ਤੂੰ ਤੇ ਮੈਂ ਚੱਲ ਪਾਣੀ ਬਣੀਏ

09/01/2020 6:03:08 PM

ਤੂੰ ਤੇ ਮੈਂ ਚੱਲ ਪਾਣੀ ਬਣੀਏ

ਤੂੰ ਤੇ ਮੈਂ ਚੱਲ ਪਾਣੀ ਬਣੀਏ 
ਜੀਵਨ ਦੀ ਅਟੁੱਟ ਕਹਾਣੀ ਬਣੀਏ 
ਕਿਸੇ ਪਿਆਸੇ ਦੀ ਪਿਆਸ ਬੁਝਾਈਏ
ਉਦਾਸ ਬੁੱਲ੍ਹਾਂ 'ਤੇ  ਚੱਲ ਮੁਸਕਾਨ ਲਿਆਈਏ
ਸੂਰਜ ਵਾਂਗ ਸਭ ਲਈ ਇੱਕ ਹੋਈਏ 
ਕਿਉਂ ਵੰਡ ਕਿਸੇ ਲਈ ਕਾਂਣੀ ਬਣੀਏ? 
ਤੂੰ ਤੇ ਮੈਂ ਚੱਲ ਪਾਣੀ ਬਣੀਏ 

ਨਹਿਰਾਂ, ਮੋਘਿਆਂ, ਆੜਾਂ ਰਾਹੀਂ
ਖੇਤਾਂ ਨੂੰ ਜਾਈਏ 
ਧਰਤੀ ਦੀ ਹਿੱਕ 'ਤੇ ਹਰਿਆਲੀ ਲਿਆਈਏ
ਲਿੱਪ ਲਵੇ ਗ਼ਰੀਬ ਸਧਰਾਂ ਦਾ ਕੋਠਾ
ਛੱਤ ਵਾਲੀ ਕੋਈ ਘਾਣੀ ਬਣੀਏ
ਤੂੰ ਤੇ ਮੈਂ ਚੱਲ ਪਾਣੀ ਬਣੀਏ 

ਭਾਫ਼ ਬਣ ਉਡੀਏ ,ਅੰਬਰੀ ਚੜ੍ਹ ਜਾਈਏ 
ਬਰਫ ਬਣ ਖੁਰੀਏ, ਦਰਿਆ ਵੜ ਜਾਈਏ
ਮੈਂ ਬਿਆਸ ਹੋਵਾਂ ਤੂੰ ਚਨਾਬ ਹੋਵੇਂ
ਢਾਹ ਇਹ ਹੱਦਾਂ-ਬੰਨੇ, ਹੋਣੋਂ-ਹਾਣੀ ਬਣੀਏ
ਤੂੰ ਤੇ ਮੈਂ ਚੱਲ ਪਾਣੀ ਬਣੀਏ 

ਸਿਆਹੀ ਕਿਸੇ ਕਵੀ ਦੀ 
ਦਵਾਤ ਦੀ ਹੋ ਜਾਈਏ
ਅੱਖਰ ਅੱਖਰ ਬਣ ਉਹਦੀ ਕਵਿਤਾ 
'ਚ ਪਰੋ ਜਾਈਏ 
ਕਿਸੇ ਬੁੱਲ੍ਹੇ ਦੀ ਕਾਫ਼ੀ ਹੋਈਏ 
ਜਾਂ ਫਿਰ ਨਾਨਕ ਬਾਣੀ ਬਣੀਏ 
ਤੂੰ ਤੇ ਮੈਂ ਚੱਲ ਪਾਣੀ ਬਣੀਏ 

ਮੈਂ ਲਹਿੰਦੇ ਤੋਂ ਚੜ੍ਹ ਕੇ ਆਵਾਂ 
ਤੂੰ ਚੜ੍ਹਦੇ ਵਿੱਚ ਛਮ ਛਮ ਵਰਸੇਂ
ਮੋਹ-ਮੁਹੱਬਤ ਦੇ ਸਭ ਕਿਆਰੇ
ਨੱਕੋ -ਨੱਕ ਭਰਦੇਂ
ਧਰਮਾਂ,ਮਜ੍ਹਬਾਂ ਦੀ ਨਾ ਕੋਈ 
ਉਲਝੀ ਤਾਣੀ ਬਣੀਏ 
ਤੂੰ ਤੇ ਮੈਂ ਚੱਲ ਪਾਣੀ ਬਣੀਏ 

ਕਿਸੇ ਮਾਂ ਦੀਆਂ ਅੱਖਾਂ ਦੇ ਸੁੱਚੇ ਮੋਤੀ ਹੋਈਏ 
ਜਿਸਤੋਂ ਲੈ ਕੇ ਅਮ੍ਰਿਤ ਬੂੰਦਾਂ 
ਮਨ ਆਪਣੇ ਦੀ ਕਾਲਖ ਧੋਈਏ
ਸੱਚੀ-ਸੁੱਚੀ ਕੋਈ ਰੂਹ ਜਿੰਦ ਨਿਮਾਣੀ ਬਣੀਏ
ਤੂੰ ਤੇ ਮੈਂ ਚੱਲ ਪਾਣੀ ਬਣੀਏ 

ਸਤਨਾਮ ਸਮਾਲਸਰੀਆ
ਸੰਪਰਕ 97108-60004


rajwinder kaur

Content Editor

Related News