ਪੱਗ ਦਾ ਇਤਿਹਾਸ ਅਤੇ ਮਹੱਤਤਾ

08/19/2023 6:24:13 PM

ਕੇਸਾਧਾਰੀ ਹੋ ਕੇ ਕੇਸਾਂ ਦੀ ਸੰਭਾਲ ਕਰਨਾ ਤੇ ਪੱਗ ਬੰਨ੍ਹਣਾ ਸਿਰਫ਼ ਸਿੱਖ ਧਰਮ ਵਿੱਚ ਹੀ ਨਹੀਂ ਬਲਕਿ ਸੰਸਾਰ ਦੇ ਹੋਰ ਧਰਮਾਂ 'ਚ ਵੀ ਇਹ ਪੁਰਾਤਨ ਰਵਾਇਤ ਰਹਿ ਚੁੱਕੀ ਹੈ। ਪੱਗ ਕਿਸੇ ਨਾ ਕਿਸੇ ਰੂਪ ਵਿੱਚ ਈਸਾਈ, ਯਹੂਦੀ, ਮੁਸਲਮਾਨ, ਹਿੰਦੂਆਂ ਅਤੇ ਸਿੱਖਾਂ ਦੇ ਸਿਰਾਂ ਦਾ ਤਾਜ਼ ਰਹੀ ਹੈ ਅਤੇ ਅੱਜ ਵੀ ਹੈ। ਕਈ ਫਿਰਕਿਆਂ ਵਿੱਚ ਤਾਂ ਅੱਜ ਵੀ ਪੱਗ ਬੰਨਣ ਦਾ ਰਿਵਾਜ ਹੈ। ਈਸਾਈਆਂ ਦੇ ਪਵਿੱਤਰ ਧਰਮ ਗ੍ਰੰਥ ਬਾਈਬਲ ਵਿੱਚ ਪੱਗ ਬੰਨਣ ਦਾ ਜ਼ਿਕਰ ਕਈ ਵਾਰ ਆਇਆ ਹੈ। ਬਾਈਬਲ ਦੇ ਚੈਪਟਰ 'ਕੂਚ' ਦੇ 28 ਨੰਬਰ ਪੰਨੇ 'ਤੇ ਜ਼ਿਕਰ ਹੈ "ਤੂੰ ਆਪਣੇ ਭਰਾ ਲਈ ਪੁਰੋਹਿਤਾਈ ਦੇ ਕੱਪੜੇ ਬਣਾ, ਜੋ ਵੇਖਣ ਵਿੱਚ ਗੌਰਵਸ਼ਾਲੀ ਅਤੇ ਸੁੰਦਰ ਹੋਣ...ਉਹ ਕੱਪੜੇ ਇਹ ਹਨ; ਛਾਤੀ 'ਤੇ ਬੰਨ੍ਹਣ ਵਾਲਾ ਪਟਕਾ, ਇਕ ਟਿਊਨਿਕ, ਇਕ ਕੱਢਿਆ ਹੋਇਆ ਕੁੜਤਾ, ਇਕ ਪਗੜੀ ਅਤੇ ਇਕ ਲੱਕ ਦੁਆਲੇ ਬੰਨਣ ਲਈ ਪੇਟੀ...।"

ਪੁਰਾਤਨ ਅਹਿਦਨਾਮੇ ਵਿੱਚ ਜ਼ਿਕਰ ਮਿਲਦਾ ਹੈ ਕਿ ਮਨੁੱਖ ਨੂੰ ਮਲਮਲ ਦੀ ਦਸਤਾਰ ਸਜਾ ਕੇ ਦਰਬਾਰ ਵਿੱਚ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਵਿਸ਼ਵ ਬੁੱਕ "ਇਨਸਾਈਕਲੋਪੀਡੀਆ" ਦੇ ਭਾਗ 14 ਅਨੁਸਾਰ "ਇਕ ਮੌਕੇ ਤੁਰਕੀ ਦਾ ਸੁਲਤਾਨ ਪੱਗ ਉੱਪਰ ਸਾਰਸ ਦੇ ਤਿੰਨ ਖੰਭ ਲਾਉਂਦਾ ਸੀ ਅਤੇ ਕੀਮਤੀ ਹੀਰੇ ਸਜਾਉਂਦਾ ਸੀ। ਉਸਦੇ ਸ਼ਾਹੀ ਵਜ਼ੀਰ ਦੋ ਖੰਭ, ਜਦਕਿ ਸਧਾਰਨ ਸਰਕਾਰੀ ਅਫ਼ਸਰ ਸਿਰਫ਼ ਇਕ ਖੰਭ ਲਗਾਉਂਦੇ ਸਨ।" ਇਤਨਾ ਹੀ ਨਹੀ 'ਇਨਸਾਈਕਲੋਪੀਡੀਆ ਆਫ ਇਸਲਾਮ' ਦੇ 84 ਨੰਬਰ ਸਫੇ 'ਤੇ ਵੀ ਪੱਗ ਬਾਰੇ ਜ਼ਿਕਰ ਮਿਲਦਾ ਹੈ ਕਿ ਕਿਸ ਤਰ੍ਹਾਂ ਤੁਰਕੀ, ਸੀਰੀਆ, ਮਿਸਰ ਆਦਿ ਦੇਸ਼ਾਂ ਦੇ ਲੋਕ ਪੱਗ ਦਾ ਬਹੁਤ ਸਤਿਕਾਰ ਕਰਦੇ ਸਨ। ਇਸ ਗੱਲ 'ਤੇ ਸਾਰੇ ਵਿਦਵਾਨ ਸਹਿਮਤੀ ਪ੍ਰਗਟ ਕਰਦੇ ਹਨ ਕਿ ਪੱਗ ਦਾ ਮੁੱਢ ਯਹੂਦੀਆਂ ਅਤੇ ਅਰਬੀਆਂ ਤੋਂ ਹੀ ਹੋਇਆ ਹੈ।

ਪੱਗ ਨੂੰ ਪੰਜਾਬੀ ਵਿੱਚ 'ਸਾਫਾ, ਪੱਗੜੀ ਜਾਂ ਦਸਤਾਰ ਆਖਿਆ ਜਾਂਦਾ ਹੈ। ਫਾਰਸੀ ਵਿੱਚ 'ਦੁਲਬੰਦ', ਤੁਰਕੀ ਵਿੱਚ 'ਤਾਰਬੁਸ਼' ਆਖਿਆ ਜਾਂਦਾ ਹੈ। ਅੰਗਰੇਜ਼ੀ ਵਿੱਚ 'ਟਰਬਨ', ਫਰਾਂਸੀਸੀ ਵਿੱਚ 'ਟਬੰਦ' ਕਿਹਾ ਜਾਂਦਾ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਵੱਖ-ਵੱਖ ਧਰਮਾਂ ਦੇ ਪੈਗੰਬਰ, ਮੁਖੀ ਅਤੇ ਕਈ ਦੇਸ਼ਾਂ ਦੇ ਰਾਜੇ ਵੀ ਪੱਗ ਬੰਨ੍ਹਿਆ ਕਰਦੇ ਸਨ। ਪੱਗ ਨੂੰ ਸਿਰ ਦੇ ਤਾਜ਼ ਦਾ ਦਰਜਾ ਦਿੱਤਾ ਗਿਆ ਹੈ। ਬਾਬਾ ਫਰੀਦ ਜੀ 12ਵੀਂ ਸਦੀ 'ਚ ਹੋਏ ਹਨ। ਉਨ੍ਹਾਂ ਦਾ ਇਕ ਸਲੋਕ "ਫਰੀਦਾ ਮੈ ਭੋਲਾਵਾ ਪਗ ਦਾ ਮਤਿ ਮੈਲੀ ਹੋਇ ਜਾਇ" ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਸ ਗਲ ਦੀ ਗਵਾਹੀ ਭਰਦਾ ਹੈ ਕਿ ਉਦੋਂ ਮੁਸਲਮਾਨ ਲੋਕ ਵੀ ਪੱਗ ਦਾ ਸਤਿਕਾਰ ਕਰਦੇ ਸਨ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦਾ ਸ਼ਬਦ ਹੈ "ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ" ਅਤੇ "..ਸਾਬਤ ਸੂਰਤਿ ਦਸਤਾਰ ਸਿਰਾ" ਗੁਰੂ ਅਰਜਨ ਸਾਹਿਬ ਜੀ ਸ਼ਬਦ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੱਗ ਬੰਨ੍ਹਣ ਦਾ ਰਿਵਾਜ ਉਸ ਸਮੇਂ ਵੀ ਸੀ। 

ਇਤਨਾ ਹੀ ਗੁਰੂ ਕਾਲ ਸਮੇਂ ਹੋਏ ਬਾਦਸ਼ਾਹ ਜਿੱਥੇ ਦਸਤਾਰ ਸਜਾਉਂਦੇ ਸਨ, ਉਥੇ ਹੀ ਉਹ ਆਪਣੇ ਦਰਬਾਰੀਆਂ ਅਤੇ ਅਹਿਲਕਾਰਾਂ ਨੂੰ ਹੁਕਮ ਕਰਦੇ ਸਨ ਕਿ ਸੋਹਣੀ ਪੱਗ ਬੰਨ੍ਹਿਆ ਕਰਨ। ਇਕ ਉਦਹਾਰਨ ਅਕਬਰ ਸਮੇਂ ਦੀ ਮਿਲਦੀ ਹੈ ਕਿ ਬਾਦਸ਼ਾਹ ਨੇ ਚੰਗੀ ਅਤੇ ਮਾੜੀ ਪੱਗ ਦਾ ਮੁਕਾਬਲਾ ਬੀਰਬਲ ਦਾ ਮੁੱਲਾਂ ਦੁਪਿਆਜ਼ਾ ਨਾਲ ਕਰਵਾਇਆ। ਮੁੱਲਾਂ ਦੁਪਿਆਜ਼ਾ ਅਰਬ ਦਾ ਜੰਮਪਲ ਹੋਣ ਕਰਕੇ ਪੱਗ ਬੰਨ੍ਹਣ ਵਿੱਚ ਬੜਾ ਮਾਹਿਰ ਸੀ। ਬੀਰਬਲ ਦਿੱਲੀ ਦਾ ਵਸਨੀਕ ਸੀ। ਇਸ ਕਰਕੇ ਉਸਨੂੰ ਪੱਗ ਬੰਨ੍ਹਣੀ ਨਹੀਂ ਸੀ ਆਉਂਦੀ। ਉਹ ਦੋਵੇਂ ਘਰੋਂ ਸੋਹਣੀਆਂ ਪੱਗਾਂ ਬੰਨ ਕੇ ਆ ਗਏ। ਫਿਰ ਅਕਬਰ ਨੇ ਦੁਬਾਰਾ ਪੱਗਾਂ ਦਰਬਾਰ 'ਚ ਆਪਣੇ ਸਾਹਮਣੇ ਬੰਨ੍ਹਵਾਈਆਂ ਤੇ ਮੁੱਲਾਂ ਦੁਪਿਆਜ਼ਾ ਸੋਹਣੀ ਪੱਗ ਬੰਨ੍ਹਣ ਕਾਰਨ ਜਿੱਤ ਗਿਆ। ਇਤਨਾ ਹੀ ਨਹੀਂ ਅਕਬਰ ਦੀ ਤਰ੍ਹਾਂ ਜਹਾਂਗੀਰ ਨੇ ਵੀ ਦਰਬਾਰੀਆਂ ਦੀ ਸੋਹਣੀ ਪੱਗ ਬੰਨ੍ਹਣ 'ਤੇ ਬਹੁਤ ਜੋਰ ਦਿੱਤਾ। ਜਹਾਂਗੀਰ ਦੀ ਮੁਕਾਬਲੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰੀ ਢਾਡੀ ਅਬਦੁੱਲੇ ਨੇ ਗੁਰੂ ਸਾਹਿਬ ਦੇ ਬੰਨ੍ਹੀ ਸੋਹਣੀ ਦਸਤਾਰ ਨੂੰ ਇਨ੍ਹਾਂ ਸ਼ਬਦਾਂ ਨਾਲ ਸਲਾਹਿਆ ਹੈ:-
ਦੋ ਤਲਵਾਰੀਂ ਬੱਧੀਆਂ, ਇਕ ਮੀਰ ਦੀ ਇਕ ਪੀਰ ਦੀ। ਇਕ ਅਜ਼ਮਤ ਦੀ ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।..
ਪੱਗ ਤੇਰੀ ,ਕੀ ਜਹਾਂਗੀਰ ਦੀ।

ਸਿੱਖ ਧਰਮ ਵਿੱਚ ਪੱਗ ਪਹਿਲੇ ਗੁਰੂ ਦੇ ਸਮੇਂ ਤੋਂ ਹੀ ਬੰਨੀ ਜਾਂਦੀ ਰਹੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ 1699 ਦੀ ਵਿਸਾਖੀ ਨੂੰ ਸਿੱਖਾਂ ਦੀ ਵੱਖਰੀ ਪਛਾਣ ਦੇਣ ਲਈ ਕੇਸਾਂ ਲਈ ਦਸਤਾਰ (ਪੱਗ) ਲਾਜ਼ਮੀ ਕਰ ਦਿੱਤੀ। ਪਾਉਂਟਾ ਸਾਹਿਬ ਵਿਖੇ "ਗੁਰਦੁਆਰਾ ਦਸਤਾਰ ਅਸਥਾਨ" ਦਾ ਇਤਿਹਾਸ ਇਹ ਦੱਸਦਾ ਹੈ ਕਿ ਗੁਰੂ ਸਾਹਿਬ ਉਥੇ ਸੋਹਣੀਆਂ ਦਸਤਾਰਾਂ ਦੇ ਮੁਕਾਬਲੇ ਕਰਵਾ ਕੇ ਜੇਤੂਆਂ ਨੂੰ ਸਨਮਾਨ ਦਿੰਦੇ ਹੁੰਦੇ ਸੀ। ਪੱਗ ਲਈ ਜਿੰਨੀਆਂ ਕੁਰਬਾਨੀਆਂ ਸਿੱਖ ਧਰਮ 'ਚ ਮਿਲਦੀਆਂ ਹਨ, ਉਨ੍ਹੀਆਂ ਕਿਸੇ ਹੋਰ ਧਰਮ 'ਚ ਨਹੀਂ। ਸਮੇਂ ਦੇ ਬਦਲਾਅ ਕਾਰਨ ਬਾਕੀ ਧਰਮਾਂ ਵਿੱਚ ਤਾਂ ਪੱਗੜੀ ਦਾ ਰਿਵਾਜ ਬਹੁਤ ਘੱਟ ਗਿਆ ਹੈ ਅਤੇ ਟੋਪੀ ਦਾ ਰਿਵਾਜ਼ ਚੱਲ ਪਿਆ ਪਰੰਤੂ ਸਿੱਖ ਧਰਮ ਵਿੱਚ ਅਜਿਹਾ ਨਹੀਂ। ਮੁਗ਼ਲ ਕਾਲ ਦੌਰਾਨ ਸਿੱਖਾਂ ਨੂੰ ਕੇਸ ਅਤੇ ਦਸਤਾਰ ਲਈ ਅਨੇਕ ਕੁਰਬਾਨੀਆਂ ਦੇਣੀਆਂ ਪਈਆਂ। ਭਾਈ ਤਾਰੂ ਸਿੰਘ ਦੀ ਸ਼ਹੀਦੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ।"ਇਕ ਵਾਰ ਭਾਈ ਸੁਖਾ ਸਿੰਘ ਦੀ ਮਾਂ ਨੇ ਮੁਗਲਾਂ ਦੇ ਡਰ ਤੋਂ ਸੁਤੇ ਪਏ ਦੇ ਕੇਸ ਕੱਟ ਦਿੱਤੇ। ਜਦੋਂ ਸਵੇਰ ਹੋਈ ਤਾਂ ਭਾਈ ਸੁੱਖਾ ਖੂਹ 'ਚ ਛਾਲ ਮਾਰ ਦਿੱਤੀ ਕਿ ਮੇਰੀ ਮਾਂ ਨੇ ਮੇਰੀ ਸਿੱਖੀ ਹੀ ਨਹੀਂ ਮੇਰਾ ਹੀ ਕਤਲ ਕਰ ਦਿਤਾ। ਖੂਹ 'ਚ ਪਾਣੀ ਥੋੜਾ ਸੀ ਤੇ ਉਹ ਬਚ ਗਿਆ। ਕੋਲੋ ਇਕ ਸਿੰਘ ਲੰਘਿਆ ਤੇ ਉਸ ਨੇ ਕਿਹਾ ਮਰਨਾ ਹੀ ਐ ਤੇ ਕੁਝ ਕਰ ਕੇ ਮਰ। ਇਸ ਤਰ੍ਹਾਂ ਮਰਨ ਦਾ ਕੀ ਫ਼ਾਈਦਾ। ਉਹ ਨਿਹੰਗ ਸਿੰਘਾਂ ਦੀ ਫੌਜ ਵਿੱਚ ਭਰਤੀ ਹੋਇਆ। ਅਜਿਹਾ ਸੂਰਮਾ ਬਣਿਆ ਕਿ ਦਰਬਾਰ ਸਾਹਿਬ ਵਿੱਚ ਕੁਕਰਮ ਕਰ ਰਹੇ ਮੱਸੇ ਰੰਘੜ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਲਿਆਇਆ...।" ਇਤਨਾ ਹੀ ਨਹੀਂ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਪੱਗ ਬੰਨਣ ਦੀ ਇਜ਼ਾਜਤ ਵੀ ਬੜੀ ਜਦੋਜਹਿਦ ਕਰਕੇ ਮਿਲੀ।

ਸਿੱਖਾਂ ਦੇ ਰਹਿਨਾਮਿਆਂ ਵਿੱਚ ਪੱਗ ਬੰਨਣ ਜਿਕਰ ਹੈ:- ਭਾਈ ਨੰਦ ਲਾਲ ਜੀ ਲਿਖਦੇ ਹਨ :-ਕੰਘਾ ਦੋਨਉ ਵਕਤ ਕਰ,ਪਾਗ ਚੁਨਹਿ ਕਰ ਬਾਂਧਈ। ਇਸੇ ਤਰਾਂ ਭਾਈ ਦੇਸਾ ਸਿੰਘ ਜੀ ਅਨੁਸਾਰ:- ਜੂੜਾ ਸੀਸ ਕੇ ਮੱਧ ਭਾਗ ਮੇਂ ਰਾਖਾ, ਔਰ ਪਾਗ ਬੜੀ ਬਾਂਧੇ। ਪੱਗ ਇਕਲੀ ਸਿਰ ਦਾ ਤਾਜ਼ ਹੀ ਨਹੀਂ ਮੰਨੀ ਗਈ, ਪੱਗ ਵਿਅਕਤੀ ਦੀ ਇੱਜ਼ਤ ਵੀ ਮੰਨੀ ਗਈ ਹੈ। ਕਈ ਪੰਜਾਬੀ ਅਖਾਣ ਇਸ ਗੱਲ ਦੀ ਗਵਾਹੀ ਭਰਦੇ ਹਨ ਜਿਵੇ:-'ਮੇਰੀ ਪੱਗ ਨਾ ਰੋਲੀ', 'ਪੱਗ 'ਤੇ ਦਾਗ਼ ਨਾ ਲੱਗਣ ਦੇਵੀਂ','ਪੱਗ ਦੀ ਲਾਜ ਰੱਖੀ','ਪੱਗ ਨਾ ਲਹਿਣ ਦੇਈਂ' ਆਦਿ। ਪੱਗ ਨੂੰ ਸਿਰ ਤੋਂ ਲਾਹ ਕੇ ਪੈਰਾਂ ਵਿੱਚ ਰੱਖਣ ਨੂੰ ਮੁਆਫ਼ੀ ਮੰਗਣ ਦਾ ਅਹਿਸਾਸ ਸਮਝਿਆ ਜਾਂਦਾ ਹੈ। ਪੱਗ ਇੱਜ਼ਤ ਅਤੇ ਸਰਦਾਰੀ ਦਾ ਪ੍ਰਤੀਕ ਹੈ। ਇਸ ਗੱਲ ਦਾ ਪ੍ਰਮਾਣ "ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਏ" ਗੀਤ ਤੋਂ ਮਿਲਦਾ ਹੈ। ਇਤਨਾ ਹੀ ਨਹੀਂ ਪੰਜਾਬੀ ਸੱਭਿਆਚਾਰ ਵਿੱਚ ਵੀ ਪੱਗ ਦੀ ਅਹਿਮ ਭੂਮਿਕਾ ਰਹੀ ਹੈ, ਜਿਵੇਂ ਪਹਿਲਾਂ ਘੋਲਾਂ, ਛਿੰਜਾਂ ਵਿੱਚ ਇਨਾਮ ਵਜੋਂ ਜੇਤੂ ਪਹਿਲਵਾਨਾਂ ਨੂੰ ਪੱਗ ਦੇਣੀ। ਵਿਆਹ ਸਮੇਂ ਲਾੜੇ ਨੇ ਪੱਗ ਬੰਨਣਾ, ਵਿਆਹ ਦੀ ਮਿਲਣੀ ਸਮੇਂ ਪੱਗ ਦੇਣਾ, ਮਾਂ ਬਾਪ ਦੀ ਮੌਤ ਪਿਛੋਂ ਉਸਤੇ ਉਤਰਾਧਿਕਾਰੀ ਨੂੰ ਪੱਗ ਬੰਨਣਾ ਆਦਿ ਰਸਮਾਂ ਰਿਵਾਜ਼ਾਂ ਵਿੱਚ ਪੱਗ ਦੀ ਅਹਿਮ ਭੂਮਿਕਾ ਹੁੰਦੀ ਹੈ।

ਪੰਜਾਬੀ ਦੇ ਕਿਸਾਨਾਂ ਦਮੋਦਰ ਆਪਣੀ 'ਹੀਰ' ਅੰਦਰ ਪੱਗ ਦਾ ਜਿਕਰ ਕਰਦੇ ਹਨ:- "ਜਣੇ ਖਣੇ ਨੂੰ ਪਗੜੀ,ਮੰਗਤੇ ਇੱਕ ਇੱਕ ਖੇਸ ਦਿਵਾਏ।"ਇਕ ਪੁਰਾਣਾ ਅਖਾਣ ਵੀ ਹੈ ਕਿ ਸਹੀ ਵਿਅਕਤੀ ਦੀ ਪਹਿਚਾਣ ਉਸਦੀ 'ਰਫ਼ਤਾਰ, ਦਸਤਾਰ ਅਤੇ ਗੁਫ਼ਤਾਰ' ਤੋਂ ਹੀ ਕੀਤੀ ਜਾ ਸਕਦੀ ਹੈ। ਸਾਡਾ ਸਾਹਿਤ, ਲੋਕ ਗੀਤ, ਬੋਲੀਆਂ, ਵਾਰਾਂ, ਕਿੱਸਿਆਂ ਆਦਿ ਵਿੱਚ ਪੱਗ ਦਾ ਮਹੱਤਵ ਦਰਸਾਇਆ ਗਿਆ ਹੈ। ਪੱਗ ਸਭਿਆਚਾਰ ਦਾ ਜਿੱਥੇ ਪ੍ਰਤੀਕ ਹੈ ਉੱਥੇ ਹੀ ਉਹ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਪੱਗ ਜਿੱਥੇ ਸਿੱਖਾਂ ਲਈ ਖਾਸ ਮਹੱਤਵ ਰੱਖਦੀ ਹੈ ਉਥੇ ਹੀ ਹੋਰ ਧਰਮਾਂ ਵਿੱਚ ਵੀ ਇਸਦਾ ਆਪਣਾ ਸਥਾਨ ਹੈ। ਅਸਲ ਵਿੱਚ ਦਸਤਾਰ ਸਰਦਾਰੀ ਦਾ ਪ੍ਰਤੀਕ ਹੈ।

ਸੁਰਜੀਤ ਸਿੰਘ ਦਿਲਾ ਰਾਮ

rajwinder kaur

This news is Content Editor rajwinder kaur