ਇਸਲਾਮ ਦੇ ਨਾਮ ਉੱਤੇ ਜਹਾਦੀਆਂ ਦੀ ਪਿੱਠ ਥਾਪੜ ਰਹੇ ਹਨ ਕਈ ਦੇਸ਼

12/02/2020 10:57:24 AM

30 ਅਕਤੂਬਰ ਦਿਨ ਵੀਰਵਾਰ ਨੂੰ ਫਰਾਂਸ ਦੇ ਸ਼ਹਿਰ ਨੀਸ ਦੇ ਇਕ ਚਰਚ 'ਚ ਚਾਕੂ ਨਾਲ ਕੀਤੇ ਗਏ ਹਮਲੇ 'ਚ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਇਨ੍ਹਾਂ 'ਚੋਂ ਇਕ ਔਰਤ ਦਾ ਸਿਰ ਕਲਮ ਕਰ ਦਿੱਤਾ ਗਿਆ ਜੋ ਕਿ 70 ਕੁ ਸਾਲ ਦੀ ਸੀ। ਮ੍ਰਿਤਕਾਂ 'ਚ ਇਕ 50 ਕੁ ਸਾਲਾ ਮਰਦ ਹੈ ਜੋ ਚਰਚ ਦੀ ਸੇਵਾ ਸੰਭਾਲ ਦੇ ਸਟਾਫ਼ 'ਚੋਂ ਹੈ ਅਤੇ ਇਕ ਹੋਰ 40 ਕੁ ਸਾਲ ਦੀ ਔਰਤ ਹੈ। ਇਹ ਹਮਲਾ ਪ੍ਰਸਿੱਧ ਚਰਚ (ਬਾਸੀਲਕਾ) 'ਚ ਸਵੇਰ ਦੀ ਪ੍ਰੇਅਰ ਸਰਵਿਸ ਤੋਂ ਪਹਿਲਾਂ ਹੋਇਆ। ਹਮਲਾਵਰ ਦੀ ਪਛਾਣ 21 ਸਾਲਾ ਬਰਾਹਿਮ ਔਸਾਸੋਈ ਵਜੋਂ ਹੋਈ ਹੈ ਜੋ ਮੁਸਲਿਮ ਦੇਸ਼ ਤੁਨੇਸ਼ੀਆ ਤੋਂ ਹੈ ਅਤੇ ਸਤੰਬਰ ਮਹੀਨੇ 'ਚ ਇਕ ਰਫੂਜੀ ਕਿਸ਼ਤੀ ਰਾਹੀਂ ਇਟਲੀ ਆਇਆ ਸੀ ਜਿੱਥੋਂ ਉਹ ਇਸ ਮਹੀਨੇ ਕਿਸੇ ਤਰ੍ਹਾਂ ਫਰਾਂਸ ਪਹੁੰਚ ਗਿਆ। ਚਾਰ ਕੁ ਸਾਲ ਪਹਿਲਾਂ ਫਰਾਂਸ ਦੇ ਇਸੇ ਸ਼ਹਿਰ 'ਚ ਇਕ ਖ਼ਾਸ ਤਿਉਹਾਰ ਮੌਕੇ ਇਕ ਦਹਿਸ਼ਤਗਰਦ ਨੇ 86 ਲੋਕ ਆਪਣੇ ਟਰੱਕ ਹੇਠ ਦਰੜ ਕੇ ਮਾਰ ਦਿੱਤੇ ਸਨ ਅਤੇ ਇਹ ਹਮਲਾਵਰ ਵੀ ਤੁਨੇਸ਼ੀਅਨ ਪਿਛੋਕੜ ਦਾ ਹੀ ਸੀ।
ਨੀਸ ਸ਼ਹਿਰ ਦੇ ਮੇਅਰ ਨੇ ਇਸ ਹਮਲੇ ਨੂੰ 'ਇਸਲਾਮੋ-ਫਾਸ਼ਿਜ਼ਮ' ਦਾ ਨਾਮ ਦਿੰਦਿਆਂ ਕਿਹਾ ਹੈ ਕਿ ਇਸ ਹਮਲੇ ਸਮੇਂ ਜਹਾਦੀ ਨੇ 'ਅੱਲਾ ਹੂ ਅਕਬਰ' ਦੇ ਨਾਅਰੇ ਲਗਾਏ ਜੋ ਅਜਿਹੇ ਹਮਲੇ ਸਮੇਂ ਜਹਾਦੀਆਂ ਦਾ 'ਤਕੀਆ ਕਲਾਮ' ਬਣ ਗਿਆ ਹੈ। ਇਸ ਜਹਾਦੀ ਨੇ ਜਿਨ੍ਹਾਂ ਲੋਕਾਂ ਦੀ ਜਾਨ ਲਈ ਹੈ, ਉਨ੍ਹਾਂ ਨਾਲ ਇਸ ਦੀ ਨਾ ਕੋਈ ਦੁਸ਼ਮਣੀ ਸੀ ਅਤੇ ਨਾ ਕਿਸੇ ਕਿਸਮ ਦੀ ਕੋਈ ਜਾਣ-ਪਛਾਣ ਹੀ ਸੀ। ਇਸ ਹਮਲੇ ਦਾ ਕਾਰਨ ਜਹਾਦੀ ਬਿਰਤੀ, ਇਸਲਾਮਿਕ ਕੱਟੜਵਾਦ, ਬਦਲੇ ਦੀ ਭਾਵਨਾ ਅਤੇ ਮਜ਼੍ਹਬੀ ਅਸਿਹਣਸ਼ੀਤਾ ਹੈ।ਪਿੱਛੇ ਨੂੰ ਝਾਤ ਮਾਰੀਏ ਤਾਂ ਘਟਨਾਵਾਂ ਦੀ ਲੜੀ ਜੁੜਦੀ ਹੈ। ਫਰਾਂਸ 'ਚ ਪਿਛਲੇ ਕੁਝ ਸਾਲਾਂ 'ਚ ਕਈ ਜਹਾਦੀ ਹਮਲੇ ਹੋ ਚੁੱਕੇ ਹਨ ਅਤੇ ਦੇਸ਼ ਦੀ ਮੁਸਲਿਮ ਅਬਾਦੀ 'ਚ ਕੱਟੜਵਾਦ ਦਾ ਅਧਾਰ ਵੱਧ ਰਿਹਾ ਹੈ। ਫਰਾਂਸ ਦੀ 67 ਕੁ ਮਿਲੀਅਨ ਦੀ ਅਬਾਦੀ 'ਚ 6 ਕੁ ਮਿਲੀਅਨ ਮੁਸਲਮਾਨ ਹਨ ਜੋ ਕਿ 9% ਦੇ ਕਰੀਬ ਬਣਦੇ ਹਨ ਪਰ ਕੁਝ ਲੋਕਾਂ ਦਾ ਵਿਚਾਰ ਹੈ ਮੁਸਲਮਾਨਾਂ ਦੀ ਅਸਲ ਅਬਾਦੀ ਇਸ ਤੋਂ ਵੱਧ ਹੈ। ਜਮਹੂਰੀ ਦੇਸ਼ਾਂ ਦੀ ਇਕ ਵੱਡੀ ਕਮਜ਼ੋਰੀ 'ਵੋਟ' ਹੁੰਦੀ ਹੈ ਅਤੇ ਰਾਜਸੀ ਕੁਰਸੀ ਹਾਸਲ ਕਰਨ ਲਈ ਸਿਰ ਗਿਣੇ ਜਾਂਦੇ ਹਨ। ਪੱਛਮੀ ਦੇਸ਼ਾਂ 'ਚ ਆ ਕੇ ਵੱਸਣ ਵਾਲੇ ਕਈ ਲੋਕ (ਧਰਮ ਜਾਂ ਭਾਈਚਾਰੇ) ਇਸ ਕਮਜ਼ੋਰੀ ਨੂੰ ਬਹੁਤ ਚੁਸਤੀ ਨਾਲ ਵਰਤਦੇ ਹਨ। ਵੋਟ ਦੀ ਤਾਕਤ ਨੂੰ ਮਨੁੱਖੀ ਅਧਿਕਾਰਾਂ/ਇਨਸਾਨੀ ਬਰਾਬਰੀ ਦਾ ਪਰੇਥਣ ਲਗਾ ਕੇ ਅਡਾਪਟ ਕੀਤੇ ਦੇਸ਼ ਦੀਆਂ ਕਦਰਾਂ/ਕੀਮਤਾਂ ਬਦਣ ਲੱਗਦੇ ਹਨ ਅਤੇ ਸਮਾਜ ਨੂੰ ਬੈਕ-ਗੀਅਰ 'ਚ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਫਰਾਂਸ ਅਤੇ ਕੈਨੇਡਾ ਸਮੇਤ ਬਹੁਤੇ ਪੱਛਮੀ ਦੇਸ਼ਾਂ 'ਚ ਇਹ ਭਾਣਾ ਵਾਪਰ ਰਿਹਾ ਹੈ।ਕੁਝ ਹਫ਼ਤੇ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕਿਹਾ ਸੀ ਕਿ ਫਰਾਂਸ ਨੂੰ 'ਅੰਦਰੂਨੀ ਵੱਖਵਾਦ' ਤੋਂ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਇਸਲਾਮ ਇਕ ਐਸਾ ਵਿਸ਼ਵਾਸ ਹੈ ਜੋ ਸੰਸਾਰ ਪੱਧਰ ਉੱਤੇ 'ਮੁਸ਼ਕਲ ਦੌਰ' (ਕਰਾਈਸਸ) 'ਚੋਂ ਲੰਘ ਰਿਹਾ ਹੈ। ਮੈਕਰੋਨ ਨੇ ਕਿਹਾ ਸੀ ਕਿ ਫਰਾਂਸ ਆਪਣੀਆਂ ਜਮਹੂਰੀ ਕਦਰਾਂ ਕੀਮਤਾਂ ਅਤੇ ਫਰੀ ਸਪੀਚ ਦੇ ਅਸੂਲ ਨੂੰ ਨਹੀਂ ਬਦਲੇਗਾ ਜਿਸ ਨਾਲ ਕਈਆਂ ਨੂੰ ਬਹੁਤ ਤਕਲੀਫ਼ ਹੋਈ ਸੀ ਅਤੇ ਉਹਨਾਂ ਨੇ ਭੜਕਾਹਟ ਭਰੇ ਬਿਆਨ ਦਿੱਤੇ ਸਨ।
ਹਫਤਾ ਕੁ ਪਹਿਲਾਂ ਪੈਰਿਸ ਦੇ ਨਾਲ ਲੱਗਦੇ ਇਕ ਕਸਬੇ ਦੇ ਇਕ ਸਕੂਲ ਟੀਚਰ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਸੈਮੁਅਲ ਪੈਟੀ ਨਾਮ ਦੇ 47 ਸਾਲਾ ਟੀਚਰ ਦਾ ਕਸੂਰ ਇਹ ਸੀ ਕਿ ਉਸ ਨੇ ਆਪਣੀ ਕਲਾਸ 'ਚ 'ਫਰੀਡਮ ਆਫ ਐਕਸਪਰੈਸ਼ਥਨ' ਬਾਰੇ ਵਿਚਾਰ ਵਟਾਂਦਰੇ ਮੌਕੇ 'ਚਾਰਲੀ ਹੈਬਦੋ' ਨਾਮ ਦੇ ਰਸਾਲੇ ਵਲੋਂ ਹਜ਼ਰਤ ਮੁਹੰਮਦ ਦੇ ਛਾਪੇ ਕਾਰਟੂਨ ਹਵਾਲੇ ਵਜੋਂ ਵਰਤੇ ਸਨ ਜਿਸ ਨਾਲ ਕੱਟੜਪੰਥੀ ਮੁਸਲਮਾਨਾਂ ਦੇ 'ਹਿਰਦੇ ਵਲੂੰਧਰੇ' ਗਏ ਸਨ। ਉਸ ਦਾ ਕਾਤਲ 18 ਸਾਲਾ ਐਨਜ਼ੋਰੌਬ ਨਾਮ ਦਾ ਚੈਚਨ ਮੁਸਲਮਾਨ ਸੀ ਜੋ ਪੁਲਸ ਦੀ ਗੋਲੀ ਨਾਲ ਮਾਰਿਆ ਗਿਆ ਸੀ। ਇਸ ਕੇਸ 'ਚ ਸ਼ਾਮਲ 7 ਵਿਅਕਤੀ ਚਾਰਜ ਕੀਤੇ ਗਏ ਹਨ ਜਿਨ੍ਹਾਂ 'ਚ ਦੋ 14-15 ਸਾਲ ਦੇ ਲੜਕੇ ਵੀ ਹਨ ਜਿਹਨਾਂ ਨੇ ਹਮਲਾਵਰ ਨੂੰ ਟੀਚਰ ਦੀ ਪਛਾਣ ਦੱਸੀ ਸੀ। ਪਿਛਲੇ ਕੁਝ ਦਿਨਾਂ ਤੋਂ ਫਰਾਂਸ ਵਲੋਂ ਜਹਾਦੀਆਂ ਖ਼ਿਲਾਫ਼ ਲਏ ਸਖ਼ਤ ਸਟੈਂਡ ਤੋਂ ਤੁਰਕੀ, ਪਾਕਿਸਤਾਨ ਅਤੇ ਈਰਾਨ ਬਹੁਤ ਜ਼ਹਿਰ 
ਉਗਲ ਰਹੇ ਹਨ। ਕੁਝ ਅਰਬ ਦੇਸ਼ਾਂ 'ਚ ਫਰਾਂਸੀਸੀ ਸਮਾਨ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਤੈਅਬ ਅਰਦੌਣ ਅਤੇ ਇਮਰਾਨ ਖਾਨ ਨੇ ਤਾਂ ਮੈਕਰੌਨ ਨੂੰ ਕਾਫ਼ੀ ਬੁਰਾ ਭਲਾ ਵੀ ਆਖਿਆ ਹੈ। ਇਹ ਦੇਸ਼ ਇਸਲਾਮ ਦੇ ਨਾਮ ਉੱਤੇ ਜਹਾਦੀਆਂ ਦੀ ਪਿੱਠ ਥਾਪੜ ਰਹੇ ਹਨ।         


ਬਲਰਾਜ ਦਿਓਲ

11 Squirreltail Way, Brampton, Ont., L6R 1X4
ਫੋਨ: 905-793-5072


Aarti dhillon

Content Editor

Related News