ਮੈਂ ਤੇ ਮਾਂ

05/12/2020 5:27:12 PM

ਗਗਨਦੀਪ ਕੌਰ ਸਿਵੀਆ

ਪੇਕੇ ਘਰ ਮੈਂ ਜਾ ਕੇ ਆਈ,
ਚੁੱਪ ਜੀ ਮਾਂ ਦੇ ਮੁੱਖ ਤੇ ਛਾਈ,
ਅੱਖਾਂ 'ਚ ਹੰਝੂ ਪਰ ਡੁੱਲਿਆ ਨਾ
ਹਰ ਸ਼ੈਅ ਲੱਗਦੀ ਹੈ ਕੁਮਲਾਈ,
ਮਾਂ ਮੈਂ ਤੈਨੂੰ ਸਮਝ ਨਾ ਪਾਈ,
ਕਹਿਣ ਨੂੰ ਮੈਂ ਤੇਰੀ ਪਰਛਾਈ,
ਮੈਂ ਤੇ ਮਾਂ।

ਕੀ ਕੁੱਝ ਦਿਲ ਵਿੱਚ ਬੈਠੀ ਛੁਪਾਈ,
ਦਰਦ,ਚੀਸਾਂ, ਹੱਡ ਬੈਠੀ ਹੰਢਾਈ,
ਬੁੱਲ੍ਹਾਂ ਤੇ ਪਰ ਸੀ ਨਾ ਸੁਣਾਈ,
ਸੁਣ ਸੁਣ ਗੱਲਾਂ ਅੰਦਰ ਸਮੋਈਆਂ,
ਮੱਥੇ ਤਿਉੜੀ ਕਦੇ ਨਾ ਵਿਖਾਈ,
ਮਾਂ ਮੈਂ ਤੈਨੂੰ ਸਮਝ ਨਾ ਪਾਈ,
ਕਹਿਣ ਨੂੰ ਮੈਂ ਤੇਰੀ ਪਰਛਾਈ,
ਮੈਂ ਤੇ ਮਾਂ।

ਬਾਪੂ ਦੇ ਲੜ੍ਹ ਲੱਗ ਤੂੰ ਆਈ,
ਘਰ ਬਾਰ ਦੀ ਕੀਤੀ ਸਾਂਭ ਸੰਭਾਈ,
ਸਾਨੂੰ ਵੀ ਤੂੰ ਫੁੱਲਾਂ ਵਾਂਗੂੰ ਪਾਲਿਆ,
ਹਰ ਸਾਡੀ ਤੂੰ ਰੀਝ ਪੁਗਾਈ,
ਕੀ ਤੇਰੀ ਕੋਈ ਰੀਝ ਨਹੀਂ ,
ਕਿਥੇ ਬੈਠੀ ਤੂੰ ਛੁਪਾਈ,
ਮਾਂ ਮੈਂ ਤੈਨੂੰ ਸਮਝ ਨਾ ਪਾਈ,
ਕਹਿਣ ਨੂੰ ਮੈਂ ਤੇਰੀ ਪਰਛਾਈ,
ਮੈਂ ਤੇ ਮਾਂ।

ਬਾਪੂ ਤੁਰ ਗਿਆ ਤੂੰ ਵੀ ਚੁੱਪ ਹੋ ਗਈ,
ਬਸ ਹੱਡ ਹੀ ਬਾਕੀ ਅੰਦਰੋਂ ਮੋਹ ਗਈ,
ਬੋਲੇਂ ਨਾ ਕਦੇ ਅੱਖਾਂ ਤਾਂ ਬੋਲਣ,
ਲੱਖਾਂ ਹੀ ਏ ਰਾਜ ਖੋਲ੍ਹਣ,
ਤੇਰੀ ਚੁੱਪੀ ਖੋਲ੍ਹ ਨਾ ਪਾਵਾਂ,
ਬਸ ਬੈਠੀ ਤੈਨੂੰ ਤੱਕੀ ਜਾਵਾਂ
ਜ਼ਿੰਦਗੀ ਲੱਗੇ ਇੱਕ ਥਾਂ ਖੜ੍ਹਾਈ,
ਮਾਂ ਮੈਂ ਤੈਨੂੰ ਸਮਝ ਨਾ ਪਾਈ,
ਕਹਿਣ ਨੂੰ ਮੈਂ ਤੇਰੀ ਪਰਛਾਈ,
ਮੈਂ ਤੇ ਮਾਂ।

Iqbalkaur

This news is Content Editor Iqbalkaur