1947 ਹਿਜਰਤਨਾਮਾ- 37:  ਸ. ਨਿਰੰਜਣ ਸਿੰਘ ਚਾਨੀਆਂ

09/30/2020 1:06:26 PM

ਲੇਖਕ: ਸਤਵੀਰ ਸਿੰਘ ਚਾਨੀਆ 
92569-73526

"ਹਾਂ ਬਈ ਬਰਖਰਦਾਰੋ ਮੈਂ ਨਿਰੰਜਣ ਸਿੰਘ ਵਲਦ ਰੂੜ੍ਹਾ ਵਲਦ ਗੁੱਜਰ ਮੌਜਾ ਚਾਨੀਆਂ ਤਹਿ: ਨਕੋਦਰ ਜ਼ਿਲ੍ਹਾ ਜਲੰਧਰ ਬੋਲ ਰਿਹੈਂ। ਮੇਰਾ ਬਾਬਾ ਗੁੱਜਰ ਬੜਾ ਕੈਂਦ ਬੰਦਾ ਸੀ। ਉਸੇ ਦੇ ਨਾਮ ਤੋਂ ਸਾਨੂੰ ਅੱਜ ਵੀ ਗੁੱਜਰ ਕੇ ਨਾਮ ਨਾਲ ਹੀ ਸਦੀਂਦੇ ਨੇ। ਮੇਰਾ ਜਨਮ ਬੇਬੇ ਦੇ ਦੱਸਣ ਮੁਤਾਬਕ ਸਾਵਣ 1915 ਦਾ ਹੈ। ਇਸ ਤਰਾਂ ਸੈਂਕੜਾ ਪਾਰ ਕਰਨ ਦਾ ਮਾਣ ਮੈਂ ਹਾਸਲ ਕਰ ਲਿਐ। ਨਿਗ੍ਹਾ ਨਾਂਹ ਦੇ ਬਰਾਬਰ ਹੈ। ਬਾਥਰੂਮ ਮੈਨੂੰ ਫੜ੍ਹ ਕੇ ਲੈ ਜਾਂਦੇ ਹਨ। ਪਰ ਯਾਦਾਸ਼ਤ ਹਾਲਾਂ ਠੀਕ ਐ। ਘਰ ਦੀ ਜ਼ਮੀਨ ਅਤੇ ਪਸ਼ੂ ਵਗੈਰਾ ਖੁੱਲਾ ਸੀ। ਮੇਰੇ ਤੋਂ ਦੋ ਭਰਾ ਵੱਡੇ ਸਨ,ਪੂਰਨ ਤੇ ਇੰਦਰ। ਲਛਮਣ ਆਰੇ ਵਾਲਾ ਮੈਥੋਂ ਛੋਟਾ ਸੀ। ਮੇਰੀ ਮਾਂ ਤਾਬੀ ਵੀ ਪਿੰਡ 'ਚ ਚੰਗਾ ਰਸੂਖ ਰੱਖਦੀ ਸੀ।

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਮੇਰੇ ਵੱਡੇ ਭਰਾ ਤਾਂ ਖੇਤੀ 'ਚ ਹੀ ਹੱਥ ਵਟਾਉਂਦੇ ਰਹੇ ਅਤੇ ਸਕੂਲੇ ਨਹੀਂ ਗਏ। ਮੈਂ 1926-27 'ਚ ਧਾਲੀਵਾਲ ਸਕੂਲੇ ਤੀਜੀ ਜਮਾਤ ਵਿਚ ਪੜਦਾ ਰਿਹੈਂ। ਮੇਰੇ ਜਮਾਤੀ ਸਨ ਘੀਸੂ ਕਾ ਰਤਨ ਸਿੰਘ, ਫਕੀਰੀਏ ਮੁਸਲਮਾਨ ਮੋਚੀ ਦਾ ਰਹਿਮਾ,ਬਾਮੂ ਕੇ ਨੱਥਾ ਸਿੰਘ ਦਾ ਬੇਟਾ ਰਾਮ ਲੋਕ ਅਤੇ ਨਿੱਕੀ ਦੇ ਲਾਲ ਦਾ ਵੱਡਾ ਭਰਾ ਬਿੱਸੋ। ਪੜ੍ਹਨ 'ਚ ਮੈਂ ਥੋੜਾ ਢਿੱਲਾ ਹੀ ਸਾਂ ਸੋ ਘਰਦਿਆਂ ਨੇ ਹਟਾ ਕੇ ਖੇਤੀ 'ਚ ਹੀ ਜੋੜ ਲਿਆ। ਮਾੜੇ ਦਿਨ ਆਏ ਕਿ ਲਾਲੇ ਨੇ ਸਾਡੀ ਜ਼ਮੀਨ ਦਾ ਵੱਡਾ ਹਿੱਸਾ ਕਰਜ਼ੇ 'ਚ ਨਿਲਾਮ ਕਰਵਾ ਲਿਆ। ਸਾਧਨਾਂ ਦੀ ਘਾਟ ਕਰਕੇ ਖੇਤੀ ਵੀ ਲਾਹੇਬੰਦ ਨਾ ਰਹੀ ਸੋ ਖੇਤੀਛੱਡ ਕੇ ਆਰਾਕਸ਼ੀ ਕਰਨ ਲੱਗੇ। ਉਸ ਵਕਤ ਚਾਨੀਆਂ ਦੇ ਆਰਾਕਸ਼ ਬਹੁਤ ਮਸ਼ਾਹੂਰ ਸਨ।

ਮੈਂ ਵੀ ਪਹਿਲਾਂ ਬਾਪ ਨਾਲ ਫਿਰ ਹੋਰਾਂ ਨਾਲ ਪਾਕਿ: ਦੀਆਂ ਬਾਰਾਂ, ਕੋਇਟਾ, ਪਿਸ਼ਾਵਰ, ਅੰਬਾਲਾ ਕੈਂਟ, ਦਿੱਲੀ, ਯੂ.ਪੀ. ਦੇ ਪੀਲੀਭੀਤ ਦੇ ਜੰਗਲਾਂ ਤੱਕ ਆਰਾਕਸ਼ੀ ਕਰਦਾ ਰਿਹਾ। ਬਿੱਲਿਆਂ ਦਾ ਸੇਵਾ ਸਿੰਘ, ਨਿੱਕੀ ਦਾ ਅਰਜਨ, ਬੁੱਕਣ ਕੇ ਸੁੱਖੂ ਤੇ ਸ਼ੇਰੂ, ਗੋਕਲ ਕਾ ਦੌਲੂ, ਮੋਠਾਂ ਵਾਲੇ ਤੋਂ ਬਿੱਲਿਆਂ ਦੀ ਕਰਤਾਰੀ ਦਾ ਬਾਪ ਗੁਰਬਚਨ ਸਿੰਘ ਆਦਿ ਆਰਾਕਸ਼ ਸਾਡੀ ਜੁੰਡਲੀ ਵਿਚ ਸ਼ੁਮਾਰ ਸਨ। ਸਾਡਾ ਲੱਠਮਾਰ ਹੁੰਦਾ ਸੀ ਨਿਰੰਜਣ ਸਿੰਘ ਮੋਟਾ। ਦਿਹਾੜੀ ਤਾਂ ਉਸ ਵਕਤ 25 ਪੈਸੇ ਹੁੰਦੀ ਸੀ ਪਰ ਠੇਕੇ ’ਤੇ ਕੰਮ ਮਿਲਣ ’ਤੇ 50 ਪੈਸੇ ਵੀ ਬਣ ਜਾਂਦੇ। ਜਦ ਰੌਲੇ ਸਿਖਰ ’ਤੇ ਸਨ ਤਦੋਂ ਮੈਂ, ਲਛਮਣ ਆਰੇਵਾਲਾ, ਜੈਪਤੀ ਦਾ ਜਗਤ ਸਿੰਘ ਤੇ ਮੋਠਾਂਵਾਲੀਆ ਗੁਰਬਚਨ, ਧੂਰੀ ਵਿਖੇ ਆਰਾਕਸ਼ੀ ਕਰਦੇ ਸਾਂ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ

ਕਿਓਂ ਜੋ ਉਧਰ ਹਿੰਦੂ-ਸਿੱਖਾਂ ਦੀ ਆਬਾਦੀ ਕਾਫੀ ਸੀ। ਇਸ ਲਈ ਮੁਸਲਮਾਨਾ 'ਚ ਸਹਿਮ ਜ਼ਿਆਦਾ ਸੀ। ਪਰ ਜਿਸ ਦਾ ਦਾਅ ਲੱਗ ਜਾਂਦਾ ਸੀ ਉਹ ਵਾਰ ਕਰ ਜਾਂਦਾ ਸੀ। ਅਸੀਂ ਅਰਜਨ ਨਾਮੇ ਇਕ ਬੰਦੇ ਦੇ ਘਰ ਕਿਰਾਏ ਤੇ ਰਹਿੰਦੇ ਸਾਂ। ਉਹਦੀ ਘਰਵਾਲੀ ਤੇ ਕੁੜੀਆਂ ਚੰਗੀਆਂ ਸਨ। ਸਬਜ਼ੀ ਭਾਜੀ ਕਦੇ ਉਨ੍ਹਾਂ ਦੇ ਜਾਣੀ ਤੇ ਕਦੇ ਅਸਾਂ ਆਪ ਬਣਾ ਲੈਣੀ। ਦੁਪਹਿਰ ਦੀ ਰੋਟੀ ਸ਼ੱਕਰ ਜਾਂ ਆਚਾਰ ਨਾਲ ਸਾਫੇ ਦੇ ਲੜ ਬੰਨ ਲੈਣੀ ਜਾਂ ਲੱਸੀ 'ਚ ਲੂਣ ਮਿਰਚ ਘੋਲ ਕੇ ਹੀ ਛਕ ਲੈਣੀ। ਰੌਲੇ ਮਧਮ ਨਾ ਹੁੰਦੇ ਦੇਖ ਕੇ ਅਸੀਂ ਵੀ ਪਿੰਡ ਮੁੜਨ ਦਾ ਫੈਸਲਾ ਕਰ ਲਿਆ। ਧੂਰੀ ਤੋਂ ਲੁਦੇਹਾਣੇ ਵਾਲੀ ਗੱਡੀ ਫੜੀ। ਕਈ ਮੁਸਲਿਮ ਪਰਵਾਰ ਵੀ ਸਨ, ਵਿਚ।

ਸਾਰਿਆਂ ਦੇ ਚਿਹਰਿਆਂ ਉੱਪਰ ਡਰ ਅਤੇ ਸਹਿਮ ਸੀ। ਰੇਲਵੇ ਲਾਈਨ ਦੇ ਆਸ-ਪਾਸ ਵੱਡੀਆਂ ਟੁੱਕੀਆਂ ਲਾਸ਼ਾਂ ਨਜ਼ਰ ਆਉਂਦੀਆਂ। ਲੁੱਦੇਹਾਣੇ ਤੋਂ 14-15 ਕੁ ਕਿ: ਮੀ: ਪਿੱਛੇ ਗੱਡੀ ਇੱਕ ਦਮ ਝਟਕੇ ਨਾਲ ਨਹਿਰ ’ਤੇ ਰੁਕ ਗਈ। ਇੱਕ ਗ਼ੈਰ ਮੁਸਲਿਮ ਹਜੂਮ, ਜੋ ਕਿਰਪਾਨਾਂ ਬਰਛਿਆਂ ਨਾਲ ਲੈਸ ਸੀ ਨੇ ਗੱਡੀ ਤੇ ਧਾਵਾ ਬੋਲਤਾ। ਸਾਡੇ ਸਾਹਮਣੇ ਹੀ 20-25 ਮੁਸਲਿਮ ਵੱਡ ਸੁੱਟੇ। ਕਈ ਭੱਜੇ ਜਾਂਦੇ ਮਾਰ ਸੁੱਟੇ। ਜਵਾਨ ਕੁੜੀਆਂ ਨੂੰ ਉਧਾਲ਼ ਲਿਆ ਗਿਆ। ਇਕ ਜਵਾਨ ਮੁਸਲਿਮ ਕੁੜੀ ਜੋ ਧਾਹੀਂ ਰੋ ਰਹੀ ਸੀ ਉਹ ਗੱਡੀ ਦੇ ਸਿੱਖ ਡਰੈਵਰ ਨੇ ਉਸ ਉਪਰ ਲੇਟ ਕੇ ਆਪਣੀ ਧੀ ਦਾ ਵਾਸਤਾ ਪਾ ਕੇ ਬਚਾ ਲਿਆ ਅਤੇ ਉਸ ਨੂੰ ਆਪਣੇ ਡੱਬੇ ਵਿਚ ਬੈਠਾ ਲਿਆ। ਇਸ ਤਰਾਂ ਉਹ ਬਚ ਰਹੀ। ਪਰ ਇਕ ਸਿੱਖ ਚੀਖ ਚੀਖ ਆਖ ਰਿਹਾ ਸੀ ਕਿ ਪੋਠੋਹਾਰ ਅਤੇ ਬਾਰਾਂ ਵਿਚ ਦੰਗਈਆਂ ਨੇ ਸਿੱਖਾਂ ਦੇ ਪਿੰਡ ਫੂਕ ਕੇ ਬਹੂ ਬੇਟੀਆਂ ਨੂੰ ਉਧਾਲ ਲਿਆ ਹੈ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਨੂੰ ਅਲਫ ਨੰਗਾ ਕਰਕੇ ਬਾਜ਼ਾਰਾਂ ਵਿਚ ਜਲੂਸ ਕੱਢਿਆ ਗਿਆ। ਅਸੀਂ ਬਦਲਾ ਕਿਵੇਂ ਨਾ ਲਈਏ? ਮੇਰਾ ਭਰਾ ਲਛਮਣ ਮੋਨਾ ਸੀ। ਉਸ ਨੂੰ ਵੀ ਸਿੱਖ ਬਾਹਰ ਖਿੱਚ ਖਿੱਚ ਲੈ ਜਾਣ। ਅਸੀਂ ਬੜੀਆਂ ਮਿੰਨਤਾਂ ਕੀਤੀਆਂ ਕਿ ਅਸੀਂ ਤਾਂ ਸਿੱਖ ਹਾਂ। ਉਨ੍ਹਾਂ ਉਸ ਦੀ ਬਾਥਰੂਮ ਵਿਚ ਲਜਾਕੇ ਸੁੰਨਤ ਚੈੱਕ ਕੀਤੀ ਤਾਂ ਛੱਡਿਆ। ਇਹ ਬੜਾ ਦਰਦਨਾਕ ਅਤੇ ਸ਼ਰਮਨਾਕ ਨਜ਼ਾਰਾ ਸੀ, ਜਦ ਸ਼ੈਤਾਨ ਅਤੇ ਹੈਵਾਨ ਬਣੇ ਇਨਸਾਨਾਂ ਨੇ ਇਹ ਤਾਂਡਵ ਰਚਿਆ। ਲੁਦੇਹਾਣਾ ਤੋਂ ਗੱਡੀ ਬਦਲ ਕੇ ਅਸੀਂ ਜਲੰਧਰ ਪਹੁੰਚੇ। ਥਾਂ ਪੁਰ ਥਾਂ ਬੰਦੇ ਮੂਲ਼ੀਆਂ ਗਾਜਰਾਂ ਦੀ ਤਰਾਂ ਵੱਡੇ ਪਏ ਸਨ। ਸਟੇਸ਼ਨ ਦੇ ਬਾਹਰ ਨਿੱਕਲੇ ਤਾਂ ਅਸੀਂ ਬੜੇ ਡਰੇ ਹੋਏ ਸਾਂ।

ਇਤਫਾਕ ਹੀ ਸਾਨੂੰ ਇਕ ਜਾਣੂੰ ਬੰਦਾ ਜੋ ਹੀਲੋ ਕੇ ਗੁਰਦਿੱਤੇ ਦਾ ਸਾਂਢੂ ਭੋਡੇ ਸਪਰਾਏ ਤੋਂ ਸੀ, ਮਿਲ ਗਿਆ। ਅਸੀਂ ਉਸ ਨੂੰ ਆਪਣੀ ਦਾਸਤਾਨ ਕਹਿ ਸੁਣਾਈ। ਉਹ ਸਾਨੂੰ ਮੇਨ ਰੇਲਵੇ ਸਟੇਸ਼ਨ ਨਜ਼ਦੀਕ ਆਪਣੇ ਕਮਰੇ ਵਿਚ ਲੈ ਗਿਆ। ਦੋ ਕੁ ਦਿਨ ਉਥੇ ਰਹੇ। ਫਿਰ ਬਾਰ ਵਲੋਂ ਗੱਡਿਆਂ ਦਾ ਇਕ ਕਾਫਲਾ ਆਇਆ। ਜਿਸ ਨੇ ਅੱਗੇ ਜੰਡਿਆਲਾ ਮੰਜਕੀ ਜਾਣਾ ਸੀ ਸੋ ਉਨ੍ਹਾਂ ਨਾਲ ਹੋ ਤੁਰੇ। ਬਹੁਤੀਆਂ ਉਨ੍ਹਾਂ ਦੀਆਂ ਕੁਝ ਆਪਣੀਆਂ ਕਹਿ ਸੁਣਾਈਆਂ। ਕੰਗਣੀਵਾਲ ਆਇਆ ਤਾਂ ਅਸੀਂ ਉਨ੍ਹਾਂ ਨੂੰ ਫਤਹਿ ਬੁਲਾ ਕੇ ਥਾਬਲਕੇ ਸਟੇਸ਼ਨ ਦੀ ਡੰਡੀ ਪੈ ਗਏ। ਸਟੇਸ਼ਨ ਦੇ ਪਾਰ ਪੁਲ਼ੀ ਤੇ ਬਜੂਹਾਂ ਕਲਾਂ ਦੇ ਮੁਸਲਮਾਨਾਂ ਦਾ ਪਹਿਰਾ ਲੱਗਦਾ ਸੀ ਪਰ ਉਸ ਦਿਨ ਸਬੱਬੀਂ ਨਹੀਂ ਸੀ।

ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਖਾਸ ਖ਼ਬਰ, ਇੰਝ ਕਰ ਸਕਦੇ ਹੋ ਇਨ੍ਹਾਂ ਨੂੰ ਕੰਟਰੋਲ

ਸੋ ਵਾਹਿਗੁਰੂ ਵਾਹਿਗੁਰੂ ਕਰਦੇ ਪਿੰਡ ਆਣ ਪਹੁੰਚੇ ਤੇ ਆਪਣਿਆਂ ਦੇ ਗਲ਼ ਲੱਗ ਰੋਏ। ਸ਼ੁਕਰਾਨੇ ਵਜੋਂ ਸਾਡੀ ਮਾਤਾ ਉਸੇ ਸ਼ਾਮ ਗੁਰਦੁਆਰੇ ਦੇਗ ਲੈ ਕੇ ਗਈ। ਉਨੀਂ ਹੀ ਦਿਨੀ ਆਪਣੇ ਪਿੰਡ ਦਾ ਇਕ ਜਥਾ ਦਿੱਲੀਓਂ ਵੀ ਆਇਆ ਹੋਇਆ ਸੀ, ਜੋ ਵੇਹਲੇ ਤਾਂ ਸਨ ਹੀ ਸੋ ਆਲੇ ਦੁਆਲੇ ਤਲਵਾਰਾਂ ਲਹਿਰੌਂਦੇ ਚੁੰਘੀਆਂ ਭਰਦੇ ਫਿਰਦੇ, ਵਗੈਰਾ ਨੇ ਵੀ ਰਣ ਸਿੰਘ ਕੇ ਖੂਹ ਕੋਲ਼ ਲੰਘਦੀ ਰੇਲ ਗੱਡੀ ਦੇ ਡਰੈਵਰ ਨੂੰ ਗੱਡੀ ਖੜ੍ਹੀ ਕਰਨ ਦੇ ਇਸ਼ਾਰੇ ਕਰੀ ਜਾਣੇ। ਗੱਡੀ ਦਾ ਡਰੈਵਰ ਆਪਣੇ ਪਿੰਡ ਦੇ ਮਾਧੋ ਝੀਰ ਦੀ ਘਰ ਵਾਲੀ ਦਾ ਹੁਸ਼ਿਆਰਪੁਰ ਤੋਂ ਭਤੀਜਾ ਸੀ। ਸੋ ਇਕ ਦਿਨ ਦੁਪਹਿਰ ਵੇਲੇ ਜਦ ਨਕੋਦਰ ਤੋਂ 1-2 ਭਰਾਈ ਮੁਸਲਮਾਨ ਪਰਿਵਾਰ (ਗੌਣ-ਵਜੌਣ ਵਾਲਾ ਇਕ ਗਰੀਬ ਤਬਕਾ) ਚੜ੍ਹੇ ਤਾਂ ਮੌਕਾ ਤਾੜ ਕੇ ਡਰੈਵਰ ਨੇ ਰਣ ਸਿੰਘ ਕੇ ਖੂਹ ਪਾਸ ਆ ਬਰੇਕ ਮਾਰੀ। ਤਾਂ ਆਪਣੇ ਚੋਬਰਾਂ ਨੇ ਤਲਵਾਰਾਂ ਧੂਹ ਲਈਆਂ। 7-8 ਮੁਸਲਮਾਨ ਬੰਦੇ ਜਨਾਨੀਆਂ ਕੁਝ ਗੱਡੀ ਦੇ ਅੰਦਰ ਤੇ ਕੁਝ ਬਾਹਰ ਫਸਲਾਂ ਵਿਚ ਭੱਜਦੇ ਹੋਏ ਮਾਰ ਸੁੱਟੇ।

ਇਸ ਦਰਦਨਾਕ ਖੇਡ ਦਾ ਅੰਤ ਬਹੁਤਾ ਭੈੜਾ ਹੋਇਆ। ਇਕ 7-8 ਸਾਲ ਦਾ ਮੁੰਡਾ ਫੜ੍ਹ ਕੇ ਰਣ ਸਿੰਘ ਕੇ ਖੂਹ ’ਤੇ ਲੈ ਆਂਦਾ ਗਿਆ। ਉਹ ਤਰਲੇ ਕਰੇ ਕਿ ਮੈਨੂੰ ਮਾਰਿਓ ਨਾ ਥੋਡਾ ਪੱਠਾ ਦੱਥਾ ਕਰੀ ਜਾਵਾਂਗਾ। ਸਾਰਿਆਂ 'ਚ ਇਤਫਾਕ ਰਾਇ ਹੋਈ ਕਿ ਬੱਚੇ ਨੂੰ ਰੱਖ ਲਿਆ ਜਾਏ। ਤਦੋਂ ਹੀ ਪਤਾ ਨਹੀਂ ਕਿਧਰੋਂ ਜੰਡਿਆਲਾ ਮੰਜਕੀ ਦਾ ਬਦਮਾਸ਼ ਬਿਰਤੀ ਵਾਲਾ ਨੰਦੂ, ਜੋ ਆਪਣੇ ਪਾਸ ਹਮੇਸ਼ਾਂ ਪੱਕੀ ਰਫਲ ਤੇ ਬਰਛਾ ਰੱਖਿਆ ਕਰਦਾ ਸੀ, ਪ੍ਰਗਟ ਹੋ ਗਿਆ। ਓਸ ਕਿਹਾ ਕਿ ਜਦ ਬਾਕੀ ਗੱਡੀ ਚਾੜ੍ਹ ਦਿੱਤੇ ਤਾਂ ਇਹ ਕੀ ਕਰਨੈ। ਇਹ ਕਹਿੰਦਿਆਂ ਉਸ ਨੇ ਮੁੰਡੇ ਦੇ ਢਿੱਡ 'ਚ ਬਰਛਾ ਖੋਭ ਦਿੱਤਾ। ਇਸ ਗੱਲ ਦਾ ਸਭਨਾਂ ਬਹੁਤ ਬੁਰਾ ਮਨਾਇਆ ਅਤੇ ਓਸ ਦੀ ਲਾਹ ਪਾ ਕੀਤੀ। ਉਪਰੰਤ ਮਾਰੇ ਗਿਆਂ ਦੀਆਂ ਲਾਸ਼ਾਂ ਨੂੰ ਪਿੰਡ ਦੇ ਹਮਦਰਦ ਮੋਹਤਬਰਾਂ ਜਿਨ੍ਹਾਂ ’ਚ ਪ੍ਰਮੁੱਖ ਮੋਹਣ ਸਿੰਘ ਬਾਈ ਸ਼ੁਮਾਰ ਸੀ, ਵਗੈਰਾ ਨੇ ਰੇਲ ਲੈਨ ਨਾਲ ਖਤਾਨਾ ’ਚ ਦਫਨ ਕਰ ਦਿੱਤਾ। ਉਹ ਨੰਦੂ, ਗੋਕਲ ਕੇ ਦਾਸ ਅਤੇ ਸੋਹਣ ਸਿੰਘ ਚੇਲਾ ਦਾ ਸਹੁਰਿਓਂ ਨਜ਼ਦੀਕੀ ਰਿਸਤੇਦਾਰ ਸੀ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਪੀਂਦੇ ਹੋ RO ਵਾਲਾ ਪਾਣੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਸ ਨੇ ਇਕ ਦਿਨ ਚਾਨੀਆਂ ਦੇ ਸਾਰੇ ਮੁਸਲਮਾਨ ਰਾਤ ਨੂੰ ਮਾਰ ਦੇਣ ਦਾ ਸੁਨੇਹਾਂ ਭੇਜਿਆ। ਬਾਈ ਮੋਹਣ ਸਿੰਘ ਨੇ ਉਸ ਨੂੰ ਮੋਹਰਿਓਂ ਟੱਕਰ ਦੇਣ ਦਾ ਚੈਲੰਜ ਭੇਜ ਦਿੱਤਾ ਅਤੇ ਮੁਸਲਮਾਨਾ ਦੀ ਰਹਾਇਸ਼ਗਾਹ ਤੇਲੀ ਮੋਚੀਆਂ ਵਾਲੀ ਗਲ਼ੀ ’ਤੇ ਪਹਿਰਾ ਬਿਠਾ ਦਿੱਤਾ। ਪਹਿਰੇ 'ਚ ਚੇਲਿਆਂ ਦੇ ਮੋਹਣ ਸਿੰਘ ਬਾਈ, ਸੋਹਣ ਸਿੰਘ ਅਤੇ ਗੁਰਦਿਆਲ ਸਿੰਘ (ਤਿੰਨੋਂ ਸਕੇ ਭਰਾ ਪੁਤਰਾਨ ਬਾਬਾ ਪੁਨੂੰ), ਧਰਮਾ ਲੰਬੜ, ਸੱਦੂ ਕਾ ਦਾਸ, ਬਾਲਮੀਕ ਘੋਨੀ ਵਗੈਰਾ ਸਨ। ਪਰ ਨੰਦੂ ਨਾ ਆਇਆ।

ਜਦ ਵੀ ਮਾਧੋ ਝੀਰ ਖਤਰੇ ਦੇ ਸੂਚਕ ਵਜੋਂ ਚੁਬਾਰੇ ਤੇ ਚੜ੍ਹ ਕੇ ਟਮਕ ਵਜਾਇਆ ਕਰੇ ਤਾਂ ਸਾਰੇ ਭਾਜੜ ਮੱਚ ਜਾਇਆ ਕਰੇ। ਬਜੂਹਾਂ ਵਾਲੇ ਆ ਪਏ ਦਾ ਰੌਲਾ ਪੈ ਜਾਇਆ ਕਰੇ। ਆਪਣੇ ਪਿੰਡ ਦੇ ਮੁਸਲਮਾਨਾ ਨੇ ਵੀ ਫੈਸਲਾ ਕਰ ਲਿਆ ਕਿ ਪਾਕਿ: ਚਲੇ ਜਾਣਾ ਹੈ। ਨਾ ਟਲ਼ੇ ਤਾਂ ਉਨ੍ਹਾਂ ਨੂੰ ਗੱਡਿਆਂ ਤੇ ਆਪਣੇ ਪਿੰਡ ਦੇ ਵਡੇਰੇ ਗੁੱਜਰ, ਪਾਲੇ ਬੁੜ੍ਹੇ ਦਾ ਫੇਰੂ, ਮੋਹਣ ਸਿੰਘ ਵਗੈਰਾ ਨਕੋਦਰ ਕੈਂਪ 'ਚ ਛੱਡ ਕੇ ਆਏ। ਪਿੱਛੇ ਪੱਠਾ ਦੱਥਾ ਤੇ ਰਸਦ ਪਾਣੀ ਵੀ ਪਹੁੰਚਾਂਦੇ ਰਹੇ। ਚੂੜ੍ਹ ਗੁੱਜਰ ਜਿਸ ਦਾ ਖੂਹ ਹੁਣ ਦੇ ਹੈਪੀ ਦੇ ਭੱਠੇ ਦੇ ਸਾਹਮਣੇ ਰੇਸ਼ਮ ਸਿੰਘ ਵਾਲਾ ਖੂਹ ਸੀ, ਜੋ ਉਸ ਵਕਤ 100 ਸਾਲ ਦਾ ਹੋਵੇਗਾ ਬਹੁੜੀਆਂ ਪਾਏ ਕਿ ਮੈਂ ਪਿੰਡ ਨਹੀਂ ਛੱਡਣਾ,ਇਥੇ ਹੀ ਮਰਨਾ ਹੈ। ਪਰ ਪਿਛੋਂ ਕੈਂਪ ਵਿਚ ਹੀ ਸਦਮੇ ਨਾਲ ਮਰ ਗਿਆ। ਇਹ ਮੁਸਲਮਾਨ ਬਾਅਦ ਵਿਚ ਚੱਕ ਨੰ: 54 ਤਹਿ: ਜੜਾਂ ਵਾਲੀ ਜ਼ਿਲ੍ਹਾ ਲਾਇਲਪੁਰ ਵਿਚ ਜਾ ਆਬਾਦ ਹੋਏ ਜਿੱਥੋਂ ਕਿ ਬਜੂਹਾਂ ਦੇ ਧਾਲੀਵਾਲ ਵਾਲੇ ਤੂਰ ਗੋਤੀਏ ਜੱਟ ਸਿੱਖ ਹਿਜਰਤ ਕਰਕੇ ਆਏ ਸਨ। ਸੰਨ 47 ਅਤੇ 84 ਦੇ ਖੂਨੀਂ ਕਾਂਡ ਕੌਮੀ ਨੇਤਾਵਾਂ ਦੀ ਗੰਦੀ ਰਾਜਨੀਤੀ ਦਾ ਸਰਅੰਜਾਮ ਸੀ। ਇਥੇ ਨਵੀਂ ਪੀੜ੍ਹੀ ਨੂੰ ਪੁਕਾਰ ਹੈ ਕਿ ਬੀਤੇ ਤੋਂ ਸਬਕ ਲੈ ਕੇ ਅੱਗੇ ਵਧਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ।"


rajwinder kaur

Content Editor

Related News