ਮੈਂ ਵੀ ਸਰਦਾਰ ਨਾ ਹੁੰਦਾ

08/21/2020 6:01:19 PM

ਮੈਂ ਤੇਰੇ ਵਰਗੀਆਂ ਗ਼ਜ਼ਲਾਂ

ਮੈਂ ਤੇਰੇ ਵਰਗੀਆਂ ਗ਼ਜ਼ਲਾਂ, ਸੱਜਣ ਲਿਖ ਜਾਵਾਂ ਕਵਿਤਾਵਾਂ
ਸਹੁੰ ਤੇਰੀ ਮੇਰਾ ਜੀਅ ਕਰਦੈ, ਮੈਂ ਸ਼ਬਦਾਂ ਦੀ ਰੂਹ ਹੋ ਜਾਵਾਂ
ਮੈਂ ਤੇਰੇ ਵਰਗੀਆਂ.........

ਤੱਕ ਸਹੁੱਪਣ ਹੁਸਨ ਜਵਾਨੀ, ਮੈਂ ਹੋ ਜਾਵਾ ਮਸਤ ਕਲੰਦਰ
ਖਿਆਲ਼ਾਂ ਅੰਦਰ, ਨਜ਼ਰਾਂ ਸਾਹਵੇਂ,  ਤੂੰ ਹੀ  ਵਸੇਂ ਮੇਰੇ ਅੰਦਰ
ਤੇਰੇ ਬਿਨ ਕੁੱਝ ਨਜ਼ਰ ਨਾ ਆਵੇ, ਮੈਂ ਹਰ ਚਿਹਰਾ ਭੁੱਲ ਜਾਵਾਂ
ਮੈਂ ਤੇਰੇ ਵਰਗੀਆਂ........

ਤੂੰ ਹੀ ਦਿਲ ਦੀ ਧੜਕਣ, ਦਿਨ ਵੀ ਤੂੰ, ਮੇਰੀ ਰਾਤ ਵੀ ਤੂੰ, 
ਪਾਕਿ ਇਬਾਦਤ ,ਹੱਜ,ਦੁਆ ਹੈਂ, ਔੜ ਵੀ ਤੂੰ ਬਰਸਾਤ ਵੀ ਤੂੰ
ਖਾਕ ਉਡੀ ਮੈਂ ਚੰਦਨ ਬਣ, ਮਸਤੱਕ ਤੇਰਾ ਬਸ ਛੂਹ ਜਾਵਾ
ਮੈਂ ਤੇਰੇ ਵਰਗੀਆਂ....

ਮੈਂ ਤੇ ਮੇਰਾ ਹੀ ਨਾਂ ਹੋਵੇ, ਬੁੱਲੀਆਂ ਤੇ ਗੀਤ ਤੁਰੰਨਮ
ਵਾਲਾਂ ਵਿਚ ਦੀ 'ਵਾ ਬਣ ਲੰਘਾਂ, ਸੌ ਸੌ ਦੇ ਜੁਲਫਾਂ ਨੂੰ ਚੁੰਮਣ
ਨਾਂ ਹਰ ਸਫ਼ਾ ਜ਼ਿੰਦਗ਼ੀ ਦਾ, ਤੇਰੇ ਹੀ ਮੈਂ ਨਾਂ ਕਰ ਜਾਵਾਂ
ਮੈਂ ਤੇਰੇ ਵਰਗੀਆਂ ਗ਼ਜ਼ਲਾਂ.....

ਯਾਦ ਸ਼ੁਦਾਈ ਕਰ ਕਰ ਜਾਵੇ, ਮਹਿਕੇ ਦਿਲ ਦੀ ਟਾਹਣੀ
"ਰੇਤਗੜੵ ਬਾਲੀ" ਤੇਰੇ ਬਾਝੋਂ, ਹੈ ਕੱਖ ਗਲੀਆਂ ਦਾ ਯਾਣੀ
ਹਾਣੀਆਂ, ਮੈਂ ਦਿਲ ਦੇ ਉਪਰ , ਆ ਨਾਮ ਤੇਰਾ ਖੁਣਵਾਵਾਂ
ਮੈਂ ਤੇਰੇ ਵਰਗੀਆਂ ਗ਼ਜ਼ਲਾਂ....


 ਮੈਂ ਵੀ ਸਰਦਾਰ ਨਾ ਹੁੰਦਾ

ਕਰਦਾ ਜੇ ਛਲ਼ ਕਪਟ ਕਦੇ ਮੈਂ, ਮੈਂ ਵੀ ਸਰਦਾਰ ਨਾ ਹੁੰਦਾ
ਹੁੰਦੀ ਦਿੱਖ, ਨੂਰੋ ਨੂਰ ਨਾ ਖਾਲਸ, ਮੈਂ ਵੀ ਸਰਦਾਰ ਨਾ ਹੰਦਾ
ਕਰਦਾ ਜੇ ਛਲ਼ ਕਪਟ....

ਮੈਂ ਕੀ ਹਾਂ ,ਉਪਜਿਆ ਹਾਂ ਕਿਥੋਂ, ਕਿਸ ਸੰਸਕਾਰ ਦੇ ਵਿਚੋਂ
ਨਾਨਕ ਖੁਦ ਹੈ ਬੀਜਿਐ , ਉਗਿਆਂ, ਖੰਡੇ ਧਾਰ ਦੇ ਵਿਚੋਂ 
ਨਿਸ਼ਾਨ ਝੂਲਦੇ ਥਾਂ ਥਾਂ ਕੇਸਰੀ, ਕੌਮ 'ਚ ਜੇ ਗਦਾਰ ਨਾ ਹੁੰਦਾ
ਕਰਦਾ ਜੇ ਛਲ਼ ਕਪਟ....

ਜਬਰ ਜੁਲਮ ਦੀ ਜੜੵ ਪੁੱਟਣੀ, ਗੁੜਤੀ ਇਹੋ ਆਦੇਸ਼ ਹੈ
ਬਾਬਰ ਹੋਵੇ ਜਾਬਰ ਹੋਵੇ,  ਡਰ  ਝੁਕਣਾ ਨਹੀਂ ਸੰਦੇਸ਼ ਹੈ
ਹੁੰਦਾ ਬਾਜ਼ ਕਦੇ ਮੈਂ ਸ਼ੇਰ ਨਾ, ਦਰਾ-ਰਹਿਬਰ ਪਾਰ ਨਾ ਹੁੰਦਾ
ਕਰਦਾ ਜੇ ਛਲ਼ ਕਪਟੀ ਮੈਂ....

ਮੇਰਾ, ਮੇਰੇ ਵਿਚ ਕੁੱਝ ਨਹੀਂ, ਜੋ ਹੈ ਮੇਰੇ ਗੋਬਿੰਦ ਦਾ
ਬਾਣੀ ਉਸਦੀ,ਬਾਣਾ ਉਸਦਾ, ਮੈਂ ਮੇਰੇ, ਬਖਸ਼ਿੰਦ ਦਾ
ਕਰਮ ਉਸਦਾ, ਫ਼ਤਿਹ ਉਸ ਦੀ, ਖੜਗ ਦੋ ਧਾਰ ਨਾ ਹੁੰਦਾ
ਕਰਦਾ ਛਲ਼ ਕਪਟ....

ਉਸਦੀ ਰਹਿਮਤ ਸਦਕੇ ਹੀ ਤਾਂ, ਚੜੵਦੀ ਕਲਾ ਨੇ ਹਾਸੇ 
ਦੁਸ਼ਮਣ ਦੇ ਗੜੵ ਅੰਦਰ ਜਾ ਕੇ, ਸੋਧ ਦਈਏ ਅਰਦਾਸੇ
ਬੰਦਾ ਨਾ, ਨਲ਼ਵਾ ,ਅਕਾਲੀ ਫੂਲਾ, ਲਲ਼ਕਾਰ ਨਾ ਹੁੰਦਾ
ਕਰਦਾ ਛਲ਼ ਕਪਟ....

ਤੂੰ ਸਾਬਤ ਸੂਰਤ ਹੋ "ਬਾਲੀ', ਹਾਜ਼ਰ ਨਾਜ਼ਰ ਗੁਰੂ ਹੈ
"ਰੇਤਗੜੵ" ਹੋ ਦਿਲੋਂ ਉਸਦਾ, ਆਪ ਹੀ ਕਾਦਰ ਗੁਰੂ ਹੈ
ਤੂੰ ਅਦਾਲਤ ਆਪ ਵਕਾਲਤ, ਬਰਖੁਰਦਾਰ ਨਾ ਹੁੰਦਾ
ਕਰਦਾ ਛਲ਼ ਕਪਟ....

ਬਲਜਿੰਦਰ ਸਿੰਘ "ਬਾਲੀ ਰੇਤਗੜੵ"
9465129168

rajwinder kaur

This news is Content Editor rajwinder kaur