ਅਸੀਂ ਜੇ ਸਤਿਕਾਰ ਕਰਾਂਗੇ ਤਾਂ ਹੀ ਸਤਿਕਾਰ ਪਾਵਾਂਗੇ

09/10/2020 1:44:34 PM

ਹਰੇਕ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਹਮੇਸ਼ਾ ਸਫਲਤਾ ਨਾਲ ਅੱਗੇ ਵਧਦਾ ਹੋਇਆ ਖੂਬ ਤਰੱਕੀ ਕਰੇ ਅਤੇ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਦੇਵੇ। ਉਹ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਲਿਖਾ ਕੇ ਉਨ੍ਹਾਂ ਨੂੰ ਪੈਰਾ ’ਤੇ ਖੜ੍ਹਾ ਕਰ ਦੇਵੇ। ਹਰੇਕ ਇਨਸਾਨ ਸੋਚਦਾ ਤਾਂ ਇਸ ਤਰ੍ਹਾਂ ਹੀ ਹੈ, ਜਿਸ ’ਚ ਕੁਝ ਇਨਸਾਨ ਸਫਲ ਹੁੰਦੇ ਹਨ ਅਤੇ ਕੁਝ ਨੂੰ ਅਸਫਲਤਾ ਦਾ ਮੂੰਹ ਦੇਖਣਾ ਪੈਦਾ ਹੈ। ਸਫਲ ਹੋਏ ਇਨਸਾਨਾਂ ਵਿੱਚ ਸਭ ਤੋ ਵੱਧ ਉਹ ਲੋਕ ਹੁੰਦੇ ਹਨ, ਜੋ ਆਪਣੇ ਬਜ਼ੁਰਗਾਂ ਤੋਂ ਹਰ ਕੰਮ ਕਰਨ ਤੋਂ ਪਹਿਲਾ ਸਲਾਹ ਲੈਂਦੇ ਹਨ, ਕਿਉਂਕਿ ਉਹ ਮੰਨਦੇ ਹਨ ਕਿ ਸਾਡੇ ਬਜ਼ੁਰਗਾਂ ਨੂੰ ਜ਼ਿੰਦਗੀ ਦਾ ਤਜਰਬਾ ਹੈ।

ਬਜ਼ੁਰਗਾ ਨੂੰ ਪਤਾ ਹੁੰਦਾ ਕਿ ਕਿਸ ਕੰਮ ਵਿੱਚ ਫਾਇਦਾ ਹੈ ਅਤੇ ਕਿਸ ਨਾਲ ਨੁਕਸਾਨ। ਇਸ ਕਰਕੇ ਉਹ ਸਾਨੂੰ ਨੁਕਸਾਨ ਵਾਲੇ ਕੰਮ ਨਾ ਕਰਨ ਦੀ ਸਲਾਹ ਦੇ ਕੇ ਬਚਾ ਲੈਂਦੇ ਹਨ। ਬਜ਼ੁਰਗਾ ਦਾ ਸਾਰੀ ਉਮਰ ਦਾ ਤਜਰਬਾ ਹੁੰਦਾ, ਉਨ੍ਹਾਂ ਨੇ ਚੰਗੇ ਮੰਦੇ ਸਮੇਂ ਆਪਣੇ ਉੱਤੇ ਹੰਢਾਏ ਹੁੰਦੇ ਹਨ। ਉਨ੍ਹਾਂ ਨੇ ਕਦੇ ਨੁਕਸਾਨ ਤੇ ਕਦੇ ਫਾਇਦਾ ਦੇਖਿਆ ਹੁੰਦਾ। ਇਸ ਕਰਕੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਨਫ਼ਾ ਨੁਕਸਾਨ ਕਿਉਂ ਹੋਇਆ ਤੇ ਕਿਵੇਂ? ਉਹ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਨਫ਼ੇ ਨੁਕਸਾਨ ਵਿੱਚੋਂ ਗੁਜਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਜਿਉਣ ਦੀ ਜਾਂਚ ਆ ਜਾਂਦੀ ਹੈ ਤੇ ਬਜ਼ੁਰਗ ਅਵਸਥਾ ਵਿੱਚ ਆਉਂਦੇ ਆਉਂਦੇ ਉਨ੍ਹਾਂ ਨੂੰ ਜੀਵਨ ਦਾ ਪੂਰਾ ਅਨੁਭਵ ਹੋ ਜਾਂਦਾ ਹੈ। ਜਦੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਸਲਾਹ ਨਾਲ ਕੰਮ ਕਰਦੇ ਹਨ, ਫਿਰ ਨੁਕਸਾਨ ਹੋਣ ਦੀ ਗੁੰਜਾਇਸ਼ ਘੱਟ ਜਾਂਦੀ ਹੈਂ। 

ਜਦੋਂ ਨੌਜਵਾਨ ਜ਼ਿੰਦਗੀ ਵਿੱਚ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਵੱਡਿਆ ਦੀ ਸਲਾਹ ਲੈਣੀ ਹੀ ਪੈਂਦੀ ਹੈ, ਕਿਉਂਕਿ ਉਨ੍ਹਾਂ ਲਈ ਜੋ ਕੰਮ ਦੀ ਸ਼ੁਰੂਆਤ ਹੁੰਦੀ ਹੈ, ਉਨ੍ਹਾਂ ਦੇ ਬਜ਼ੁਰਗਾ ਨੇ ਇਹ ਕੰਮ ਕਈ ਵਾਰ ਕੀਤੇ ਹੁੰਦੇ ਹਨ। ਭਾਵੇਂ ਅੱਜ ਦੇ ਨੌਜਵਾਨ ਕਿੰਨੇ ਹੀ ਪੜ੍ਹੇ ਲਿਖੇ ਹੋਣ। ਉਨ੍ਹਾਂ ਨੇ ਚਾਹੇ ਖੇਤੀਬਾੜੀ , ਬਿਜ਼ਨਸ ਜਾਂ ਕੋਈ ਦੁਕਾਨਦਾਰੀ ਕਰਨੀ ਹੈ, ਉਨ੍ਹਾਂ ਨੂੰ ਕੋਈ ਤਜਰਬਾ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਇੱਕ ਤਜਰਬੇਕਾਰ ਇਨਸਾਨ ਦੀ ਲੋੜ ਹੁੰਦੀ ਹੈ। ਇਹ ਕਮੀ ਹਰ ਘਰ ਵਿੱਚ ਬਜ਼ੁਰਗ ਪੂਰੀ ਕਰਦੇ ਹਨ। ਜਦੋਂ ਨੌਜਵਾਨ ਆਪਣੇ ਤਜਰਬੇਕਾਰ ਬਜ਼ੁਰਗਾ ਦੀ ਸਲਾਹ ਨਾਲ ਕੰਮ ਕਰਦੇ ਹਨ ਤਾਂ ਉਹ ਤਰੱਕੀ ਦੀਆ ਬੁਲੰਦੀਆਂ ਨੂੰ ਛੋਂਹਦੇ ਹਨ। 

ਦੂਜੇ ਲੋਕਾਂ ਲਈ ਅਜਿਹੇ ਲੋਕ ਇੱਕ ਮਿਸਾਲ ਬਣਦੇ ਹਨ, ਕਿਉਂਕਿ ਉਨ੍ਹਾਂ ਨਾਲ ਆਪਣੇ ਬਜ਼ੁਰਗਾ ਦਾ ਤਜਰਬਾ ਤੇ ਅਸ਼ੀਰਵਾਦ ਹੁੰਦਾ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਅੱਜ ਆਪਣੇ ਬਜ਼ੁਰਗਾ ਤੋਂ ਸਲਾਹਾਂ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਨਾਲ ਚੰਗਾ ਵਿਵਹਾਰ ਵੀ ਨਹੀਂ ਕਰਦੇ। ਅੱਜ ਸਾਡੇ ਬਜ਼ੁਰਗਾ ਦੀ ਹਾਲਤ ਸਾਡੇ ਕਰਕੇ ਬਹੁਤ ਮਾੜੀ ਹੋ ਚੁੱਕੀ ਹੈ। ਬਜ਼ੁਰਗ ਤਾਂ ਸਾਡੇ ਘਰ ਦਾ ਪੁਰਾਣਾ ਤੇ ਕੀਮਤੀ ਖਜਾਨਾ ਹੁੰਦੇ ਹਨ, ਜੋ ਕਿਸੇ ਕਿਸੇ ਤੋਂ ਹੀ ਸੰਭਾਲਿਆ ਜਾਂਦਾ ਹੈ। ਜੋ ਇਨ੍ਹਾਂ ਨੂੰ ਸਾਂਭਦੇ ਹਨ ਉਹ ਹਮੇਸ਼ਾ ਬੁਲੰਦੀਆਂ ਨੂੰ ਸੋਂਹਦੇ ਹਨ। ਇਸ ਲਈ ਜੀਵਨ ਵਿੱਚ ਕਾਮਯਾਬੀ ਚਾਹੁੰਦੇ ਹੋ ਤਾਂ ਹਮੇਸ਼ਾ ਆਪਣੇ ਬਜ਼ੁਰਗਾ ਨੂੰ ਨਾਲ ਲੈ ਕੇ ਚੱਲੋ ਉਨ੍ਹਾਂ ਦਾ ਸਾਥ, ਅਸ਼ੀਰਵਾਦ ਤੇ ਉਨ੍ਹਾਂ ਵੱਲੋਂ ਕਮਾਇਆ ਆਪਣੇ ਜੀਵਨ ਭਰ ਦਾ ਅਨੁਭਵ ਸਾਡੇ ਲਈ ਪ੍ਰਮਾਤਮਾ ਦਾ ਵਰਦਾਨ ਸਿੱਧ ਹੋ ਸਕਦਾ ਉਹਨਾਂ ਦੇ ਤਜਰਬੇ ਕਰਕੇ ਸਾਨੂੰ ਜੀਵਨ ਵਿੱਚ ਉਨ੍ਹਾਂ ਦੇ ਸਾਥ ਨਾਲ ਉਨ੍ਹਾਂ ਤੋਂ ਵੀ ਵੱਧ ਚੰਗਾ ਤਜਰਬਾ ਹਾਸਿਲ ਹੋਵੇਗਾ, ਜੋ ਸਾਡੇ ਬੱਚਿਆ ਦੇ ਭਵਿੱਖ ਲਈ ਚੰਗਾ ਹੋਵੇਗਾ।

ਭਾਵੇਂ ਤੁਸੀਂ ਅੱਜ ਚੰਗੀ ਪੜ੍ਹਾਈ ਕਰਕੇ ਕਈ ਤਰ੍ਹਾਂ ਦੇ ਡਿਪਲੋਮੇ ਕਰਕੇ ਕਾਬਿਲ ਹੋ ਚੁੱਕੇ ਹੋ। ਤੁਸੀਂ ਆਪਣੇ ਪਰਿਵਾਰ ਲਈ ਚੰਗੀ ਕਮਾਈ ਕਰਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹੋ। ਫਿਰ ਵੀ ਜੇ ਕਦੇ ਤੁਸੀਂ ਅਜਿਹੀ ਸਥਿਤੀ ਵਿੱਚ ਫਸ ਜਾਂਦੇ ਹੋ ਕਿ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਹੁਣ ਕੀ ਕੀਤਾ ਜਾਵੇ ਤਾਂ ਬੇਫਿਕਰ ਹੋ ਕੇ ਆਪਣੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਸਲਾਹ ਲਓ। ਬਜ਼ੁਰਗ ਹਮੇਸ਼ਾ ਤੁਹਾਡੇ ਨਫ਼ੇ ਬਾਰੇ ਹੀ ਸੋਚਣਗੇ। ਜੇਕਰ ਤੁਹਾਡਾ ਕਿਸੇ ਕਾਰਣ ਕੋਈ ਨੁਕਸਾਨ ਹੁੰਦਾ ਤਾਂ ਤੁਹਾਨੂੰ ਇਸ ਨੁਕਸਾਨ ਵਿੱਚੋਂ ਕਿਵੇਂ ਬਚਣਾ ਹੈ, ਉਹ ਸੋਚਣ ਵਿੱਚ ਤੁਹਾਡਾ ਸਾਥ ਵੀ ਦੇਣਗੇ। ਜੇ ਆਪਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਸਾਡੀ ਸਲਾਹ ਨਾਲ ਜ਼ਿੰਦਗੀ ਵਿੱਚ ਹਮੇਸ਼ਾ ਕੰਮ-ਕਾਰ ਕਰਨ ਤਾਂ ਆਪਾ ਨੂੰ ਵੀ ਆਪਣੇ ਬਜ਼ੁਰਗਾ ਦੀ ਸਲਾਹ ਨਾਲ ਹਰ ਕੰਮ ਕਰਨਾ ਚਾਹੀਦਾ। ਇਸ ਕਰਕੇ ਜਦੋਂ ਆਪਣੇ ਬੱਚੇ ਵੀ ਇਹ ਦੇਖਣਗੇ ਕਿ ਸਾਡੇ ਮਾਂ-ਬਾਪ ਹਰ ਕੰਮ ਵੱਡਿਆ ਦੀ ਸਲਾਹ ਨਾਲ ਕਰਦੇ ਹਨ ਤਾਂ ਉਨ੍ਹਾਂ ਦੀ ਸੋਚ ਹਮੇਸ਼ਾ ਵੱਡਿਆ ਪ੍ਰਤੀ ਸਤਿਕਾਰਯੋਗ ਰਹੇਗੀ ਅਤੇ ਉਹ ਹਮੇਸ਼ਾ ਹੀ ਸਾਡੇ ਨਾਲ ਜੁੜੇ ਰਹਿਣਗੇ।
ਕਰਮਜੀਤ ਕੌਰ ਸਮਾਓ
ਸੰਪਰਕ- 7888900620


rajwinder kaur

Content Editor

Related News