ਕਵਿਤਾ ਖਿੜਕੀ : ਕੰਜਕਾਂ

10/26/2020 6:05:05 PM

ਕਵਿਤਾ ਖਿੜਕੀ : ਕੰਜਕਾਂ 

ਚੰਗੀ ਚੀਜ ਭਾਲਦਿਆਂ ਨੇ 
ਕਈ ਕੁੱਖਾਂ ਵਿੱਚ ਮਾਰੀਆਂ, 
ਕਈ ਨੋਚੀਆਂ ਦਰਿੰਦਿਆਂ ਨੇ 
ਕਈ ਬਲੀ ਦਾਜ ਦੀ ਚਾੜ੍ਹੀਆਂ, 
ਕਈ ਰੋਲੀਆਂ ਰੂੜੀਆਂ ਤੇ,
ਕਈ ਮਿੱਟੀ ਵਿੱਚ ਦੱਬੀਆਂ, 
ਅੱਜ ਮਾਈ ਰੂਪ ਪੂਜਣੇ ਨੂੰ, 
ਕੰਜਕਾਂ ਨਾ ਕਿਧਰੇ ਲੱਭੀਆਂ l 

ਜੰਮੀਆਂ ਤਾਂ ਬੰਦਿਸ਼ਾਂ ਦੇ, 
ਪਿੰਜਰੇ ਗਈਆਂ ਡੱਕੀਆਂ, 
ਕਰਨ ਕੋਸ਼ਿਸ਼ਾਂ ਉਡਾਰੀ ਨੂੰ ਤਾਂ 
ਭੈੜੀ ਨਿਗਾਹਾਂ ਨਾਲ ਤੱਕੀਆਂ, 
ਪਰਾਈਆਂ ਘਰ ਪੇਕੇ ਵੀ ਤੇ 
ਸਹੁਰੇ ਘਰ ਵੀ ਨਾ ਸੱਕੀਆਂ, 
ਸਾਂਝੀਆਂ ਕਹਾਉਣ ਵਾਲੀਆਂ, 
ਕੰਜਕਾਂ ਨਾ ਕਿਧਰੇ ਲੱਭੀਆਂ l 

ਜੰਮਣ ਤਾਂ ਕੋਈ ਵੀ 
ਦੇਵੇ ਨਾ ਵਧਾਈ, 
ਨਾ ਬਾਲੇ ਕੋਈ ਲੋਹੜੀ 
ਨਾ ਵੰਡੇ ਕੋਈ ਮਿਠਾਈ, 
ਕੋਈ ਆਖਦਾ ਏ ਬੋਝ 
ਕਿਸੇ ਕਰਜੇ ਦੀ ਪੰਡ ਦੱਸੀਆਂ, 
ਕਿਉਂ ਕਲਪਨਾ ਚਾਵਲਾ ਜਿਹੀਆਂ 
ਕੰਜਕਾਂ ਨਾ ਕਿਧਰੇ ਲੱਭੀਆਂ 

ਕਿਸੇ ਲਿਖਿਆ ਨਰਕ ਦੁਆਰ 
ਕਿਸੇ ਚਰਿਤਰੋ ਕਹਿ ਪੁਕਾਰਿਆ, 
ਦਾਰੂ, ਬੰਦੂਕ, ਲਾਲ ਪਰੀ ਕਹਿ ਕੇ 
ਅਕਸ ਨਾਰੀ ਦਾ ਵਿਗਾੜਿਆ, 
ਨਾਨਕ, ਰਣਜੀਤ ਦੀ ਜਾਈ 
ਕਿਉਂ ਨਾ ਕਿਸੇ  ਤੱਕੀਆਂ, 
ਯੁੱਗ ਪਲਟਣ ਵਾਲੀਆਂ ਕਿਉਂ 
ਕੰਜਕਾਂ ਨਾ ਕਿਧਰੇ ਲੱਭੀਆਂ?
 

ਮਨਦੀਪ ਪਾਲ ਕੌਰ 
ਸ ਪ ਸ ਮੀਆਂਪੁਰ ਅਰਾਈਆਂ 
ਰੂਪਨਗਰ
Mob:-9463192156

rajwinder kaur

This news is Content Editor rajwinder kaur