ਕਵਿਤਾ-ਅਧੂਰੇ ਅਹਿਸਾਸ

06/14/2019 2:11:49 PM

ਕੀ ਪੁੱਛਣਾ ਸੀ ਉਹਨੇ ਸਵਾਲ ਮੈਨੂੰ ,
ਜੋ ਲਪੇਟ ਲੈ ਗਿਆ ਤੱਕਣੀ ਨਾਲ ਮੈਨੂੰ।
ਮੁੜ-ਮੁੜ ਕਿਉਂ ਤੱਕਦੇ ਰਹੇ ਨੈਣ ਉਹਦੇ ,
ਜੇ ਪੁੱਛਣਾ ਨਹੀਂ ਸੀ ਹਾਲ-ਚਾਲ ਮੈਨੂੰ ।
ਨਿੱਤ ਸੁਨਾਮੀ ਆਉਂਦੀ ਸ਼ਾਮ ਢਲਦਿਆਂ,
ਰੋੜ ਨਾ ਲੈ ਜਾਵੇ ਕਿਤੇ ਇਹ ਉਬਾਲ ਮੈਨੂੰ।
ਚੈਨ ਨਾ ਦਿਨ ਨਾ ਰਾਤ ਨੂੰ ਨਸੀਬ ਹੁੰਦਾ,
ਆਉਂਦੇ ਰਹਿੰਦੇ ਭੈੜੇ -ਭੈੜੇ ਖਿਆਲ ਮੈਨੂੰ ।
ਟੁਟ ਕੇ ਮੁਰਝਾਉਣਾ ਕੁਦਰਤੀ ਸੀ ਮੇਰਾ,
ਤੋੜ ਸੁੱਟਿਆਂ ਕਿਉਂ ਨਾਲੋਂ ਡਾਲ ਮੈਨੂੰ ।
ਚੁੱਭਦੇ ਨੇ ਛੁਰੀਆਂ ਵਾਂਗ ਜ਼ਮਾਨੇ ਦੇ ਬੋਲ,
ਲੋਕਾਈ ਦੇ ਸੋਰ ਤੋਂ ਦੂਰ ਸੰਭਾਲ ਮੈਨੂੰ।
ਕਰਦਾਂਗੀ ਤੇਰਾ ਰੌਸ਼ਨ ਗਰਾਂ ਮੈਂ,
ਬਚਾ ਕੇ ਜ਼ਰਾ ਹਵਾਵਾਂ ਤੋਂ ਬਾਲ ਮੈਨੂੰ।
ਜੁਦਾਈ ਅਗਨ 'ਚ ਪਿਘਲਗੀ ਇਸ ਕਦਰ,
ਜਿਵੇਂ ਦਿਲ ਕਰਦਾ ਉਸੇ ਸਾਂਚੇ 'ਚ ਢਾਲ ਮੈਨੂੰ।
ਬੱਦਲਾਂ ਰੁਣ-ਝੁਣ ਲਾਈ ਸਾਵਣ ਜੋ ਆਇਆ,
ਤੂੰ ਦੇ ਜਾ ਆ ਕੇ ਇਸ਼ਕ ਦੀ ਤਾਲ ਮੈਨੂੰ।
ਇੱਕੋ ਵਾਅਦਾ ਕਰ ਲੈ ਚੰਨ ਵਰਗਾ
ਕੋਈ, ਤਾਰਿਆਂ ਜਿੰਨੇ ਲਾਰਿਆਂ' ਚ ਨਾ
ਟਾਲ ਮੈਨੂੰ।

ਅਰਸ਼ ਮਾਲਵਾ

Aarti dhillon

This news is Content Editor Aarti dhillon