1947 ਹਿਜਰਤਨਾਮਾ - 30 : ' ਉਸ ਧਾਹ ਗਲਵੱਕੜੀ ਪਾਈ '

08/13/2020 11:48:36 AM

ਅਗਸਤ 1947 ਦੇ ਨਾਮ

 ਮੇਰੇ ਫੋਨ ਦੀ ਘੰਟੀ ਵੱਜਦੀ ਹੈ। 'ਹਿਜਰਤਨਾਮੇ ਵਾਲੇ ਚਾਨੀਆਂ ਸਾਬ ਬੋਲ ਰਹੇ ਓ ਤੁਸੀਂ? ਬਾਈ ਜੀ ਮੈਂ ਵੀ ਪਾਠਕ  ਆਂ ਥੋਡਾ। ਹਿਜਰਤਨਾਮਾ ਪੜਿਆ ਅੱਜ । ਧਰਮ ਨਾਲ ਵੀਰ ਜੀ ਬੜਾ ਈ ਮਨ ਖਰਾਬ ਹੋਇਆ । ਮੈਂ ਫਲਾਨਾ ਸਿੰਘ ਬੋਲ ਰਿਹੈਂ। ਜਗਰਾਵਾਂ ਨੇੜਲਾ ਕਾਉਂਕੇ ਕਲਾਂ ਪਿੰਡ ਐ ਮੇਰਾ। ਮੈਂ ਵੀ ਇਕ ਕਹਾਣੀ ਸੁਣਾਉਣੀ ਐ ਥੋਨੂੰ।" - ਤੇ ਉਸ ਨੇ ਆਪਣੀ  ਹੱਡ ਬੀਤੀ ਇੰਝ ਕਹਿ ਸੁਣਾਈ :-    

"2010 ’ਚ ਮੈਂ ਵੀ ਗਿਆ ਸੀ ਬਾਬੇ ਦੇ ਨਨਕਾਣੇ। ਮੈਂ ਗੁਰਦੁਆਰਾ ਕਿਆਰਾ ਸਾਹਿਬ ਦੇ ਬਾਹਰ ਖੜ੍ਹਾ ਸਾਂ। ਕੋਈ 16-17 ਸਾਲ ਦਾ ਮੁਸਲਿਮ ਮੁੰਡਾ ਕੁਝ ਝਿਜਕਦਾ ਹੋਇਆ ਸਹਿਜੇ ਸਹਿਜੇ ਮੇਰੇ ਨੇੜੇ ਆਣ ਲੱਗਾ। ਪੁੱਛਿਆ ਓਸ, "ਬਾਪੂ ਜੀ ਕਿਧਰੋਂ ਆਏ ਓ?" ਮੈਂ ਆਖਿਓ ਉਸ ਲੁਦੇਹਾਣਾ ਤੋਂ। "ਅਸੀਂ ਵੀ ਲੁਦੇਹਾਣਾ ਤੋਂ ", ਉਸ ਕਾਹਲੇ ਪੈਂਦੇ ਆਖਿਆ। "ਤਸੀਲ ਕਿਹੜੀ ਜੇ ਥੋਡੀ ",ਉਸ ਦਾ ਅਗਲਾ ਸਵਾਲ ਸੀ। ਮੈਂ ਕਿਹਾ ਜਗਰਾਵਾਂ। ਉਸ ਦੀਆਂ ਅੱਖਾਂ ਚਮਕ ਉਠੀਆਂ। ਉਸ ਕਾਹਲੇ ਵਗਦੇ ਆਖਿਆ, " ਸਾਡੀ ਤਸੀਲ ਵੀ ਜਗਰਾਵੈਂ। " ਬਾਪੂ ਪਿੰਡ ਕਿਹੜੈ ਥੋਡਾ? " ਉਹ ਹੋਰ ਕਾਹਲਾ ਹੋ ਉੱਠਿਆ।

ਕਾਉਂਕੇ ਐ ਪਿੰਡ ਮੇਰਾ ਕਾਉਂਕੇ, ਮੈਂ ਕਿਹਾ। ਉਹ ਖ਼ੁਸ਼ੀ ’ਚ ਉਛਲਿਆ, " ਸਾਡਾ ਪਿੰਡ ਵੀ ਕਾਉਂਕੇ ਆ ਬਾਪੂ। ਮੈਂ ਸ਼ਰੀਫ਼ੇ ਦਾ ਪੋਤਰਾ ਵਾਂ।" ਮੈਂ ਮੱਥੇ ’ਤੇ ਹੱਥ ਰੱਖ ਕੇ ਬਚਪਨ ਨੂੰ ਟਟੋਲਿਆ। ਇਕ ਸ਼ਰੀਫ਼ਾ ਮੇਰਾ ਹਮ ਉਮਰ ਸੀ। ਉਸ ਦਾ ਅੱਬਾ ਹੱਟੀ ਕਰਦਾ ਸੀ ਪਿੰਡ। ਰੌਲਿਆਂ ਤੋਂ ਡੂਢ ਕੁ ਸਾਲ ਪਹਿਲੇ ਦਾ ਵਾਕਿਆ ਐ ਕਿ 12-13 ਸਾਲ ਕੁ ਦੇ ਸਾਂ ਅਸੀਂ ਕੋਈ। ਇਕ ਸ਼ਾਮ। ਢਾਬ ’ਤੇ ਖੇਡਦਿਆਂ ਮੈਂ ਜ਼ੋਰ ਨਾਲ ਧੱਕਾ ਮਾਰਿਆ, ਉਸ ਨੂੰ। ਉਹਦੇ ਮੱਥੇ ’ਚ ਰੋੜ ਚੁੱਭ ਗਿਆ। ਮੈਂ ਆਪਣੇ ਬਾਪ ਦੀ ਕੁੱਟ ਤੋਂ ਡਰਦਾ ਗਈ ਰਾਤ ਤੱਕ ਟਾਂਡਿਆਂ ਦੇ ਮੁਹਾਰੇ ’ਚ ਲੁਕਿਆ ਰਿਹਾ। ਜ਼ਖ਼ਮ ਤਾਂ ਠੀਕ ਹੋ ਗਿਆ ਸੀ ਉਹਦਾ ਪਰ ਉਸ ਦਾ ਨਿਸ਼ਾਨ ਬਾਕੀ ਰਿਹਾ।

ਕੀ ਤੂੰ ਉਸੇ ਮੱਥੇ ’ਤੇ ਰੋੜ ਦੇ ਨਿਸ਼ਾਨ ਵਾਲੇ ਸ਼ਰੀਫ਼ੇ ਦਾ ਪੋਤਰਾ ’ਤੇ ਨਹੀਂ? ਮੈਂ ਹੋਰ ਵਧੇਰੇ ਉਤਸੁਕਤਾ ਨਾਲ ਪੁੱਛਿਆ। "ਮੇਰੇ ਹੋਸ਼ ਸੰਭਲਣ ਤੋਂ ਪਹਿਲੇ ਹੀ ਫੌਤ ਹੋ ਗਿਆ ਸੀ ਦਾਦਾ। ਮੈਂ ਦੇਖਿਆ ਨਹੀਂ ਉਸ ਨੂੰ। ਮੱਥੇ ’ਤੇ ਰੋੜ ਦਾ ਨਿਸ਼ਾਨ ਦਾ ਪਤਾ ਨਹੀਂ ਮੈਨੂੰ।" ਉਹਨੇ ਕਿਹਾ।ਉਸ ਨੂੰ ਆਪਣਾ ਸੁਪਨਾ ਜਿਵੇਂ, ਟੁੱਟਦਾ ਨਜ਼ਰ ਆਇਆ। ਉਹ ਛਿੱਥਾ ਜਿਹਾ ਪੈ ਗਿਆ। ਤਦੋਂ ਹੀ ਉਸ ਨੂੰ ਤਰਕੀਬ ਸੁੱਝੀ ।" ਠਹਿਰੋ, ਮੈਂ ਆਪਣੀ ਦਾਦੀ ਅੰਮੀ ਜਾਨ ਨੂੰ ਪੁੱਛ ਕੇ ਆਉਨੈਂ", ਕਹਿੰਦਿਆਂ ਉਹ ਆਪਣੀ ਅੱਧੋ ਰਾਣੀ ਜੁੱਤੀ ਉਤਾਰ ਕੇ ਨੰਗੇ ਪੈਰੀਂ ਘਰ ਭੱਜ ਗਿਆ ।

ਤਦੋਂ ਹੀ ਮੈਨੂੰ 47 ਦੀ ਉਹ ਕਤਲੋਗ਼ਾਰਤ ਯਾਦ ਆਈ ਕਿ ਪਿੰਡ ਚ ਹੁੜਦੰਗ ਮਚਾ ਰਹੀ ਇਕ ਭੀੜ ਨੇ ਸ਼ਰੀਫ਼ੇ ਦੇ ਸ਼ਰੀਕੇ ’ਚੋਂ ਇੱਕਾ ਦੁੱਕਾ ਬੰਦਿਆਂ ਦਾ ਕਤਲ ਕਰ ਦਿੱਤਾ ਸੀ। ਸ਼ਰੀਫ਼ੇ ਨੇ ਪਤਾ ਨਹੀਂ ਕਿਧਰੇ ਲੁਕ ਕੇ ਜਾਨ ਬਚਾਈ ਸੀ ਆਪਣੀ। ਅਗਲੇ ਹੀ ਦਿਨ ਪਿੰਡ ਦੇ ਕੁਝ ਮੋਹਤਬਰ ਆਪਣੇ ਗੱਡੇ ਜੋੜ ਕੇ ਜਗਰਾਵਾਂ ਕੈੰਪ ਵਿਚ ਛੱਡ ਆਏ ਉਨ੍ਹਾਂ ਨੂੰ। ਕਈਆਂ ਰਸਤੇ ਲਈ ਰਸਦ ਪਾਣੀ ਵੀ ਦਿੱਤਾ। ਸਾਰਾ ਪਿੰਡ ਉਨ੍ਹਾਂ ਨੂੰ ਵਿਦਾ ਕਰਨ ਲਈ ਢੁੱਕਿਆ ਸੀ ਉਦੋਂ। ਸੱਭ ਰੋਂਦੇ ਕੁਰਲਾਉਂਦੇ ਸਨ ਤਦੋਂ। ਮੁਸਲਮਾਨਾ ਨੇ ਤਾਂ ਰੋਣਾ ਹੀ ਸੀ, ਹਿੰਦੂ-ਸਿੱਖ ਵੀ ਭੁੱਬਾਂ ਮਾਰ ਰੋਏ। ਉਸ ਭੀੜ ਵਿਚ, ਮੈਂ ਵੀ ਨਮ ਅੱਖਾਂ ਨਾਲ ਸ਼ਰੀਫ਼ੇ ਹੋਰਾਂ ਨੂੰ ਵਿਦਾ ਕਰਨ ਵਾਲਿਆਂ ਵਿਚ ਸ਼ਾਮਲ ਸਾਂ।

ਇਸ ਤਰਾ ਪਿੰਡ ਦੇ ਭਾਈਚਾਰੇ ਨੇ ਜ਼ਖ਼ਮਾਂ ’ਤੇ ਮਲਮ ਲਾਉਣ ਦਾ ਯਤਨ ਕੀਤਾ। ਪਰ ਉਹ ਜ਼ਖ਼ਮ ਭੁਲਾਇਆਂ ਵੀ ਨਹੀਂ ਭੁੱਲਦੇ । ਇਹ ਸੋਚ ਦਿਆਂ, ਖ਼ੁਦ ਨੂੰ ਵੀ ਉਸ ਪਾਪ ਦਾ ਭਾਗੀਦਾਰ ਸਮਝਿਆ ਮੈਂ। ਇਕ ਮੇਰਾ ਜੀ ਕਰੇ ਭੱਜ ਜਾਂ ਉਥੋਂ। ਪਰ ਉਹ ਮੁੰਡਾ 20 ਕੁ ਮਿੰਟ ਚ, "ਹਾਂ ਬਾਪੂ ਅੰਮੀ ਕਹਿੰਦੀ ਉਹੀ ਸੀ ਸ਼ਰੀਫ਼ਾ, ਮੱਥੇ ’ਤੇ ਰੋੜ ਦੇ ਨਿਸ਼ਾਨ ਵਾਲਾ।" ਉਚੀ ਉਚੀ ਪੁਕਾਰਦਾ ਮੁੜ ਨੰਗੇ ਪੈਰੀਂ ਭੱਜਾ ਆਏ ।ਉਹ ਮੇਰੇ ਗਲੇ ਲੱਗ, ਧਾਹਾਂ ਮਾਰ ਮਾਰ ਰੋਣ ਲੱਗ ਪਿਆ । ਮੇਰਾ ਵੀ ਰੋਣ ਨਿੱਕਲ ਗਿਆ ।ਰਾਹਗੀਰ ਵੀ ਕਾਫੀ 'ਕੱਠੇ ਹੋਗੇ ਉਥੇ। ਮੁੰਡਾ ਜੋਰ ਦਏ ਕਿ ਅੰਮੀ ਜਾਨ ਬੁਲਾਉਂਦੇ ਨੇ ,ਘਰ ਚਲੋ ਸਾਡੇ। ਤੁਸੀਂ ਮੇਰੇ ਅੱਬਾ ਦੇ ਬਚਪਨ ਦੇ ਦੋਸਤ ਹੋ। ਗਰਾਂਈ ਹੋ ਉਹਦੇ। ਬਾਪੂ ਘਰ ਚਲੋ। ਪਰ ਮੇਰਾ ਹਿਆਂ ਨਾ ਪਿਆ। ਉਂਝ ਪੁਲਸ ਦਾ ਵੀ ਡਰ ਸੀ। ਮੇਰੇ ਨਾਂਹ ਕਰਨ ’ਤੇ ਮੁੰਡਾ ਛਿੱਥਾ ’ਤੇ ਠੰਢਾ ਪੈ ਗਿਆ। ਜਿਵੇਂ ਮੈਂ ਉਸ ਦਾ ਦਿਲ ਤੋੜਤਾ।

ਹੁਣ ਸੋਚਦਾ ਹਾਂ ਕਿ ਉਦੋਂ ਸ਼ਰੀਫ਼ੇ ਦੇ ਘਰ ਜਾ ਆਉਂਦਾ ਤਾਂ ਚੰਗਾ ਸੀ। ਨਾਲੇ ਦੋਹਾਂ ਧਿਰਾਂ ਦੇ ਦਿਲ ਦਾ ਬੋਝ ਹਲਕਾ ਹੋ ਜਾਂਦਾ। ਹੁਣ ਪਤਾ ਨਹੀਂ ਕਦ ਗੇੜਾ ਲੱਗੇ? ਮੈਂ ਜਾਂ ਉਹਦੇ ਘਰ ਵਾਲੀ ਤਦ ਤੱਕ ਜਿਊਂਦੀ ਹੋਵੇਗੀ ਵੀ ਕਿ ਨਹੀਂ? ਅੱਜ ਸ਼ਰੀਫ਼ੇ ਦੇ ਪੋਤਰੇ ਨੂੰ ਮਿਲਿਆਂ ਪੂਰੇ 10 ਸਾਲ ਗੁਜ਼ਰ ਗਏ ਨੇ। ਤੇ ਉਦੋਂ ਤੋਂ ਈ ਆਪਣੇ ਸਿਰ ’ਤੇ ਬੋਝ ਚੁੱਕੀ ਫਿਰਦੈਂ। ਹੁਣ ਵੀ ਸ਼ਰੀਫ਼ਾ ਆਏ ਦਿਨ ਸੁਪਨੇ ’ਚ ਆ ਕੇ ਉਲਾਂਭਾ ਦਿੰਦਾ ਨੀ ਥੱਕਦਾ। ਵਾਰ ਵਾਰ ਇਹੋ ਆਖਦੇ, " ਭੈੜਿਆ, ਮੇਰੇ ਪਿੰਡ ਆ ਕੇ ਵਗੈਰ ਮਿਲੇ ਈ ਮੁੜ ਆਉਣ ਦਾ ਹਿਆਂ ਕਿਵੇਂ ਪੈ ਗਿਆ ਤੇਰਾ? " 

ਉਸ ਨੇ ਆਪਣੀ ਹੱਡ ਬੀਤੀ ਨੂੰ ਸਮੇਟਦਿਆਂ, ਹਟਕੋਰਾ ਲੈਂਦਿਆਂ ਕਿਹਾ, " ਲੋਕ 15 ਅਗਸਤ ਤੇ ਆਜ਼ਾਦੀ ਜ਼ਸ਼ਨ ਮਨਾਉਂਦੇ ਨੇ। ਪਰ ਇਨ੍ਹਾਂ ਜ਼ਸ਼ਨਾਂ ’ਤੇ, ਸਾਡੇ 47 ਵਾਲੇ ਪੀੜਤ ਬਜ਼ੁਰਗਾਂ ਦੇ ਉਹ ਭਿਆਨਕ ਵਰਤਾਰਾ ਯਾਦ ਆ ਕੇ, ਜ਼ਖ਼ਮ ਕੁਰੇਦੇ ਜਾਂਦੇ ਨੇ। ਮਰ ਅਤੇ ਵਿੱਛੜ ਗਿਆਂ ਨੂੰ ਮੁੜ ਮਿਲਾਪ ਲਈ ਰੋਂਦੇ ਆਂ ਅਸੀਂ।"
      
ਲੇਖਕ : ਸਤਵੀਰ ਸਿੰਘ ਚਾਨੀਆਂ  
92569-73526

rajwinder kaur

This news is Content Editor rajwinder kaur