ਸਹਿਜਤਾ ਤੋਂ ਤੀਬਰਤਾ ਦੇ ਪੜਾਅ ਵੱਲ ਸਾਹਿਤ ਸੰਸਾਰ

06/07/2021 1:49:58 PM

ਅੱਜ ਮੀਡੀਆ ਸਦਕਾ ਸੰਚਾਰ ਦੀ ਗਤੀ ਇੰਨੀ ਤੀਬਰ ਹੋ ਚੁੱਕੀ ਹੈ ਕਿ ਅੱਖ ਦੇ ਫੋਰ ਵਿਚ ਸੁਨੇਹਾ ਇਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦਾ ਹੈ।ਸਾਈਬਰ ਮੀਡੀਆ ਦੀ ਧਮਾਕੇਦਾਰ ਦਸਤਕ ਨਾਲ ਸੰਸਾਰ ਦਾ ਹਰ ਕੋਨਾ ਹਿੱਲਿਆ ਹੈ। ਸਾਹਿਤਕ ਜਗਤ ਹਰ ਜ਼ਮਾਨੇ ਅਨੁਸਾਰ ਢਲਦਾ ਜਾਂਦਾ ਹੈ। ਸੋਸ਼ਲ ਮੀਡੀਆ ਦੇ ਇਸ ਤਾਣੇ ਪੇਟੇ ਨੇ ਸਮਾਜ ਦੇ ਹਰ ਸਭਿਆਚਾਰ, ਲੋਕਧਾਰਾ, ਬੋਲੀ, ਰੀਤੀ ਰਿਵਾਜਾਂ ਨੂੰ ਆਪਣੇ ਲਪੇਟੇ ਵਿਚ ਲਿਆ ਹੈ ਜਿਸ ਦਾ ਅਕਸ ਸਾਹਿਤਕ ਵੰਨਗੀਆਂ, ਸਾਹਿਤਕ ਗਤੀਵਿਧੀਆਂ, ਸਾਹਿਤਕਾਰਾਂ ਤੇ ਸਾਹਿਤ ਵਰਗ ਨਾਲ ਜੁੜੇ ਸਮੂਹ ਕੰਮਾਂ-ਕਾਰਾਂ ਦੇ ਮੂਲੋਂ ਬਦਲਵੇਂ ਸਰੂਪ ਰਾਹੀਂ ਦੇਖਿਆ ਜਾ ਸਕਦਾ ਹੈ।ਕਿਸ ਤਰ੍ਹਾਂ ਰਵਾਇਤੀ ਨੇਮਾਂ ਤੋਂ ਪਰ੍ਹੇ ਸਾਹਿਤਕ ਗਤੀਵਿਧੀਆਂ ਹੋ ਰਹੀਆਂ ਹਨ।ਸਾਹਿਤ ਆਪਣੀ ਪਰੰਪਰਾਗਤ ਸਹਿਜ ਚਾਲ ਛੱਡ ਸੰਚਾਰ ਦੇ ਤੇਜ਼ ਤਰਾਰ ਸਾਧਨਾਂ ਨਾਲ ਜੁੜ ਗਿਆ ਹੈ।
 

ਸੋਸ਼ਲ ਮੀਡੀਆਂ 'ਤੇ ਸਾਹਿਤ ਦਾ ਰੁਝਾਨ
ਜਿੱਥੇ ਸੰਸਾਰ ਭਰ ਦੇ ਦੇਸ਼ਾਂ ਵਿਚ ਸਾਈਬਰ ਸਾਹਿਤ ਨੇ ਜ਼ੋਰ ਫੜ੍ਹਿਆ ਹੈ, ਪੱਛਮੀ ਦੇਸ਼ਾਂ ਵਿਚ ਇਸ ਸਾਹਿਤ ਨੂੰ 'ਵੱਖਰੀ ਪਛਾਣ' ਦਿਵਾਉਣ ਦੇ ਯਤਨ ਕੀਤੇ ਜਾ ਰਹੇ ਹਨ।ਸਾਈਬਰ ਸਪੇਸ ਉਤੇ ਰਚੇ ਜਾ ਰਹੇ ਅਜਿਹੇ ਸਾਹਿਤ ਲਈ ਅਲੱਗ ਪੁਰਸਕਾਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਨਾਲ ਹੀ 'ਟਵਿਟਰੇਚਰ', 'ਟਵਿਲਰ', 'ਟਵਿਕਸ਼ਨ' ਅਤੇ 'ਫੇਸਬੁੱਕ ਫਿਕਸ਼ਨ' ਜਿਹੇ ਨਾਂ ਦਿੱਤੇ ਜਾ ਰਹੇ ਹਨ। 2009 ਵਿਚ 'ਅਲੈਕਜੈਂਡਰ ਇਕੀਮੈਨ' ਅਤੇ 'ਅਮੇਟ ਰੇਨਸਿਨ' ਵਲੋਂ 'ਟਵਿਟਰੇਚਰ: ਦਿ ਵਰਲਡਜ਼ ਗ੍ਰੇਟੇਸਟ ਬੁਕਸ ਰੀਟੋਲਡ ਥ੍ਰੂ ਟਵਿਟਰ' ਲਿਖ ਕੇ ਸਾਹਿਤ ਨੂੰ ਨਵੀਂ ਦਿਸ਼ਾ ਦੇਣਾ ਪਹਿਲਕਦਮੀ ਸੀ। ਉਨ੍ਹਾਂ ਦੀ ਇਸ ਕਿਤਾਬ ਵਿਚ ਸ਼ੇਕਸਪੀਅਰ ਤੋਂ ਲੈ ਕੇ ਦਾਂਤੇ ਤੱਕ ਦੀਆਂ ਕਈ ਕਿਤਾਬਾਂ ਵਿਚਲੀ ਸਮੱਗਰੀ ਨੂੰ ਟਵੀਟ (140 ਸ਼ਬਦਾਂ) ਰਾਹੀਂ ਪੇਸ਼ ਕੀਤਾ ਗਿਆ।ਇਸ ਤਰ੍ਹਾਂ ਸੰਸਾਰ ਭਰ ਵਿਚ ਸੋਸ਼ਲ ਮੀਡੀਆ ਉਤੇ ਸਾਹਿਤ ਲਿਖਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।ਭਾਰਤੀ ਭਾਸ਼ਾਵਾਂ ਵਿਚ ਸੋਸ਼ਲ ਮੀਡੀਆ ਉਤੇ ਲਿਖਣ ਵਾਲਿਆਂ ਦੇ ਅੰਕੜੇ ਹਰ ਸਾਲ ਵੱਧ ਰਹੇ ਹਨ।ਹਿੰਦੀ ਸਾਹਿਤ ਜਗਤ ਵਿਚ ਵੀ ਫੇਸਬੁੱਕ ਉਤੇ ਅੱਪਡੇਟ ਕੀਤੇ ਛੋਟੇ-ਛੋਟੇ ਸਟੇਟਸ ਲਘੂ ਪ੍ਰੇਮ ਕਥਾ ਲੜੀ ਦੇ ਤਹਿਤ 'ਲਪ੍ਰੇਕ' ਸਿਰਲੇਖ ਹੇਠ ਰਾਜਕਮਲ ਪ੍ਰਕਾਸ਼ਨ ਵਲੋਂ ਛਾਪੇ ਗਏ।ਜਿਸ ਵਿਚ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਦੀ ਕਿਤਾਬ 'ਇਸ਼ਕ ਮੇਂ ਸ਼ਹਰ ਹੋਨਾ', ਗਰਿੰਦਰ ਨਾਥ ਝਾ ਦੀ 'ਇਸ਼ਕ ਮੇਂ ਮਾਟੀ ਹੋਨਾ' ਅਤੇ ਵਨੀਤ ਕੁਮਾਰ ਦੀ 'ਇਸ਼ਕ ਕੋਈ ਨਿਊਜ਼ ਨਹੀਂ ਹੈ' ਸਨ।

ਨਵੇਂ ਲੇਖਕਾਂ ਲਈ ਵਿਚਾਰ ਮੰਚ 
ਤਕਨੀਕੀ ਕ੍ਰਾਂਤੀ ਦਾ ਇਹ ਪੜਾਅ ਪੰਜਾਬੀ ਸਾਹਿਤ ਲਈ ਕੀ ਭੂਮਿਕਾ ਅਦਾ ਕਰੇਗਾ ਜਾਂ ਕਰ ਰਿਹਾ ਹੈ, ਇਹ ਸੰਜੀਦਗੀ ਨਾਲ ਵਿਚਾਰਨਯੋਗ ਵਿਸ਼ਾ ਹੈ।ਨਵੇਂ ਮੀਡੀਆ ਮੰਚਾਂ ਉਤੇ ਨਵੇਂ ਸਾਹਿਤਕਾਰਾਂ ਦੀਆਂ ਲੰਬੀਆਂ ਕਤਾਰਾਂ ਨਜ਼ਰੀਂ ਪੈ ਰਹੀਆਂ ਹਨ।ਸਾਈਬਰ ਮੀਡੀਆ ਨੇ ਪੰਜਾਬੀ ਸਾਹਿਤ ਜਗਤ ਵਿਚ ਵਰਚੁਅਲ ਲੇਖਕਾਂ ਦੇ ਰੂਪ ਵਿਚ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਜਨਮ ਦਿੱਤਾ ਹੈ।ਬਹੁਤ ਥੋੜ੍ਹੇ ਸਮੇਂ ਵਿਚ ਆਪਣੀ ਵੱਡੀ ਪਛਾਣ ਬਣਾਉਣ ਪਿੱਛੇ ਤਕਨਾਲੋਜੀ ਦਾ ਹੱਥ ਮੰਨਦਿਆਂ 'ਸੂਹੇ ਅੱਖਰ' ਫੇਸਬੁੱਕ ਗਰੁੱਪ ਦੇ ਕਵੀ ਸੁਖਵੀਰ ਸਿੰਘ ਨੇ ਤਾਂ ਇਥੋਂ ਤੱਕ ਕਿਹਾ ਹੈ, ''ਮੈਂ ਕੁੱਲ ਮਿਲਾ ਕੇ ਇਹ ਕਹਿ ਸਕਦਾ ਹਾਂ ਕਿ ਸੋਸ਼ਲ ਸਾਈਟਾਂ ਸਾਡੇ ਲਈ ਰੱਬ ਜਿੱਡਾ ਆਸਰਾ ਹਨ।'' ਇਸ ਕਵੀ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਇੰਝ ਦੱਸਿਆ ਕਿ ਉਸ ਦਾ ਉਸ ਦਾ '1997-98 ਵਿਚ ਇਕ ਨਾਟਕ 'ਉਸ ਤੋਂ ਬਾਅਦ' ਪਬਲਿਸ਼ ਹੋਇਆ ਸੀ, ਜਿਸ ਦੀ ਸ਼ਾਇਦ ਕੋਈ ਵੀ ਕਾਪੀ ਸੇਲ ਨਹੀਂ ਹੋਈ।ਪਬਲਿਸ਼ਰ ਨੇ ਉਸ ਤੋਂ 7500 ਰੁਪਏ ਲਏ।ਕਿੰਨੀਆਂ ਕਾਪੀਆਂ ਛਪੀਆਂ ਜਾਂ ਹੋਰ ਜੋ ਵੀ ਹੋਇਆ ਇਸ ਬਾਰੇ ਮੈਨੂੰ ਹੋਰ ਕੋਈ ਜਾਣਕਾਰੀ ਨਹੀਂ।ਇਸ ਤੋਂ ਬਾਅਦ ਮੈਂ ਲਿਖਣਾ ਛੱਡ ਦਿੱਤਾ ਸੀ।' ਉਸ ਨੇ ਅੱਗੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਫੇਸਬੁੱਕ ਉਤੇ ਬਲਾਗ ਬਣਾ ਕੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ।ਫੇਸਬੁੱਕ ਪਾਠਕਾਂ ਦੀ ਮੰਗ ਉਤੇ ਉਸ ਨੇ ਇਨ੍ਹਾਂ ਕਵਿਤਾਵਾਂ ਨੂੰ ਕਿਤਾਬ 'ਆਪਣੇ ਹਿੱਸੇ ਦਾ ਮੌਨ' ਦੇ ਰੂਪ ਵਿਚ ਛਪਵਾਇਆ। ਜਿਸ ਦਾ ਪਹਿਲਾ ਐਡੀਸ਼ਨ 1 ਮਹੀਨਾ ਤੇ 22 ਦਿਨਾਂ ਵਿਚ ਹੀ ਵਿਕ ਗਿਆ।

ਗੁਰਪ੍ਰੀਤ ਭੰਵਰ ਫੇਸਬੁੱਕੀ ਲੇਖਕ ਆਪਣੇ ਸਾਹਿਤਕ ਸਫਰ ਉਤੇ ਸੋਸ਼ਲ ਮੀਡੀਆ ਦੇ ਖਾਸ ਪ੍ਰਭਾਵ ਨੂੰ ਕਬੂਲਦੇ ਹੋਏ ਕਹਿੰਦਾ ਹੈ ਕਿ ਮੈਂ ਆਪਣੀ ਪਹਿਚਾਣ ਸੋਸ਼ਲ ਮੀਡੀਆ ਰਾਹੀਂ ਹੀ ਬਣਾਈ।ਮੈਂ 'ਖਸਮ ਦਾਨ' ਨਾਮ ਦਾ ਇਕ ਨਾਵਲ ਫੇਸਬੁੱਕ ਉਪਰ ਪੋਸਟ ਕੀਤਾ ਸੀ ਜੋ ਪਾਠਕਾਂ ਨੇ ਬਹੁਤ ਸਰਾਹਿਆ।ਉਸ ਦੌਰਾਨ ਮੇਰੇ ਨਾਲ ਬਹੁਤ ਸਾਰੇ ਪਾਠਕ ਜੁੜੇ।' ਇਸ ਲੇਖਕ ਦੀ 2006 ਵਿਚ ਛਪੀ ਪਹਿਲੀ ਕਿਤਾਬ ਨਾਲ ਹੋਏ ਮਾੜੇ ਤਜਰਬੇ ਬਾਰੇ ਦੱਸਦਿਆਂ ਉਹ ਕਹਿੰਦਾ ਹੈ , 'ਮੇਰੇ ਖਿਆਲ ਨਾਲ ਹੁਣ ਮੈਂ ਕਿਤਾਬ ਛਪਵਾਉਣ ਬਾਰੇ ਵਿਚਾਰ ਨਹੀਂ ਕਰਾਂਗਾ।ਸੋਸ਼ਲ ਮੀਡੀਆ ਉਪਰ ਮੈਨੂੰ ਹਰ ਰੋਜ਼ ਬਹੁਤ ਨਵੇਂ ਪਾਠਕ ਮਿਲਦੇ ਹਨ।' ਫੇਸਬੁੱਕੀ ਲੇਖਕ ਹਰਮਨਜੀਤ ਦੀ ਬਹੁ-ਚਰਚਿਤ ਕਿਤਾਬ 'ਰਾਣੀ ਤੱਤ' ਜੁਲਾਈ, 2015 ਵਿਚ ਛਪਣ ਤੋਂ ਲੈ ਕੇ ਹੁਣ ਤੱਕ ਨੌਵੀਂ ਦਸਵੀਂ ਵਾਰ ਛੱਪ ਚੁੱਕੀ ਹੈ।ਇਸ ਕਿਤਾਬ ਦਾ ਸ਼ਾਹਮੁਖੀ ਅਤੇ ਅੰਗਰੇਜ਼ੀ ਵਿਚ ਤਰਜਮਾ ਕੀਤਾ ਜਾ ਚੁੱਕਾ ਹੈ।ਰਾਣੀ ਤੱਤ ਨੂੰ ਕਾਹਨ ਸਿੰਘ ਨਾਭਾ ਰਚਨਾ ਮੰਚ ਵਲੋਂ 'ਸ਼ੇਰ ਕੰਵਰ ਚੌਹਾਨ ਯਾਦਗਾਰੀ ਪੁਰਸਕਾਰ' ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। 'ਹੁੱਕ ਟੂ ਬੁੱਕ' ਵਲੋਂ ਇਸ ਕਿਤਾਬ ਨੂੰ 2016 ਦੀ 'ਬੈਸਟ ਸੈਲਿੰਗ ਬੁਕ' ਦਾ ਐਵਾਰਡ ਵੀ ਮਿਲ ਚੁੱਕਿਆ ਹੈ।

ਫੇਸਬੁੱਕੀ ਆਲੋਚਕਾਂ ਦੀ ਕਾਰਗੁਜ਼ਾਰੀ ਦੇ ਪ੍ਰਭਾਵ
ਫੇਸਬੁੱਕ ਨੇ ਉਭਰਦੇ ਤੇ ਰਵਾਇਤੀ ਪੰਜਾਬੀ ਸਾਹਿਤਕਾਰਾਂ ਨੂੰ ਨਵਾਂ ਮੰਚ ਪ੍ਰਦਾਨ ਕੀਤਾ ਹੀ ਹੈ, ਨਾਲ ਹੀ ਪੰਜਾਬੀ ਸਾਹਿਤ ਦੇ ਆਲੋਚਕਾਂ ਅਤੇ ਪਾਠਕਾਂ ਲਈ ਸਹਿਯੋਗੀ ਸਾਬਿਤ ਹੋ ਰਿਹਾ ਹੈ, ਜਿਸ ਸਦਕਾ ਉਹ ਸੋਸ਼ਲ ਮੀਡੀਆ ਉਤੇ ਹੋ ਰਹੀਆਂ ਸਾਹਿਤਕ ਗਤੀਵਿਧੀਆਂ ਅਤੇ ਰਚਨਾਵਾਂ ਉਤੇ ਕਰੜੀ ਨਜ਼ਰ ਰੱਖਣ ਵਿਚ ਕਾਮਯਾਬ ਹੋ ਰਹੇ ਹਨ।ਫੇਸਬੁੱਕੀ ਆਲੋਚਕਾਂ ਵਿਚ ਗੁਰਸੇਵਕ ਸਿੰਘ ਚਹਿਲ, ਕੁਲਜੀਤ ਖੋਸਾ ਅਤੇ ਦੀਪ ਜਗਦੀਪ ਦੇ ਨਾਂ ਲਏ ਜਾ ਸਕਦੇ ਹਨ।ਇਨ੍ਹਾਂ ਨੇ ਵੱਖ-ਵੱਖ ਅਜਿਹੀਆਂ ਸਾਹਿਤਕ ਕਿਰਤਾਂ ਪ੍ਰਤੀ ਜ਼ੋਰਦਾਰ ਰੋਸ ਪ੍ਰਗਟ ਕੀਤਾ, ਜਿਨ੍ਹਾਂ ਵਿਚ ਇਤਿਹਾਸਕ ਤੱਥਾਂ ਦੀ ਪੇਸ਼ਕਾਰੀ ਸੰਤੁਸ਼ਟੀਜਨਕ ਨਹੀਂ ਸੀ ਜਾਂ ਗੁਰਬਾਣੀ ਤੁਕਾਂ ਨਾਲ ਛੇੜ-ਛਾੜ ਦਾ ਮਾਮਲਾ ਹੋਵੇ ਜਾਂ ਕੱਚਖਰੜ ਰਚਨਾਵਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ।ਸਾਈਬਰ ਸਾਹਿਤ ਕਾਰਨ ਸਾਹਿਤਕ ਰਚਨਾਵਾਂ ਪੜ੍ਹਨ ਅਤੇ ਲਿਖਣ ਦੇ ਨੇਮਾਂ ਵਿਚ ਇਕ ਲਚਕ ਆਈ ਹੈ ਜੋ ਕਿ ਪਹਿਲਾਂ ਮੁੱਖ ਧਾਰਾਈ ਸਾਹਿਤ ਵਿਚ ਦੇਖਣ ਨੂੰ ਨਹੀਂ ਮਿਲਦੀ ਸੀ।ਸਾਈਬਰ ਮੰਚ ਰਾਹੀਂ ਪੰਜਾਬੀ ਸਾਹਿਤ ਜਗਤ 'ਚ ਹੋ ਰਹੀਆਂ ਇਹ ਗਤੀਵਿਧੀਆਂ ਇਸ਼ਾਰਾ ਕਰਦੀਆਂ ਹਨ ਕਿ ਅੱਜ ਸਾਹਿਤ ਇਕ ਵੱਖਰਾ ਜਨਤਕ ਅਤੇ ਜਾਤੀ ਕਾਰਜ ਖੇਤਰ ਬਣ ਗਿਆ ਹੈ।ਸਾਹਿਤ ਜਗਤ ਵਿਚ ਆਪ-ਮੁਹਾਰਾਪਨ ਵੱਧ ਗਿਆ ਹੈ ਜਿਸ ਦਾ ਪ੍ਰਭਾਵ ਮੁੱਢਲੀ ਰਚਨਾਤਮਕ ਸਮੱਗਰੀ ਤੋਂ ਲੈ ਕੇ ਆਰਥਿਕਤਾ ਤੱਕ ਪਿਆ ਹੈ।ਦੂਜਾ ਸਾਈਬਰ ਮੀਡੀਆ ਉਤੇ ਅਜਿਹੀ ਸਾਹਿਤਕ ਸਮੱਗਰੀ ਵੀ ਪਈ ਹੈ ਜਿਸ ਨੂੰ ਰਵਾਇਤੀ ਪ੍ਰਿੰਟ ਰੂਪ ਵਿਚ ਕਦੇ ਵੀ ਛਾਪਣਯੋਗ ਨਾ ਮੰਨਿਆ ਜਾਂਦਾ।

ਨਵੇਂ ਸਾਹਿਤਕ ਤਜਰਬੇ
ਸਾਈਬਰ ਸਪੇਸ ਦਾ ਇਸਤੇਮਾਲ ਕਰ ਰਹੇ ਉਭਰਦੇ ਤੇ ਸਥਾਪਿਤ ਲੇਖਕ ਨਵੇਂ ਸਾਹਿਤਕ ਤਜਰਬੇ ਕਰ ਰਹੇ ਹਨ।ਜੋ ਸਾਹਿਤਕ ਰਵਾਇਤਾਂ ਅਨੁਸਾਰ ਨਵੇਂ ਜਾਪ ਰਹੇ ਹਨ।ਰਚਨਾ ਦੇ ਲਿਖਣ ਤੋਂ ਪਹਿਲਾਂ ਉਸ ਬਾਰੇ ਪੋਸਟ ਪਾ ਕੇ ਪਾਠਕਾਂ ਅੰਦਰ ਉਸ ਪ੍ਰਤੀ ਜਗਿਆਸਾ ਜਗਾਈ ਜਾਂਦੀ ਹੈ।ਪੋਸਟ ਅੱਪਡੇਟ ਕਰਨ ਦਾ ਦਿਨ ਅਤੇ ਸਮਾਂ ਆਦਿ ਲਿਖ ਕੇ ਦੱਸਿਆ ਜਾਂਦਾ ਹੈ।ਫੇਸਬੁੱਕੀ ਲੇਖਕ ਗੁਰਪ੍ਰੀਤ ਭੰਵਰ ਵਲੋਂ ਪੋਸਟ ਦੀ ਦੇਰੀ ਹੋਣ ਦੇ ਕਾਰਨ ਸਬੰਧੀ ਪੋਸਟ ਪਾਈ ਜਾਂਦੀ ਹੈ। ਜਿਸ ਵਿਚ ਉਹ ਆਪਣੇ ਨਿੱਜੀ ਰੁਝੇਵਿਆਂ ਬਾਰੇ ਦੱਸ ਕੇ ਪਾਠਕ ਨੂੰ ਨਾਲ ਜੋੜੀ ਰੱਖਣਾ ਚਾਹੁੰਦਾ ਹੈ।ਹਰਪਾਲ ਸਿੰਘ, ਗੁਰਪ੍ਰੀਤ ਭੰਵਰ, ਪਗਟ ਸਤੌਜ, ਸੁਖਿੰਦਰ ਸਿੰਘ, ਗੁਰਮੇਲ ਬੀਰੋਕੇ, ਗੁਰਮੀਤ ਕੜਿਆਲਵੀ ਸਮੇਤ ਪ੍ਰਕਾਸ਼ ਸੋਹਲ ਆਦਿ ਲੇਖਕਾਂ ਦੇ ਨਾਂ ਗਿਣ ਸਕਦੇ ਹਾਂ, ਜਿਨ੍ਹਾਂ ਨੇ ਪੋਸਟਾਂ ਪਾ ਕੇ ਆਪਣੇ ਲਿਖਣ ਬਾਰੇ, ਰਚਨਾਵਾਂ ਬਾਰੇ, ਰਚਨਾਵਾਂ ਜਾਂ ਕਿਤਾਬਾਂ ਦੇ ਟਾਈਟਲ ਬਾਰੇ ਕਹਾਣੀ ਜਾਂ ਨਾਵਲ ਦੇ ਪਾਤਰਾਂ ਜਾਂ ਕਹਾਣੀਆਂ ਦੇ ਪਲਾਟ ਬਾਰੇ ਵੀ ਪੋਸਟਾਂ ਰਾਹੀਂ ਅੱਪਡੇਟ ਕੀਤਾ ਅਤੇ ਪਾਠਕਾਂ ਦੀ ਰਾਇ ਮੰਗੀ।

 ਸੋਸ਼ਲ ਮੀਡੀਆ ਗਰੁੱਪਾਂ ਰਾਹੀਂ ਸਾਹਿਤਕ ਸਰਗਰਮੀਆਂ
ਸਾਹਿਤ ਪ੍ਰੇਮੀਆਂ ਵਲੋਂ ਟਵਿਟਰ ਜਾਂ ਫੇਸਬੁੱਕ ਉਤੇ ਪੁਰਾਣੇ ਨਾਮੀ ਲੇਖਕਾਂ ਦੇ ਨਾਂ ਉਤੇ ਪ੍ਰੋਫਾਈਲ ਬਣਾ ਕੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਅੱਪਡੇਟ ਕੀਤਾ ਜਾਂਦਾ ਹੈ।ਇਸ ਤਰ੍ਹਾਂ ਪੁਰਾਤਨ ਤੇ ਆਧੁਨਿਕ ਰਚਨਾਵਾਂ ਜਾਂ ਅੱਪਡੇਟ ਪੋਸਟਾਂ ਪਾਠਕਾਂ ਤੱਕ ਪਹੁੰਚ ਰਹੀਆਂ ਹਨ। ਬਹੁਤ ਸਾਰੇ ਗਰੁੱਪ ਦੇਖੇ ਜਾ ਸਕਦੇ ਹਨ ਜਿਨ੍ਹਾਂ ਰਾਹੀਂ ਸਾਹਿਤਕ ਸਰਗਰਮੀਆਂ ਹੋ ਰਹੀਆਂ ਹਨ।ਜਿਨ੍ਹਾਂ ਵਿਚ 'ਕਲਮ 5ਆਬ ਦੀ, ਕਿਤਾਬਾਂ ਦੀ ਦੁਨੀਆਂ, ਮਹਿਕ ਪੰਜਾਬ ਦੀ, ਸਾਹਿਤ ਚਰਚਾ ਤੇ ਪੁਸਤਕ ਸਮੀਖਿਆ, ਹਰਫ਼ਾਂ ਦਾ ਕਾਫਿਲਾ, ਪਹੁ ਫੁਟਾਲੇ ਤੋਂ ਪਹਿਲਾਂ, ਪੰਜਾਬੀ ਪੀ.ਡੀ.ਐਫ਼ ਬੁਕਸ ਲਾਇਬ੍ਰੇਰੀ, ਪੰਜਾਬੀ ਮਿੰਨ੍ਹੀ ਕਹਾਣੀ ਗੋਸ਼ਟੀ ਤੇ ਸੰਵਾਦ, ਪੰਜਾਬੀ ਸਾਹਿਤ ਸਭਾ, ਨੌਜਵਾਨ ਲੇਖਕ, ਪੰਜਾਬੀ ਲਿਖਤਾਂ, ਅਦਬੀ ਕਿਰਨਾਂ, ਸੱਜਰੇ ਜਜ਼ਬਾਤ ਆਦਿ ਨਾਂ ਸ਼ੁਮਾਰ ਹਨ।

ਸਾਈਬਰ ਸਾਹਿਤ ਵਿਚ ਨਿਰੰਤਰ ਬਦਲਾਅ
ਸਾਈਬਰ ਸਫਰ ਦੌਰਾਨ ਵੀ ਪੰਜਾਬੀ ਸਾਈਬਰ ਸਾਹਿਤ ਵਿਚ ਨਿਰੰਤਰ ਬਦਲਾਅ ਦੇਖਿਆ ਜਾ ਰਿਹਾ ਹੈ।ਸੋਸ਼ਲ ਮੀਡੀਆ ਦੇ ਸ਼ੁਰੂਆਤੀ ਸਾਲਾਂ ਦੌਰਾਨ ਪੰਜਾਬੀ ਸਾਹਿਤ ਦੇ ਕਾਵਿ-ਰੂਪਾਂ ਜਿਵੇਂ ਹਾਇਕੂ, ਗ਼ਜ਼ਲ, ਗੀਤ ਤੇ ਕਵਿਤਾ ਆਦਿ ਰਾਹੀਂ ਸਾਹਿਤਕਾਰਾਂ ਵਲੋਂ ਸਾਈਬਰ ਸਾਹਿਤਕ ਦੁਨੀਆਂ ਵਿਚ ਕਦਮ ਪਾਇਆ ਜਾਂਦਾ ਹੈ।ਇਸ ਦੇ ਨਾਲ ਹੀ ਕਹਾਣੀਆਂ ਜਾਂ ਮਿੰਨੀ ਕਹਾਣੀਆਂ ਵਿਚ ਨਵੇਂ ਲੇਖਕ ਜਾਂ ਸਾਹਿਤਕਾਰ ਆਪਣਾ ਹੱਥ ਅਜ਼ਮਾਉਂਦੇ ਹਨ।ਸਮਾਂ ਲੰਘਦਿਆਂ ਹਰ ਇਕ ਸਾਹਿਤਕਾਰ ਲਈ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਜਾਂ ਪਾਠਕਾਂ ਤੱਕ ਪਹੁੰਚਣ ਲਈ ਇਥੇ ਹੋਣਾ ਜ਼ਰੂਰੀ ਹੋ ਗਿਆ ਹੈ।ਸਾਈਬਰ ਮੀਡੀਆ ਦੇ ਸ਼ੁਰੂਆਤੀ ਸਾਲਾਂ ਦੌਰਾਨ ਕਾਵਿ-ਰੂਪੀ ਸਾਹਿਤ ਰਚਣ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਾਹਿਤ ਦੇ ਵਾਰਤਕ ਅਤੇ ਗਲਪ ਰੂਪ ਨੂੰ ਵੱਡੀ ਤਾਦਾਦ ਵਿਚ ਦੇਖਿਆ ਜਾ ਸਕਦਾ ਹੈ। ਜਿਸ ਵਿਚ ਨਾਵਲ, ਲੜੀਵਾਰ ਕਹਾਣੀਆਂ, ਸਫਰਨਾਮਾ ਅਤੇ ਸਵੈ-ਜੀਵਨੀ ਆਦਿ ਵਿਧਾਵਾਂ ਲਿਖੀਆਂ ਜਾ ਰਹੀਆਂ ਹਨ।

 ਨਵੇਂ ਰੁਝਾਨ
ਪੰਜਾਬੀ ਸਾਹਿਤ ਜਦੋਂ ਸਾਈਬਰ ਦੌਰ ਦੇ ਇਨ੍ਹਾਂ ਪੜਾਵਾਂ ਵਿਚੋਂ ਲੰਘ ਰਿਹਾ ਹੈ ਤਾਂ ਯੂ-ਟਿਊਬ ਸਾਹਿਤ, ਆਡੀਓ ਤੇ ਵੀਡੀਓ ਸਾਹਿਤ ਜਿਹੇ ਨਵੇਂ ਰੁਝਾਨ ਪੈਦਾ ਹੋ ਰਹੇ ਹਨ।ਹਵਾਲੇ ਵਜੋਂ 'ਰੀਡ ਪੰਜਾਬੀ ਬੁਕਸ' ਦੀ ਪੋਸਟ ਸਾਂਝਾ ਕਰਦੇ ਹਾਂ, ਜਿਸ ਵਿਚ ਆਡੀਓ ਕਿਤਾਬ ਬਣਾਉਣ ਦੀ ਗੱਲ ਆਖਦਿਆਂ ਲਿਖਿਆ ਹੈ ਕਿ ਨਾਵਲ ਤੇ ਹੋਰ ਕਿਤਾਬਾਂ ਰਿਕਾਰਡ ਕਰਕੇ ਪਾਇਆ ਕਰਾਂਗੇ..' ਜਿਨ੍ਹਾਂ ਨੂੰ ਪੜ੍ਹਨਾ ਮੁਸ਼ਕਿਲ ਲੱਗਦਾ ਉਹ ਸੁਣ ਕੇ ਕਿਤਾਬਾਂ ਪੜ੍ਹਨ ਵਿਚ ਆਪਣੀ ਦਿਲਚਸਪੀ ਵਧਾ ਸਕਣ।' ਵੀਡੀਓ ਸਾਹਿਤ (ਲਾਈਵ ਹੋ ਕੇ ਰਚਨਾਵਾਂ ਪੜ੍ਹਨ) ਵਿਚ ਹੱਥ ਅਜ਼ਮਾ ਰਹੇ ਲੇਖਕਾਂ ਵਿਚ ਰੂਪ ਕੌਰ ਕੁੰਨਰ, ਦੀਪਕ ਪਾਰਸ, ਗੁਰਸੇਵਕ ਸਿੰਘ ਲੰਬੀ, ਜਸ਼ਨਦੀਪ ਸਿੰਘ ਬਰਾੜ ਅਤੇ ਆਡੀਓ ਸਾਹਿਤ ਵਿਚ ਦੀਪ ਕੰਗ, ਕਰਨ ਬਰਾੜ ਤੇ ਰਵਿੰਦਰ ਲਾਲਪੁਰੀ ਪ੍ਰਮੁੱਖ ਹਨ।ਇਸ ਵੀਡੀਓ ਪਰੰਪਰਾ ਰਾਹੀਂ ਪੰਜਾਬੀ ਲੋਕਧਾਰਾ ਅਤੇ ਮੌਖਿਕ ਸਾਹਿਤ ਦੇ ਪੁਰਾਤਨ ਅੰਗ 'ਬਾਤਾਂ ਪਾਉਣ ਦੀ ਰਵਾਇਤ' ਨੂੰ ਮੁੜ ਤੋਂ ਸੁਰਜੀਤ ਹੁੰਦੇ ਦੇਖਿਆ ਜਾ ਸਕਦਾ ਹੈ।ਬਜ਼ੁਰਗਾਂ ਵਲੋਂ ਸੁਣਾਈਆਂ ਇਨ੍ਹਾਂ ਬਾਤਾਂ ਨੂੰ ਰਿਕਾਰਡ ਕਰਕੇ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਜਾ ਰਿਹਾ ਹੈ। ਜਿਲਦ ਬੰਦ ਸਾਹਿਤ ਤੋਂ ਬਿਜਲਈ ਸਾਹਿਤ ਤੱਕ ਦਾ ਸਫ਼ਰ ਤੈਅ ਕਰਦੇ ਪੰਜਾਬੀ ਸਾਹਿਤ ਨੂੰ ਸਾਈਬਰ ਦੇ ਝਰੋਖੇ ਥਾਣੀਂ ਦੇਖਦਿਆਂ ਇਹ ਗੱਲ ਸਮਝ ਪੈਂਦੀ ਹੈ ਕਿ ਸੋਸ਼ਲ ਮੀਡੀਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਜਿਉਣ ਅਤੇ ਸੰਭਾਲਣ ਵਾਲਿਆਂ ਦੀਆਂ ਪੀੜ੍ਹੀਆਂ ਲਈ ਜਾਗਰੂਕਤਾ ਦਾ ਹੋਕਾ ਦੇ ਸਕਦਾ ਹੈ।ਲੋਕਧਾਰਾ ਅਤੇ ਸਭਿਆਚਾਰ ਦੇ ਬਨੇਰੇ ਤੋਂ ਜਿਹੜੇ ਰੰਗ ਉੱਡ ਪੁੱਡ ਚੱਲੇ ਸਨ, ਉਥੇ ਇਹ ਮੋਹਰੀ ਬਣ ਕੇ ਆਇਆ।ਪੰਜਾਬੀ ਅਦਬਕਾਰਾਂ ਹੱਥ ਅਜਿਹਾ ਉਡਣ ਖਟੋਲਾ ਦੇ ਦਿੱਤਾ ਕਿ ਕੰਧੋਲੀਆਂ ਦੇ ਮੋਰ ਤੋਤੇ ਮੁੜ ਬਾਤਾਂ ਪਾਉਣ ਲੱਗੇ ਹਨ। 

ਪਵਨਜੀਤ ਕੌਰ (ਰਿਸਰਚ ਸਕਾਲਰ)
ਫੋਨ 7973552106

Harnek Seechewal

This news is Content Editor Harnek Seechewal