ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼

03/08/2019 4:27:58 PM

ਇੱਕ ਔਰਤ ਹੋਣ ਦੇ ਨਾਤੇ ਦੂਜੀ ਔਰਤ ਨਾਲ ਖੜ੍ਹੋ, ਇੱਕ ਦੂਜੇ ਨੂੰ ਪ੍ਰੇਰਿਤ ਕਰੋ
ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਆ ਤੇ ਅਸੀਂ ਸਾਰੀਆਂ ਮਹਿਲਾਵਾਂ ਇੱਕ ਦੂਜੇ ਨੂੰ ਇਸਦੀਆਂ ਵਧਾਈਆਂ ਦੇ ਰਹੀਆਂ ਆ.. ਇੱਥੋਂ ਤੱਕ ਕਿ ਸਾਡੇ ਨਾਲ ਸੰਬੰਧਿਤ ਪੁਰਸ਼ ਚਾਹੇ ਉਹ ਪਿਤਾ, ਭਰਾ, ਪਤੀ ਜਾਂ ਸਾਡਾ ਦੋਸਤ ਆ ਉਹ ਵੀ ਸਾਡੇ ਲਈ ਲਿਖ-ਬੋਲ ਰਿਹਾ ਹੈ ਤੇ ਸਾਨੂੰ ਵਧਾਈਆਂ ਦੇ ਰਿਹਾ ਹੈ। ਪਰ ਮੈਂ ਅਕਸਰ ਸੋਚਦੀ ਆ ਕਿ ਸਮਾਜ ਵਿੱਚ ਮਹਿਲਾਵਾਂ ਦਾ ਕਿਰਦਾਰ ਉੱਚਾ ਚੁੱਕਣ, ਉਸਨੂੰ ਹੋਰ ਮਜ਼ਬੂਤ ਬਣਾਉਣ, ਮਹਿਲਾ ਨੂੰ ਪੁਰਸ਼ ਦੇ ਬਰਾਬਰ ਦਾ ਦਰਜਾ ਦੇਣ ਲਈ ਕਈ ਲੋਕ ਕੰਮ ਕਰ ਰਹੇ ਹਨ, ਲੜ ਰਹੇ ਹਨ ਚਾਹੇ ਉਹ ਮਹਿਲਾ ਹੋਵੇ ਜਾਂ ਫਿਰ ਪੁਰਸ਼ ਪਰ ਕੀ ਕਦੀਂ ਕਿਸੇ ਨੇ ਇਹ ਸੋਚਿਆ ਹੈ ਕਿ ਅਸੀਂ ਮਹਿਲਾਵਾਂ ਖੁਦ ਲਈ, ਖੁਦ 'ਤੇ ਕੰਮ ਕਰ ਰਹੀਆਂ ਹਾਂ ਜਾਂ ਨਹੀਂ? ਆਪਣੇ ਆਸੇ ਪਾਸੇ ਅਜਿਹੀਆਂ ਬੜੀਆਂ ਘਟਨਾਵਾਂ, ਚੀਜ਼ਾਂ ਦੇਖਦੀਆਂ ਹਾਂ ਜਿਨ੍ਹਾਂ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਤੇ ਕਈਆਂ ਦੇ ਮੂੰਹੋ ਸੁਣਿਆ ਵੀ ਕਿ ਅੱਜ ਔਰਤ ਹੀ ਔਰਤ ਦੀ ਦੁਸ਼ਮਣ ਹੈ। ਸੋ, ਆਹ ਅੰਤਰਰਾਸ਼ਟਰੀ ਮਹਿਲਾ ਦਿਵਸ ਜਿੰਨੇ ਮਰਜ਼ੀ ਮਨਾ ਲਓ, ਕੋਈ ਤੁਹਾਡੇ ਲਈ ਜਿੰਨਾ ਮਰਜ਼ੀ ਲੜ ਲਵੇ ਪਰ ਉਦੋਂ ਤੱਕ ਕੋਈ ਫਾਇਦਾ ਨਹੀਂ ਜਦੋਂ ਤੱਕ ਤੁਸੀਂ ਆਪਣੇ ਲਈ ਕੁੱਝ ਨਹੀਂ ਕਰਦੇ, ਜਦੋਂ ਤੱਕ ਤੁਸੀਂ ਖੁਦ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਕਿਰਦਾਰ ਸਮਾਜ ਵਿੱਚ ਉੱਚਾ ਨਹੀਂ ਚੁੱਕਦੇ। ਜੇ ਇੱਕ ਔਰਤ ਹੀ ਦੂਜੀ ਔਰਤ ਦੀ ਤਾਕਤ ਬਣ ਜਾਵੇ ਤਾਂ ਸਮਾਜ ਵਿੱਚ ਔਰਤਾਂ ਨਾਲ ਹੁੰਦਾ ਬੁਰਾ ਵਰਤੀਰਾ ਬੰਦ ਹੋ ਜਾਵੇਗਾ।
ਇੱਥੇ ਗੱਲ਼ ਸਾਰੀਆਂ ਮਹਿਲਾਵਾਂ ਦੀ ਨਹੀਂ ਹੋ ਰਹੀ ਪਰ ਜ਼ਿਆਦਾਤਰ ਮਹਿਲਾਵਾਂ ਦੀ ਜ਼ਰੂਰ ਹੋ ਰਹੀ ਹੈ, ਕਿਉਂਕਿ ਕੌੜੀ ਸੱਚਾਈ ਹੈ ਤੇ ਇਸਨੂੰ ਕੋਈ ਮੰਨਦਾ ਨਹੀਂ, ਸਾਰੇ ਆਪਣੀ ਹੀ ਵਾਹ-ਵਾਹ ਕਰਨ ਵਿੱਚ ਲੱਗੇ ਹੋਏ ਹਨ, ਮਹਿਲਾ ਦਿਵਸ ਮਨਾਉਣ ਦਾ ਜਿੰਨਾ ਚਾਅ ਮਹਿਲਾਵਾਂ ਰੱਖਦੀਆਂ ਹਨ ਉਨ੍ਹਾਂ ਹੀ ਚਾਅ ਇੱਕ ਦੂਜੇ ਦੀ ਮਿੱਟੀ ਪਲੀਤ ਕਰਨ ਵਿੱਚ ਵੀ ਰੱਖਦੀਆਂ ਹਨ, ਮੁਆਫ਼ ਕਰਿਓ ਕਈਆਂ ਨੂੰ ਇਹ ਵੀ ਲੱਗੂ ਕਿ ਅੱਜ ਦੇ ਦਿਨ ਮੈਂ ਨਕਰਾਤਮਕ ਲਿਖ ਰਹੀ ਹਾਂ, ਪਰ ਇਹ ਸੱਚ ਆ, ਤੇ ਸੱਚ ਤੋਂ ਮੂੰਹ ਮੋੜਨ ਦੀ ਬਜਾਏ ਸਾਨੂੰ ਉਹਦੇ ਲਈ ਕੰਮ ਕਰਨਾ ਚਾਹੀਦਾ ਹੈ। ਫਿਰ ਮਹਿਲਾ ਦਿਵਸ ਮਨਾਉਣਾ ਆਪਣੇ ਆਪ ਵਿੱਚ ਸੋਹਣੀ ਗੱਲ ਹੋਵੇਗੀ। ਵਿਆਹ ਤੋਂ ਬਾਅਦ ਦਾਜ ਦੀ ਸਮੱਸਿਆ ਹੋਵੇ, ਜਾਂ ਫਿਰ ਸਮਾਜ ਵਿੱਚ ਇੱਕ ਵੱਧ ਉਮਰ ਦੀ ਕੁਆਰੀ ਕੁੜੀ ਹੋਵੇ ਜਾਂ ਫਿਰ ਘਰ ਵਿੱਚ ਧੀ ਹੋਵੇ ਜੇ ਇੱਥੇ ਇੱਕ ਸੱਸ, ਤੁਹਾਡੀਆਂ ਗੁਆਂਢਣਾਂ, ਤੁਹਾਡੀਆਂ ਮਾਵਾਂ, ਭੈਣਾਂ ਤੁਹਾਡਾ ਸਾਥ ਦੇਣ, ਤੁਹਾਡੇ ਤੋਂ ਈਰਖਾ ਨਾ ਖਾਣ, ਤੁਹਾਨੂੰ ਦਾਜ ਲਈ ਤੰਗ ਨਾ ਕਰਨ ਤਾਂ ਸਮਾਜ ਵਿੱਚ ਕਿਤੇ ਵੱਡਾ ਬਦਲਾਅ ਆ ਸਕਦਾ ਹੈ।
ਮੈਂ ਅਕਸਰ ਦੇਖਦੀ ਸੁਣਦੀ ਹਾਂ ਕਿ ਜਿੱਥੇ ਵੀ ਔਰਤਾਂ ਨਾਲ ਵਧੀਕੀ ਹੁੰਦੀ ਹੈ ਉਸ ਪਿੱਛੇ ਜ਼ਿਆਦਾਤਰ ਔਰਤਾਂ ਦਾ ਹੀ ਹੱਥ ਹੁੰਦਾ, ਜੇ ਅਸੀਂ ਹੀ ਇੱਦਾਂ ਕਰਾਂਗੇ ਤਾਂ ਸਮਾਜ ਵਿੱਚ ਇੱਕ ਔਰਤ ਕਦੀਂ ਉੱਠ ਨਹੀਂ ਸਕੇਗੀ। ਅਗਰ ਸਹੁਰੇ ਘਰ ਵਿੱਚ ਇੱਕ ਸੱਸ ਆਪਣੀ ਨੂੰਹ ਨਾਲ ਧੀਆਂ ਵਰਗਾ ਵਰਤੀਰਾ ਕਰੇ ਤਾਂ ਕਿਸੇ ਦੀ ਧੀ ਦਾਜ ਕਰਕੇ ਮਰੇਗੀ ਨਹੀਂ, ਜੇ ਇੱਕ ਨੂੰਹ ਵੀ ਸਹੁਰੇ ਘਰ ਜਾ ਕੇ ਇੱਕ ਸੱਸ ਨਾਲ ਆਪਣੀ ਮਾਂ ਵਰਗਾ ਪਿਆਰ ਕਰੇ ਤਾਂ ਸਹੁਰਾ ਘਰ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੁ। ਜੇ ਸਮਾਜ ਵਿੱਚ ਇੱਕ ਔਰਤ ਦੂਜੀ ਔਰਤ ਨੂੰ ਜੱਜ ਕਰਨਾ, ਉਸ ਬਾਰੇ ਅੰਦਾਜ਼ੇ 
ਲਗਾਉਣਾ ਬੰਦ ਕਰ ਦੇਵੇ ਤਾਂ ਕਦੀਂ ਵੀ ਕੋਈ ਔਰਤ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਨਹੀਂ ਕਰੇਗੀ। ਵੈਸੇ ਇੱਕ ਮਾਂ ਹਮੇਸ਼ਾ ਆਪਣੀ ਧੀ ਲਈ ਲੜਦੀ ਹੈ ਪਰ ਫਿਰ ਵੀ ਕੁੱਝ ਹਾਲਾਤਾਂ ਵਿੱਚ ਮਾਵਾਂ ਦੱਬ ਜਾਂਦੀਆਂ ਪਰ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਔਖਾ ਜ਼ਰੂਰ ਪਰ ਨਾ ਮੁਮਕਿਨ ਨਹੀਂ, ਉੱਠੋ, ਖੜੋ ਤੇ ਆਪਣੀ ਆਵਾਜ਼ ਬੁਲੰਦ ਕਰੋ ਤੇ ਔਰਤ ਹੋਣ ਦੇ ਨਾਤੇ ਦੂਜੀ ਔਰਤ ਨਾਲ ਖੜੋ, ਉਸਦਾ ਸਾਥ ਦਿਓ, ਉਸਨੂੰ ਸਿੱਧੇ ਰਾਹੇ ਪਾਓ।
ਸੋ, ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮੈਂ ਸਾਰੀਆਂ ਮਹਿਲਾਵਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਇੱਕ ਦੂਜੇ ਲਈ ਸਹਾਰਾ ਬਣੋ, ਤਾਕਤ ਬਣੋ ਨਾ ਕਿ ਕਿਸੇ ਲਾਲਚ, ਈਰਖਾ ਵਿੱਚ ਆ ਕੇ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਬੁਰਾ ਨਾ ਕਰੋ।

ਦਮਨਜੀਤ ਕੌਰ
7307247842

Aarti dhillon

This news is Content Editor Aarti dhillon