1947 ਹਿਜਰਤਨਾਮਾ-25 : ਸ. ਕੁੰਦਨ ਸਿੰਘ ਬਜੂਹਾ

07/13/2020 3:38:31 PM

ਸੰਨ 47 ਦੀ ਇਤਿਹਾਸਿਕ ਦਰਦਮਈ ਵੰਡ ਦੇ ਇਕ ਜ਼ਿੰਦਾ ਪੀੜਤ ਇਤਿਹਾਸਿਕ ਪਾਤਰ ਦੀ ਕਹਾਣੀ - ਉਸ ਦੀ ਆਪਣੀ ਜ਼ੁਬਾਨੀ -

"ਜੀ ਹਜ਼ੂਰ ਮੈਂ ਕੁੰਦਨ ਸਿੰਘ ਵਲਦ ਬੇਲਾ ਸਿੰਘ ਮੌਜ੍ਹਾ ਬਜੂਹਾਂ ਖ਼ੁਰਦ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹੈਂ। ਵੈਸੇ ਸਾਡਾ ਜੱਦੀ ਪਿੰਡ ਧਾਲੀਵਾਲ ਮੰਜਕੀ (ਜਲੰਧਰ) ਐ। ਮੇਰੇ ਪਿਤਾ ਜੀ ਕੁੱਲ 6 ਭਰਾ ਤੇ ਬਾਬਾ ਸੀ ਸਾਡਾ ਸ.ਜੋਧ ਸਿਹੁੰ। ਉਹ ਸਾਰੇ ਹੀ ਬਾਰ ਵਿਚ ਖੇਤੀ ਕਰਨ ਲਈ ਗਏ । ਅੱਗੋਂ ਅਸੀਂ ਵੀ ਸਬੱਬੀਂ 6 ਹੀ ਭਰਾ । ਇਹਨਾਂ ਚ 1928 ਵਿਚ ਜਨਮਿਆਂ ਤੀਸਰੇ ਨੰ: ’ਤੇ ਹਾਂ ਮੈਂ, ਤੂਰ ਗੋਤੀਆ ਜੱਟ ਸਿੱਖ। ਸਾਡੇ ਸਾਰੇ ਭਰਾਵਾਂ ਦਾ ਜਨਮ, ਉਧਰਲੀ ਬਾਰ ਦਾ ਈ ਐ। ਚੱਕ ਨੰ: 54, ਡਾਕ ਮੁੱਢਾਂ ਵਾਲਾ ਸ਼ੰਕਰ, ਤਹਿ:ਜੜ੍ਹਾਂ ਵਾਲੀ, ਗੋਗੇਰਾ ਬਰਾਂਚ ਤੇ ਜ਼ਿਲ੍ਹਾ ਲਾਇਲਪੁਰ। ਉਧਰ ਹੀ ਚੌਥੀ ਤੱਕ ਤਾਲੀਮ ਹਾਸਿਲ ਕੀਤੀ।

ਕੋਈ ਸਵਾ ਮੁਰੱਬਾ ਜ਼ਮੀਨ ਸਾਡੇ ਪਾਸ ਖੇਤੀਬਾੜੀ ਅਧੀਨ ਸੀ। ਜ਼ਮੀਨ ਨਹਿਰੀ ਅਤੇ ਜ਼ਰਖੇਜ ਸੋ ਖੇਤੀਆਂ ਖੂਬ ਮੌਲਦੀਆਂ । ਜ਼ਿਆਦਾ ਨਰਮਾ ਕਣਕ ਕਮਾਦ ਹੀ ਬੀਜੀਦਾ ਸੀ ਪਰ ਮੱਕੀ ਖਾਣ ਜੋਗੀ ਈ। ਜੜ੍ਹਾਂਵਾਲੀ ਮੰਡੀ ਵਿਚ ਗੱਡਿਆਂ ਅਤੇ ਜਿਣਸ ਵੇਚ ਕੇ ਆਉਂਦੇ। ਸਾਡਾ ਸਾਂਝਾ ਪਰਿਵਾਰ ਦੱਬ ਕੇ ਵਾਹ ਤੇ ਰੱਜ ਕੇ ਖਾਹ ’ਤੇ ਪਹਿਰਾ ਦਿੰਦਾ। ਚਾਨੀਆਂ ਪਿੰਡ ਤੋਂ ਹੀ ਬਾਲਮੀਕ ਅੱਸਾ ਅਤੇ ਦਲੀਪਾ ਪਿਓ ਪੁੱਤਰ ਓਧਰ ਸੀਰੀਪੁਣਾ ਕਰਦੇ। ਜ਼ਿਆਦਾ ਕੰਮ ਦਾ ਜ਼ੋਰ ਹੁੰਦਾ ਤਾਂ ਉਨ੍ਹਾਂ ਨੂੰ ਦਿਹਾੜੀ ’ਤੇ ਬੁਲਾ ਲੈਂਦੇ (ਇਹ ਪਾਕਿ: ਬਣਨ ਤੇ ਇਧਰ ਨਹੀਂ ਆਏ ਉਧਰ ਹੀ ਰਹਿ ਗਏ)। ਇਧਰ ਹੀ ਨੇੜਲੇ ਪਿੰਡ ਸ਼ੰਕਰ ਤੋਂ ਮੁਸਲਮਾਨ ਗੌਂਸਦੀਨ ਦਾ ਪੋਤਾ ਤੁਫੈਲ ਉਧਰ ਲੁਹਾਰਾ ਕੰਮ ਕਰਦਾ।

ਸ਼ੰਕਰ ਤੋਂ ਹੀ ਰੰਗੜਾਂ ਦਾ ਲਾਲਦੀਨ ਵਲਦ ਮਹਿੰਗਾ ਉਧਰ ਬੱਕਰੀਆਂ ਚਾਰਿਆ ਕਰਦਾ। ਸ਼ੰਕਰ ਤੋਂ ਹੀ ਜ਼ੈਮਲ ਸਿੰਘ ਵਲਦ ਅਜ਼ੈਬ ਸਿੰਘ ਉਧਰ ਪਿੰਡ ਦੇ ਚੌਧਰੀ ਅਤੇ ਲੰਬੜਦਾਰ ਹੋਇਆ। ਇਧਰਲੇ ਨੇੜਲੇ ਪਿੰਡ ਸਰੀਂਹ ਦੇ ਪਿਛਲੇ ਬੰਨੇ ਲੱਗਦੇ ਪਿੰਡ ਭੰਡਾਲਾਂ ਦਾ ਇੱਕ ਹੁੰਦਾ ਸੀ ਪਦਮ ਸਿੰਘ, ਜੋ ਆਪਣੀ ਭੂਆ ਦੇ ਦੋ ਮੁਰੱਬਿਆਂ ’ਤੇ ਖੇਤੀ ਕਰਦਾ ਸੀ। ਉਹ ਮੁਸ਼ੱਕਤ ਕਰਨ ਦੀ ਥਾਂ ਪੁੱਠੇ ਗੇੜ ਵਿਚ ਹੀ ਪੈ ਗਿਆ। ਸਾਰੀ ਜ਼ਮੀਨ ਵੇਚ ਤੀ ਅਤੇ ਖੁੱਲ੍ਹਾ ਡੁੱਲ੍ਹਾ ਘਰ ਸਾਡੇ ਬਜ਼ੁਰਗਾਂ 1938 ਵਿਚ ਭੰਗ ਦੇ ਭਾੜੇ ਹੀ ਖਰੀਦ ਲਿਆ। ਜ਼ਿੰਦਗੀ ਸੋਹਣੀ ਗੁਜ਼ਰ ਰਹੀ ਸੀ।

ਜਿੱਥੇ ਆਜ਼ਾਦੀ ਸੰਘਰਸ਼ ਆਪਣੇ ਪੂਰੇ ਜੋਬਨ ’ਤੇ ਸੀ ਉਥੇ ਦੇਸ਼ ਵਟਾਂਦਰੇ ਦੀਆਂ ਗਰਮੋ-ਗਰਮ ਖਬਰਾਂ ਦਾ ਬਾਜ਼ਾਰ ਵੀ ਹਰ ਰੋਜ ਭਖਿਆ ਰਹਿੰਦਾ ਸੀ। 1947 ਚੜ੍ਹਦਿਆਂ ਹੀ ਆਲੇ ਦੁਆਲਿਓਂ ਵੱਢ-ਵਡਾਂਗੇ ਦੀਆਂ ਖਬਰਾਂ ਉੱਠਣ ਲੱਗੀਆਂ। ਸਾਰੇ ਇਸੇ ਵਿਸ਼ਵਾਸ਼ ਨਾਲ ਬੈਠੇ ਰਹੇ ਕਿ ਰੌਲਾ-ਰੱਪਾ ਥੰਮ ਜਾਵੇਗਾ। ਇਹ ਚਿੱਤ ਚੇਤੇ ਵੀ ਨਹੀਂ ਸੀ ਕਿ ਏਨੀ ਵੱਡੀ ਤਾਦਾਦ ਵਿਚ ਵੱਢ-ਵਡਾਂਗਾ, ਬਹੂ ਬੇਟੀਆਂ ਦੀ ਬੇਪਤੀ ਅਤੇ ਏਡਾ ਉਜਾੜਾ ਹੋਵੇਗਾ। ਇੱਕਾ ਦੁੱਕਾ ਵਾਰਦਾਤਾਂ ਤਾਂ ਬਹੁਤ ਹੋਈਆਂ ਪਰ ਸਾਡੇ ਪਿੰਡ ਉੱਪਰ ਵੱਡਾ ਹਮਲਾ 8 ਸਤੰਬਰ 1947 ਨੂੰ ਹੋਇਆ। ਪਿੰਡ ਦੇ ਗੁਰਦੁਆਰੇ ਹਥਿਆਰਬੰਦ ਹੋ ਕੇ ਸਾਰੇ ਹਿੰਦੂ ਸਿੱਖ ਕੱਠੇ ਹੋ ਗਏ।

ਦੋਹਾਂ ਪਾਸਿਆਂ ਤੋਂ ਹੀ ਅਲੀ ਅਲੀ-ਸਤਿ ਸ੍ਰੀ ਅਕਾਲ ਦੇ ਨਾਅਰੇ ਬੁਲੰਦ ਹੋਣੇ ਸ਼ੁਰੂ ਹੋਏ। ਇੱਕ ਹਲਕੀ ਮੁੱਠ ਭੇੜ ਹੋਈ, ਜਿਸ ਵਿਚ ਦੋਹਾਂ ਧਿਰਾਂ ਦਾ ਥੋੜਾ ਥੋੜਾ ਨੁਕਸਾਨ ਹੋਇਆ ਪਰ ਸਬੱਬੀਂ ਹੀ ਮਿਲਟਰੀ ਪਹੁੰਚਣ ’ਤੇ ਵੱਡਾ ਨੁਕਸਾਨ ਹੋਣੋਂ ਬਚ ਗਿਆ। ਖਾਣ-ਪੀਣ ਪੱਖੋਂ ਤਾਂ ਫਾਕਾ ਹੀ ਕੱਟਿਆ। ਰਾਤੋ-ਰਾਤ ਤਿਆਰੀ ਫੜੀ ਕਿ ਵਾਪਸ ਪਿੰਡ ਮੋੜਾ ਪਾਇਆ ਜਾਵੇ। ਅਗਲੇ ਚੜ੍ਹਦੇ ਦਿਨ ਹੀ ਇੱਕ ਹੋਰ ਵੱਡੀ ਖਬਰ ਸੁਣੀ ਕਿ ਲਾਇਲਪੁਰ ਵਿਖੇ ਹੀ ਦੰਗਾਕਾਰੀਆਂ ਨੇ ਅਗਲਾ ਪਿਛਲਾ ਫਾਟਕ ਬੰਦ ਕਰਕੇ ਕਰੀਬ 1100 ਗੱਡਿਆਂ ਦੇ ਕਾਫਲੇ ’ਤੇ ਹਮਲਾ ਕਰਕੇ ਭਾਰੀ ਕਤਲੋ ਗਾਰਤ ਕੀਤੀ ਅਤੇ ਬੱਲੋ ਕੀ ਹੈੱਡ ਤੇ ਵੀ ਲੰਘਦਿਆਂ ਕਾਫਲਿਆਂ ਨੂੰ ਕਤਲ ਕਰੀ ਜਾ ਰਹੇ ਹਨ।

ਇਹ ਖਬਰ ਸੁਣਦਿਆਂ ਹੀ ਸਾਰਿਆਂ ਬੇਚੈਨੀ ਅਤੇ ਦਹਿਸ਼ਤ ਫੈਲ ਗਈ। ਸਾਨੂੰ ਪਿੱਛੋਂ ਪਤਾ ਲੱਗਾ ਕਿ ਧਾਲੀਵਾਲ ਮੰਜਕੀ ਤੋਂ ਭਗਤ ਸਿੰਘ ਵਲਦ ਅਮਰ ਸਿੰਘ ਅਤੇ ਇਕ ਜਗੀਰ ਸਿੰਘ ਦਾ ਮੁੰਡਾ, ਹਜ਼ਾਰਾ ਸਿੰਘ ਦਾ ਭਤੀਜਾ ਬੱਲੋ ਕੀ ਹੈੱਡ ਤੇ ਕਾਫਲੇ ਉਪਰ ਹਮਲੇ ਸਮੇ ਲਾਸ਼ਾਂ ਦੇ ਢੇਰਾਂ ਵਿਚ ਉਵੇਂ ਹੀ ਸ਼ਹਿ ਕੇ ਪਏ ਰਹੇ। ਇਵੇਂ ਉਨ੍ਹਾਂ ਦਾ ਬਚਾਅ ਰਿਹੈ। ਭਲੇ ਕੁੱਝ ਬੰਦੇ ਉਨ੍ਹਾਂ ਦੇ ਪਰਿਵਾਰਾਂ ਦੇ ਮਾਰੇ ਵੀ ਗਏ। ਇਕ ਹੋਰ ਗੱਡਿਆਂ ਦੇ ਕਾਫਲੇ ਵਿਚ ਧਾਲੀਵਾਲ ਮੰਜਕੀ ਤੋਂ ਹੀ ਬਾਵਾ ਸਿੰਘ ਅਤੇ ਰੇਸ਼ਮ ਸਿੰਘ ਪਿਓ ਪੁੱਤਰ, ਲੰਬੜ ਚਰਨਜੀਤ ਸਿੰਘ ਦਾ ਬਾਪ ਕਰਤਾਰ ਸਿੰਘ, ਅਰਜਨ ਸਿੰਘ, ਗੁੜਿਆਂ ਤੋਂ ਬੇਲਾ ਸਿੰਘ ਅਤੇ ਬਾਵਾ ਸਿੰਘ।

ਧਾਲੀਵਾਲ ਤੋਂ ਹੀ ਨਿਹੰਗ ਕਿਸ਼ਨ ਸਿੰਘ ਉਹਦਾ ਬਾਪ ਭਜਨ ਸਿੰਘ ਅਤੇ ਤਾਇਆ ਸਵਰਨ ਸਿੰਘ ਵੀ ਵੱਡਾ ਨੁਕਸਾਨ ਕਰਵਾ ਕੇ ਆਏ। ਨਿਹੰਗ ਸਿੰਘ ਦੀ ਕਹਾਣੀ ਬੜੀ ਦਰਦਨਾਕ ਹੈ। ਉਹ ਉਸ ਵਕਤ ਹਾਲੇ ਬਾਲ ਉਮਰੇ ਹੀ ਸੀ। ਬੱਲੋ ਕੀ ਹੈੱਡ ਤੇ ਕਾਫਲੇ ’ਤੇ ਹਮਲੇ ਸਮੇ ਲਾਸ਼ਾਂ ਦੇ ਢੇਰ ’ਚ ਉਵੇਂ ਹੀ ਸ਼ਹਿ ਕੇ ਪਿਆ ਰਿਹਾ। ਹੋਰਾਂ ਦੇ ਖੂਨ ਨਾਲ ਲਿਬੜ ਗਿਆ, ਇਵੇਂ ਭੁਲੇਖੇ ਨਾਲ ਹੀ ਬਚ ਰਿਹਾ। ਸਾਡੇ ਪਿੰਡ ਦਾ ਕਾਫਲਾ ਪਹਿਲੋਂ ਚੱਕ ਨੰ:66 ਵਿਚ 'ਕੱਠਾ ਹੋਇਆ। ਇਕ ਦਿਹਾੜੀ ਗੱਡੇ ਉਵੇਂ ਹੀ ਖੜੇ ਰਹੇ। ਮੈਂ, ਮੇਰਾ ਭਰਾ ਸਾਧੂ ਸਿੰਘ ਅਤੇ ਮਾਤਾ ਬਿਸ਼ਨ ਕੌਰ ਨਹਿਰੀ ਡਾਕ ਬੰਗਲੇ ਤੋਂ ਇਕ ਟਰੱਕ ਉਪਰ ਸਵਾਰ ਹੋ ਕੇ ਖਾਲਸਾ ਕਾਲਜ ਲਾਇਲਪੁਰ ਦੇ ਕੈਂਪ ਵਿਚ ਜਾ ਪਹੁੰਚੇ। 
                        
ਪਹਿਲਾ ਦਿਨ ਤਾਂ ਉਵੇਂ ਭੁੱਖੇ ਹੀ ਰਹੇ। ਦੂਸਰੇ ਦਿਨ ਆਟੇ ਦਾ ਇਕ ਟਰੱਕ ਆਇਆ। ਥੋੜ੍ਹਾ ਥੋੜ੍ਹਾ ਆਟਾ ਸਭਨਾਂ ਨੂੰ ਝੋਲੀ ਪਾਇਆ । ਸਾਡੇ ਪਿੰਡ ਦੇ ਕਿਸੇ ਹੋਰਸ ਨੂੰ ਆਟਾ ਨਾ ਮਿਲਿਆ। ਜੋ ਮੇਰੀ ਝੋਲੀ ਸੀ ਉਹੀ ਪਕਾ ਕੇ 1-1 ਰੋਟੀ ਗੁੜ ਨਾਲ ਖਾਧੀ। ਤਦੋਂ ਹੀ ਖਾਲੀ ਟਰੱਕਾਂ ਦਾ ਇਕ ਕਾਫਲਾ ਆਇਆ ਅਤੇ ਅੱਗੇ ਸਰਗੋਧੇ ਹੋਰ ਉਜੜਿਆਂ ਨੂੰ ਲਿਆਉਣ ਲਈ ਲੰਘਿਆ ਤਾਂ ਉਨ੍ਹਾਂ ਨੂੰ 'ਕਾਲੀ ਲੀਡਰ ਕਰਤਾਰ ਸਿੰਘ ਹੋਰਾਂ ਨੇ ਰੋਕ ਕੇ ਕਿਹਾ ਕਿ ਪਹਿਲੋਂ ਇਹ ਲਾਇਲਪੁਰੀਏ ਛੱਡ ਆਓ। ਟਰੱਕ ਤੇ ਚੜ੍ਹਨ ਲਈ ਲੋਕਾਂ ਇਕ ਦਮ ਹਮਲਾ ਬੋਲ ਦਿੱਤਾ। ਬੈਠਣਾ ਤਾਂ ਇਕ ਪਾਸੇ ਖੜਨ ਲਈ ਵੀ ਜਗ੍ਹਾ ਨਾ ਮਿਲੇ।

ਸਵੇਰ ਦੇ ਕਰੀਬ ਚਾਰ ਵਜੇ ਟਰੱਕ ਦੇ ਡਾਲੇ ਦੇ ਸੰਗਲ ਪਾਸ ਇਕ ਪੈਰ ਰੱਖਣ ਦੀ ਜਗ੍ਹਾ ਬੜੀ ਮੁਸ਼ਕਲ ਨਾਲ ਮਿਲੀ। ਮਤਾ ਇਹ ਥਾਂ ਵੀ ਕਿਧਰੇ ਖੁੱਸ ਹੀ ਨਾ ਜਾਵੇ ਸ਼ਾਮ ਦੇ ਚਾਰ ਵਜੇ ਤੱਕ ਮੈਂ ਪੈਰ ਬਦਲ ਬਦਲ ਕੇ ਇਕ ਹੀ ਪੈਰ ’ਤੇ ਖੜਾ ਰਿਹਾ। ਗਰਮੀ, ਭੁੱਖ, ਹੁਮਸ ਨਾਲ ਨਿਢਾਲ ਹੋ ਜਾਈਏ। ਮਸਾਂ ਕਿਤੇ ਜਾ ਕੇ ਟਰੱਕ ਤੁਰੇ ਤਾਂ ਅੱਗੇ ਗੋਗੇਰਾ ਬਰਾਂਚ ਪਾਸ ਜਾ ਰੁਕੇ। ਇਥੋਂ ਕਈ ਟਰੱਕ ਪਿੱਛੇ ਮੁੜ ਗਏ। ਖਬਰ ਇਹ ਸੀ ਕਿ ਅੱਗੇ ਖਤਰਾ ਹੈ। ਮੈਨੂੰ ਇਕ ਪੈਰ ਉਪਰ ਖੜਨਾ ਹੁਣ ਅਸਲੋਂ ਮੁਹਾਲ ਸੀ। ਤਦੋਂ ਹੀ ਮੈਨੂੰ ਇਕ ਤਰਕੀਬ ਸੁੱਝੀ ਕਿ ਮੈਂ ਸੰਗਲ ਅਤੇ ਨਾਲ ਲੱਗਦੀ ਇਕ ਫੱਟੀ ਨਾਲ ਆਪਣੀ ਪੱਗ ਦੇ 3-4 ਵਲ ਮਾਰ ਲਏ।

ਇਸ ਤਰਾਂ ਦੋਹੇਂ ਪੈਰ ਟਕਾਉਣ ਦੀ ਜਗ੍ਹਾ ਬਣ ਗਈ। ਤਿੰਨ ਕੁ ਘੰਟੇ ਬਾਅਦ ਟਰੱਕ ਲਾਹੌਰ ਲਈ ਤੁਰੇ। ਲਾਹੌਰ ਪਹੁੰਚ ਕੇ ਵੀ ਖੱਜਲ ਖੁਆਰੀ ਅਤੇ ਫਾਕਾ ਹੀ ਕੱਟਿਆ। ਪਿਛਿਓਂ ਲਾਹੌਰ ਦੀ ਤਰਫੋਂ ਇਕ ਮਾਲ ਗੱਡੀ ਅੰਦਰੋਂ ਬਾਹਰੋਂ ਤੂੜੀ ਹੋਈ ਆਈ। ਸਾਨੂੰ ਛੱਤ ਉਪਰ ਬੈਠਣ ਜੋਗੀ ਜਗ੍ਹਾ ਮਿਲ ਗਈ। ਉਹੀ ਭੁੱਖ, ਗਰਮੀ ਅਤੇ ਤੇਹ ਨਾਲ ਬੇਹਾਲ ਹੋਏ ਸਾਂ। ਭੁੱਖੇ, ਪਿਆਸੇ ਬੱਚੇ ਵੀ ਸੱਭ ਰੋਈ ਜਾਣ। ਪਾਣੀ ਵੀ ਕਿਧਰੋਂ ਪੀਣ ਲਈ ਨਾ ਮਿਲੇ। ਗੱਡੀ ਵੀ ਹੌਲੀ-ਹੌਲੀ ਅਤੇ ਰੁੱਕ-ਰੁੱਕ ਕੇ ਤੁਰੇ। ਸੱਭ 'ਟੇਸ਼ਣਾ ਤੇ ਲਾਸ਼ਾਂ ਹੀ ਲਾਸ਼ਾਂ-ਖੂਨ ਹੀ ਖੂਨ। ਅਗਲੇ ਦਿਨ ਗੱਡੀ ਗੁਰਾਇਆਂ ਸਟੇਸ਼ਨ ਜਾ ਲੱਗੀ।

ਇਧਰਲੇ ਪਿੰਡਾਂ ਦੇ ਅਸੀਂ ਕੋਈ 18-20 ਜਣੇ ਹੋਵਾਂਗੇ। ਇਕ ਬੰਦਾ ਸਾਡੇ ਨਾਲ ਸ਼ੰਕਰ ਤੋਂ ਸੀ। ਉਸ ਦੀ ਰੁੜਕੇ ਰਿਸ਼ਤੇਦਾਰੀ ਸੀ। ਉਨ੍ਹਾਂ ਭਲਿਆਂ ਨੇ ਬਹੁਤ ਟਹਿਲ ਸੇਵਾ ਕੀਤੀ। ਇਕ ਹਫਤੇ ਬਾਅਦ ਉਥੋਂ ਰੁਕ ਕੇ ਰੱਜਵੀਂ ਰੋਟੀ ਖਾਧੀ ਅਤੇ ਚਾਹ ਪਾਣੀ ਪੀਤਾ। ਸੂਰਜ ਅਸਤ ਹੁੰਦਿਆਂ ਹੀ ਅਸੀਂ ਆਪਣੇ ਪਿੰਡ ਧਾਲੀਵਾਲ ਮੰਜਕੀ ਆਣ ਪਹੁੰਚੇ। ਰਸਤੇ ਵਿਚ ਬੜੇ ਦਰਦਨਾਕ ਦਰਿਸ਼ ਦੇਖੇ। ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਦੀਆਂ ਕਲਮ ਹੋਈਆਂ ਅਤੇ ਦਰਿੰਦਿਆਂ ਵਲੋਂ ਨੋਚੀਆਂ ਜਵਾਨ ਔਰਤਾਂ ਦੀਆਂ ਲਾਸ਼ਾਂ।

ਅਸੀਂ ਭਲਾ ਮੁਸੀਬਤ ਬਹੁਤ ਝੱਲੀ ਪਰ ਰਸਤੇ ਵਿਚ ਸਾਡੇ ਕਾਫਲੇ ਦਾ ਕਿਧਰੇ ਜਾਨੀ ਨੁਕਸਾਨ ਨਹੀਂ ਹੋਇਆ। ਪਿੰਡ ਪਹੁੰਚ ਕੇ ਆਪਣਿਆਂ ਦੇ ਗਲ਼ ਲੱਗ ਲੱਗ ਰੋਕੇ ਦਿਲ ਹੌਲਾ ਕੀਤਾ। ਕੁਝ ਦਿਨ ਪਿੰਡ ਹੀ ਰਹੇ। ਇਕ ਦਿਨ ਸਾਰੇ ' ਬਾਰੀਆਂ ' ਮਿਲ ਕੇ ਸਕੀਮ ਬਣਾਈ ਕਿ ਗੁਆਂਢੀ ਮੁਸਲਮਾਨਾਂ ਦੇ ਪਿੰਡ ਬਜੂਹਾਂ ਕਲਾਂ ਅਤੇ ਖ਼ੁਰਦ ਹੁਣ ਖਾਲੀ ਪਏ ਹਨ ਕਿਓਂ ਨਾ ਉਨ੍ਹਾਂ ’ਤੇ ਕਬਜ਼ਾ ਕਰ ਲਿਆ ਜਾਏ। ਸੋ ਅਸੀਂ ਵੀ ਬਜੂਹਾਂ ਖੁਰਦ ਦੇ 2-3 ਘਰਾਂ ਅਤੇ ਕੁਝ ਜ਼ਮੀਨ ’ਤੇ ਆਣ ਕਬਜ਼ਾ ਕੀਤਾ।

ਨਰੰਜਣ ਦਾਸ ਸੂਦਾਂ ਦਿਓਂ ਫਕੀਰ ਚੰਦ ਆਦਿ ਧਰਮੀ ਰਾਹੀਂ ਇਕ ਬੋਰੀ ਕਣਕ ਦੀ ਮੁੱਲ ਲਈ, ਜੋ ਉਸ ਵਕਤ ਉਨ੍ਹਾਂ ਸਾਡੇ ’ਤੇ ਤਰਸ ਖਾਣ ਦੀ ਬਜਾਏ ਚਾਲੂ ਰੇਟ ਤੋਂ ਤਿੱਗਣੇ ਰੇਟ ’ਤੇ ਦਿੱਤੀ। ਹੌਲੀ-ਹੌਲੀ ਗੱਡੀ ਲੀਹੇ ਪੈ ਗਈ। ਸਰਕਾਰ ਵਲੋਂ 1950 ਵਿਚ ਉਧਰੋਂ ਮਾਲ ਰਿਕਾਰਡ ਮੰਗਵਾਇਆ। ਤਦੋਂ ਨਕੋਦਰ ਦੇ ਤਹਿਸੀਲਦਾਰ ਸ. ਸਵਰਨ ਸਿੰਘ ਵਲੋਂ ਗਿਣਤੀ ਮਿਣਤੀ ਕਰਕੇ ਮੁੜ ਪੱਕੀ ਅਲਾਟਮੈਂਟ ਕੀਤੀ ਗਈ। ਓਧਰ ਸਾਡੇ ਖੱਤੇ ਦੀ ਕੀਮਤ ਸਵਾ ਰੁ: ਮਿੱਥੀ ਗਈ ਪਰ ਇਧਰ ਇਕ ਰੁ: ਦੇ ਹਿਸਾਬ ਅਲਾਟ ਕੀਤੀ ।

ਸਾਨੂੰ ਸਾਰੇ ਭਰਾਵਾਂ ਨੂੰ 7-7 ਏਕੜ ਜ਼ਮੀਨ ਅਤੇ 1-1 ਘਰ ਪੱਕੇ ਤੌਰ ’ਤੇ ਅਲਾਟ ਕਰ ਦਿੱਤਾ ਗਿਆ। ਉਧਰ ਸਾਡੇ ਖੇਤ 40 × 40 ਕਰਮਾ ਦੇ ਸਨ ਪਰ ਇਧਰ 40×36 ਦੇ ਹਿਸਾਬ ਹੀ ਅਲਾਟਮੈਂਟ ਕੀਤੀ। ਤਦੋਂ ਸਰੀਂਹ ਦਾ ਪਟਵਾਰੀ ਸੀ ਸ. ਦੌਲਤ ਸਿੰਘ। ਓਸ ਹੀ ਜਲੰਧਰ ਵੱਡੇ ਪਟਵਾਰ ਖਾਨੇ ਬੈਠ ਕੇ ਜ਼ਮੀਨ ਅਲਾਟਮੈਂਟ ਦਾ ਕੰਮ ਸਿਰੇ ਚਾੜ੍ਹਿਆ। 1960 ਵਿਚ ਜ਼ਮੀਨ ਦੀ ਮੁੜ ਮੁਰੱਬੇਬੰਦੀ ਹੋਈ। ਉਸ ਸਮੇ ਫਿਰ ਜ਼ਮੀਨਾਂ ’ਚੋਂ ਕਾਟ ਤਾਂ ਕੱਟੀ ਗਈ ਪਰ ਟੁਕੜਿਆਂ ਵਿਚ ਵੰਡੀ ਹੋਈ ਜ਼ਮੀਨ ਨੂੰ ਮੁੜ 'ਕੱਠਿਆਂ ਕਰ ਦਿੱਤਾ ਗਿਆ। ਸੋ ਹੁਣ ਤੱਕ ਉਹੀ ਖਾਂਦੇ ਹਾਂ।  ਮੇਰੇ ਘਰ ਤਿੰਨ ਧੀਆਂ ਅਤੇ ਤਿੰਨ ਪੱਤਰਾਂ ਨੇ ਜਨਮ ਲਿਆ ।

ਬੇਟੀ ਸੁਖਵੀਰ ਕੌਰ ਜਲੰਧਰ ਕਾਲਜ ਵਿੱਚ ਪ੍ਰੋਫੈਸਰ ਐ ਤੇ ਵੱਡਾ ਬੇਟਾ ਆਇਆ ਸਿੰਘ ਮੇਰੇ ਨਾਲ ਖੇਤੀ ਕਰਦੈ। ਮੈਂ ਹੁਣ 90 ਆਂ ਨੂੰ ਢੁੱਕਣ  ਦੇ ਨੇੜੇ ਆਂ। ਤਬੀਅਤ ਵੀ ਕੁੱਝ ਨਾਸਾਜ ਈ ਰਹਿੰਦੀ ਵਾ। ਜੰਮਣ ਭੋਇੰ ਦੇਖਣ ਦੀ ਮੁੜ ਰੀਝ ਸੀ ਮੇਰੀ । ਨੇੜੇ-ਤੇੜੇ ਭਵਿੱਖ ’ਚ ਜੋ ਪੂਰੀ ਹੁੰਦੀ ਨਈਂ ਦਿੱਸਦੀ। ਫਿਰ ਵੀ ਅਤੀਤ ਦੇ ਜ਼ਖ਼ਮ ਭੁਲਾਇਆਂ ਵੀ ਨਹੀਂ ਭੁੱਲਦੇ। ਹੁਣ 67 ਸਾਲ ਬਾਅਦ ਵੀ ਕਦੇ ਕਦੇ ਯਾਦ ਆ ਕੇ ਦਰਦ ਅੱਖਾਂ ਥਾਣੀ ਬਹਿ ਤੁਰਦਾ ਐ।"

PunjabKesari
                                                 
ਲੇਖਕ:ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News