ਗੰਗਾ ਸਾਗਰ ਦੇ ਇਤਿਹਾਸ ਦੀ ਕਹਾਣੀ

08/18/2018 5:12:08 PM

ਕਲਗੀਧਰ ਪਾਤਸ਼ਾਹ ਦੀ ਛੋਹ ਪ੍ਰਾਪਤ ਅਤੇ ਉਹਨਾਂ ਦੁਆਰਾ ਬਖ਼ਸ਼ੀ ਹੋਈ ਗੰਗਾ ਸਾਗਰ ਦੀ ਦਾਤ ਕਾਫੀ ਸਮਾਂ ਪਹਿਲਾਂ ਜਦ ਅਜ਼ੀਜ਼ ਉਲਾ ਖਾਨ ਜੀ ਕੈਨੇਡਾ ਦੀ ਫੇਰੀ ਤੇ ਆਏ ਸਨ ਤਾਂ ਪਰਸਨ ਦਾ ਦੇਖਣ ਦਾ, ਜਿਸ ਗੰਗਾ ਸਾਗਰ ਨੂੰ ਗੁਰੂ ਸਾਹਿਬ ਦੇ ਮੁਬਾਰਕ ਹੱਥਾਂ ਦੀ ਛੋਹ ਪ੍ਰਾਪਤ ਹੈ ਤੇ ਉਹਨਾਂ ਮੁਬਾਰਕ ਹੱਥਾਂ ਨੂੰ ਛੋਹ ਲੈਣ ਦੀ ਹਸਰਤ ਤੇ ਉਹ ਛੋਹ ਪ੍ਰਾਪਤ ਹੱਥ ਆਪਣੇ ਸਿਰ ਤੇ ਅਸ਼ੀਵਾਦ ਦੀ ਤਰ੍ਹਾਂ ਰੱਖਣ ਨਾਲ, ਜੋ ਮਨ ਨੂੰ ਸ਼ਾਤੀ ਮਿਲਦੀ ਹੈ ਹੋ । ਇਸ ਦਾ ਅਨੰਦ ਤਾਂ ਉਹ ਹੀ ਵਰਨਣ ਕਰ ਸਕਦਾ ਹੈ ਜਿਸ ਨੇ ਇਹ ਸਭ ਮਹਿਸੂਸ ਕੀਤਾ ਹੋਵੇ। ਇਸ ਸਮੇਂ ਪਾਕਿਸਤਾਨ ਦੇ ਅਜ਼ੀਜ਼ ਉਲਾ ਖਾਨ ਗੰਗਾ ਸਾਗਰ ਦੀ ਸੇਵਾ ਕਰ ਰਹੇ ਹਨ । ਉਹ ਇਸ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਵੱਖ-ਵੱਖ ਦੇਸ਼ਾਂ ਵਿਚ ਲੈ ਕੇ ਜਾਂਦੇ ਹਨ। ਇਸੇ ਲੜੀ ਤਹਿ ਉਹ ਕਾਫੀ ਸਮਾਂ ਪਹਿਲਾਂ ਟਰਾਂਟੋ ਵੀ ਪਹੁੰਚੇ ਸਨ। ਜਿੱਥੇ ਅਜੀਜ ਉਲਾ ਖਾਨ ਸਾਹਿਬ ਨੇ ਇਸ ਗੰਗਾ ਸਾਗਰ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝਿਆਂ ਕੀਤੀ। ਜਿੱਥੇ ਅਜ਼ੀਜ਼ ਉਲਾ ਖਾਨ ਨੇ ਇਸ ਇਸ ਗੰਗਾ ਸਾਗਰ ਦੇ ਪਿਛਲੇ ਇਤਿਹਾਸ ਦੇ ਪੰਨੇ ਫਰੋਲਦੇ ਹੋਏ ਦੱਸਿਆ ਕਿ ਸਿੱਖਾ ਨੇ ਬਹੁਤ ਸ਼ਹੀਦੀਆਂ ਦਿੱਤੀਆਂ ਹਨ ਅਤੇ ਆਪਣੇ ਧਰਮ ਲਈ ਜਾਨਾਂ ਵਾਰੀਆਂ ਹਨ, ਉਹਨਾਂ ਕਿਹਾ ਕਿ ਉਹ ਸਮਾਂ ਬਹੁਤ ਹੀ ਭਿਆਨਕ ਸੀ ਸਾਰੇ ਮਾਛੀਵਾੜੇ ਦੇ ਇਲਾਕੇ ਨੂੰ ਹਕੂਮਤ ਨੇ ਘੇਰਿਆ ਹੋਇਆ ਸੀ, ਪੱਤਾ-ਪੱਤਾ ਗੁਰੂ ਸਾਹਿਬ ਅਤੇ ਸਿੱਖਾਂ ਦਾ ਵੈਰੀ ਹੋਇਆ ਪਿਆ ਸੀ।

ਇਸ ਇਲਾਕੇ 'ਚੋਂ ਗੁਰੂ ਸਾਹਿਬ ਨੂੰ ਨਵੀਂ ਖਾਨ ਅਤੇ ਵਹੀ ਖਾਨ ਦੇ ਨਾਲ ਕੁਝ ਸਿੱਖਾਂ ਨੇ ਮਿਲ ਕੇ ਮੁਸਲਮਾਨਾਂ ਦੇ ਉਚ ਦੇ ਪੀਰ, ਜਿਹਨਾਂ ਦੀ ਉਸ ਸਮੇਂ ਪੰਜਾਬ ਦੇ ਇਲਾਕੇ ਵਿਚ ਬਹੁਤ ਮਾਨਤਾ ਸੀ, ਬਣਾ ਕੇ ਮਾਛੀ ਵਾੜੇ ਦੀਆਂ ਹੱਦਾ ਪਾਰ ਕਰਵਾਇਆ । ਜਿੱਥੇ ਗੁਰੂ ਸਾਹਿਬ ਨਾਲ ਕਈ ਇਸ ਤਰ੍ਹਾ ਦੇ ਟਾਕਰੇ ਹੋਏ ਜਿਹਨਾਂ ਤੋਂ ਬਹੁਤ ਸਾਰੇ ਸਿੰਘ ਅਤੇ ਮੁਸਲਮ ਸਾਥੀ ਡੋਲ ਗਏ ਉਥੇ ਨਵੀਂ ਖਾਨ ਅਤੇ ਵਹੀ ਖਾਨ ਨੇ ਆਪਣਾ ਸਿਦਕ ਕਾਇਮ ਰੱਖਦੇ ਇਹ ਮਹਾਨ ਕਾਰਨਾਮੇ ਨੂੰ ਅੰਜਾਮ ਦਿੱਤਾ, ਜਿਸ ਲਈ ਸਿੱਖ ਕੌਮ ਉਹਨਾਂ ਦੀ ਸਦਾ ਰਿਣੀ ਰਹੇਗੀ । ਇਸ ਤੋਂ ਉਪਰੰਤ ਗੁਰੂ ਸਾਹਿਬ ਰਾਏ ਕੋਟ ਦੇ ਇਲਾਕੇ ਵੱਲ ਆ ਗਏ । ਉਥੇ ਉਹਨਾਂ ਨੂੰ ਰਾਏ ਖਾਨ ਦਾ ਨੌਕਰ ਨੂਰਾ ਮਾਹੀ ਮੱਝਾ ਚਾਰਦਾ ਹੋਇਆ ਮਿਲਿਆ । ਉਸਨੇ ਗੁਰੂ ਸਾਹਿਬ ਨੂੰ ਫਕੀਰ ਜਾਣਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਨੇ ਉਸ ਤੋਂ ਪਾਣੀ ਦੀ ਸੇਵਾ ਵਾਸਤੇ ਕਿਹਾ, ਪਰ ਉਸ ਨੇ ਕਿਹਾ ਕਿ ਬਾਬਾ ਜੀ ਪਾਣੀ ਤਾਂ ਮੇਰੇ ਪਾਸ ਨਹੀਂ ਹੈ ਤਾਂ ਗੁਰੂ ਸਾਹਿਬ ਨੇ ਚੋਜ ਵਰਤਾਂਉਦੇ ਹੋਏ ਕਿਹਾ ਚੱਲ ਫਿਰ ਸਾਨੂੰ ਦੁੱਧ ਹੀ ਪਿਲਾ ਦੇ ਤਾਂ ਫਿਰ ਉਸ ਨੇ ਕਿਹਾ ਕਿ ਬਾਬਾ ਜੀ ਹੁਣੇ ਹੀ ਮੈਂ ਮੱਝਾਂ ਚੋਂਅ ਕੇ ਆਇਆ ਹਾਂ ਇਹਨਾਂ ਨੇ ਦੁੱਧ ਨਹੀਂ ਦੇਣਾ ਅਤੇ ਮੇਰੇ ਕੋਲ ਕੋਈ ਇਸ ਲਈ ਬਰਤਨ ਵੀ ਨਹੀਂ ਹੈ। ਤਾਂ ਗੁਰੂ ਸਾਹਿਬ ਨੇ ਗੰਗਾ ਸਾਗਰ ਉਸ ਵੱਲ ਵਧਾਉਂਦੇ ਹੋਏ ਕਿਹਾ ਅਤੇ ਇਕ ਮੱਝ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਸ ਥੱਲੇਂ ਥਾਪੀ ਦੇ ਕੇ ਬੈਠ ਜਾ ਇਹ ਦੁੱਧ ਦੇ ਦੇਵੇਗੀ, ਉਸ ਨੇ ਗੁਰੂ ਸਾਹਿਬ ਦਾ ਹੁਕਮ ਸਿਰ ਮੱਥੇ ਮੰਨਿਆ । ਜਿਸ ਗੰਗਾ ਸਾਗਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਰਾਏ ਖਾਨ ਭਾਂਵ ਮੇਰੇ ਪਰਿਵਾਰ ਨੂੰ ਗੁਰੂ ਸਾਹਿਬ ਦੀ ਅਨੋਮਲ ਬਖ਼ਸ਼ਿਸ ਹੈ। ਗੰਗਾ ਸਾਗਰ ਵਿਚ ਗਲੀਆਂ ਹੁੰਦੇ ਹੋਏ ਵੀ ਇਸ ਵਿਚੋਂ ਦੁੱਧ ਬਾਹਰ ਨਹੀਂ ਡੁਲਿਆ ਜਿਸ ਨੂੰ ਦੇਖ ਕੇ ਨੌਕਰ ਹੈਰਾਨ ਰਹਿ ਗਿਆ ਸੀ ਤੇ ਉਹ ਰਾਏ ਸਾਹਿਬ ਕੋਲ ਭੱਜ ਕੇ ਗਿਆ ਅਤੇ ਇਸ ਕੌਤਕ ਬਾਰੇ ਜਾ ਦੱਸਿਆ ਕਿ ਕੋਈ ਰੱਬ ਦਾ ਪਿਆਰਾ ਬੰਦਾ ਬਾਹਰ ਆਇਆ ਹੈ। ਰਾਏ ਸਾਹਿਬ, ਜੋ ਉਸ ਸਮੇਂ 1300 ਪਿੰਡਾ ਤੇ ਰਾਜ ਕਰ ਰਹੇ ਸਨ, ਇਹ ਸੁਣਦੇ ਸਾਰ ਹੀ ਗੁਰੂ ਸਾਹਿਬ ਵੱਲ ਨੂੰ ਭੱਜ ਤੁਰੇ ਜਾ ਕੇ ਸੀਸ ਝੁਕਾਇਆ ਅਤੇ ਨਮਸਕਾਰਾਂ ਕੀਤੀਆ ਉਹਨਾਂ ਨੇ ਗੁਰੂ ਸਾਹਿਬ ਨੂੰ ਪਛਾਣ ਲਿਆਂ , ਉਹਨਾਂ ਨੂੰ ਆਪਣੇ ਘਰ ਲੈ ਗਏ, ਜਿੱਥੇ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਕੀਤੀ। ਗੁਰੂ ਸਾਹਿਬ ਨੇ ਰਾਏ ਸਾਹਿਬ ਨੂੰ ਕਿਹਾ ਕਿ ਕੋਈ ਭਰੋਸੇ ਮੰਦ ਬੰਦਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆ ਦੀ ਖ਼ਬਰ ਲੈਣ ਲਈ ਭੇਜੋ, ਭਰੋਸੇ ਮੰਦ ਇਸ ਕਰਕੇ ਕਿਉਂਕਿ ਉਸ ਸਮੇਂ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਅਤੇ ਉਹਨਾਂ ਦੇ ਪਰਿਵਾਰ ਦਾ ਨਾਂ ਲੈਣਾ ਵੀ ਇਕ ਤਰ੍ਹਾਂ ਨਾਲ ਜੁਰਮ ਮੰਨਿਆ ਜਾਂਦਾ ਸੀ। ਰਾਏ ਸਾਹਿਬ ਨੇ ਆਪਣੇ ਨੌਕਰ ਨੂੰ ਸਰਹੰਦ ਵੱਲ ਭੇਜਿਆ ਜਿਸ ਦੀ ਭੈਣ ਸਰਹੰਦ 'ਚ ਵਿਆਹੀ ਹੋਈ ਸੀ। ਜਿੱਥੇ ਉਹਨਾਂ ਨੂੰ ਖ਼ਬਰ ਮਿਲੀ ਕਿ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਂਹਾ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਹਨ। ਮਾਤਾ     ਗੁਜਰੀ ਜੀ ਵੀ ਚੋਲਾ ਬਦਲ ਗਏ ਹਨ । ਇਹ ਖ਼ਬਰ ਰਾਏ ਸਾਹਿਬ ਦੇ ਨੌਕਰ ਵਲੋਂ ਰਾਏ ਸਾਹਿਬ ਦੇ ਸਥਾਨ ਤੇ ਦਿੱਤੀ ਗਈ ਸੀ । ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਗੁਰੂ ਸਾਹਿਬ ਨੇ ਜਦੋਂ ਸੁਣਿਆ ਕੇ ਉਹ ਸ਼ਹੀਦੀ ਪ੍ਰਾਪਤ ਕਰ ਚੁਕੇ ਹਨ ਤਾਂ ਉਹਨਾਂ ਨੇ ਉਸ ਸਮੇਂ ਇਕ ਤੀਰ ਨਾਲ ਕਾਹੀ ਦਾ ਬੁਟਾ ਪੁੱਟਕੇ ਬਚਨ ਕੀਤਾ ਕਿ ਅੱਜ ਤੋਂ ਜਾਲਮਾਂ ਦੀ ਹਕੂਮਤ ਵੀ ਪੱਟੀ ਗਈ ਸਮਝੋਂ । ਗੁਰੂ ਸਾਹਿਬ ਕੁਝ ਸਮਾਂ ਇੱਥੇ ਠਹਿਰੇ ਅਤੇ ਚਲਦੇ ਸਮੇਂ ਕਲਗੀਧਰ ਪਾਤਸ਼ਾਹ ਨੇ ਰਾਏ

ਸਾਹਿਬ ਜੋ ਉਸ ਸਮੇਂ ਜਮੀਨ ਜਾਇਦਾਦ , ਧਰਮ ਦਾ ਮਾਲਿਕ ਸੀ ਅਤੇ ਉਹਨਾਂ ਦੇ ਪਰੀਵਾਰ ਵਲੋਂ ਉਹਨਾਂ ਦੀ ਕੀਤੀ ਸੇਵਾ ਅਤੇ ਬਹਾਦਰੀ ਤੋਂ ਖੁਸ਼ ਹੋ ਕੇ ਤਿੰਨ ਚੀਜ਼ਾਂ ਨਿਸ਼ਾਨੀ ਵਜੋਂ ਦਿੱਤੀਆਂ ਜਿਹਨਾਂ ਵਿਚ ਇਹ ਇਕ ਗੰਗਾ ਸਾਗਰ , ਦੂਜੀ ਸਿਰੀ ਸਾਹਿਬ ਅਤੇ ਤੀਜੀ ਪੋਥੀ ਬਖ਼ਸ਼ਿਸ ਕੀਤੀ ।ਅੱਜ ਜਦੋਂ ਵੀ ਅਸੀਂ ਰਾਏ ਜੀ ਦਾ ਨਾਂ ਲੈਂਦੇ ਹਾਂ ਤਾਂ ਸਾਡਾ ਸਿਰ ਫਖ਼ਰ ਨਾਲ ਉਚਾ ਹੋ ਜਾਂਦਾ ਹੈ ਕਿ ਉਹਨਾਂ ਨੇ ਕਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ ਸੀ ਤੇ ਉਹਨਾਂ ਨੂੰ ਉਹਨਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੈ, ਇਸ ਦੇ ਨਾਲ-ਨਾਲ ਰਾਏ ਸਾਹਿਬ ਨੇ ਆਪਣੇ ਪਰਿਵਾਰ ਅਤੇ ਬੱਚਿਆ ਦਾ ਜੀਵਨ ਵੀ ਗੁਰੂ ਸਾਹਿਬ ਲਈ ਦਾਅ ਤੇ ਲੱਗਾ ਦਿੱਤਾ, ਜੋ ਮੇਰੇ ਆਪਣੇ ਵੱਡੇ ਵਡੇਰੇ ਸਨ ਉਹਨਾਂ ਨੇ ਬੇਇਨਸਾਫ਼ੀ ਲਈ ਸਭ ਕੁਝ ਦਾਅ ਤੇ ਲੱਗਾ ਦਿੱਤਾ ਸੀ , ਜੋ ਮੇਰਾ ਪਰਿਵਾਰ ਸੀ ਜਿਸ ਕਰਕੇ ਅੱਜ ਸਾਡਾ ਸਿਰ ਮਾਣ ਨਾਲ ਉਚਾ ਹੋ ਜਾਂਦਾ ਹੈ ਜਦੋਂ ਵੀ ਅਸੀਂ ਕਦੇ ਇਸ ਇਤਿਹਾਸ ਨੂੰ ਇਕ ਵਾਰ ਫਿਰ ਤੋਂ ਯਾਦ ਕਰਦੇ ਹਾਂ। ਉਹਨਾਂ ਨੇ ਗੰਗਾ ਸਾਗਰ ਵਾਰੇ ਹੋਰ ਦੱਸਦੇ ਹੋਏ ਕਿਹਾ ਕਿ ਇਸ ਵਿਚ ਰੇਤ ਪਾਉ ਤਾਂ ਉਹ ਕਿਰਦੀ ਹੈ ਪਰ ਪਾਣੀ-ਦੁੱਧ ਪਾਉ ਤਾਂ ਪਹਿਲਾਂ ਕੁਝ ਤਿਪਕੇ ਨਿਕਲਦੇ ਹਨ ਫਿਰ ਇਕ ਤਿਪਕਾ ਵੀ ਨਹੀਂ ਡੁਲਦਾ, ਜੋ ਗੁਰੂ ਸਾਹਿਬ ਦੇ ਕ੍ਰਿਸ਼ਮੇ ਦੀ ਸ਼ਕਤੀ ਦਾ ਇੱਕ ਚਿੰਨ ਹੈ। ਮੈਨੂੰ ਅਤੇ ਮੇਰੇ ਪਰੀਵਾਰ ਨੂੰ ਸਿਰਫ ਇਸ ਗੱਲ ਤੇ ਮਾਣ ਹੈ ਕਿ ਇਹਨਾਂ ਤਿੰਨੋਂ ਵਸਤਾਂ ਨੂੰ ਗੁਰੂ ਸਾਹਿਬ ਦੇ ਮੁਬਾਰਕ ਹੱਥਾਂ ਦੀ ਛੋਹ ਪ੍ਰਾਪਤ ਹੈ। ਉਹਨਾਂ ਕਿਹਾ ਕਿ 1947 ਤੋਂ ਪਹਿਲਾਂ ਮੇਰੇ ਪਿਤਾ ਜੀ ਰਾਏਕੋਟ ਵਿਚ ਹੁੰਦੇ ਸਨ ਜੋ ਮੇਰੇ ਦਾਦੇ ਪੜਦਾਦਿਆਂ ਨੇ 1465 ਵਿਚ ਵਸਾਇਆ ਸੀ ਪਰ 47 Ḕਚ ਉਹ ਪਾਕਿਸਤਾਨ ਵਿਚ ਚਲੇ ਗਏ, 250 ਸਾਲ ਤੱਕ ਮੇਰੇ ਬਜੁਰਗਾ ਨੇ ਰਾਏ ਕੋਟ ਤਲਵੰਡੀ ਦੀ ਰਿਆਸਤ ਤੇ ਰਾਜ ਕੀਤਾ।  ਉਹਨਾਂ ਨੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਸਾਡੀਆ ਪਿਛਲੀਆਂ 9 ਪੀੜ੍ਹੀਆ ਤੋਂ ਸਾਡੇ ਘਰ ਇਕ ਹੀ ਬੇਟਾ ਜਨਮ ਲੈਂਦਾ ਹੈ ਤੇ ਮੈਂ ਵੀ ਇਕ ਹੀ ਹਾਂ ਤੇ ਅੱਗੇ ਮੇਰੇ ਵੀ ਇਕੋ ਹੀ ਬੇਟਾ ਹੈ। ਮੇਰਾ 1965 ਵਿਚ ਜਨਮ ਹੋਇਆ, ਮੈ 4 ਸਾਲ ਦਾ ਸੀ ਤੇ ਮੇਰੇ ਮਾਤਾ ਜੀ ਚੱਲ ਵਸੇ , 6 ਸਾਲ ਦਾ ਹੋਇਆ ਤਾਂ ਪਿਤਾ ਜੀ ਚੱਲ ਵਸੇ, ਕੋਈ ਚਾਚਾ ਤਾਂਇਆ ਨਹੀਂ ਸੀ, ਦਾਦੀ ਨੇ ਪਾਲਣ ਪੋਸ਼ਨ ਕੀਤਾ, 24 ਸਾਲਾਂ ਦਾ ਹੋਇਆ ਤਾਂ ਉਹ ਵੀ ਚੱਲ ਵਸੇ, ਇਹਨਾਂ 24 ਸਾਲਾਂ ਵਿਚ ਦਾਦੀ ਮਾਂ ਨੇ ਮੈਨੂੰ ਇਸ ਗੁਰੂ ਸਾਹਿਬ ਵਲੋਂ ਬਖ਼ਸ਼ੀ ਅਨਮੋਲ ਚੀਜ਼ ਗੰਗਾ ਸਾਗਰ ਬਾਰੇ ਦੱਸਿਆ,ਉਹ ਕਿਸੇ ਨੂੰ ਵੀ ਹੱਥ ਨਹੀਂ ਸੀ ਲਾਉਣ ਦਿੰਦੇ ਕਿ ਕਿਤੇ ਇਸ ਦੀ ਬੇਅਦਬੀ ਨਾ ਹੋ ਜਾਵੇ।

ਮੇਰੀ 24 ਸਾਲਾਂ ਦੀ ਉਮਰ ਤੱਕ ਸਿਰਫ ਇਸ ਨੂੰ 2 ਵਾਰ ਹੱਥ ਲਾਉਣ ਦਿੱਤਾ ਸੀ, ਭਾਵੇ ਮੈਂ ਇਸ ਦਾ ਉਹਨਾਂ ਤੋਂ ਬਾਅਦ ਵਾਰਿਸ ਸੀ। ਰਾਏ ਅਜੀਜ ਉਲਾ ਖਾਨ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਿੰਨੀ ਕੋ ਵੀ ਗੁਰੂ ਸਾਹਿਬ ਨੇ ਸਮੱਤ, ਸਮਝ ਸੋਝੀ ਬਖਸ਼ੀ ਹੋਈ ਹੈ ਉਸ ਤੋਂ ਵੀ ਕਿਤੇ ਵਧ ਮੈਂ ਇਸ ਗੰਗਾ ਸਾਗਰ ਦੀ ਦੇਖ ਭਾਲ ਕਰਨ ਦੀ ਕੋਸ਼ਿਸ ਕਰ ਰਿਹਾ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਚੀਜ਼ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇਂ, ਉਸ ਦੀ ਕਦੇ ਵੀ ਚੰਗੀ ਤਰ੍ਹਾਂ ਦੇਖ ਭਾਲ ਨਹੀਂ ਹੋ ਸਕਦੀ ਜਦੋਂ ਤੱਕ ਉਸ ਪ੍ਰਤੀ ਤੁਹਾਡੇ ਮੰਨ ਵਿਚ ਸੱਚੀ ਤੇ ਸੁਚੀ ਭਾਵਨਾਂ ਨਹੀਂ ਹੈ। 
ਸੁਰਜੀਤ ਸਿੰਘ ਫਲੋਰਾ