ਹੋਲੀ ਖੇਲੂੰਗੀ ਕਹਿ ਬਿਸਮਿਲ੍ਹਾ !

03/21/2019 12:28:49 PM

“ਨਿੱਕੀ ਜਹੀ ਪਿਆਰੀ ਕੁੜੀ ! ਉਹ ਕੁੜੀ ਜਿਹਨੂੰ ਵੇਹੰਦਿਆਂ ਹੀ ਰੱਝਵਾਂ ਪਿਆਰ ਆਉਂਦਾ ਹੈ।ਸਾਰੇ ਉਸ ਕੁੜੀ ‘ਤੇ ਰੰਗ ਸੁੱਟ ਰਹੇ ਹਨ।ਹੌਲੀ ਦਾ ਤਿਉਹਾਰ ਹੈ ਅਤੇ ਕੁੜੀ ਆਪਣੇ ‘ਤੇ ਰੰਗ ਸੁਟਵਾ ਮੁਹੱਲੇ ਦੇ ਆਪਣੇ ਹਮਉਮਰ ਬੱਚਿਆਂ ਦਾ ਰੰਗ ਮੁਕਾ ਦਿੰਦੀ ਹੈ।ਫੇਰ ਉਹ ਆਵਾਜ਼ ਮਾਰਦੀ ਹੈ ਆਪਣੀ ਹੀ ਉਮਰ ਦੇ ਮੁਸਲਮਾਨ ਮੁੰਡੇ ਨੂੰ ਜਿਹੜਾ ਆਪਣੇ ਚਿੱਟੇ ਕਪੜਿਆਂ ਨੂੰ ਪਾ ਨਮਾਜ਼ ਅਦਾ ਕਰਨ ਮਸੀਤ ਜਾਣ ਲਈ ਤਿਆਰ ਹੈ।ਮੁੰਡਾ ਕਹਿੰਦਾ ਹੈ ਕਿ ਨਮਾਜ਼ ਅਦਾ ਕਰਕੇ ਆਉਂਦਾ ਹਾਂ।ਕੁੜੀ ਕਹਿੰਦੀ ਹੈ ਕਿ ਆ ਫੇਰ ਤੈਨੂੰ ਵੀ ਰੰਗਦੇ ਹਾਂ।”
ਰੰਗਾਂ ਦੀ ਇਸ ਕਹਾਣੀ ‘ਚ ਦੁਨੀਆਂ ਬਦਰੰਗ ਹੋ ਰਹੀ ਹੈ।ਇੱਕ ਅਜਬ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ।ਇਸ ਸਰਜ਼ਮੀਨ ‘ਚ ਰੰਗਾਂ ‘ਤੇ ਅਧਿਕਾਰ ਹੋ ਰਹੇ ਹਨ।ਇਹਨਾਂ ਰੰਗਾਂ ‘ਚੋਂ ਬੰਦੇ ਕਿਸੇ ਬੰਦੇ ਦਾ ਇਲਾਕਾ,ਜਾਤ,ਧਰਮ,ਸਮਾਜ ਵੇਖਣ ਲੱਗ ਪਏ ਹਨ।ਸਿਆਸਤ ਅੰਦਰ ਕੇਸਰੀ,ਹਰਾ,ਭਗਵਾ,ਬਸੰਤੀ ਅਤੇ ਨੀਲੇ ਰੰਗ ਲਹਿਰਾ ਰਹੇ ਹਨ।ਇਹੋ ਰੰਗ ਬੰਦਿਆਂ ਦਾ ਸਿਰਨਾਵਾਂ ਬਣਦੇ ਜਾ ਰਹੇ ਹਨ।ਇਸ ਦੁਨੀਆਂ ‘ਚ ਕਿਸੇ ਰੰਗ ‘ਚ ਰੰਗਣਾ ਬੁਰਾ ਨਹੀਂ ਹੈ।ਫਰਕ ਸਿਰਫ ਇਹ ਹੈ ਕਿ ਕਿਸੇ ਰੰਗ ‘ਚ ਰੰਗਦੇ ਹੋਏ ਅਸੀਂ ਕੁਦਰਤ ਦੀ ਉਮੀਦ ਹਾਂ ਜਾਂ ਬਰਬਾਦੀ ਦੇ ਰਾਹੇ ਪੈ ਗਏ ਹਾਂ।
ਪਿਛਲੇ ਦਿਨਾਂ ‘ਚ ਕਪੜੇ ਧੋਣ ਵਾਲੇ ਪਾਊਡਰ ‘ਚ ਖਾਸ ਤਬਕੇ ਨੂੰ ਲਵ ਜਿਹਾਦ ਨਜ਼ਰ ਆਇਆ।ਇਹਨਾਂ ਇਸ਼ਤਿਹਾਰੀ ਅਤੇ ਮਸ਼ਹੂਰੀ ਦੇ ਸੰਸਾਰ ‘ਚ ਕੁਝ ਪੇਸ਼ਕਾਰੀਆਂ ਰੰਗ ਨਸਲ ਭੇਦਭਾਵ ਤੋਂ ਉੱਪਰ ਹੁੰਦੀਆਂ ਹਨ।ਇਸ ਮਸ਼ਹੂਰੀ ਵਿੱਚ ਜੋ ਨਜ਼ਰ ਆਉਂਦਾ ਹੈ ਰੱਬ ਦੀ ਦੁਨੀਆਂ ਤਾਂ ਇਹੋ ਹੈ ਨਿਰੀ ਪੁਰੀ ਮੁਹੱਬਤ,ਬਚਪਨ ਦੇ ਸਹਿਜ ਰਿਸ਼ਤੇ ਜਿੰਨ੍ਹਾ ਨੂੰ ਕਿਸੇ ਵੀ ਨਾਮ ਨਾਲ ਬੰਨ੍ਹਣਾ ਬੇਈਮਾਨੀ ਹੋਵੇਗੀ ਪਰ ਅਸੀਂ ਆਪਣੀ ਜਾਤ,ਧਰਮ,ਨਸਲ,ਖਿਤੇ ਨੂੰ ਲੈਕੇ ਸੁਹਿਰਦ ਨਹੀਂ ਹਾਂ।ਸਗੋਂ ਸਾਡੇ ਅੰਦਰ ਇਹਨਾਂ ਰੰਗਾਂ ਕਰਕੇ ਅਜਬ ਖੌਫ ਹੈ।ਅਸੀਂ ਜਿਹੜੇ ਰੰਗਾਂ ਦੇ ਸੰਸਾਰ ਨਾਲ ਰੂਬਰੂ ਨਹੀਂ ਹੋਏੇ ਉਹ ਤਾਂ ਹੋਰ ਰੰਗ ਹਨ।
ਲਾਲ ਰੰਗੁ ਤਿਸ ਕੋ ਲਗਾ ਜਿਸ ਕੇ ਵਡਭਾਗਾ॥ – ਰਾਗ ਬਿਲਾਵਲ,ਗੁਰੂ ਅਰਜਨ ਦੇਵ ਜੀ ਜਾਂ ਲਾਲੀ ਮੇਰੇ ਲਾਲ ਕੀ,ਜਿਤ ਦੇਖੂ ਤਿਤ ਲਾਲ ਇਨਸਾਨੀਅਤ ਦੇ ਸਹਿਜ ਨਿਸ਼ਾਨਾ ‘ਚ ਸਹਿਜ ਸੁਭਾਅ ਚਲਦੇ ਵਰਤਾਰਿਆਂ ‘ਚ ਕੋਈ ਲਵ ਜਿਹਾਦ ਵੇਖਦਾ ਹੈ ਤਾਂ ਉਹ ਕਾਦਰ ਦੇ ਰੰਗਾਂ ਬਾਰੇ ਕੁਝ ਨਹੀਂ ਜਾਣਦਾ।ਜੇ ਉਹ ਰੰਗਾਂ ਦੇ ਜਲੌਅ ਨੂੰ ਨਹੀਂ ਸਮਝਦਾ ਤਾਂ ਉਹ ਹੌਲੀ ਦੇ ਮਾਇਨੇ ਵੀ ਨਹੀਂ ਸਮਝਦਾ।ਹੌਲੀ ਰੰਗਾਂ ਦਾ ਉਹ ਤਿਆਰ ਹੈ ਜਿਸ ‘ਚ ਰੰਗਾਂ ਨਾਲ ਖੇਡਦਿਆਂ ਜ਼ਿੰਦਗੀ ਦੇ ਰੰਗ ਮਹਿਸੂਸ ਕਰਨਾ ਜੋ ਅਸੀਂ ਆਲੇ ਦੁਆਲੇ ਪਸਰੇ ਅਜਬ ਦਬਾਅ ਅਤੇ ਘੇਰਿਆ ‘ਚ ਅਣਗੋਲੇ ਕਰ ਗਏ ਹਾਂ।

ਇਹਨਾਂ ਰੰਗਾਂ ਦੇ ਖੌਫ ਨੇ ਸਰੀਰ ਦੇ ਰੰਗਾਂ ‘ਚ ਨਸਲੀ ਹਿੰਸਾ ਪੈਦਾ ਕੀਤੀ ਹੈ।ਇਹਨਾਂ ਰੰਗਾਂ ਦੇ ਖੌਫ ਨੇ ਕਪੜਿਆਂ ਮਾਰਫਤ ਬੰਦਿਆਂ ਦੀ ਪਛਾਣ ਤੈਅ ਕੀਤੀ ਹੈ।ਇਹਨਾਂ ਰੰਗਾਂ ਦੇ ਖੌਫ ਨੇ ਬੰਦਿਆਂ ਅੰਦਰ ਦੀ ਹੀਨਤਾ ਨੂੰ ਕੈਸ਼ ਕਰਦਿਆਂ ਪੂਰਾ ਆਰਥਕ ਆਬਾ ਮੰਡਲ ਖੜਾ ਕਰ ਦਿੱਤਾ ਹੈ।ਇਸ ਆਬਾ ਮੰਡਲ ‘ਚ ਗੋਰਿਆਂ ਰੰਗਾਂ ਦੀ ਕਦਰ ਵਿਚਕਾਰ ਗਾਹਕਾਂ ਦੀ ਜ਼ਹਿਨੀਅਤ ‘ਚ 14 ਦਿਨ ‘ਚ ਗੋਰੇ ਹੋਣ ਦੀ ਗੰਢ ਪੱਕੀ ਕੀਤੀ ਹੈ।ਇਹਨਾਂ ਰੰਗਾਂ ਦੇ ਖੌਫ ਨੇ ਸਮੁੱਚੀ ਇਨਸਾਨੀਅਤ ਨੂੰ ਬੇਕਿਰਕ ਹੋਕੇ ਖਲਾਰ ਦਿੱਤਾ ਹੈ।ਜੋ ਨਿਊਜ਼ੀਲੈਂਡ ‘ਚ ਹੋਇਆ ਜਾਂ ਅਜਿਹਾ ਜੋ ਹੋ ਰਿਹਾ ਹੈ ਇਹ ਇਸ ਦੌਰ ਦਾ ਸਭ ਤੋਂ ਬਦਨੁੰਮਾ ਚਿਹਰਾ ਹੈ।ਚਿੱਟੀ ਚਮੜੀ ਦੇ ਗਰੂਰ ‘ਚੋਂ ਪੈਦਾ ਹੋਇਆ ਨਸਲੀ ਅੱਤਵਾਦ ਬੰਦਿਆਂ ਨੂੰ ਅੰਦਰੋਂ ਖੋਖਲਾ ਕਰ ਗਿਆ ਹੈ।ਰੱਬ ਦੀ ਦੁਆ ‘ਚ ਸਿਜਦਾ ਹੁੰਦੇ ਬੰਦਿਆਂ ਨੂੰ ਉਹਨਾਂ ਕਾਰਈਸਟਚਰਚ ਦੀ ਮਸੀਤ ‘ਚ ਬੇਰਹਿਮੀ ਨਾਲ ਭੁੰਨ ਛੱਡਿਆ।ਕਿਸੇ ਖਾਸ ਧਰਮ ਅਤੇ ਪਰਵਾਸ ਕਰ ਰਹੇ ਲੋਕਾਂ ਤੋਂ ਇਹ ਨਸਲੀ ਗਰੂਰ ਖੌਫਜ਼ਦਾ ਕਿਉਂ ਹੈ? ਇਹਨਾਂ ਗੱਲਾਂ ਨੂੰ ਸਮਾਜਿਕ,ਧਾਰਮਿਕ ਅਤੇ ਆਰਥਕ ਵਰਤਾਰਿਆਂ ‘ਚ ਲੱਭਣ ਦੀ ਲੋੜ ਹੈ।
ਰੰਗਾਂ ਦੇ ਬੰਦਿਆਂ ਦੇ ਇਸੇ ਇਸ਼ਕ ਦੀ ਕਹਾਣੀ ਪਿਛਲੇ ਦਿਨੀ ਪੰਜਾਬੀ ਫ਼ਿਲਮ ਕਾਲਾ ਸ਼ਾਹ ਕਾਲਾ ‘ਚ ਬਿਆਨ ਹੋਈ ਸੀ।ਰੰਗ,ਨੈਣ ਨਕਸ਼ ਤੋਂ ਕੁੜੀ ਦਾ ਸੁਹਪਣ ਅਤੇ ਮੁੰਡੇ ਦੇ ਦਰਮਿਆਨੇ ਹੋਣ ਦੀ ਅਜਿਹੀ ਕਹਾਣੀ ‘ਚ ਸਮਾਜ ਦੀ ਸਮੁੱਚੀ ਸਮਝ ਬਿਆਨ ਹੁੰਦੀ ਹੈ।ਫਿਲਮ ਲੌਂਗ ਲਾਚੀ ਇਸੇ ਕਹਾਣੀ ਨੂੰ ਕਹਿਣ ਤੋਂ ਖੁੰਝਦੀ ਹੈ ਅਤੇ ਇਸੇ ਵਿਸਥਾਰ ਨੂੰ ਕਾਲਾ ਸ਼ਾਹ ਕਾਲਾ ਥੌੜ੍ਹਾ ਹੋਰ ਬੇਹਤਰ ਹੋਕੇ ਕਹਿਣ ‘ਚ ਸਫਲ ਰਹੀ ਹੈ।ਨਿਰਦੇਸ਼ਕ ਨੇ ਸਮਾਜ ਦੀ ਅਜਿਹੀ ਸਮਝ ਨੂੰ ਕਾਫੀ ਬਾਰੀਕੀ ਨਾਲ ਪੇਸ਼ ਕੀਤਾ ਹੈ।ਕਪੜੇ ਧੋਣ ਵਾਲੇ ਪਾਊਡਰ ਨੂੰ ਲੈਕੇ,ਫਿਲਮ ਕਾਲਾ ਸ਼ਾਹ ਕਾਲਾ ਵਿਚਲਾ ਸਮਾਜ ਜਾਂ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਚਿੱਟੀ ਚਮੜੀ ਦੇ ਖੌਫ ‘ਚੋਂ ਪੈਦਾ ਹੋਏ ਨਸਲੀ ਅੱਤਵਾਦ ਦਰਮਿਆਨ ਰੰਗਾਂ ਦੀ ਜਿਹੜੀ ਫਿਤਰਤ ਸਮਝ ਆਉਂਦੀ ਹੈ ਉਸ ਦਾ ਜਵਾਬ ਵੀ ਇਸੇ ਸਮਾਜ ‘ਚ ਹੀ ਪਿਆ ਹੈ।ਹੌਲੀ ਦੇ ਪਵਿੱਤਰ ਤਿਉਹਾਰ ਮੌਕੇ ਇਹੋ ਨਬਜ਼ ਤਾਂ ਨੇਕੀ ਦੀ ਬਦੀ ‘ਤੇ ਜਿੱਤ ਦਾ ਪ੍ਰਤੀਕ ਹੈ।
ਸੂਫ਼ੀ ਗਵੱਈਏ ਅਤੇ ਲੇਖਕ ਮਦਨ ਗੋਪਾਲ ਸਿੰਘ ਜ਼ਿਕਰ ਕਰਦੇ ਹਨ ਕਿ ਬਾਬਾ ਬੁਲ੍ਹੇ ਸ਼ਾਹ ਆਪਣੇ ਨਾਮ ਦੇ ਸਈਅਦ ਅਬਦੁੱਲ ਸ਼ਾਹ ‘ਚੋਂ ਤਮਾਮ ਪਛਾਣਾਂ ਕੱਟਦਿਆਂ ਬੁੱਲ੍ਹੇ ਸ਼ਾਹ ‘ਤੇ ਆਕੇ ਆਪਣੇ ਆਪ ਨੂੰ ਰੱਖਦੇ ਹਨ।ਇਹ ਬੇਪਛਾਣਾ ਹੋਣ ‘ਚ ਕਾਦਰ ਦੇ ਰੰਗਾਂ ਦੀ ਪਛਾਣ ਹੈ।ਰੰਗਾਂ ਦੇ ਨਾਮ ‘ਤੇ ਪੈਦਾ ਹੁੰਦੀ ਨਫ਼ਰਤ ਸਹਿਮ ਅਤੇ ਅੱਤਵਾਦ ‘ਚ ਗੰਗਾ ਜਮੁਨਾ ਤਹਿਜ਼ੀਬ ਦੀ ਹੌਲੀ ਨੂੰ ਉੱਚ ( ਹੁਣ ਪਾਕਿਸਤਾਨ ‘ਚ ) ਅਤੇ ਕਸੂਰ ਦੇ ਪੀਰ ਬਾਬਾ ਬੁਲ੍ਹੇ ਸ਼ਾਹ ਦੀ ਨਜ਼ਰ ਤੋਂ ਮਨਾ ਲਈਏ ਤਾਂ ਧਰਮ,ਨਸਲ ਦੇ ਫਰਕ ਮਿਟ ਜਾਣਗੇ।ਬਾਬਾ ਬੁਲ੍ਹੇ ਸ਼ਾਹ ਕਹਿੰਦੇ ਹਨ-
ਹੌਲੀ ਖੇਲੂਂਗੀ ਕਹਿ ਬਿਸਮਿਲ੍ਹਾ !
ਨਫ਼ਰਤ ਦੇ ਇਸ ਦੌਰ ‘ਚ ਕਪੜੇ ਧੋਣ ਵਾਲੇ ਪਾਊਡਰ ਦੀ ਮਸ਼ਹੂਰੀ ‘ਚ ਲਵ ਜਿਹਾਦ ਵੇਖਣ ਵਾਲੇ ਬਾਬਾ ਬੁਲ੍ਹੇ ਸ਼ਾਹ ਦੇ ਇਸ ਜਲੌਅ ਨੂੰ ਸਮਝਣ।ਜਿੱਥੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਚਿੱਟੀ ਚਮੜੀ ਦੇ ਗਰੂਰ ‘ਚੋਂ ਪੈਦਾ ਹੋਏ ਨਸਲੀ ਅੱਤਵਾਦ ਨੇ ਮਸੀਤ ‘ਚ ਇਬਾਦਤ ਕਰਦੇ ਬੰਦਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਉੱਥੇ ਨਿਊਜ਼ੀਲੈਂਡ ਦੇ ਉਹ ਲੋਕ ਸਾਨੂੰ ਰੰਗਾਂ ਦਾ ਜਲੌਅ ਵਧੇਰੇ ਸਮਝਾ ਰਹੇ ਹਨ ਜੋ ਮਸੀਤ ਅੱਗੇ ਖੜ੍ਹਕੇ ਮੁਸਲਮਾਨ ਭਾਈਚਾਰੇ ਨੂੰ ਇਹ ਵਿਸ਼ਵਾਸ਼ ਦਵਾ ਰਹੇ ਹਨ ਕਿ ਇਹ ਧਰਤੀ ਜਿੰਨੀ ਸਾਡੀ ਹੈ ਉਨੀ ਤੁਹਾਡੀ ਵੀ ਹੈ।ਨਿਊਜ਼ੀਲੈਂਡ ਦੇ ਇਹ ਉਮੀਦ ਭਰੇ ਬੰਦੇ ਕਹਿ ਰਹੇ ਹਨ ਕਿ ਤੁਸੀਂ ਨਮਾਜ਼ ਅਦਾ ਕਰੋ ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ।ਇਹ ਲੋਕ ਇਹ ਸੰਦੇਸ਼ ਦੇਣ ‘ਚ ਅੱਗੇ ਆਏ ਹਨ ਕਿ ਧਰਮ,ਰੰਗ,ਨਸਲ ਦੇ ਨਾਮ ‘ਤੇ ਅਸੀਂ ਨਫਰਤ ਦੀ ਗੰਦੀ ਹਵਾ ਨੂੰ ਵਹਿਣ ਨਹੀਂ ਦੇਵਾਂਗੇ।ਇਹ ਬੰਦੇ ਇਹੋ ਕਹਿੰਦੇ ਮਹਿਸੂਸ ਹੋ ਰਹੇ ਹਨ- ਹੌਲੀ ਖੇਲੂਂਗੀ ਕਹਿ ਬਿਸਮਿਲ੍ਹਾ !
ਸੂਫ਼ੀਆਂ ਦੀ ਜ਼ਮੀਨ ‘ਤੇ ਖੜ੍ਹਕੇ ਮਹਿਸੂਸ ਕਰੋ ਹੋਲੀ ਖੇਡਣ ਵਾਲਾ ਰੰਗਾਂ ਦੀ ਰੂਹਾਨੀਅਤ ‘ਚ ਹੈ।ਅਜਿਹੀ ਰੂਹਾਨੀਅਤ ‘ਚ ਹੌਲੀ ਪੂਰੇ ਸਰੂਰ ਨਾਲ ਖੇਡੋ।
ਗੋਕੁਲ ਦੇਖਾ ਮਥੁਰਾ ਦੇਖਾ,ਪੂਰਬ ਦੇਖਾ ਪੱਛਮ ਦੇਖਾ
ਉਤਰ ਦੇਖਾ ਦੱਖਣ ਦੇਖਾ,ਪਰ ਤੋਸਾ ਨਾ ਕੋਈ ਰੰਗ ਦੇਖਾ – ਨਿਜ਼ਾਮੂਦੀਨ ਔਲੀਆ

~ ਹਰਪ੍ਰੀਤ ਸਿੰਘ ਕਾਹਲੋਂ 

jasbir singh

This news is News Editor jasbir singh