ਆਖ਼ਿਰ ਕਿਉਂ ਭਾਰਤੀ ਲੋਕ ਖੁਸ਼ੀ-ਖੁਸ਼ੀ ਪੈਸੇ ਦੇ ਕੇ ਮਿਲਾਵਟੀ ਭੋਜਨ ਖਾਂ ਕੇ ਸਿਹਤ ਖ਼ਰਾਬ ਕਰ ਰਹੇ ਹਨ....

10/20/2021 6:31:18 PM

ਸਮਝ ਨਹੀਂ ਆਉਂਦਾ ਕਿ ਗੱਲ ਕਿੱਥੋਂ ਸ਼ੁਰੂ ਕਰੀਏ ਅਤੇ ਕਿਥੋਂ ਨਾ ਪਰ ਅੱਜ ਦੇ ਹਾਲਾਤ ਦੇਖ ਅਤੇ ਲੋਕਾਂ ਨੂੰ ਬੀਮਾਰੀਆਂ ਨਾਲ ਲੜਦਿਆਂ ਨਿੱਤ ਹਸਪਤਾਲਾਂ ਵਿੱਚ ਲੰਮੀਆਂ ਲੰਮੀਆਂ ਲਾਈਨਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਾਡਾ ਹਰ ਰੋਜ਼ ਦਾ ਖਾਣ ਪੀਣ ਖ਼ਰਾਬ ਅਤੇ ਦੂਸ਼ਿਤ ਹੋ ਗਿਆ ਹੈ। ਅੱਜ ਦਾ ਇਨਸਾਨ ਆਪਣੇ ਨਿੱਜੀ ਫ਼ਾਇਦੇ ਲਈ ਜਾਂ ਧਨ ਦੌਲਤ ਵੱਧ ਕਮਾਉਣ ਦੇ ਚੱਕਰ ਵਿੱਚ ਹਰ ਪਾਸੇ ਜ਼ਹਿਰ ਪਰੋਸ ਰਿਹਾ ਹੈ। ਇਸ ਜ਼ਹਿਰ ਦਾ ਦਿਨੋ ਦਿਨ ਵੱਧਣਾ ਸਾਡਾ ਬੀਮਾਰੀਆਂ ਦੀ ਗ੍ਰਿਫ਼ਤ ’ਚ ਆਉਣਾ ਹੈ, ਜੋ ਸਾਡੇ ਲਾਲਚ ਕਾਰਨ ਹੋ ਰਿਹਾ ਹੈ। ਜੇਕਰ ਅੱਜ ਅਸੀਂ ਜ਼ਹਿਰ ਖਾ ਰਹੇ ਹਾਂ ਜਾਂ ਸਾਨੂੰ ਜ਼ਹਿਰ ਪਰੋਸਿਆ ਜਾ ਰਿਹਾ ਹੈ, ਇਸ ਨੂੰ ਵੱਧਣ ਵਿੱਚ ਸਾਡਾ ਸਿਹਤ ਵਿਭਾਗ ਆਪਣੀ ਬਣਦੀ ਜ਼ਿੰਮੇਵਾਰੀ ਖ਼ੂਬ ਨਿਭਾ ਰਿਹਾ ਹੈ। ਇਸ ਨੂੰ ਅਸੀਂ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਦੀ ਸਭ ਤੋਂ ਵੱਡੀ ਨਲਾਇਕੀ ਆਖ ਸਕਦੇ ਹਾਂ, ਕਿਉਂਕਿ ਇਨ੍ਹਾਂ ਦੇ ਹੁੰਦਿਆਂ ਜੇ ਸਾਡਾ ਖਾਣਾ-ਪੀਣਾ ਜ਼ਹਿਰ ਬਣ ਗਿਆ ਤਾਂ ਇਨ੍ਹਾਂ ਨੂੰ ਮੋਟੀਆਂ ਤਨਖ਼ਾਹਾਂ ਕਿਸ ਗੱਲ ਦੀਆਂ ਦਿੱਤੀਆਂ ਜਾ ਰਹੀਆਂ ਹਨ। ਕੀ ਇਹ ਮੋਟੀਆਂ ਤਨਖ਼ਾਹਾਂ ਸਾਨੂੰ ਬੀਮਾਰ ਅਤੇ ਜ਼ਹਿਰੀਲਾ ਖਾਣਾ-ਪੀਣਾ ਦੇਣ ਲਈ ਲੈਂਦੇ ਹਨ?

ਕਹਿਣ ਵਾਲ਼ੇ ਤਾਂ ਇੱਥੋਂ ਤੱਕ ਆਖਦੇ ਹਨ ਕਿ ਸਿਹਤ ਵਿਭਾਗ ਦੇ ਬੰਦਿਆਂ ਨੇ ਆਪਣੇ-ਆਪਣੇ ਜ਼ਿਲ੍ਹੇ ’ਚ ਆਪਣੇ ਰਜਿਸਟਰ ਲਗਾ ਰੱਖੇ ਹਨ ਜਿਸ ਵਿੱਚ ਸਾਰੇ ਦੁਕਾਨਦਾਰਾਂ ਦੇ ਫ਼ੋਨ ਨੰਬਰ, ਦੁਕਾਨ ਦਾ ਨਾਮ ਅਤੇ ਕੰਮਕਾਰ ਦਾ ਵੇਰਵਾ ਲਿਖਿਆ ਹੁੰਦਾ ਹੈ। ਸਿਹਤ ਵਿਭਾਗ ਆਪਣੇ ਕਿਸੇ ਖ਼ਾਸ ਬੰਦੇ ਨੂੰ ਮਹੀਨੇਵਾਰ ਦੁਕਾਨਦਾਰਾਂ ਤੋਂ ਵਸੂਲ਼ੀ ਲਈ ਭੇਜਦੇ ਹਨ ਅਤੇ ਆਪਣੀਆਂ ਜੇਬਾਂ ਭਰਦੇ ਹਨ। ਅਜਿਹਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਸਭ ਜ਼ਹਿਰ ਪਰੋਸ ਰਹੇ ਹਨ। ਇਨ੍ਹਾਂ ਵਿੱਚ ਛੋਟੀਆਂ ਅਤੇ ਵੱਡੀਆਂ ਦੁਕਾਨਾਂ ਆਉਂਦੀਆਂ ਹਨ, ਜਿਵੇਂ ਮਿਠਾਈ ਵਾਲੀਆਂ ਦੁਕਾਨਾਂ, ਦੁੱਧ ਪਨੀਰ ਵਾਲੀਆਂ ਡਾਇਰੀਆ, ਘਿਓ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਕਾਰਖ਼ਾਨੇ, ਪ੍ਰਚੂਨ ਦੀਆਂ ਦੁਕਾਨਾਂ ਆਦਿ ਇਨ੍ਹਾਂ ਸਭ ਤੋਂ ਥੱਲਿਉਂ ਉੱਪਰ ਤੱਕ ਮਹੀਨਾ ਪਹੁੰਚਦਾ ਹੈ। ਇਹ ਮਹੀਨਾ ਹਜ਼ਾਰਾਂ ਤੋਂ ਲੈਕੇ ਲੱਖਾਂ ਤੱਕ ਹੋ ਸਕਦਾ ਹੈ। ਜਿੰਨੀ ਵੱਡੀ ਮਿਲਾਵਟ, ਉਨ੍ਹਾਂ ਮੋਟਾ ਬਣਦਾ ਹੈ ਮਹੀਨਾ।

ਵੱਡੇ-ਵੱਡੇ ਮਿਲਾਵਟੀ ਖੋਰ ਲੱਖਾਂ ਰੁਪਏ ਦਿੰਦੇ ਹਨ। ਇਹ ਸਾਰਾ ਪੈਸਾ ਸਾਡੇ ਕਿਸੇ ਸਰਕਾਰੀ ਖਜ਼ਾਨੇ ਵਿੱਚ ਨਹੀਂ ਜਾਂਦਾ ਸਗੋਂ ਇਹ ਕਾਲਾ ਬਜ਼ਾਰੀ ਵਾਲਾ ਪੈਸਾ ਜ਼ਿਲ੍ਹੇ-ਜ਼ਿਲ੍ਹੇ ਮੁਤਾਬਕ ਆਪਸ ਵਿੱਚ ਵੰਡਕੇ ਛੱਕ ਲੈਂਦੇ ਹਨ। ਅਸੀਂ ਤੁਸੀਂ ਸਭ ਲੋਕ ਮਿਲਾਵਟੀ ਖਾਣਾ-ਪੀਣਾ ਖ਼ਾ ਕੇ ਆਪਣੀ ਸਿਹਤ ਖ਼ਰਾਬ ਕਰ ਲੈਂਦੇ ਹਾਂ। ਅਜਿਹਾ ਜੇਕਰ ਹੋ ਰਿਹਾ ਹੈ ਤਾਂ ਉਹ ਸਾਡੇ ਗੰਦੇ ਅਤੇ ਲਾਲਚੀ ਸਿਸਟਮ ਕਰਕੇ ਪਰ ਅਫ਼ਸੋਸ ਪੰਜਾਬ ਵਿੱਚ ਸਭ ਤੋਂ ਵੱਧ ਮਿਲਾਵਟੀ ਅਤੇ ਜ਼ਹਿਰੀਲਾ ਭੋਜਨ ਅਸੀਂ ਅਤੇ ਤੁਸੀਂ ਹੀ ਨਿਗਲ ਰਹੇ ਹਾਂ। ਗੰਦਾ ਖਾਣਾ ਖਾਂ ਕੇ ਅਸੀਂ ਬੀਮਾਰ ਹੁੰਦੇ ਹਾਂ ਅਤੇ ਮੌਤ ਨੂੰ ਗਲੇ ਲਗਾ ਲੈਂਦੇ ਹਨ। ਬਹੁਤ ਸਾਰੇ ਲੋਕ ਬੀਮਾਰੀਆਂ ਨਾਲ ਲੜਦੇ ਲੜਦੇ ਮਰ ਜਾਂਦੇ ਹਨ। ਕਸੂਰਵਾਰ ਸਾਡਾ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਹਨ, ਕਿਉਂਕਿ ਉਹ ਸਹੀ ਅਤੇ ਇਮਾਨਦਾਰੀ ਨਾਲ ਆਪਣਾ ਬਣਦਾ ਕੰਮ ਨਹੀਂ ਕਰ ਰਹੇ। ਇਨ੍ਹਾਂ ਦੀ ਨਲਾਇਕੀ ਆਮ ਲੋਕ ਭੁਗਤ ਰਹੇ ਹਨ। ਸਾਨੂੰ ਜ਼ਹਿਰ ਹੀ ਪਸੰਦ ਹੈ। ਅਸੀਂ ਸਾਰੇ ਲਾਲਚੀ ਅਤੇ ਸਸਤਾ ਖਾਣੇ ਨੂੰ ਪਹਿਲ ਦਿੰਦੇ ਹਾਂ। 

ਸ਼ਾਇਦ ਤੁਸੀਂ ਵੀ ਪੜ੍ਹਿਆ ਹੋਵੇ ਕਿ ਸਾਡੇ ਦੇਸ਼ ਵਿੱਚ ਐਨਾ ਦੁੱਧ ਨਹੀਂ ਹੈ, ਜਿੰਨੇ ਦੀ ਅਸੀਂ ਹਰ ਰੋਜ਼ ਵਰਤੋਂ ਕਰਦੇ ਹਾਂ ਜਾਂ ਸਾਡੇ ਦੇਸ਼ ਵਿੱਚ ਖ਼ਪਤ ਹੈ। ਤੁਸੀਂ ਸੋਚਣਾ ਜੇ ਐਨਾ ਦੁੱਧ ਨਹੀਂ ਪੈਂਦਾ ਪੈ ਹੋ ਰਿਹਾ ਤਾਂ ਅਸੀਂ ਪੀ ਕੀ ਰਹੇ ਹਾਂ? ਕਿਸ ਤੋਂ ਬਣੀਆਂ ਹੋਈਆਂ ਹਨ ਮਿਠਾਈਆਂ? ਖੋਏ ਦੇ ਨਾਮ ’ਤੇ ਅਸੀਂ ਕੀ ਖ਼ਾਅ ਰਹੇ ਹਾਂ? ਜ਼ਾਹਿਰ ਹੈ ਅਸੀਂ ਦੁੱਧ ਦੇ ਨਾਮ ਉੱਤੇ ਸਿਰਫ਼ ਅਤੇ ਸਿਰਫ਼ ਜ਼ਹਿਰ ਪੀ ਰਹੇ ਹਾਂ ਪਰ ਸੋਚਦਾ ਕੋਈ ਨਹੀਂ।

ਹੁਣ ਦੀਵਾਲੀ ਦੇ ਮੌਕੇ ਤੁਸੀਂ ਵੇਖਣਾ ਕਿ ਹਰੇਕ ਮੁਹੱਲੇ, ਪਿੰਡ, ਸ਼ਹਿਰ ਵਿੱਚ ਮਿਠਾਈਆਂ ਨਾਲ ਦੁਕਾਨਾਂ ਭਰੀਆਂ ਹੋਈਆਂ ਨਜ਼ਰ ਆਉਣਗੀਆਂ। ਕੀ ਕਦੇ ਤੁਸੀਂ ਆਪਣੇ ਆਲੇ-ਦੁਆਲੇ ਪਿੰਡ ਸ਼ਹਿਰ ਮੁਹੱਲੇ ਵਿੱਚ ਕੋਈ ਮਿਠਾਈ ਬਣਾਉਂਦਾ ਵੇਖਿਆ ਹੈ, ਸ਼ਾਇਦ ਨਹੀਂ, ਕਿਉਂਕਿ ਸਭ ਮਿਲਾਵਟ ਭਰਪੂਰ ਖਾਣਾ ਸਾਡੇ ਲਈ ਸਜਾਇਆ ਜਾਵੇਗਾ। ਅਸੀਂ ਤੁਸੀਂ ਬੜੇ ਮਜ਼ੇ ਲੈ ਕੇ ਖਾਵਾਂਗੇ ਅਤੇ ਸਰੀਰ ਨੂੰ ਅੰਦਰੋਂ ਅੰਦਰੀ ਮਿੱਠਾ ਜ਼ਹਿਰ ਦੇਵਾਂਗੇ। ਜ਼ਹਿਰ ਤਾਂ ਵਿਕਦਾ ਹੈ ਜੇਕਰ ਅਸੀਂ ਖਾਂਦੇ ਹਾਂ। ਬਾਕੀ ਰਹੀ ਗੱਲ ਜ਼ਹਿਰ ਬਣਾਉਣ ਵਾਲਿਆਂ ਦੀ ਉਹ ਤਾਂ ਹੀ ਬਣਾ ਤੇ ਵੇਚ ਰਹੇ ਹਨ। ਸਾਡੇ ਸਿਹਤ ਮੰਤਰੀ ਤੇ ਸਿਹਤ ਵਿਭਾਗ ਸਭ ਦੀਆਂ ਜੇਬਾਂ ਗਰਮ ਹੋ ਰਹੀਆਂ ਹਨ। ਉਨ੍ਹਾਂ ਨੂੰ ਦਫ਼ਤਰਾਂ ਵਿੱਚ ਹਾਜ਼ਰੀ ਲਾਉਣ ਦੀ ਤਨਖ਼ਾਹ ਮਿਲਦੀ ਹੈ ਨਾ ਕਿ ਸ਼ੁੱਧ ਅਤੇ ਅਸ਼ੁੱਧ ਦੀ ਕੋਈ ਜਾਂਚ ਕਰਨ ਦੀ।

ਤਿਉਹਾਰਾਂ ਦੇ ਨੇੜੇ ਸਾਡਾ ਸਿਹਤ ਵਿਭਾਗ ਤੇ ਸਿਹਤ ਮੰਤਰੀ ਜ਼ਰੂਰ ਜਾਗਣਗੇ ਅਤੇ ਖਾਨਾਪੂਰਤੀ ਲਈ ਆਪਣਾ ਬਣਦਾ ਕੰਮ ਕਰਨਗੇ। ਮਿਲਾਵਟ ਨੂੰ ਹੋਰ ਵੱਧਣ ਵਿੱਚ ਅਪਰਾਧੀਆਂ ਦਾ ਪੂਰਾ ਸਾਥ ਦੇਣਗੇ। ਮੈਂ ਹਰੇਕ ਵਿਅਕਤੀ ਅਤੇ ਇਮਾਨਦਾਰ ਇਨਸਾਨ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਆਪਣੇ ਮਹਿਕਮੇਂ ਦੀਆਂ ਕਮੀਆਂ ਨੂੰ ਉਜਾਗਰ ਕਰੋ ਤਾਂ ਜੋ ਅਸੀਂ ਨਵੇਂ ਪੰਜਾਬ ਅਤੇ ਤੰਦਰੁਸਤ ਪੰਜਾਬ ਦੀ ਕਾਮਨਾ ਕਰ ਸਕੀਏ। ਇਹ ਸਭ ਕਰਨ ਲਈ ਤੁਹਾਨੂੰ ਆਪਣੀ ਇਮਾਨਦਾਰੀ ਸਾਹਮਣੇ ਲਿਆਉਣੀ ਪਵੇਗੀ। ਤੁਹਾਡੀ ਇਮਾਨਦਾਰੀ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਤੰਦਰੁਸਤੀ ਅਤੇ ਖੁਸ਼ਹਾਲੀ ਜੀਵਨ ਪ੍ਰਦਾਨ ਕਰ ਸਕਦੀ ਹੈ। ਸਾਡੀ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਸਭ ਤੋਂ ਚੰਗਾ ਸਾਡਾ ਖਾਣਾ-ਪੀਣਾ ਹੈ। ਸੋ ਆਉ ਆਪਣੀ ਇਮਾਨਦਾਰੀ ਵਿਖਾਉ ਅਤੇ ਮਿਲਾਵਟਖੋਰੀ ਨੂੰ ਨੱਥ ਪਾਈਏ।

ਲਿਖ਼ਤ ਗੁਰਪ੍ਰੀਤ ਸਿੰਘ ਜਖ਼ਵਾਲੀ
ਮੋਬਾਇਲ 98550 36444


rajwinder kaur

Content Editor

Related News