ਮਿਲਾਪੜੇ ਸੁਭਾਅ, ਸੋਹਣੀ ਸੂਰਤ ਤੇ ਸੀਰਤ ਦੀ ਮੁਟਿਆਰ ‘ਮਨਪ੍ਰੀਤ ਕੌਰ ਜਵੰਦਾ’

08/16/2020 5:35:19 PM

ਬੇਬੇ ਅਕਸਰ ਕਹਿੰਦੀ ਹੁੰਦੀ ਸੀ ਕਿ ਪੁੱਤ ਜਿਹਨੇ ਆਪਣੀ ਗੁੱਤ ਅਤੇ ਸਿਰ ਦਾ ਪੱਲੂ ਸਾਂਭ ਲਿਆ ਉਹ ਸਮਝੋ ਬਹੁਤ ਸਾਉ ਤੇ ਸਚਿਆਰੇ ਧੀ-ਪੁੱਤ ਦੀ ਨਿਸ਼ਾਨੀ ਹੁੰਦੀ ਹੈ। ਮੈਂ ਅਕਸਰ ਆਪਣੀ ਜ਼ਿੰਦਗੀ ਵਿੱਚ ਵਿਚਰਦਿਆਂ ਬਹੁਤ ਲੋਕ ਦੇਖੇ ਪਰ ਜ਼ਿੰਦਗੀ ਦੇ ਬਹੁਤ ਘੱਟ ਲੋਕ ਏਦਾਂ ਦੇ ਮਿਲੇ, ਜਿੰਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ। ਕਿਉਂਕਿ ਮੈਂ ਖੁਦ ਇੱਕ ਲੇਖਕ ਹੋਣ ਦੇ ਨਾਤੇ ਸਾਦਗੀ ਅਤੇ ਸੰਜੀਦਗੀ ਦਾ ਮਾਲਕ ਹਾਂ। ਅਕਸਰ ਮੈਨੂੰ ਲੋਕ ਵੀ ਏਦਾਂ ਦੇ ਹੀ ਪਸੰਦ ਹੁੰਦੇ ਹਨ, ਜਿਹੜੇ ਜ਼ਿੰਦਗੀ ਵਿੱਚ ਹੌਸਲਾਂ ਨਾ ਹਾਰਨ ਵਾਲੇ ਮਿਲਾਪੜੇ ਸੁਭਾਅ, ਸ਼ੀਸ਼ੇ ਵਾਂਗ ਪਾਰਦਰਸ਼ੀ ਅਤੇ ਜੋ ਜ਼ਿੰਦਗੀ ਵਿੱਚ ਕੁਝ ਖ਼ਾਸ ਕਰਨ ਦਾ ਜ਼ਜਬਾ ਰੱਖਦੇ ਹਨ। ਇਸ ਤਰ੍ਹਾਂ ਦੀ ਫਿਤਰਤ ਦੇ ਮਾਲਕ ਹਨ ‘ਭੈਣ ਮਨਪ੍ਰੀਤ ਕੌਰ ਜਵੰਦਾ।’

ਪੜ੍ਹੋ ਇਹ ਵੀ ਖਬਰ - ਆਸਟ੍ਰੇਲੀਆ ਤੇ UK ਵਾਂਗ ਵਿਦਿਆਰਥੀ ਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਨਾਲ

ਮੈਂ ਅਕਸਰ ਅਕਾਸ਼ਵਾਣੀ ਜਲੰਧਰ 'ਤੇ ਯੁਵਾਵਾਣੀ ਪ੍ਰੋਗਰਾਮ ਵਿੱਚ ਇਨ੍ਹਾਂ ਨੂੰ ਸੁਣਦਾ ਰਿਹਾ ਹਾਂ। ਪੰਜਾਬੀ ਮਾਂ ਬੋਲੀ ਦਾ ਸੇਵਾਦਾਰ ਹੋਣ ਦੇ ਨਾਤੇ ਹਮੇਸ਼ਾ ਪੰਜਾਬੀ ਚੈਨਲਾਂ ਦਾ ਖ਼ਬਰਸਾਰ ਰਿਹਾ ਹਾਂ। ਜਦੋਂ ਤੱਕ ਸਰੀਰ ਦੇ ਸਵਾਸ ਚੱਲਦੇ ਰਹੇ ਅੱਗੇ ਵੀ ਰਹਾਂਗਾ। ਫਿਰ ਮੈਂ ਪੀ.ਟੀ.ਸੀ. ਦੇ ਪ੍ਰੋਗਰਾਮਾਂ ਵਿੱਚ ਵੀ ਵੇਖਿਆ ਤੇ ਇਸ ਬੀਬਾ ਦੀ ਗੱਲਬਾਤ ਅਤੇ ਪਹਿਰਾਵੇ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਨਾ ਰਹਿ ਸਕਿਆ। ਇਹ ਮੇਰੀ ਜ਼ਿੰਦਗੀ ਦਾ ਇੱਕ ਅਸੂਲ ਹੈ ਕਿ ਜਿਹੜ੍ਹਾ ਬੰਦਾ ਮੈਨੂੰ ਭਾਸ਼ਾ ਸ਼ੈਲੀ ਪੱਖੋਂ ਪੰਜਾਬੀਅਤ ਪੱਖੋਂ ਪ੍ਰਭਾਵਿਤ ਕਰਦਾ ਹੈ, ਮੈਂ ਉਸ ਨਾਲ ਰਾਬਤਾ ਜ਼ਰੂਰ ਕਾਇਮ ਕਰਦਾ ਹਾਂ। ਕਿਸੇ ਨਿਕਟਵਰਤੀ ਦੋਸਤ ਕੋਲੋਂ ਨੰਬਰ ਲੈਣਾ ਚਾਹਿਆ ਪਰ ਉਸਨੇ ਫੇਸਬੁੱਕ ਦਾ ਅਕਾਉਂਟ ਦੇ ਦਿੱਤਾ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਪੇਜ਼ ਲੱਭ ਕੇ ਮੈਂ ਇਨ੍ਹਾਂ ਦੀਆਂ ਕੰਮ ਦੀਆਂ ਪੋਸਟਾਂ ਵੇਖਦਾ ਰਿਹਾ। ਇਕ ਦਿਨ ਇਨ੍ਹਾਂ ਨੇ ਪੀ.ਟੀ.ਸੀ. ਬੋਕਸ ਆਫਿਸ ਲਈ ਬਣੀ ਫ਼ਿਲਮ 'ਚਿੜੀਆਂ ਦਾ ਚੰਬਾਂ' ਦਾ ਪੋਸਟਰ ਸਾਂਝਾ ਕੀਤਾ। ਉਸ ਫਿਲਮ ਵਿੱਚ ਭੈਣ ਦੀ ਮੁੱਖ ਭੂਮਿਕਾ ਦੇਖ ਕੇ ਬੜ੍ਹਾ ਚੰਗਾ ਲੱਗਾ। ਇਸ ਤੋਂ ਬਾਅਦ 2019 ਵਿੱਚ ਮੈਂ ਜਲੰਧਰ ਯਾਦਗਾਰ ਹਾਲ ਦੀ ਸਟੇਜ਼ 'ਤੇ ਭੈਣ ਨੂੰ ਨਾਟਕ 'ਜੜ੍ਹ ਖਾਣਾ ਰੁੱਖ' ਵਿੱਚ ਮੁੱਖ ਭੂਮਿਕਾ ਵਿੱਚ ਮਾਂ ਦਾ ਕਿਰਦਾਰ ਨਿਭਾਉਂਦੇ ਹੋਏ ਦੇਖਿਆ। ਜਿੱਥੇ ਮੈਂ ਹੀ ਨਹੀਂ ਅਨੇਕਾਂ ਦਰਸ਼ਕ ਵੀ ਇਨ੍ਹਾਂ ਦੀ ਅਦਾਕਾਰੀ ਦੀ ਮੁਰੀਦ ਹੋ ਗਏ ਅਤੇ ਮੂੰਹ ਵਿੱਚ ਉਗਲਾਂ ਪਾਏ ਰਹਿ ਗਏ। ਨਾਟਕ ਦੀ ਸਮਾਪਤੀ ਤੋਂ ਬਾਅਦ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਦਰਸ਼ਕਾਂ ਦਾ ਜੋ ਘੇਰਾ ਸਟੇਜ਼ 'ਤੇ ਪਾਇਆ ਹੋਇਆ ਸੀ, ਉਹ ਦ੍ਰਿਸ਼ ਬਿਆਨ ਤੋਂ ਬਾਹਰ ਦੀ ਗੱਲ ਹੈ। ਭੈਣ ਜੀ ਦੇ ਪਿਤਾ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਇਹ ਖੁਸ਼ੀ ਆਪਣੇ ਅੱਖੀ ਵੇਖੀ। ਹੋਵੇ ਵੀ ਕਿਉਂ ਨਾ ਆਖਿਰ ਆਪਣਾ ਖੂਨ ਸੀ। ਨਾਟਕ ਵਿੱਚ ਨਿਭਾਏ ਮਾਂ ਦੇ ਕਿਰਦਾਰ ਨੇ ਤਾਂ ਸਾਨੂੰ ਅੰਦਰੋਂ ਬਾਹਰੋਂ ਝੰਜੋੜ ਕੇ ਰੱਖ ਦਿੱਤਾ।

ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

ਬੀਬਾ ਜੀ ਬਾਰੇ ਕੁਝ ਮੈਂ ਕੁਝ ਲਿਖਣਾ ਚਾਹਿਆ ਪਰ ਉਹ ਹੁਣ ਤੱਕ ਹਾਸੇ ਮਜ਼ਾਕ ਵਿੱਚ ਟਾਲ ਦਿੰਦੇ ਅਤੇ ਬੜ੍ਹੀ ਨਿਮਰਤਾ ਅਤੇ ਹਲੀਮੀ ਨਾਲ ਕਹਿ ਦੇਣਾ ਵੀਰ ਜੀ ਪਹਿਲਾਂ ਕੁਝ ਪ੍ਰਾਪਤੀ ਕਰ ਲਵਾਂ। ਇਸ ਯੋਗ ਹੋ ਜਾਵਾਂ ਫੇਰ ਲਿਖਿਓ। ਡੀ.ਡੀ. ਪੰਜਾਬੀ ਨਾਲ ਵੀ ਮੇਰਾ ਖ਼ਾਸ ਰਿਸ਼ਤਾ ਹੈ। ਜਲੰਧਰ ਦੂਰਦਰਸ਼ਨ ਪੰਜਾਬੀਆਂ ਦੀ ਸੇਵਾ ਦਾ ਅਸਲ ਹੱਕਦਾਰ ਰਿਹਾ ਹੈ। ਇੱਕ ਦਿਨ ਮੈਂ ਬੀਬਾ ਜੀ ਨੂੰ ਪ੍ਰੋਗਰਾਮ 'ਖ਼ਾਸ ਖ਼ਬਰ ਇੱਕ ਨਜ਼ਰ' ਵਿੱਚ ਸੀਨੀਅਰ ਪੱਤਰਕਾਰ ਕਮਲੇਸ਼ ਦੁੱਗਲ ਜੀ ਨਾਲ ਸਵਾਲ ਕਰਦੇ ਦੇਖਿਆ ਤਾਂ ਉਸੇ ਦਿਨ ਹੀ ਲੇਖ ਵਿੱਚ ਮੈਂ ਇਨ੍ਹਾਂ ਦਾ ਜ਼ਿਕਰ ਕਰ ਦਿੱਤਾ। ਪਿਛਲੇ ਦਿਨੀ ਮੈਂ ਇਨ੍ਹਾਂ ਨੂੰ ਇੱਕ ਸ਼ੋਅ ਦੀ ਸੂਟਿੰਗ 'ਤੇ ਮਿਲਿਆ ਤੇ ਜੋ ਆਪਸੀ ਵਾਰਤਾਲਾਪ ਹੋਈ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ....

PunjabKesari

ਭੈਣੇ ਤੁਹਾਡੇ ਅਦਾਕਾਰੀ ਅਤੇ ਪੇਸ਼ਕਾਰੀ ਦੀ ਪੁੱਛ-ਦੱਸ ਕਿੱਥੋਂ ਸ਼ੁਰੂਆਤ ਕਰੀਏ ?
ਹਾ ਹਾ ਹਾ ! ”ਵੀਰ ਜੀ ਤੁਹਾਡੇ ਤੋਂ। ਤੁਸੀ ਮਹਾਨ ਹੋ ਜੋ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹੋ। ਮੈਨੂੰ ਨਿਮਾਣੀ ਨੂੰ ਵੀ ਮਾਣ ਬਖ਼ਸ਼ਿਆ ਮੇਰੇ ਲਈ ਬਹੁਤ ਵੱਡੀ ਤੇ ਖੁਸ਼ੀ ਦੀ ਗੱਲ ਹੈ। ਮੈਂ ਕਲਾਕਾਰਾਂ ਅਤੇ ਵਿਦਵਾਨ ਲੋਕਾਂ ਦੀਆਂ ਇੰਟਰਵਿਊ ਕੀਤੀਆਂ ਬਹੁਤ ਨੇ ਪਰ ਮੇਰੀ ਇੰਟਰਵਿਊ ਕੋਈ ਪਹਿਲੀ ਵਾਰ ਕਰ ਰਿਹਾ ਹੈ। ਅੱਜ ਪਤਾ ਲੱਗਾ ਜਵਾਬ ਦੇਣੇ ਕਿੰਨੇ ਔਖੇ ਨੇ। ਤੁਸੀਂ ਮੈਨੂੰ ਇਸ ਯੋਗ ਸਮਝਿਆ ਤੁਹਾਡਾ ਤਹਿ ਦਿਲੋਂ ਸ਼ਕਰੀਆ।”

ਆਯੁਰਵੈਦ ਮੁਤਾਬਕ: ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ 

ਇਸ ਤੋਂ ਪਹਿਲਾਂ 5 ਫੁੱਟ 5 ਇੰਚ ਮਾਝੇ ਦੀ ਮੁਟਿਆਰ ਮਿਸ ਅਮ੍ਰਿਤਸਰ ਦਾ ਟਾਈਟਲ ਟੈਗ ਜਿੱਤ ਕੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਆ ਚੁੱਕੀ ਹੈ। ਇਹ ਸਫ਼ਰ ਕਿਵੇਂ ਰਿਹਾ ?
ਸਫ਼ਰ ਬਹੁਤ ਵਧੀਆ ਰਿਹਾ। ਮੈਂ ਇਸ ਖ਼ੂਬਸੂਰਤੀ ਤੇ ਹੁਨਰ ਦੇ ਮੁਕਾਬਲੇ ਵਿੱਚ ਸੈਮੀਫਾਈਨਲਿਸਟ ਸੀ। 2017 ਦੇ ਮਿਸ ਵਰਲਡ ਪੰਜਾਬਣ ਵਿੱਚ ਮਿਸ ਅੰਮ੍ਰਿਤਸਰ ਜੇਤੂ ਕਰਾਰ ਹੋ ਕੇ ਤਾਜ ਸਿਰ 'ਤੇ ਸੱਜਣਾ ਬਹੁਤ ਵੱਡੀ ਪ੍ਰਾਪਤੀ ਸੀ, ਕਿਉਂਕਿ ਇਹ ਤਾਜ ਇਮਾਨਦਾਰੀ ਦਾ ਸੀ। ਇੰਝ ਲੱਗਿਆ ਜਿਵੇਂ ਮਾਪਿਆਂ ਦੇ ਸੰਸਕਾਰਾਂ ਦਾ ਕਾਲਜ ਦੀ ਗਿੱਧਿਆਂ ਦੀ ਰਾਣੀ ਦਾ ਅਤੇ ਪਿੰਡ ਦੀ ਧੀ ਰਾਣੀ ਹੋਣ ਦਾ ਮੁੱਲ ਮੁੜ ਗਿਆ ਹੋਵੇ। ਇਸ ਮਾਣਮੱਤੀ ਪ੍ਰਾਪਤੀ ਕਰਕੇ ਮਾਪਿਆਂ ਦਾ ਅਤੇ ਮੇਰੇ ਛੋਟੇ ਜਿਹੇ ਪਿੰਡ ਦਾ ਨਾਮ ਦੇਸ਼ਾਂ ਵਿਦੇਸ਼ਾਂ ਦੀਆਂ ਅਖ਼ਬਾਰਾਂ ਨੇ ਛਾਪਿਆਂ । ਮੈਂ ਪ੍ਰਮਾਤਮਾ ਦੀ ਅਤੇ ਜਿੰਨੇ ਕੁ ਸ੍ਰੋਤੇ ,ਦਰਸ਼ਕ ਜਾਂ ਮੇਰੀ ਜਾਣ ਪਹਿਚਾਣ ਵਾਲੇ ਮੈਨੂੰ ਮੁਹੱਬਤ ਕਰਦੇ ਨੇ ਮੈਂ ਸਭ ਦੀ ਸ਼ੁਕਰਗੁਜ਼ਾਰ ਹਾਂ।

ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

ਆਪਣੇ ਘਰ ਪਰਿਵਾਰ ਅਤੇ ਜਨਮ ਬਾਰੇ ਜਾਣਕਾਰੀ ਸਾਂਝੀ ਕਰੋ ? 
ਮਾਝੇ ਦੇ ਇਲਾਕੇ ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਕ ਪਿੰਡ ਸੁਰਸਿੰਘ ਨੇੜੇ ਛੋਟਾ ਜਿਹਾ ਪਿੰਡ ਸਰਾਂਏ ਦਿਵਾਨਾ। ਇਸ ਪਿੰਡ ਵਿੱਚ ਮੇਰਾ ਜਨਮ ਸਰਦਾਰ ਜੱਸਾ ਸਿੰਘ ਫੌਜ਼ੀ ਦੇ ਘਰ ਮਾਤਾ ਮਨਜਿੰਦਰ ਕੌਰ ਦੀ ਕੁੱਖੋਂ ਹੋਇਆ। ਮੇਰਾ ਇਕਲੌਤਾ ਭਰਾ ਹੈ ਅਤੇ ਅਸੀਂ ਛੇ ਭੈਣਾਂ ਹਾਂ। ਭਰਾ ਤੋਂ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਹਨ। ਘਰ ਵਿੱਚ ਭਰਜਾਈ ਅਤੇ ਭਤੀਜਾ, ਭਤੀਜੀ ਵੀ ਨੇ। ਮੈਂ ਮੀਡੀਆ ਖੇਤਰ ਅਤੇ ਟੀ.ਵੀ. ਫ਼ਿਲਮ ਇੰਡਸਟਰੀ ਨਾਲ ਸਬੰਧਿਤ ਹਾਂ। ਛੋਟੀ ਭੈਣ ਬਤੌਰ ਨਰਸ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।

PunjabKesari

ਟੀ.ਵੀ ਫ਼ਿਲਮ ਇੰਡਸਟਰੀ ਵਿੱਚ ਆਉਣਾਂ ਸ਼ੋਂਕ ਸੀ ਜਾਂ ਕੋਈ ਡਿਗਰੀ ਲਈ ? 
ਬਹੁਤ ਅੱਛਾ ਸਵਾਲ। ਬਹੁਤਿਆਂ ਨੂੰ ਗਲੈਮਰ ਦੀ ਦੁਨੀਆਂ ਖਿੱਚ ਪਾਉਂਦੀ ਹੈ। ਪਰਦੇ 'ਤੇ ਆਉਣਾ ਸੁਪਨਾ ਬਣ ਜਾਂਦਾ ਹੈ। ਡਾ.ਏ.ਪੀ.ਜੇ. ਅਬਦੁਲ ਕਲਾਮ ਜੀ ਲਿਖਦੇ ਹਨ ਨੇ ਸੁਪਨੇ ਵੋ ਨਹੀਂ ਹੋਤੇ ਜੋ ਆਪ ਸੋਤੇ ਹੋਏ ਦੇਖਤੇ ਹੈਂ। ਸੁਪਨੇ ਵੋ ਹੋਤੇ ਹੈ ਜੋ ਆਪਕੋ ਸੋਨੇ ਨਹੀਂ ਦੇਤੇ। ਜਦੋਂ ਮੈਂ ਵੀ ਛੋਟੀ ਹੁੰਦੀ ਸੀ ਤਾਂ ਘਰ ਵਿੱਚ ਰੇਡਿਉ ਉੱਤੇ ਜਲੰਧਰ ਅਕਾਸ਼ਵਾਣੀ ਵੱਜਣਾ, ਟੀ.ਵੀ. 'ਤੇ ਇਕਲੌਤਾ ਚੈਨਲ ਦੂਰਦਰਸ਼ਨ ਗੱਜਣਾ ਤਾਂ ਮੈਂ ਵੀ ਸੋਚਣਾ ਇਹ ਲੋਕ ਕਿੱਥੇ ਰਹਿੰਦੇ ਨੇ? ਕਿਵੇਂ ਬੋਲਦੇ ਨੇ? ਕਿਵੇਂ ਦਿੱਸਦੇ ਨੇ? ਸ਼ਾਇਦ ਰੇਡੀਓ ਟੀ.ਵੀ. ਤੋੜ ਦੇਈਏ ਤਾਂ ਇਹ ਬਾਹਰ ਆ ਜਾਣ ? ਹਾਹਹਾ ਜ਼ਿੱਦਾ ਹਰ ਬੱਚੇ ਦੀ ਸੋਚ ਹੁੰਦੀ। ਜਦੋਂ ਕਿਤੇ ਭੁੱਲ ਭੁਲੇਖੇ ਟੀ.ਵੀ. ਅੱਗੇ ਬਹਿ ਜਾਣਾ ਤਾਂ ਭਰਾ ਨੇ ਝਿੜਕਣਾ ਇਹ ਲੋਕ ਮਿਹਨਤਾਂ ਕਰਕੇ ਪੜ੍ਹ ਲਿਖ ਕੇ ਏਥੋਂ ਤੱਕ ਪਹੁੰਚੇ ਨੇ। ਟੀ.ਵੀ. ਵੇਖ ਕੇ ਨਹੀਂ, ਚੱਲੋਂ ਕਿਤਾਬਾਂ ਪੜ੍ਹੋ। ਫੇਰ ਸਮਝ ਆਉਣ ਲੱਗ ਗਈ ਕੇ ਜੇ ਕੁਝ ਕਰਨਾ ਹੈ ਤਾਂ ਪੜ੍ਹਨਾ ਪਹਿਲੀ ਪਾਉੜੀ ਹੈ। ਮੇਰੀ 5ਵੀਂ ਤੱਕ ਦੀ ਮੁੱਢਲੀ ਸਿੱਖਿਆ ਲਾਗਲੇ ਪਿੰਡ ਝਾਮਕੇ ਖੁਰਦ ਦੇ ਸਰਕਾਰੀ ਸਕੂਲ ਤੋਂ ਅਤੇ ਬਾਰਵੀਂ ਪਿੰਡ ਜਿਊਬਾਲਾ ਦੇ 'ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਗਾੜਾ ਪਿਛਾੜਾ 'ਤੋਂ ਹੈ। ਉਚੇਰੀ ਸਿੱਖਿਆ ਲਈ ਮੈਂ ਜਲੰਧਰ ਆ ਗਈ । ਐੱਚ.ਐੱਮ.ਵੀ ਕਾਲਜ ਤੋਂ ਇਲੈਕਟਿਵ ਪੰਜਾਬੀ ਅਤੇ ਮਾਸ ਕਮਿਊਨੀਕੇਸ਼ਨ ਐਂਡ ਵੀਡੀਓ ਪ੍ਰੋਡਕਸ਼ਨ ਦੇ ਵਿਸ਼ਿਆਂ ਨਾਲ ਗ੍ਰੇਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਪੋਸਟ ਗ੍ਰੈਜੂਏਸ਼ਨ ਡਿਪਲੋਮਾ ਵੀ ਜਰਨਾਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਕੀਤਾ। ਮਾਸਟਰ ਡਿਗਰੀ ਇਨ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿੱਚ ਕੁਰੂਕੁਸ਼ੇਤਰ ਯੂਨੀਵਰਸਿਟੀ ਤੋਂ ਪੂਰੀ ਕੀਤੀ। ਕਾਲਜ ਵੱਲੋਂ ਚੈਨਲਾਂ 'ਤੇ ਟ੍ਰੇਨਿੰਗਾਂ ਲੱਗੀਆਂ। ਸੋ ਮੀਡੀਆ ਨਾਲ ਸਬੰਧਿਤ ਵਿੱਦਿਆ ਹਾਸਿਲ ਕਰਕੇ ਪਤਾ ਚੱਲਿਆ ਕੇ ਟੀ.ਵੀ, ਰੇਡੀਓ ਜਾਂ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਖੇਤਰ ਅਸਲ ਵਿੱਚ ਹੈ ਕੀ।

ਜਲੰਧਰ ਦੂਰਦਰਸ਼ਨ ਨਾਲ ਨਾਤਾ ਕਦੋਂ ਜੁੜਿਆ?
ਬੀ.ਏ. ਦੀ ਡਿਗਰੀ ਤੋਂ ਬਾਅਦ 2012-13 ਵਿੱਚ ਮੈਂ ਦੂਰਦਰਸ਼ਨ ਦਾ ਆਡੀਸ਼ਨ ਪਾਸ ਕੀਤਾ ਅਤੇ 'ਸਰਗਮੀਆਂ ' ਪ੍ਰੋਗਰਾਮ ਦਾ ਵਾਇਸ ਓਵਰ ਕਰਨ ਲੱਗੀ। ਕੁਝ ਕਾਰਨਾਂ ਕਰਕੇ ਇਸ ਪ੍ਰੋਗਰਾਮ ਤੋਂ 2,3 ਸਾਲ ਦੂਰੀ ਰਹੀ। ਇਸ ਤੋਂ ਬਾਅਦ 'ਸੱਥ ' ਪ੍ਰੋਗਰਾਮ ਵਿੱਚ ਵਾਇਸਓਵਰ ਜਾਰੀ ਰਿਹਾ, ਕੁਝ ਕੁ ਪ੍ਰੋਗਰਾਮਾਂ ਤੋਂ ਬਾਅਦ ਇਹ ਵੀ ਬੰਦ ਰਿਹਾ। ਫੇਰ 2017 ਵਿੱਚ ਦੁਬਾਰਾ ਆਡੀਸ਼ਨ ਪਾਸ ਕੀਤਾ ਅਤੇ ਬਤੌਰ ਐਂਕਰ ਪ੍ਰੋਗਰਾਮ 'ਖ਼ਾਸ ਖ਼ਬਰ ਇੱਕ ਨਜ਼ਰ' ਲਈ ਚੁਣੀ ਗਈ। ਇਸਤੋਂ ਬਿਨਾਂ ਬਤੌਰ ਐਂਕਰ ਪ੍ਰੋਗਰਾਮ 'ਜ਼ਾਇਕਾ' ਵਿੱਚ ਵੀ ਕਾਫ਼ੀ ਸਮਾਂ ਭੂਮਿਕਾ ਨਿਭਾਈ ਅਤੇ ਅੱਜਕੱਲ੍ਹ ਮੈਂ ਦੂਰਦਰਸ਼ਨ ਵਿੱਚ ਪੱਤਰਕਾਰੀ ਨਾਲ ਸੰਬੰਧਿਤ ਪ੍ਰੋਗਰਾਮ 'ਖ਼ਾਸ ਖ਼ਬਰ ਇੱਕ ਨਜਰ ' ਕਰ ਰਹੀ ਹਾਂ।

ਤੁਸੀਂ ਅਵਾਜ਼ ਦੀ ਇਸ ਦੁਨੀਆਂ ਵਿੱਚ ਪੈਰ ਕਦੋਂ ਰੱਖਿਆ। ਕਿਹੜੇ ਕਿਹੜੇ ਰੇਡਿਓ ਚੈਨਲਾਂ ਨਾਲ ਕੰਮ ਕਰ ਰਹੇ ਹੋ?
2012-13 ਵਿੱਚ ਰੇਡਿਓ ਮੰਤਰਾਂ ਵੱਲੋਂ ਰਿਐਲਿਟੀ ਸ਼ੋਅ ਆਰਜੇਗੀਰੀ ਵਿੱਚ ਕੰਮ ਕਰਨ ਲਈ ਆਫਰ ਲੈਟਰ ਮਿਲੀ ਸੀ ਅਤੇ 4 ਮਹੀਨੇ ਰੇਡੀਓ ਮੰਤਰਾਂ ਨਾਲ ਕੰਮ ਕੀਤਾ। 2014 ਵਿੱਚ ਅਕਾਸ਼ਵਾਣੀ ਜਲੰਧਰ ਦਾ ਆਡੀਸ਼ਨ ਪਾਸ ਕੀਤਾ ਅਤੇ ਪ੍ਰੋਗਰਾਮ 'ਯੁਵਾਵਾਣੀ' ਲਈ ਚੋਣ ਹੋਈ। ਲਗਾਤਾਰ 6 ਸਾਲ ਯੂਥ ਦੇ ਇਸ ਪ੍ਰੋਗਰਾਮ ਵਿੱਚ ਬਤੌਰ ਐਂਕਰ ਭੂਮਿਕਾ ਨਿਭਾਈ ਅਤੇ ਅੱਜ ਵੀ ਅਕਾਸ਼ਵਾਣੀ ਨਾਲ ਜੁੜੀ ਹੋਈ ਹਾਂ। ਇਸਤੋਂ ਬਿਨ੍ਹਾਂ ਕਈ ਵਿਦੇਸ਼ੀ ਆਨਲਾਈਨ ਰੇਡੀਓ ਪ੍ਰੋਗਰਾਮਾਂ ਵਿੱਚ ਕੰਮ ਕੀਤਾ ।ਵਰਤਮਾਨ ਵਿੱਚ ਵੀ ਕੈਨੇਡਾ ਤੋਂ ਸੁੱਖੀ ਨਿੱਜਰ ਹੋਰਾਂ ਨਾਲ 'ਵਤਨੋਂ' ਦੂਰ ਨੈਟਵਰਕ' ਟੀ.ਵੀ., ਰੇਡੀਓ ਲਈ ਬਤੌਰ ਪੱਤਰਕਾਰ ਲਾਈਵ ਪ੍ਰੋਗਰਾਮ ਕਰ ਰਹੀ ਹਾਂ।

ਟੀ.ਵੀ. ਚੈਨਲਾਂ 'ਤੇ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਕਰ ਰਹੀ ਹੋ?
ਮੈਂ ਫ੍ਰੀ ਲਾਂਸ ਆਰਟਿਸਟ ਹਾਂ। ਕਿਸੇ ਇੱਕ ਚੈਨਲ ਨਾਲ ਕੰਟਰੈਕਟ ਵਿੱਚ ਨਹੀਂ ਹਾਂ। ਮੈਨੂੰ ਜਿੱਥੇ ਵੀ ਕੰਮ ਦੀ ਆਫਰ ਆਉਂਦੀ ਹੈ ਮੈਂ ਕਰਦੀ ਹਾਂ। ਪੀ.ਟੀ.ਸੀ. ਲਈ 2019 ਦੇ 'ਮਿਸਟਰ ਪੰਜਾਬ ਅਤੇ 'ਮਿਸ ਪੀ.ਟੀ.ਸੀ. ਪੰਜਾਬੀ ਦੇ ਰਿਐਲਟੀ ਰਾਊਂਡ ਲਈ ਐਕਟਰ ਦਲਜਿੰਦਰ ਬਸਰਾ ਜੀ ਨਾਲ ਮੈਂ ਬਤੌਰ ਪ੍ਰੋਫੈਸ਼ਨਲ ਐਕਟਰ ਇਨ੍ਹਾਂ ਹੁਨਰਮੰਦ ਮੁੰਡੇ-ਕੁੜੀਆਂ ਨੂੰ ਐਕਟਿੰਗ ਵਰਕਸ਼ਾਪ ਵਿੱਚ ਸਿਖਲਾਈ ਵੀ ਦਿੱਤੀ। ਇਨ੍ਹਾਂ ਦੀ ਹੌਸਲਾਂ ਅਫ਼ਜ਼ਾਈ ਲਈ ਬਤੌਰ ਪ੍ਰੋਫੈਸ਼ਨਲ ਐਕਟਰ ਮੰਚ ’ਤੇ ਨਾਲ ਪ੍ਰਫੋਮ ਵੀ ਕੀਤਾ। ਚੈਨਲ ਮਹਾਂ ਪੰਜਾਬੀ ਦੇ ਕਾਮੇਡੀ ਸ਼ੋਅ 'ਭੋਟੂ ਦਾ ਵਿਹੜਾ ਵਿੱਚ ਵੀ ਅਦਾਕਾਰੀ ਕਰ ਰਹੀ ਹਾਂ। ਫਾਸਟ ਵੇਅ ਨਾਲ ਵੀ ਜੁੜੀ ਹੋਈ ਹਾਂ।

ਜਦੋਂ ਪਿੰਡ ਦੇ ਲੋਕਾਂ ਨੇ ਪਹਿਲੀ ਵਾਰ ਟੀ.ਵੀ 'ਤੇ ਵੇਖਿਆ ਜਾਂ ਰੇਡਿਓ 'ਤੇ ਸੁਣਿਆ ਤਾਂ ਕਿਹੋ ਜਿਹਾ ਹੁੰਗਾਰਾ ਮਿਲਿਆ ?
ਪਿੰਡ ਦੇ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ। ਉਹ ਅੱਜ ਵੀ ਮੇਰਾ ਪ੍ਰੋਗਰਾਮ ਵੇਖਣ ਤਾਂ ਘਰਦਿਆਂ ਨੂੰ ਦੱਸਦੇ ਨੇ। ਜੇ ਕਿਤੇ ਮੈਨੂੰ ਪਿੰਡ ਗਈ ਨੂੰ ਕੋਈ ਮਿਲੇ ਤਾਂ ਮਾਣ ਮਹਿਸੂਸ ਕਰਦੇ ਨੇ। ਮੈਨੂੰ ਮੇਰੇ ਵੇਖੇ ਹੋਏ ਪ੍ਰੋਗਰਾਮ ਦਾ ਵੇਰਵਾ ਦਿੰਦੇ ਨੇ। ਜਦੋਂ ਮੈਂ ਮਿਸ ਅੰਮ੍ਰਿਤਸਰ ਬਣੀ ਤਾਂ ਕਈਆਂ ਦੇ ਫ਼ੋਨ, ਮੈਸੇਜ਼ ਵੀ ਆਏ ਕਿ ਜੇ ਕੋਈ ਮਦਦ ਚਾਹੀਦੀ ਹੋਈ ਤਾਂ ਬੇਝਿਜਕ ਹੋ ਕੇ ਦੱਸੀਂ। ਮੇਰੇ ਘਰਦੇ ਮੈਨੂੰ ਐਨਾ ਨਈ ਦੇਖਦੇ, ਸੁਣਦੇ ਜਿੰਨਾ ਪਿੰਡ ਲੋਕ। ਪਿੰਡ ਦੇ ਛੋਟਿਆ ਨੂੰ ਪਿਆਰ ਅਤੇ ਵੱਡਿਆ ਨੂੰ ਬਹੁਤਬਹੁਤ ਸਤਿਕਾਰ ਮੇਰੇ ਵੱਲੋਂ।

ਭੈਣੇ ਕਲਾਕਾਰੀ ਦੇ ਖੇਤਰ ਵਿੱਚ ਕੁੜੀਆਂ ਦਾ ਅੱਗੇ ਆਉਣਾ ਥੋੜਾ ਔਖਾ ਮੰਨਿਆਂ ਜਾਂਦਾ, ਮਾਪਿਆਂ ਦਾ ਸਹਿਯੋਗ ਕਦੇ ਢਿੱਲਾ ਨਈ ਪਿਆ ?
ਮੈਂ ਅੱਜ ਜੋ ਵੀ ਹਾਂ ਘਰਦਿਆਂ ਦੇ ਸਹਿਯੋਗ ਕਰਕੇ ਹਾਂ। ਮੇਰੀ ਮਾਂ ਨੇ ਕਦੇ ਸਾਡੇ ਤੋਂ ਘਰਦੇ ਕੰਮਾਂ ਵਿੱਚ ਲਾਹਾ ਨਈ ਲਿਆ। ਸਾਨੂੰ ਹਮੇਸ਼ਾ ਸਹਿਯੋਗ ਦਿੱਤਾ। ਵੀਰਾ ਜਿਹੜਾ ਕਦੇ ਘਰ ਟੀ.ਵੀ. ਨਈ ਸੀ ਵੇਖਣ ਦਿੰਦਾ। ਟੀ.ਵੀ 'ਤੇ ਕੋਈ ਗੀਤ ਵੇਖਣਾ ਤਾਂ ਵੀਰੇ ਨੇ ਚੁਟਕੀ ਮਾਰ ਕੇ ਇਸ਼ਾਰਾ ਕਰਨਾ, ਏਨਾ ਡਰ ਹੁੰਦਾ ਸੀ ਅਸੀਂ ਕਮਰੇ ਵਿੱਚੋਂ ਬਾਹਰ ਆ ਜਾਣਾ। ਜੇ ਕਿਤੇ ਗਰਮੀਆਂ ਵਿੱਚ ਟੀ.ਵੀ. ਬਾਹਰ ਲੱਗਾ ਹੋਣ ਤਾਂ ਉਹਨੇ ਟੀ.ਵੀ. ਦੀ ਪਿੱਠ ਸਾਡੇ ਵੱਲ ਕਰ ਦੇਣੀ ਅਤੇ ਮੂੰਹ ਆਪਣੇ ਵੱਲ। ਵੱਡੇ ਵੀਰ ਦਾ ਡਰ ਅੱਜ ਵੀ ਬਰਕਰਾਰ ਹੈ। ਅੱਜ ਉਹ ਵੀ ਟੀ.ਵੀ. ਤੇ ਵੇਖ ਮਾਣ ਮਹਿਸੂਸ ਕਰਦਾ ਤੇ ਪ੍ਰਤੀਕਰਿਆ ਵੀ ਦਿੰਦਾ ਹੁੰਦਾ। ਮੇਰੇ ਪਿਤਾ ਜੀ ਤਾਂ ਤਕਰੀਬਨ ਮੇਰੇ ਹਰ ਸਟੇਜ ਪਲੇਅ ਵਿੱਚ ਹਾਜ਼ਰੀ ਭਰਦੇ ਨੇ ਕਿਤੇ ਜ਼ਰੂਰੀ ਹਨੇਰੇ ਸਵੇਰੇ ਕੰਮ ਹੋਵੇ ਤਾਂ ਭਤੀਜਾ ਨਾਲ ਜਾਂਦਾ। ਪਿਤਾ ਜੀ ਲਈ ਤਾਂ ਮੈਂ ਹਮੇਸ਼ਾ ਕਹਿੰਦੀ ਹੁੰਨੀ ਆਂ 'ਅਸੀਂ ਰੱਬ ਨੂੰ ਤਾਂ ਕਦੇ ਦੇਖਿਆ ਨਈ,

ਸਾਨੂੰ ਤੂੰਹੀਓ ਰੱਬ ਜਿਹਾ ਲਗਦਾ ਏਂ।
ਸਾਡੀ ਜ਼ਿੰਦਗੀ ਨੂੰ ਰਸ਼ਨਾਉਣ ਲਈ,
ਤੂੰ ਸੂਰਜ ਵਾਂਗੂ ਮਘਦਾ ਏਂ,
ਜੇ ਮੇਰੇ ਵੱਸ ਵਿੱਚ ਹੋਵੇ ਤਾਂ ਮੈਂ ਕਦੇ ਨਾ ਤੈਨੂੰ ਖੋਹਵਾਂ,
ਦਿਲੋਂ ਅਰਦਾਸ ਹੈ ਮੇਰੀ, ਹਰ ਜਨਮ ਵਿੱਚ ਬਾਪੂ ਤੂੰ ਹੋਵੇ,
ਮੈਂ ਤੇਰੀ ਲਾਡੋ ਰਾਣੀ ਧੀ ਹੋਵਾਂ।

ਥੀਏਟਰ ਆਰਟਿਸਟ ਵੀ ਹੋ, ਹੁਣ ਤੱਕ ਦੇ ਸਟੇਜ ਪਲੇਅ ਜੋ ਯਾਦਗਾਰ ਰਹੇ ਹੋਣ?
2015 ਵਿੱਚ ਕਮੇਡੀਅਨ ਭੋਟੂ ਸ਼ਾਹ ਜੀ ਨਾਲ ਸਟੇਜ਼ ਦੀ ਸ਼ੁਰੂਆਤ ਕੀਤੀ ਸੀ। ਕਾਲਜ ਵਿੱਚ ਜ਼ਿਆਦਾ ਗਿੱਧਾ ਹੀ ਕੀਤਾ ਸੀ। ਭੋਟੂ ਸ਼ਾਹ ਜੀ ਚੱਲੇ 'ਫੋਰਨ' ਅਤੇ ਕਈ ਹੋਰ ਕਾਮੇਡੀ ਸ਼ੋਅ ਵੀ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਖੇਡੇ। ਪਿਛਲੇ ਦੋ ਸਾਲ ਤੋਂ 'ਆਜ਼ਾਦ ਥੀਏਟਰ ਗਰੁੱਪ ਜਲੰਧਰ ਨਾਲ ਵੀ ਕਾਫ਼ੀ ਪਲੇਅ ਕੀਤੇ। ਬਸਰਾ ਪ੍ਰੋਡਕਸ਼ਨ ਨਾਲ ਆਰਟ ਗੈਲਰੀ ਅੰਮ੍ਰਿਤਸਰ ਵਿੱਚ 'ਮੇਰੇ ਆਪਣੇ ਬੱਚੇ' ਨਾਟਕ ਵਿੱਚ ਮੁੱਖ ਭੂਮਿਕਾ ਨਿਭਾਈ । ਇਹ ਸਭ ਪਲ ਯਾਦਗਾਰ ਹੀ ਨੇ, ਜਿੱਥੇ ਹਰ ਵਾਰ ਨਵੇਂ ਦਰਸ਼ਕਾਂ ਦਾ ਪਿਆਰ ਮਿਲਦਾ ਹੈ ਅਤੇ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ।

ਤੁਸੀਂ ਆਪਣੇ ਪੈਸੇ ਨੂੰ ਤਰਜ਼ੀਹ ਦਿੰਦੇ ਹੋ ਜਾਂ ਕੰਮ ਨੂੰ ?
ਥੀਏਟਰ ਇੱਕ ਤਪੱਸਿਆ ਹੈ ਤੇ ਤਪੱਸਿਆ ਦਾ ਫਲ ਬੜਾ ਮਿੱਠਾ ਹੁੰਦਾ ਹੈ। ਇਹਦੀ ਕਮਾਈ ਮਿਹਨਤ ਹੈ, ਦੋ, ਤਿੰਨ ਮਹੀਨਿਆਂ ਦੀ ਰੀਹਸਲ ਹੈ ਅਤੇ ਤਨਖ਼ਾਹ ਦਰਸ਼ਕਾਂ ਦੀਆਂ ਤਾੜੀਆਂ ਹਨ। ਮੈਂ ਉਹ ਕਰਦੀ ਹਾਂ ਜੋ ਮੈਨੂੰ ਚੰਗਾ ਲੱਗਦਾ ਹੈ। ਦਮਦਾਰ ਲੱਗਦਾ ਹੈ। ਪੈਸਾ ਚਾਹੇ ਮੈਂ ਗੁਜ਼ਾਰੇ ਜੋਗਾ ਕੰਮਾ ਰਹੀ ਹਾਂ ਪਰ ਸ਼ੋਹਰਤ ਕਮਾਈ ਹੈ। ਮੈਂ ਪੈਸੇ ਨੂੰ ਕਦੇ ਆਪਣੀ ਮਜ਼ਬੂਰੀ ਨਈ ਬਣਨ ਦਿੱਤਾ, ਜੇ ਪੈਸਾ ਮੇਰੀ ਮਜ਼ਬੂਰੀ ਹੁੰਦਾ ਤਾਂ ਮੈਂ ਹੁਣ ਤੱਕ ਇੰਡਸਟਰੀ ਵਿੱਚ ਕਈਆਂ ਦੀ ਮਜ਼ਬੂਰੀ ਬਣ ਚੁੱਕੀ ਹੁੰਦੀ ਕਹਿੰਦੇ ਨੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਨਾਲ। 

ਤੁਸੀਂ ਆਪਣੇ ਫਿਲਮੀ ਸਫ਼ਰ ਬਾਰੇ ਦੱਸੋ ?
2019 ਵਿੱਚ ਪੀ.ਟੀ.ਸੀ. ਬਾਕਸ 'ਤੇ ਨਿਰਦੇਸ਼ਕ ਅਤੇ ਲਿਖਾਰੀ ਸਮਰ ਸਿੰਘ ਚੌਹਾਨ ਨਾਲ, ' ਚਿੜੀਆਂ ਦਾ ਚੰਬਾ' (ਅਵਾਰਡ ਵੀਨਿੰਗ) ਮੁੱਖ ਭੂਮਿਕਾ 2018 ਵਿੱਚ ਬੱਤਰਾ ਪ੍ਰੋਡਕਸ਼ਨ ਨਾਲ ਫੀਚਰ ਫ਼ਿਲਮ 'ਇਸ਼ਕ ਨਾ ਹੋਵੇ ਰੱਬਾ' ਪੱਤਰਕਾਰ ਦੇ ਕਿਰਦਾਰ ਵਿੱਚ, ਡਾਇਰੈਕਟਰ ਨਵਤੇਜ ਸੰਧੂ ਜੀ ਨਾਲ ਫੀਚਰ 'ਜਮਰੌਦ' 1990 ਦੀ ਕਾਲਜ ਵਿਦਿਆਰਥਣ ਦੇ ਕਿਰਦਾਰ ਵਿੱਚ ਅਮਨ ਧੀਰ ਨਾਲ ਟੈਲੀ ਫ਼ਿਲਮ 'ਪਰਛਾਂਵੇ' ਮੁੱਖ ਭੂਮਿਕਾ ਵਿੱਚ ਸਮਰ ਸਿੰਘ ਨਾਲ ਆਰਟ ਫ਼ਿਲਮ 'ਜਨੌਰ' ਮੁੱਖ ਭੂਮਿਕਾ ਵਿੱਚ।

ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮ ਬਾਰੇ ਜ਼ਿਕਰ ਕਰੋ?
ਫ਼ਿਲਮ 'ਜਨੌਰ ਅਤੇ 'ਪਰਛਾਵੇਂ' ਮੁੱਖ ਭੂਮਿਕਾਂ ਵਿੱਚ ਬਹੁਤ ਜਲਦੀ ਦਰਸ਼ਕਾਂ ਦੇ ਰੂਬੂਰੂ ਹੋਣਗੀਆਂ। ਫੀਚਰ ਫ਼ਿਲਮ 'ਜਮਦੌਰ' ਵੀ ਜਲਦੀ ਇੱਕ ਨਿਵੇਕਲੇ ਵਿਸ਼ੇ ਨਾਲ ਦਰਸ਼ਕਾਂ ਦੀ ਝੋਲੀ ਪਵੇਗੀ। ਇਸ ਮਹੀਨੇ ਦੇ ਅਖੀਰ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਵੀਡੀਓ ਡਾਇਰੈਕਟਰ ਸਟਾਲਨਵੀਰ ਦੀ ਇੱਕ ਮਿਊਜ਼ਿਕ ਵੀਡੀਓ ਵਿੱਚ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵਾਂਗੀ।

ਭੈਣ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ?
ਜਿੱਥੇ ਰੱਬ ਰੱਖੇ। ਜਿਵੇਂ ਜਿਵੇਂ ਕੰਮ ਆਊਗਾ ਕਰੀ ਜਾਵਾਂਗੀ। ਕੰਮ ਘੱਟ ਆਉਣ ਦਾ ਕੋਈ ਦੁੱਖ ਨਈ। ਕੰਮ ਚੰਗਾ ਆਉਣ ਦੀ ਬਹੁਤ ਖ਼ੁਸ਼ੀ ਹੈ। ਮਨ ਦੀ ਤ੍ਰਿਸ਼ਨਾ ਕਦੇ ਨਈ ਮੁੱਕਦੀ ਨਾ ਪੂਰੀ ਹੁੰਦੀ ਹੈ। ਪੰਜਾਬੀ ਟੀ.ਵੀ. ਅਤੇ ਫ਼ਿਲਮ ਇੰਡਸਟਰੀ ਵਿੱਚ ਬਹੁਤ ਕੁਝ ਕਰਨ ਦੀ ਤਮੰਨਾ ਹੈ। ਪੰਜਾਬੀ ਲੜੀਵਾਰ 'ਅਦਾਕਾਰੀ ਕਰਨ ਦੀ ਤਮੰਨਾ ਹੈ ਜੇ ਕਿਤੇ ਇਹ ਮੌਕਾ ਦੂਰਦਰਸ਼ਨ 'ਤੇ ਮਿਲ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਏ। ਦੂਰਦਰਸ਼ਨ ਦੇ ਲੜੀਵਾਰ ਆਡੀਸ਼ਨ ਲਈ ਮੈਂ ਜ਼ਰੂਰ ਜਾਉਂਗੀ, ਕਿਉਂਕਿ ਦੂਰਦਰਸ਼ਨ ਉਹ ਅਦਾਰਾ ਹੈ ਜਿਹਨੇ ਦੇਸ਼ ਨੂੰ ਨਾਮੀ ਅਤੇ ਵੱਡੇ ਕਲਾਕਾਰ ਦਿੱਤੇ ਨੇ।

ਕੋਈ ਸ਼ੋਸ਼ਲ ਸਨਾਖ਼ਤ ਜਿੱਥੇ ਲੋਕ ਤਹਾਨੂੰ ਲੱਭ ਸਕਣ?
ਸਮੇਂ-ਸਮੇਂ 'ਤੇ ਮੇਰਾ ਕੰਮ ਦੇਖਣ ਲਈ ਦਰਸ਼ਕ ਜਾਂ ਸ੍ਰੋਤੇ ਮੇਰੇ ਸ਼ੋਸ਼ਲ ਅਕਾਊਂਟ ਫੋਟੋ ਕਰ ਸਕਦੇ ਨੇ।

ਆਖੀਰ ’ਤੇ ਮੈਂ ਤੁਹਾਡੀ ਪੇਸ਼ਕਾਰੀ ਅਤੇ ਅਦਾਕਾਰੀ ਬਾਰੇ ਕੁਝ ਸ਼ਬਦ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਦਿਨਰਾਤ ਕਰਦੇ ਰਹੋ। ਆਪਣੀ ਪੇਸ਼ਕਾਰੀ ਤੇ ਅਦਾਕਾਰੀ ਦੇ ਹੁਨਰ ਨਾਲ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚੋਂ ਬਿਖਰਦੇ ਸ਼ਬਦਾਂ ਅਤੇ ਰਿਸ਼ਤਿਆਂ ਦੇ ਮਾਲਾ ਮਣਕਿਆਂ ਨੂੰ ਥਾਂ ਸਿਰ ਜੜਨ੍ਹ ਵਿੱਚ ਸਿਰਤੋੜ ਯਤਨ ਕਰਦੇ ਰਹੇ। ਤੁਸੀਂ ਪੰਜਾਬ ਤੇ ਪੰਜਾਬੀਅਤ ਦਾ ਮਾਣ ਹਮੇਸ਼ਾ ਫਖ਼ਰ ਨਾਲ ਉੱਚਾ ਕਰਦੇ ਰਹੋ। ਸ਼ੁਭ ਇੱਛਾਵਾਂ 

ਆਮੀਨ ਰਮੇਸ਼ਵਰ ਸਿੰਘ ਪਟਿਆਲਾ
99142 80392


rajwinder kaur

Content Editor

Related News