ਬਹੁਤ ਲਾਜ਼ਮੀ ਹੈ ਬੱਚਿਆਂ ਦੀ ਸਿੱਖਿਆ ਵਿੱਚ ਨੈਤਿਕ ਸਿੱਖਿਆ ਦਾ ਗਿਆਨ ਹੋਣਾ

12/06/2020 10:37:53 AM

ਅੰਜੂ ਵ ਰੱਤੀ

ਮਨੁੱਖੀ ਜੀਵਨ ਵਿੱਚ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਲੱਗਭਗ ਉਨੀ ਹੀ ਪੁਰਾਣੀ ਹੈ, ਜਿੰਨਾ ਕਿ ਮਾਨਵ। ਢਿੱਡ ਭਰਨ ਤੋਂ ਆਤਮ ਰੱਖਿਆ ਤੱਕ ਦੀ ਸੋਝੀ ਨੇ ਉਸ ਨੂੰ ਬਹੁਤ ਕੁਝ ਨਵਾਂ ਸਿਖਾਇਆ ਹੈ ਅਤੇ ਸਿੱਖਾ ਰਹੀ ਹੈ। ਆਧੁਨਿਕ ਸਿੱਖਿਆ ਦੇ ਖੇਤਰ ਵਿੱਚ ਕਿੱਤਾ ਮੁਖੀ ਸਿਖਲਾਈ ਨੇ ਇੰਜੀਨੀਅਰ, ਡਾਕਟਰ,ਵਕੀਲ, ਸੈਨਿਕ ਅਤੇ ਹੋਰ ਵਰਗ ਬਹੁਤ ਸਫ਼ਲਤਾਪੂਰਵਕ ਤਿਆਰ ਕੀਤੇ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਅਸਹਿਣਸ਼ੀਲਤਾ, ਬੇਰੋਜ਼ਗਾਰੀ, ਅਸਹਿਯੋਗ, ਅਤਿਵਾਦ, ਚੋਰੀ, ਲੁੱਟ ਖੋਹ ਆਦਿ ਵਰਗੀਆਂ ਨਾ ਮੁਰਾਦ ਤਕਲੀਫ਼ਾਂ ਸਮਾਜ ਦੇ ਹਰ ਵਰਗ ਨੂੰ ਸਹਿਣੀਆਂ ਪੈਂਦੀਆਂ ਹਨ। ਕੀ ਅਸੀਂ ਕਦੇ ਵਿਚਾਰ ਕੀਤਾ ਕਿ ਅਜਿਹਾ ਕਿਉਂ ਹੋ ਰਿਹਾ ਹੈ? ਵਧੀਆ ਅਤੇ ਮਹਿੰਗੀ ਸਿੱਖਿਆ ਵਿੱਚ ਬੱਚਾ ਕਿਤਾਬੀ ਗਿਆਨ ਤਾਂ ਹਾਸਲ ਕਰ ਸਕਦਾ ਹੈ ਪਰ ਕੀ ਉਸਦਾ ਨੈਤਿਕ ਵਿਕਾਸ ਵੀ ਹੋ ਰਿਹਾ ਇਸ ਗੱਲ ਵੱਲ ਬਹੁਤ ਘੱਟ ਧਿਆਨ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਮਜ਼ਾਕ-ਮਜ਼ਾਕ ‘ਚ ਸ਼ੁਰੂ ਹੋਈ ‘ਰੈਗਿਂਗ’ ਨੌਜਵਾਨ ਪੀੜ੍ਹੀ ਲਈ ਹੁਣ ਬਣ ਚੁੱਕੀ ਹੈ ‘ਖ਼ਤਰਨਾਕ’

ਬਚਪਨ ਤੋਂ ਘਰ-ਪਰਿਵਾਰ ਦਾ ਸਭ ਤੋਂ ਡੂੰਘਾ ਅਤੇ ਚਿਰਸਥਾਈ ਪ੍ਰਭਾਵ ਬੱਚੇ ਦੇ ਕੋਮਲ ਮਨ ’ਤੇ ਪੈਂਦਾ ਹੈ। ਘਰ ਵਿੱਚ ਕੰਮਚੋਰੀ, ਨਸ਼ੇ, ਲੜਾਈ ਝਗੜੇ, ਆਂਡ-ਗੁਆਂਢ ਨਾਲ ਵਿਹਾਰ, ਪਿੰਡ ਸ਼ਹਿਰ ਜਾਂ ਨਗਰ ਵਿੱਚ ਰਹਿਣ ਸਹਿਣ ਅਤੇ ਤਰੀਕੇ ਦਾ ਬੱਚੇ ’ਤੇ ਬਹੁਤ ਅਸਰ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਮਿਹਨਤੀ, ਦੇਸ਼ ਭਗਤ ਅਤੇ ਉੱਦਮੀ ਪਰਿਵਾਰਾਂ ਵਿੱਚ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਜਨਮ ਲੈਂਦੇ ਹਨ। ਸਿਆਣੇ ਕਹਿੰਦੇ ਹਨ ਬੱਚਾ ਘੁਮਿਆਰ ਦੀ ਗਿੱਲੀ ਮਿੱਟੀ ਵਰਗਾ ਹੁੰਦਾ ਹੈ, ਉਸ ਨੂੰ ਜਿਵੇ ਚਾਹੋ ਆਕਾਰ ਦਿੱਤਾ ਜਾ ਸਕਦਾ ਹੈ। ਇਸ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਸਿੱਖਿਆ ਨੀਤੀਆਂ ਵੀ ਉਲੀਕੀਆਂ ਜਾਂਦੀਆਂ ਹਨ। 

ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖੋਲ੍ਹਣਗੇ ਕਿਸਮਤ ਦੀ ਤੀਜੋਰੀ

ਬੱਚਿਆਂ ਨੂੰ ਭਾਸ਼ਾ ਅਤੇ ਹੋਰ ਵਿਸ਼ਿਆਂ ਦੇ ਨਾਲ ਨਾਲ ਨੈਤਿਕ ਸਿੱਖਿਆ ਨੂੰ ਵੀ ਵਿਸ਼ੇ ਦੇ ਰੂਪ ਵਿੱਚ ਕਹਾਣੀਆਂ ਦੇ ਰੂਪ ਵਿਚ ਪੜ੍ਹਾ ਕੇ ਚੰਗੇ ਗੁਣ ਗ੍ਰਹਿਣ ਕਰਨ ਲਈ ਪ੍ਰੇਰਿਆ ਜਾਣਾ ਜ਼ਰੂਰੀ ਹੈ। ਬੱਚਾ ਘਰ ਦੇ ਮਾਹੌਲ ਤੋਂ ਬਾਹਰ, ਜਦੋਂ ਸਕੂਲ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਕਈ ਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਨਵੇਂ ਤਜਰਬੇ ਹਾਸਲ ਕਰਦਾ ਹੈ। ਨਵੇਂ ਦੋਸਤ ਬਣਾਉਣ ਵਿੱਚ ਰੁਚੀ ਲੈਣ ਲੱਗਦਾ ਹੈ। ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਦੇਖਦਾ ਹੈ, ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਸਭ ਤੋਂ ਵੱਧ ਪਸੰਦ ਕਰਨ ਲੱਗਦਾ ਹੈ, ਜਮਾਤ ਵਿੱਚ ਬਾਕੀ ਬੱਚਿਆਂ ਦਾ ਵਿਹਾਰ ਦੇਖਦਾ ਹੈ, ਕਦੀ ਕਦੀ ਕਈ ਬੱਚੇ ਘਰ ਦੇ ਮਾਹੌਲ ਤੋਂ ਬਾਹਰ ਆ ਕੇ ਅਸੁਰੱਖਿਅਤਾ ਅਤੇ ਘਬਰਾਹਟ ਮਹਿਸੂਸ ਕਰਦੇ ਹਨ, ਅਜਿਹੇ ਬੱਚੇ ਨਹੁੰ, ਪੈਂਸਿਲਾਂ ਜਾਂ ਕਾਗਜ਼ ਚੱਬਣ ਦੇ ਆਦਿ ਹੋ ਜਾਂਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਅਕਸਰ ਜਮਾਤਾਂ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਕੁਝ ਬੱਚੇ ਬਹੁਤ ਹੁਸ਼ਿਆਰ ਹੁੰਦੇ ਹਨ ਅਤੇ ਕੁਝ ਸਮੱਸਿਆਵਾਂ ਹੀ ਸਿਰਜਦੇ ਹਨ ਜਿਵੇਂ ਸਹਿਪਾਠੀਆਂ ਨਾਲ ਲੜਾਈ, ਚੋਰੀ ਕਰਨਾ, ਉੱਚੀ ਬੋਲਣਾ ਜਾਂ ਬਿਲਕੁਲ ਹੀ ਨਾ ਬੋਲਣਾ, ਖਿਲਾਰਾ ਪਾਉਣਾ, ਸਰੀਰ ਅਤੇ ਕੱਪੜਿਆਂ ਦੀ ਸਾਫ਼-ਸਫ਼ਾਈ ਵੱਲ ਧਿਆਨ ਨਾ ਦੇਣਾ, ਗੈਰ ਹਾਜ਼ਰ ਰਹਿਣਾ ਜਾਂ ਜਮਾਤ ਵਿੱਚ ਨਾ ਬਹਿਣਾ, ਬੇ-ਵਜਹ ਸ਼ਿਕਾਇਤਾਂ ਲਗਾਉਣੀਆਂ, ਸਕੂਲ ਦਾ ਕੰਮ ਨਾ ਕਰਨਾ, ਅਧਿਆਪਕ ਅਤੇ ਮਾਪਿਆਂ ਦਾ ਕਹਿਣਾ ਨਾ ਮੰਨਣਾ ਆਦਿ। ਅਜਿਹੀ ਹਾਲਤ ਵਿੱਚ ਬੱਚਿਆਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਦਾ ਕਿ ਬੱਚਾ ਘਰ ਵੀ ਇਹੋ ਜਿਹਾ ਵਿਹਾਰ ਕਰਦਾ ਹੈ ਜਾਂ ਘਰ ਤਾਂ ਬਿਲਕੁਲ ਠੀਕ ਰਹਿੰਦਾ ਹੈ। ਦੋਵੇਂ ਤਰਾਂ ਦੇ ਜਵਾਬ ਮਿਲਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੱਚੇ ਦੇ ਵਿਹਾਰ ਪਿੱਛੇ ਵਿਗਿਆਨ ਅਤੇ ਮਨੋਵਿਗਿਆਨਕ ਕਾਰਨ ਕੀ ਹਨ? ਉਨ੍ਹਾਂ ਕਾਰਨਾ ਨੂੰ ਲੱਭ ਕੇ ਬੱਚਿਆਂ ਨੂੰ ਪਿਆਰ, ਹਮਦਰਦੀ ਅਤੇ ਆਪਣੇਪਨ ਦਾ ਅਹਿਸਾਸ ਕਰਵਾਇਆ ਜਾਵੇ ਅਤੇ ਉਨ੍ਹਾਂ ਦਾ ਹੱਥ ਫੜ ਕੇ ਨੈਤਿਕ ਕਦਰਾਂ ਕੀਮਤਾਂ ਵੱਲ ਲੈ ਕੇ ਜਾਇਆ ਜਾਵੇ। 

ਪੜ੍ਹੋ ਇਹ ਵੀ ਖ਼ਬਰ - ਬਾਲਗ ਮੁੰਡਾ-ਕੁੜੀ 'ਲਿਵ ਇਨ' ’ਚ ਰਹਿਣ ਦੇ ਹੱਕਦਾਰ, ਕਿਸੇ ਨੂੰ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ

ਅਸੀਂ ਕਿਤਾਬੀ ਸਿੱਖਿਆ ਅਤੇ ਡਿਗਰੀਆਂ ਦੇ ਹਿਸਾਬ ਨਾਲ ਸਿੱਖਣ ਦਾ ਮਿਆਰ ਨਹੀਂ ਜਾਂਚ ਸਕਦੇ ਬੱਚੇ/ ਇਨਸਾਨ ਦੇ ਸਮਾਜਿਕ ਵਿਹਾਰ ਤੋਂ ਉਸਦੀ ਸ਼ਖਸੀਅਤ ਦਾ ਅੰਦਾਜ਼ਾ ਹੁੰਦਾ ਹੈ। ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਸਜ਼ਾ ਦੇਣਾ ਠੀਕ ਨਹੀਂ ਇਹ ਸਜਾਵਾਂ ਬੱਚੇ ਨੂੰ ਨਾਗਰਿਕ ਨਹੀਂ ਮੁਜਰਿਮ ਬਣਾ ਸਕਦੀਆਂ ਹਨ ਜਾਂ ਮਾਨਸਿਕ ਰੋਗੀ। ਨੈਤਿਕ ਸਿੱਖਿਆ ਦੇ ਮਾਧਿਅਮ ਨਾਲ ਬੱਚਿਆਂ ਨੂੰ ਸਹਿਯੋਗ, ਸਫ਼ਾਈ, ਵਾਤਾਵਰਣ, ਵੱਡਿਆਂ ਦਾ ਕਹਿਣਾ ਮੰਨਣਾ ਅਤੇ ਸਤਿਕਾਰ ਕਰਨਾ, ਨਸ਼ੇ ਨਾ ਕਰਨਾ, ਮਿਲਵਰਤਣ, ਪਰਿਵਾਰ ਅਤੇ ਦੇਸ਼ ਪ੍ਰੇਮ, ਦੇਸ਼ ਸੇਵਾ, ਘਰ/ ਸਮਾਜ/ ਦੇਸ਼ ਦੀ ਜਾਇਦਾਦ ਦੀ ਸਾਂਭ ਸੰਭਾਲ ਆਦਿ ਵਰਗੇ ਗੁਣ ਸਿਖਾਏ ਜਾ ਸਕਦੇ ਹਨ। ਆਸ ਕਰਦੀ ਹਾਂ ਮੇਰੇ ਦੇਸ਼ ਦੀਆਂ ਕੋਮਲ ਕਲੀਆਂ ਚੰਗੇ ਗੁਣ ਅਪਣਾ ਕੇ ਛਾਂ ਦਾਰ ਬੋਹੜ ਬਣ ਸਕਣਗੀਆਂ।

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਨੋਟ - ਬੱਚਿਆਂ ਦੀ ਸਿੱਖਿਆ ਵਿੱਚ ਨੈਤਿਕ ਸਿੱਖਿਆ ਦਾ ਗਿਆਨ ਹੋਣਾ ਸਹੀ ਹੈ ਜਾਂ ਨਹੀਂ? ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ...


rajwinder kaur

Content Editor

Related News