈ ਰੁਝ ਗਈਆਂ ਹਨ। ਹੁਣ ਗੁੜ ਦੀ ਗੁੜ੍ਹਤੀ ਅਤੇ ਗੁਣਾਤਮਿਕਤਾ ਨਜ਼ਰ ਆਉਣ ਲੱਗ ਪਈ ਹੈ। ਅੱਜ ਜਦੋਂ
ਜ਼ਿਮੀਂਦਾਰ ਪਰਿਵਾਰ ਗੁੜ ਦੀ ਰੇੜ੍ਹੀ ਤੋਂ ਗੁੜ ਖਰੀਦਦਾ ਹੈ ਤਾਂ ਓਪਰਾ_ਓਪਰਾ ਜਿਹਾ ਲੱਗਦਾ ਹੈ।ਪੱਥਰ ਚੱਟ ਕੇ ਮੁੜ੍ਹਨ ਦੀ ਆਦਤ ਅਤੇ 
ਸੁਭਾਅ ਨਾਲ ਅੱਜ ਕੁਦਰਤ ਦੀ ਇਸ ਨਿਆਮਤ ਦੀ ਸੋਝੀ ਸ਼ੁਰੂ ਹੋਣ ਨਾਲ ਇੱਕ ਵਾਰ ਮੁੜ ਤੋਂ ਗੁੜ ਸਾਡੇ ਘਰਾਂ ਦਾ ਸ਼ਿੰਗਾਰ ਬਣਦਾ ਨਜ਼ਰ ਆਉਂਦਾ ਹੈ। ਆਓ ਇਸ ਰੱਬ ਦੀ ਨਿਆਮਤ ਨੂੰ ਦੁਬਾਰੇ ਖੁਦ ਪੈਦਾ ਕਰਨ ਦੀ ਆਦਤ ਪਾਈਏ ਤਾਂ ਜੋ ਪਰਿਵਾਰਾਂ ਦੇ ਸਾਰੇ ਪੱਖ ਸਹੀ ਸਲਾਮਤ ਹੋ ਸਕਣ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781_11445


Aarti dhillon

Content Editor

Related News