ਕਹਾਣੀ : ਗੁਆਚੀ ਹੋਈ ਘੋੜੀ

10/30/2020 2:31:43 PM

ਗੁਆਂਢ ਦੇ ਪਿੰਡ ਵਿੱਚ ਇੱਕ ਬਾਬਾ ਪੁੱਛਾਂ ਦਿੰਦਾ ਸੀ, ਉਸਦੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਕਾਫ਼ੀ ਚਰਚਾ ਸੀ। ਇਸ ਗੱਲ ਦਾ ਪਤਾ ਜਦੋਂ ਤਾਈ ਨਿਹਾਲੀ ਨੂੰ ਕਰਤਾਰੀ ਕੋਲੋਂ ਲੱਗਾ ਤਾਂ ਉਸਨੇ ਸੋਚਿਆ ਇੱਕ ਵਾਰੀ ਜਾ ਕੇ ਦੇਖਿਆ ਤਾਂ ਜਾਵੇ ਸਹੀ ਕਿ ਇਹ ਕਿਹੜਾ ਬਾਬਾ ਜਿਹੜਾ ਭੋਲੀ ਭਾਲੀ ਜਨਤਾ ਨੂੰ ਲੁੱਟੀ ਜਾ ਰਿਹਾ ਹੈ।

ਤਾਈ ਉਂਝ ਪਿੰਡ ਵਿੱਚ ਕਾਫ਼ੀ ਚਤਰ ਅਤੇ ਹਾਜ਼ਰ ਜਵਾਬ ਬੁੜੀ ਦੇ ਤੌਰ ’ਤੇ ਜਾਣੀ ਜਾਂਦੀ ਸੀ। ਉਹ ਅਗਲੇ ਹੀ ਵੀਰਵਾਰ ਵਾਲੇ ਦਿਨ ਉਸ ਬਾਬੇ ਦੇ ਡੇਰੇ 'ਤੇ ਪਹੁੰਚ ਗਈ। 

ਬਾਬੇ ਦੇ ਆਲੀਸ਼ਾਨ ਕਮਰੇ ਵਿੱਚ ਕਾਫ਼ੀ ਜਨਤਾ ਬੈਠੀ ਚੌਂਕੀ ਭਰ ਰਹੀ ਸੀ। ਬਾਬਾ ਆਪਣੇ ਵਾਲ ਖੋਲ ਕੇ ਸਿਰ ਘੁਮਾ ਰਿਹਾ ਸੀ । ਬਾਬਾ ਦਸ ਗੱਲਾਂ ਦੱਸਦਾ ਜਿਸ ਵਿੱਚੋਂ 5 ਹਰੇਕ ਘਰ ਦੀਆਂ ਆਮ ਹੀ ਹੁੰਦੀਆਂ ਸਨ । ਲੋਕ ਉਨ੍ਹਾਂ ਗੱਲਾਂ ਦੇ ਸੱਚ ਹੋਣ ਦਾ ਪੱਖ ਪੂਰਦੇ ਅਤੇ ਬਾਬਾ ਉੱਚੀ ਅਵਾਜ਼ ਵਿੱਚ ਪੈਸਿਆਂ ਸਮੇਤ ਹੋਰ ਤਰ੍ਹਾਂ ਤਰ੍ਹਾਂ ਦੀਆਂ ਸੇਵਾ ਲਗਾ ਕੇ ਉਨ੍ਹਾਂ ਦੇ ਦੁੱਖ ਦੂਰ ਕਰਨ ਦਾ ਦਾਅਵਾ ਕਰਦਾ । 

ਏਨੇ ਨੂੰ ਤਾਈ ਨਿਹਾਲੀ ਦੀ ਵਾਰੀ ਆਈ । 
ਬਾਬੇ ਨੇ ਕਿਹਾ ਉਹ ਬੁੜੀ ਖੜ੍ਹੀ ਹੋਵੀ ਜਿਸਦੀ ਘੋੜੀ ਗੁਆਚੀ ਹੈ, ਤਾਈ ਬਾਬੇ ਦੇ ਏਨਾਂ ਕਹਿੰਦੇ ਸਾਰ ਹੀ ਝੱਟ ਖੜ੍ਹੀ ਹੋ ਗਈ । ਬਾਬੇ ਨੇ ਸਿਰ ਘੁਮਾ ਕੇ ਕਿਹਾ, ” ਭਾਈ ਤੇਰੀ ਘੋੜੀ ਤੇਰੇ ਪਿੰਡ ਤੋਂ ਦੂਜੇ ਪਿੰਡ ਨਿਆਈਆਂ ਵਿੱਚ ਚਰਦੀ ਫਿਰਦੀ ਏ।’’ 

ਤਾਈ ਨਿਹਾਲੀ ਉੱਚੀ ਉੱਚੀ ਹੱਸਣ ਲੱਗੀ ’ਤੇ ਕਹਿਣ ਲੱਗੀ, ਬਾਬਾ ਮੇਰੀ ਤਾਂ ਸੇਵੀਆਂ ਵੱਟਣ ਵਾਲੀ ਘੋੜੀ ਗੁਆਚੀ ਐ। ਮੈਂ ਤਾਂ ਇਹ ਹੀ ਦੇਖਣ ਆਈ ਸੀ ਕਿ ਇਹ ਕਿਹੜਾ ਬਾਬਾ ਜਿਹੜਾ ਭੋਲੀ ਭਾਲੀ ਜਨਤਾ ਨੂੰ ਠੱਗੀ ਜਾਂਦਾ ਹੈ,”। 

ਤਾਈ ਦੇ ਇਹ ਕਹਿਣ ਦੀ ਦੇਰ ਹੀ ਸੀ ਬਾਬੇ ਦੀ ਪੌਣ ਬੰਦ ਹੋ ਗਈ ਅਤੇ ਉਸ ਦੇ ਸਾਹਮਣੇ ਬੈਠੇ ਲੋਕ ਆਪਣੀਆਂ ਆਪਣੀਆਂ ਜੁੱਤੀਆਂ ਪਾਉਣ ਲੱਗ ਪਏ।

ਸਤਨਾਮ ਸਮਾਲਸਰੀਆ
ਸੰਪਰਕ: 9710860004

rajwinder kaur

This news is Content Editor rajwinder kaur