‘ਕੜਾਹੀਨਾਮਾ’ : ਕਿਸ਼ਤ-3

04/01/2020 12:38:19 PM

ਹਰਪ੍ਰੀਤ ਸਿੰਘ ਕਾਹਲੋਂ

ਬਰਫੀ
ਗੱਲ 1999 ਦੀ ਹੈ। ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਅਤੇ ਮੈਂ ਆਪਣੇ ਹਾਊਸ ਮਾਸਟਰ ਕੋਲੋਂ ਛੁੱਟੀ ਲੈਣ ਗਿਆ। ਨਵੋਦਿਆ ਵਿਦਿਆਲਿਆ ‘ਚ ਹੋਸਟਲ ਜ਼ਿੰਦਗੀ ਬੜੀ ਰੌਚਕ ਹੁੰਦੀ ਹੈ। ਹਾਊਸ ਮਾਸਟਰ ਜਸਵਿੰਦਰ ਸਿੰਘ ਬਰਾੜ ਸਾਡਾ ਪੰਜਾਬੀ ਦਾ ਵੀ ਮਾਸਟਰ ਸੀ। ਹੀਰ ਤੋਂ ਲੈ ਕੇ ਪੂਰਨ ਭਗਤ, ਬੁਲ੍ਹਾ, ਬਾਹੂ ਅਤੇ ਗੁਰਬਾਣੀ ਦੀ ਚਰਚਾ ਉਸ ਨੇ ਮੱਖੀਆਂ ਦੇ ਡੱਬੇ ਚੈੱਕ ਕਰਦੇ ਕਰਦੇ ਕਰ ਦੇਣੀ। ਸ਼ਹਿਦ ਦੀਆਂ ਮੱਖੀਆਂ ਬਰਾੜ ਸਾਹਬ ਨੇ ਆਪਣੇ ਕੁਆਟਰ ਦੇ ਪਿਛਵਾੜੇ ਪਾਲੀਆਂ ਹੋਈਆਂ ਸਨ। ਖੈਰ ਸ਼ਗਨ ਤਿਉਹਾਰ ਵਾਲੀ ਛੁੱਟੀ ਬਰਾੜ ਸਾਹਿਬ ਇਸ ਸ਼ਰਤ ‘ਤੇ ਦਿੰਦੇ ਹੁੰਦੇ ਸਨ ਕਿ ਇਕ ਭਾਜੀ ਵਾਲਾ ਡੱਬਾ ਉਨ੍ਹਾਂ ਦਾ ਵੱਖਰਾ ਆਵੇ। ਇਸ ਵਾਰ ਉਨ੍ਹਾਂ ਵਿਆਹ ਵਾਲੀ ਬਰਫੀ ਦੀ ਫਰਮਾਇਸ਼ ਕੀਤੀ ਅਤੇ ਦੋ ਦਿਨ ਦੀਆਂ ਛੁੱਟੀਆਂ ਦੇ ਛੱਡੀਆਂ। ਛੁੱਟੀਆਂ ਦੋ ਦਿਨ ਦੀਆਂ ਚਾਰ ਹੋ ਗਈਆਂ। ਹੁਣ ਫਿਕਰ ਸੀ ਕਿ ਬਰਾੜ ਸਾਹਿਬ ਨੂੰ ਵਿਸ਼ਵਾਸ ‘ਚ ਕਿਵੇਂ ਲੈਣਾ ਤਾਂ ਕਿ ਗਾਲ੍ਹਾਂ ਤੋਂ ਬਚਿਆ ਜਾ ਸਕੇ,ਦੂਜਾ ਬਰਫੀ ਦਾ ਡੱਬਾ ਦੇਣਾ ਸੀ। ਮਾਸੀ ਨੇ ਬਰਫੀ ਵਾਲੇ ਦੋ ਡੱਬੇ ਦਿੱਤੇ। ਇਕ ਯਾਰਾਂ ਦੋਸਤਾਂ ਲਈ ਅਤੇ ਦੂਜਾ ਮਾਸਟਰ ਬਰਾੜ ਸਾਹਿਬ ਦਾ…

ਆਉਂਦਿਆਂ ਈ ਯਾਰਾਂ ਦੋਸਤਾਂ ਵਾਲੇ ਡੱਬੇ ਦਾ ਤਾਂ ਭੋਗ ਪਾ ਦਿੱਤਾ ਅਤੇ ਬਰਾੜ ਸਾਹਿਬ ਵਾਲੇ ਡੱਬੇ ‘ਚੋਂ ਵੀ 4-5 ਪੀਸ ਖਾਂਦੇ ਗਏ। ਬਰਾੜ ਸਾਹਿਬ ਆਪ ਇਸ ਮੌਕੇ ਛੁੱਟੀਆਂ ’ਤੇ ਗਏ ਹੋਏ ਸਨ, ਸੋ ਡੱਬਾ ਸਮੇਂ ਸਿਰ ਉਨ੍ਹਾਂ ਦੇ ਹਵਾਲੇ ਨਾ ਕੀਤਾ ਜਾ ਸਕਿਆ। ਸਵੇਰ ਦੀ ਚਾਹ, ਸ਼ਾਮ ਦੀ ਚਾਹ ਵੇਲੇ ਸੁਆਦ ਜਾਗਦੇ ਰਹੇ ਅਤੇ ਮਨਾਂ ਨੂੰ ਮੋਂਹਦੀ ਬਰਫੀ ਢਿੱਡ ਦਾ ਸ਼ਿੰਗਾਰ ਬਣਦੀ ਰਹੀ। ਪਹਿਲਾਂ ਸੋਚਿਆ ਕਿ ਦੋ ਬਰਫੀ ਕੱਢਣ ਨਾਲ ਕੀ ਫਰਕ ਪੈਣ ਲੱਗਾ ਏ, ਡੱਬੇ ਨੂੰ ਅਤੇ ਫਿਰ 2-2 ਕਰਦੇ ਡੱਬੇ ‘ਚੋਂ ਬਰਫੀ ਗੋਆ ਦੀ ਅਬਾਦੀ ਵਾਂਗੂ ਵਿਰਲੀ ਚਮਕਣ ਲੱਗ ਪਈ। ਮੈਂ ਡੱਬੇ ‘ਚੋਂ ਸਾਰੀ ਬਰਫੀ ਕੱਢਕੇ ਇਸ ਢੰਗ ਨਾਲ ਚਿਣਾਈ ਕੀਤੀ ਕਿ ਡੱਬਾ ਭਰਿਆ ਭਰਿਆ ਲੱਗਾ ਪਰ ਸੁਆਦ ਨੇ ਉਸ ਚਿਣਾਈ ‘ਚੋਂ ਵੀ ਬਰਫੀ ਕੱਢ ਲਈ। ਬਰਾੜ ਸਾਹਿਬ 3 ਦਿਨਾਂ ਬਾਅਦ ਆਏ ਅਤੇ ਡੱਬਾ ਵੀ ਵਿਚਾਰਾ ਉਨ੍ਹਾਂ ਦੇ ਗ਼ਮ ਨੂੰ ਅੱਧਾ ਰਹਿ ਗਿਆ।

ਮੈਂ ਸੋਚਿਆ ਕਿ ਬਰਾੜ ਸਾਹਿਬ ਉਂਝ ਵੀ ਭੁੱਲ ਗਏ ਹੋਣੇ ਆਂ ਪਰ ਪੁਰਾਤਣ ਰਿਸ਼ੀ ਵਾਂਗੂ, ਜਿਹਦੇ ਕੋਲ ਮੈਂ ਸੁੱਖਿਆ ਹੋਵੇ ਕਿ ਵਿਆਹ ਵਿਖਾਦੇ ਬਾਬਾ ਤੈਨੂੰ ਡੱਬਾ ਦੇਵਾਂਗਾ ਵਾਂਗ ਬਰਾੜ ਸਾਹਬ ਬੋਲੇ ਮੁੰਡਿਆ ਵਿਆਹ ਤੈਨੂੰ ਵਿਖਾ ਦਿੱਤਾ ਏ ਡੱਬਾ ਮੇਰਾ ਕਿੱਥੇ ਹੈ, ਮੈਂ ਕਿਹਾ ਸਰ ਸ਼ਾਮ ਨੂੰ ਆਉਣਾ ਵਾਂ ਡੱਬਾ ਲੈਕੇ ...। ਸੋ ਜੁਗਤਾਂ ਨਾਲ ਬਰਫੀ ਖਾ ਲਈ ਸੀ। ਵਿਦਿਆਰਥੀ ਜ਼ਿੰਦਗੀ ‘ਚ ਕਿੱਲੋ ਬਰਫੀ ਖਰੀਦ ਸਕੀਏ, ਜੇਬ ਅੰਦਰ ਏਨੀ ਬਰਕਤ ਕਿੱਥੇ ਹੁੰਦੀ ਏ। ਬਹੁਤ ਸੋਚਣ ਵਿਚਾਰਣ ਤੋਂ ਬਾਅਦ ਜਿਵੇਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਗਜਰੇ ਵਿਚਲਾ ਕਿਰਦਾਰ ਕਹਿੰਦਾ ਹੈ ਕਿ ਅੱਜ ਮੈਨੂੰ ਪਤਾ ਲੱਗਾ ਕਿ ਰੇਡੀਅਮ ਦੀ ਖੋਜ ਮਗਰੋਂ ਮੈਡਮ ਕਿਊਰੀ ਕਿੰਨਾ ਖੁਸ਼ ਹੋਈ ਹੋਵੇਗੀ। ਠੀਕ ਉਸੇ ਤਰ੍ਹਾਂ ਮੈਨੂੰ ਇਕ ਢੰਗ ਸੁੱਝਿਆ ਅਤੇ ਮੈਂ ਲਾਗਲੇ ਪਿੰਡ ਤੋਂ ਅੱਧਾ ਕਿੱਲੋ ਦਾ ਖਾਲੀ ਡੱਬਾ ਲਿਆਇਆ ਤੇ ਬਰਫੀ ਉਸ ‘ਚ ਲੁੱਧ ਕੇ ਬਰਾੜ ਸਾਹਿਬ ਦੇ ਸਾਹਮਣੇ ਜਾ ਹਾਜ਼ਰ ਹੋਇਆ।
ਬਰਾੜ ਸਾਹਿਬ ਨਾਲੇ ਮੈਨੂੰ ਵੇਖਣ ਅਤੇ ਨਾਲੇ ਬਰਫੀ ਵਾਲੇ ਅੱਧਾ ਕਿੱਲੋ ਦੇ ਡੱਬੇ ਨੂੰ। ਕਹਿੰਦੇ ਟਿੱਚਰ ਜਹੀ ਕਰਕੇ ਬੜਾ ਦਿਲ ਕੱਢਿਆ ਪੁੱਤਰਾਂ। ਆਪਾਂ ਵੀ ਢੀਠ ਜਹੇ ਹੋਕੇ ਕਹਿ ਦਿੱਤਾ,”ਬੱਸ ਜੀ ਆਪਣਿਆਂ ਨਾਲ ਈ ਖੁਸ਼ੀ ਏ।”

ਪੋਪਕੋਰਨ ਅਤੇ ਫੁੱਲੇ

ਪੜ੍ਹੋ ਇਹ ਖਬਰ - ਕੜਾਹੀਨਾਮਾ ਕਿਸ਼ਤ - 2

ਪੜ੍ਹੋ ਇਹ ਖਬਰ - ‘ਕੜਾਹੀਨਾਮਾ’ ਕਿਸ਼ਤ : 1

ਨਜ਼ਰੀਆ 1
ਇਸ ਦੌਰ ਅੰਦਰ ਟੋਟਲ ਸਿਨੇਮਾ ਪੋਪਕੋਰਨ ਕਲਚਰ ਹੈ। ਡੇੜ ਦੋ ਸੌ ਦੀ ਟਿਕਟ ਤੇ ਦੋ ਸੌ ਢਾਈ ਦਾ ਪੋਪਕੋਰਨ ਪੈਪਸੀ ! ਸਮਝ ਨੀ ਆਉਂਦਾ ਕਿ ਬੰਦਾ ਫਿਲਮ ਵੇਖਣ ਆਇਆ ਹੈ ਜਾਂ ਪੋਪਕੋਰਨ ਖਾਣ ਆਇਆ ਹੈ। ਤੁਸੀ ਜੈ ਲਲਿਤਾ ਨੂੰ ਜਿਵੇਂ ਮਰਜ਼ੀ ਯਾਦ ਕਰੋ ਪਰ ਤਮਿਲਨਾਡੂ ‘ਚ ਉਨ੍ਹਾਂ ਵਲੋਂ ਇਹ ਯਕੀਨੀ ਬਣਾਇਆ ਗਿਆ ਸੀ ਕਿ ਸਿਨੇਮਾ ਅੰਦਰ ਸਸਤੀ ਦਰਾਂ ਦੀਆਂ ਟਿਕਟਾਂ 50 ਫੀਸਦੀ ਪੱਕੀਆਂ ਰਹਿਣਗੀਆਂ ਤਾਂਕਿ ਘੱਟ ਆਮਦਨ ਵਾਲਾ ਬੰਦਾ ਫਿਲਮ ਸੋਖਿਆਂ ਵੇਖ ਸਕੇ। ਪਰ ਉੱਤਰੀ ਭਾਰਤ ਦੇ ਸਿਨੇਮਿਆਂ ਅੰਦਰ ਅਜਿਹਾ ਹੰਭਲਾ ਮਾਰਨ ਦੀ ਲੋਕਾਂ ਦੇ ਸੇਵਾਦਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਕੌਸ਼ਿਸ਼ ਤੱਕ ਨਹੀਂ ਕੀਤੀ। ਦਿੱਲੀ ਦਾ ਰੀਗਲ ਸਿਨੇਮਾ ਬੰਦ ਹੋ ਚੁੱਕਾ ਹੈ। ਪਟਿਆਲਾ ਦੇ ਫੂਲ ( ਫੂਲ ਚੰਦ ਫੁਲਕੀਆ ਮਿਸਲ ਦੇ ਨਾਮ ‘ਤੇ) ਅਤੇ ਮਾਲਵਾ ਸਿਨੇਮਾ ਲਗਭਗ ਖਤਮ ਹਨ। ਫੂਲ ਸਿਨੇਮਾ ਸਮੁੰਦਰੀ ਜਹਾਜ਼ ਦੀ ਤਰ੍ਹਾਂ ਲੱਗਦਾ ਹੈ। ਫੁਹਾਰਾ ਚੌਂਕ ਦੇ ਸਾਹਮਣੇ ਏਹ ਸਿਨੇਮਾ ਖਾਸ ਤਰ੍ਹਾਂ ਨਾਲ ਫ੍ਰੈਚ ਵਾਸਤੂ ਕਲਾ ਨਾਲ ਬਣਾਇਆ ਗਿਆ ਸੀ। ਇਸੇ ਤਰ੍ਹਾਂ ਆਪੋ ਆਪਣੇ ਸ਼ਹਿਰ ਦੇ ਸਿਨੇਮਿਆਂ ‘ਤੇ ਤੁਸੀ ਝਾਤ ਮਾਰਕੇ ਵੇਖਿਓ।ਪੋਪਕੋਰਨ ਆਪਣਾ ਕੱਲ ਫੁੱਲੇ ਨਹੀਂ ਵੇਖਦਾ।

ਨਜ਼ਰੀਆ-2
ਪੋਪਕੋਰਨ ਤੇ ਫੁੱਲੇ ਇਕੋ ਈ ਸ਼ੈਅ ਹੈ, ਬੱਸ ਉਵੇਂ ਹੈ ਜਿਵੇਂ ਗੁਰਵਿੰਦਰ ਕੈਨੇਡਾ ਜਾ ਕੇ ਗੈਰੀ ਹੋ ਗਿਆ। ਬਾਹਰ ਵਾਲੇ ਸੱਜਣ ਕਾਇਦਿਆਂ ਦੀ ਗੱਲ ਕਰਦੇ ਹਨ, ਈਮਾਨਦਾਰੀ, ਸਲੀਕਾਂ ਦੱਸਦੇ ਹਨ।ਕੋਈ ਸ਼ੱਕ ਨਹੀਂ ਬਹੁਤ ਸਾਰੇ ਹੈ ਵੀ ਹਨ, ਕਿਉਂਕਿ ਉਹ ਜਾਣਦੇ ਹਨ ਫੁੱਲਿਆਂ ਵਾਲੇ ਦਿਨ ! ਪਰ ਕਈ ਸਲੀਕਿਆਂ ਦੀ ਗੱਲ ਕਰਦੇ ਬੇਸਲੀਕਾ ਹੋ ਗਏ ਹਨ। ਸਮਾਜ ਸਿਨੇਮਾ ਸੁਭਾਅ ਮਨੁੱਖੀ ਫਿਤਰਤ ਸਾਰਾ ਕੁਝ ਇੰਝ ਹੀ ਤਾਂ ਹੈ।

ਨਜ਼ਰੀਆ-3
ਛੋਟੇ ਹੁੰਦੇ ਸਫਰ ਕਰਦਿਆਂ ਵੇਖਦਾ ਸਾਂ ਕਿ ਹਰ ਬੱਚਾ ਜਵਾਨ ਬੁੱਢੇ ਫੁੱਲੇ ਖਾਂਦੇ ਸਨ। ਹੁਣ ਵੀ ਕਦੀ ਬੱਸ ‘ਚ ਬਹਿਣਾ ਹੋਵੇ ਤਾਂ ਵੇਖਦਾ ਹਾਂ ਕੋਈ ਬਜ਼ੁਰਗ ਜੋੜਾ ਫੁੱਲ੍ਹੇ ਖਾ ਰਿਹਾ ਹੁੰਦਾ ਅਤੇ ਕਦੇ ਜਵਾਨ ਵੀ। ਅਹਿਸਾਸ ਦਾ ਇਜ਼ਹਾਰ ਤਾਂ ਇਕ ਹੈ ਬੇਸ਼ੱਕ ਉਨ੍ਹਾਂ ਲਈ ਜੋ ਫੁੱਲੇ ਸਨ, ਹੁਣ ਵਾਲਿਆਂ ਲਈ ਉਹ ਪੋਪਕੋਰਨ ਹੋ ਗਏ ਪਰ ਇਹ ਗੱਲ ਐਂਟੀ ਰੋਮੀਓ ਸੁਕਾਅਡ ਕਿਵੇਂ ਸਮਝ ਸਕਦਾ ਹੈ ? ਮੈਂ ਪਿੱਛੇ ਜਹੇ ਲਿਖਿਆ ਸੀ ਕਿ ਏਹ ਐਂਟੀ ਕ੍ਰਿਸ਼ਨਾ ਸੁਕਾਅਡ ਹੈ ਤਾਂ ਦੋਸਤਾਂ ਵਿਰੋਧ ਕੀਤਾ ਕਿ ਕ੍ਰਿਸ਼ਨ ਬਾਰੇ ਇੰਝ ਕਿਵੇਂ ਕਹਿ ਸਕਦਾ ਹੈ।ਯਕੀਨਨ ਨਹੀਂ ਕਹਿ ਸਕਦਾ ਅਤੇ ਮੈਂ ਇਹੋ ਕਿਹਾ ਹੈ ਕਿ ਅਜਿਹਾ ਦਲ ਬਣਾਉਣ ਵਾਲੇ ਖੁਦ ਕ੍ਰਿਸ਼ਨ ਜੀ ਦੇ ਵਿਰੋਧ ‘ਚ ਹਨ ਅਤੇ ਉਹ ਕ੍ਰਿਸ਼ਨ ਦਰਸ਼ਨ ਦੇ ਪਿਆਰ ਨੂੰ ਨਾ ਸਮਝ ਖੁਦ ਨਾਸਮਝੀ ਕਰ ਰਹੇ ਹਨ। ਨੈਤਿਕ ਅਨੈਤਿਕ ਕਿਸੇ ਕਾਨੂੰਨੀ ਸੂਤਰ ਨਾਲ ਨਹੀਂ ਤੈਅ ਹੋ ਸਕਦੀ ਇਹ ਬੰਦੇ ਦਾ ਆਪਣਾ ਦਰਸ਼ਨ ਹੈ ਆਪਣੀ ਖੋਜ ਹੈ।

ਨਜ਼ਰੀਆ-4
ਮਿੱਤਰ ਕਹਿ ਰਹੇ ਨੇ ਕੀ ਹੋ ਗਿਆ ਹੈ ਅੰਬ ਬਰਫੀ ਚਾਹ ਕੁਲਚੇ ਖਾਣ ਪੀਣ ‘ਤੇ ਹੀ ਲਿਖ ਰਿਹਾ ਹੈ। ਪਹਿਲਾ ਸੱਚ ਕਿ ਇਹ ਤਾਂ ਸਧਾਰਣ ਵਲਵਲਾ ਅਤੇ ਬਹੁਤ ਸਸਤਾ ਹੈ। ਖਾਣ ਪੀਣ ਤੋਂ ਤਾਂ ਸ਼ਹਿਰ ਦੇਸ਼ ਲੋਕ ਪਛਾਣੇ ਜਾਂਦੇ ਹਨ। ਆਰਟਿਸਟ ਸੁਬੋਧ ਗੁਪਤਾ ਦੇ ਕੰਮ ਨੂੰ ਵੇਖੋ ਜ਼ਰਾ (ਥੱਲੇ ਪਹਿਲੇ ਕੁਮੈਂਟ ‘ਚ ਟਿਫਨਾਂ ਨਾਲ ਬਣਾਇਆ ਉਨ੍ਹਾਂ ਦਾ ਸ਼ਹਿਰ ਵੇਖੋ) ਉਹ ਕਹਿੰਦੇ ਨੇ ਖਾਣਾ ਪਹਿਲਾਂ ਆਉਂਦਾ ਹੈ ਅਤੇ ਛੇਤੀ ਪਹੁੰਚਦਾ ਹੈ…। ਹੁਣੇ-ਹੁਣੇ ਭੈਣ ਦਾ ਵਿਆਹ ਕਰਕੇ ਹਟਿਆ ਹਾਂ ਕੈਟਰਿੰਗ ਵਾਲਿਆਂ ਇਟਾਲੀਅਨ ਅਤੇ ਚਾਈਨੀਜ਼ ਭੋਜਨ ਦਿੱਤਾ ਸੀ। ਸੱਚ ਏਹ ਹੈ ਕਿ ਵਿਆਹ ‘ਚ ਸ਼ਾਮਲ ਸੱਜਣ ਨਾ ਇਟਲੀ ਜਾਕੇ ਆਏ ਅਤੇ ਨਾ ਹੀ ਚੀਨ ਗਏ ਹਨ। ਸਾਡੇ ਤਾਂ ਖਾਣ ਪਾਣ ਨਾਲ ਪੰਜਾਬੀ ਸਰੀਰਾਂ ਦੇ ਗੁਣਗਾਨ ਹੁੰਦੇ ਹਨ।ਪੰਜਾਬ ਜ਼ਹਿਰਾਂ ਹੋਈ ਮਿੱਟੀ ‘ਚ ਚੰਗੀ ਖੁਰਾਕ ਹੀ ਤਾਂ ਲੱਭ ਰਿਹਾ ਹੈ। ਸਾਡੀ ਰਮਾਇਣ ਦੀ ਗਾਥਾ ‘ਚ ਭੀਲਣੀ ਤੇ ਰਾਮ ‘ਚੋਂ ਬੇਰਾਂ ਦਾ ਪ੍ਰੇਮ ਮਨਫੀ ਕਰਕੇ ਵੇਖੋ। ਗੁਰੂ ਨਾਨਕ ਸਾਹਬ ਜੀ ਦਾ ਸਾਧੂਆਂ ਨੂੰ ਸੱਚਾ ਸੌਦਾ ਕਰਨ ਦੇ ਮਾਇਨੇ ‘ਚ ਸੰਗਤ ਬਚਨ ਬਿਲਾਸ ਸਮਝਕੇ ਵੇਖੋ। ਸਾਡੇ ਕਿੱਸਿਆਂ ‘ਚ ਹੀਰ ਦਾ ਰਾਂਝੇ ਨੂੰ ਚੂਰੀ ਖਵਾਉਣਾ,ਮਹੀਂਵਾਲ ਦਾ ਸੋਹਣੀ ਨੂੰ ਅਜਿਹਾ ਖਵਾਉਣਾ ਕਿ ਇਕ ਦਿਨ ਕੁਝ ਨਾ ਮਿਲਣ ‘ਤੇ ਪੱਟ ਦਾ ਮਾਸ ਹੀ ਖਵਾ ਦੇਣਾ! ਸੋ ਮੈਂ ਇਸੇ ਖਾਣ ਪੀਣ ‘ਚੋਂ ਜ਼ਿੰਦਗੀ ਨੂੰ ਵੇਖਦਾ ਹਾਂ। ਰਾਸ਼ਟਰਵਾਦ ਦੇ ਫੈਲੇ ਜਾਲ ‘ਚ ਕੀ ਖਾਓ ਕੀ ਨਾ ਖਾਓ ਕਿੰਨਾ ਵੱਡਾ ਮੁੱਦਾ ਹੈ।
ਅਖੀਰ ‘ਤੇ
ਕਹਿੰਦੇ ਨੇ ਕਹਾਵਤ ਹੈ ਕਿ ਜਨਾਨੀ ਦਾ ਬੰਦੇ ਲਈ ਪਿਆਰ ਦਾ ਇਜ਼ਹਾਰ ਬੰਦੇ ਦੇ ਢਿੱਡ ‘ਚੋਂ ਹੋਕੇ ਲੰਘਦਾ ਹੈ ਸੋ ਮੈਂ ਵੀ ਆਪਣੇ ਉਹ ਕਿੱਸੇ ਯਾਦ ਕਰ ਰਿਹਾ ਹਾਂ ਜੋ ਖਾਣ ਪੀਣ ਨਾਲ ਜੁੜੇ ਹੋਏ ਹਨ। 

       


rajwinder kaur

Content Editor

Related News