ਕੀ ਦੁਨਿਆ ''ਚ ਸਿਰਫ ਸਹੀ ਇਨਸਾਨ ਦੀ ਕਦਰ ਹੀ ਹੁੰਦੀ ਹੈ ?

02/11/2018 4:36:35 PM

ਕੀ ਦੁਨਿਆ ਵਿੱਚ ਸਿਰਫ ਸਹੀ ਇਨਸਾਨ ਦੀ ਕਦਰ ਹੀ ਹੁੰਦੀ ਹੈ ? ਜਾਂ ਮਾਮਲਾ ਕੁਝ ਹੋਰ ਹੀ ਹੈ ?
ਕੁੱਝ ਉਦਾਹਰਣਾਂ :–
1. ਇਕ ਵਿਗਿਆਨ ਦਾ ਅਧਿਆਪਕ ਪ੍ਰਾਈਵੇਟ ਸਕੂਲ ਵਿਚ ਲੱਗਾ ਸੀ । ਉਸ ਦੀ ਤਨਖਾਹ 5000 ਰੁਪਏ ਸੀ । ਉਸ ਦੀ ਸਕੂਲ 'ਚ ਬਹੁਤ ਕਦਰ ਸੀ। ਸਕੂਲ ਦਾ ਪ੍ਰਿੰਸੀਪਲ ਉਸਨੂੰ ਹਮੇਸ਼ਾਂ ਸਟਾਫ ਦਾ ਸਕੱਤਰ ਬਣਾ ਕੇ ਰੱਖਦਾ ਸੀ। ਕਦੇ ਉਸ ਅਧਿਆਪਕ ਨੂੰ ਝਿੜਕ ਨਹੀਂ ਸੀ ਪਈ। ਦੂਜੇ ਪਾਸੇ ਇਕ ਆਰਟਸ ਦਾ ਅਧਿਆਪਕ ਸੀ, ਇਤਿਹਾਸ ਪੜਾਉਂਦਾ ਸੀ। ਉਸਦੀ ਤਨਖਾਹ ਵੀ 5000 ਰੁਪਏ ਸੀ। ਉਹ ਵੀ ਬਹੁਤ ਵਧੀਆ ਪੜਾਉਂਦਾ ਸੀ। ਪਰ ਉਸਨੂੰ ਪ੍ਰਿੰਸੀਪਲ ਤੋਂ ਝਿੜਕਾਂ ਬਹੁਤ ਪੈਂਦੀਆਂ ਸਨ। ਉਸ ਦੀ ਕਦਰ ਬਿਲਕੁਲ ਵੀ ਕੀਤੀ ਨਹੀਂ ਸੀ ਜਾਂਦੀ । ਉਸਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕੀ ਗਲਤੀ ਕਰ ਰਿਹਾ ਹੈ। ਉਹ ਵਧੀਆ ਅਧਿਆਪਕ ਸੀ, ਉਸਨੂੰ ਵੀ ਬੱਚੇ ਬਹੁਤ ਪਸੰਦ ਕਰਦੇ ਸਨ। ਪਰ ਫਿਰ ਵੀ ਉਸਦੀ ਕਦਰ ਕੀਤੀ ਨਹੀਂ ਸੀ ਜਾਂਦੀ ।
2. ਦੋ ਆਦਮੀ ਸੀ। ਦੋਨੋਂ ਇਕ ਐਨ. ਜੀ. ਓ ਵਾਸਤੇ ਕੰਮ ਕਰਨਾ ਚਾਹੁੰਦੇ ਸਨ। ਇਕ ਨੇ ਉਸ ਸੰਸਥਾ ਨੂੰ 3000 ਰੁਪਏ ਦਾਨ ਕਰ ਦਿੱਤੇ। ਪਰ ਦੂਜੇ ਨੇ ਕਿਹਾ ਕਿ ਮੇਰੇ ਤੋਂ ਕੰਮ ਜਿੰਨਾਂ ਮਰਜੀ ਕਰਵਾ ਲਵੋ, ਪਰ ਮੈਂ ਪੈਸੇ ਦਾਨ ਨਹੀ ਕਰਨੇ। ਇਸ ਕੇਸ 'ਚ ਵੀ ਪਹਿਲੇ ਆਦਮੀ ਦੀ ਜ਼ਿਆਦਾ ਕਦਰ ਕੀਤੀ ਗਈ।
3. ਇਕ ਆਦਮੀ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦਾ ਕਿ ਮੈਂ ਰਿਸ਼ਤੇਦਾਰੀ 'ਚ ਲੈਣ ਦੇਣ ਨਹੀਂ ਕਰਨਾ। ਨਾਂ ਮੈਂ ਇਕ ਪੈਸਾ ਲਵਾਂ ਨਾ ਇਕ ਪੈਸਾ ਦੇਵਾਂ। ਦੂਜੇ ਪਾਸੇ ਦੂਜਾ ਆਦਮੀ ਜਿੱਧਰ ਵੀ ਜਾਂਦਾ 100-200 ਰੁਪਏ ਦਾ ਸ਼ਗਨ ਤਾਂ ਪਾ ਕੇ ਹੀ ਆਉਂਦਾ। ਇਸ ਕੇਸ 'ਚ ਵੀ ਦੂਜੇ ਆਦਮੀ ਨੂੰ ਜ਼ਿਆਦਾ ਇਜ਼ਤ ਮਿਲੀ।

ਹੁਣ ਜੇ ਆਪਾਂ ਇੰਨਾਂ ਤਿੰਨਾਂ ਕੇਸਾਂ ਨੂੰ ਧਿਆਨ ਨਾਲ ਵਾਚੀਏ ਤਾਂ ਪਤਾ ਲਗਦਾ ਹੈ ਕਿ ਜਿਸ ਨੇ ਜ਼ਿਆਦਾ ਘਾਟਾ ਖਾਧਾ, ਉਸਨੂੰ ਜ਼ਿਆਦਾ ਇਜ਼ਤ ਮਿਲੀ।
-ਪਹਿਲੇ ਕੇਸ 'ਚ ਇਕ ਵਿਗਿਆਨ ਦੇ ਅਧਿਆਪਕ ਨੂੰ ਇਸ ਲਈ ਜ਼ਿਆਦਾ ਇਜ਼ਤ ਮਿਲੀ ਕਿਉਂਕਿ ਸਾਇੰਸ ਪੜ੍ਹੀ ਹੋਣ ਕਰਕੇ ਜਿੱਥੇ ਉਹ 10000 ਰੁਪਏ ਤੇ ਆਸਾਨੀ ਨਾਲ ਲਗ ਸਕਦਾ ਸੀ, ਉਥੇ ਉਹ ਪ੍ਰਿੰਸੀਪਲ ਦੇ ਪਿਆਰ ਦੇ ਜਾਲ 'ਚ ਫੱਸ ਕੇ ਸਿਰਫ 5000 ਰੁਪਏ ਲੈ ਰਿਹਾ ਸੀ। ਦੂਜੇ ਪਾਸੇ ਪ੍ਰਿੰਸੀਪਲ ਨੂੰ ਪਤਾ ਸੀ ਕਿ ਇਤਿਹਾਸ ਯਾਨੀ ਕਿ ਆਰਟਸ ਵਾਲੇ ਅਧਿਆਪਕ ਤਾਂ ਛੱਤੀ ਮਿਲ ਜਾਣਗੇ। ਸ਼ਾਇਦ ਇਸ ਤੋਂ ਘੱਟ ਪੈਸੇ 'ਚ ਵੀ ਮਿਲ ਜਾਵੇ।
-ਦੂਜੇ ਕੇਸ ਵਿਚ ਐਨ. ਜੀ. ਓ ਵਾਲਿਆਂ ਨੂੰ ਪਤਾ ਸੀ ਕਿ ਦੂਜੇ ਵਿਅਕਤੀ ਤੋਂ ਕੋਈ ਫਾਇਦੇਮੰਦ ਕੰਮ ਨਹੀਂ ਲਿਆ ਜਾ ਸਕਦਾ। ਇਸ ਲਈ ਪਹਿਲੇ ਵਿਅਕਤੀ, ਪੈਸੇ ਦੇਣ ਵਾਲੇ, ਦੀ ਜ਼ਿਆਦਾ ਕਦਰ ਹੋਈ।
-ਤੀਜੇ ਕੇਸ 'ਚ ਜਿਹੜਾ ਵਿਅਕਤੀ ਹਰ ਪਾਸੇ ਪੈਸੇ ਦਾ ਘਾਟਾ ਖਾ ਕੇ ਸ਼ਗਨ ਦਿੰਦਾ ਸੀ, ਉਸ ਦੀ ਜ਼ਿਆਦਾ ਕਦਰ ਹੋਈ।

ਸਿੱਟਾ - ਆਪਣੇ ਸਮਾਜ ਵਿਚ ਉਸਦੀ ਜ਼ਿਆਦਾ ਕਦਰ ਹੁੰਦੀ ਹੈ ਜੋ ਜ਼ਿਆਦਾ ਘਾਟਾ ਖਾਂਦਾ ਹੈ। ਜੇ ਕੋਈ ਆਪਣੇ ਹੱਕ ਤੋਂ ਘੱਟ ਪੈਸੇ ਲੈ ਰਿਹਾ ਹੁੰਦਾ ਹੈ ਤਾਂ ਉਸਨੂੰ ਮੁਆਵਜੇ ਦੇ ਤੌਰ ਤੇ ਕਦਰ, ਇਜ਼ਤ ਦਿੱਤੀ ਜਾਂਦੀ ਹੈ। ਜੇ ਕੋਈ ਆਪਣਾ ਪੂਰਾ ਹੱਕ ਲੈ ਰਿਹਾ ਹੈ ਤਾਂ ਉਸਦੀ ਕਦਰ ਬਿਲਕੁਲ ਵੀ ਨਹੀਂ ਕੀਤੀ ਜਾਂਦੀ। ਸ਼ਾਇਦ ਇਸੇ ਲਈ ਕਾਲੇ ਧਨ ਵਾਲਿਆਂ ਦੀ ਜ਼ਿਆਦਾ ਕਦਰ ਕੀਤੀ ਜਾਂਦੀ ਹੈ ਕਿਉਂਕਿ ਉਹ ਆਪਣਾ ਕਾਲਾ ਧਨ ਕਿਸੇ ਬੈਂਕ 'ਚ ਤਾਂ ਪਾ ਨਹੀਂ ਸਕਦੇ, ਇਸ ਲਈ ਉਹ ਇੱਧਰ ਉੱਧਰ ਥੋੜ੍ਹਾ ਬਹੁਤ ਦਾਨ ਕਰਦੇ ਰਹਿੰਦੇ ਹਨ ਅਤੇ ਉਹਨਾਂ ਦੀ ਸਮਾਜ ਵਿਚ ਇਜ਼ਤ ਬਣੀ ਰਹਿੰਦੀ ਹੈ।

ਸਕਰਿਪਟ ਰਾਈਟਰ ਅਮਨਪ੍ਰੀਤ ਸਿੰਘ
apsamaanbatra@gmail.com