ਹਿਜਰਤਨਾਮਾ 66: ਫੁੰਮਣ ਸਿੰਘ ਭੱਟੀਆਂ

01/07/2023 6:05:21 PM

'ਸਾਡੇ ਪਰਿਵਾਰ ਦੇ ਤੀਹ ਮੈਂਬਰ ਆਜ਼ਾਦੀ ਦੇ ਲੇਖੇ ਲੱਗੇ'

''ਸਾਡਾ ਜੱਦੀ ਪਿੰਡ ਸ਼ਾਹਪੁਰ-ਫਿਲੌਰ ਆ। ਅਸੀਂ ਮਰੋਕ ਗੋਤੀਏ ਕੰਬੋਜ ਸਿੱਖ ਆਂ। ਮੇਰੇ ਬਾਬਾ ਜੀ ਕਿਸ਼ਨ ਸਿੰਘ, ਅਰਜਣ ਸਿੰਘ ਅਤੇ ਸ਼ਾਮ ਸਿੰਘ ਹੋਰੀਂ ਸਰਦਾਰ ਹੀਰਾ ਸਿੰਘ ਦੇ ਪੁੱਤਰ ਹੋਏ। ਕਿਸ਼ਨ ਸਿੰਘ ਅਤੇ ਸ਼ਾਮ ਸਿੰਘ ਬਾਰ ਵਿਚ ਗਏ, ਅਰਜਣ ਸਿੰਘ ਨਹੀਂ ਗਿਆ। ਕਿਸ਼ਨ ਸਿੰਘ ਦੇ ਘਰ 6 ਪੁੱਤਰ ਚਾਨਣ ਸਿੰਘ, ਮੇਹਰ ਸਿੰਘ, ਹਜ਼ਾਰਾ ਸਿੰਘ, ਜੋਗਿੰਦਰ ਸਿੰਘ, ਕੇਹਰ ਸਿੰਘ ਅਤੇ ਬਲਵੰਤ ਸਿੰਘ ਪੈਦਾ ਹੋਏ। ਚਾਨਣ ਸਿੰਘ ਸਾਡਾ ਬਾਪ ਹੋਇਆ। ਇਨ੍ਹਾਂ ਚੋਂ ਉਪਰੋਕਤ ਦਰਜ ਚਾਰ ਭਰਾਵਾਂ ਦਾ ਜਨਮ ਤਾਂ ਇਧਰ ਅਤੇ ਦੋ ਛੋਟਿਆਂ ਦਾ ਬਾਹਰ ਦਾ ਐ। ਚਾਰਾਂ ਦੀਆਂ ਸ਼ਾਦੀਆਂ ਓਧਰ ਹੀ ਹੋਈਆਂ ਅਤੇ ਛੋਟੇ ਚਾਚੇ ਅਣ-ਵਿਆਹੇ ਸਨ। ਭੂਆ ਹਰ ਕੌਰ ਦਾ ਵਿਆਹ ਵੀ ਓਧਰ ਗੁਆਂਢੀ ਪਿੰਡ ਸਿੱਖ ਫੌਜੀਆਂ ਦੇ 44 ਚੱਕ 'ਚ ਦਿਆਲ ਸਿੰਘ ਨਾਲ ਹੋਈ। ਮਿੰਟਗੁਮਰੀ ਦੇ 47/5L ਚੱਕ ਵਿੱਚ ਸਾਡੇ ਬਾਬੇ ਕਿਸ਼ਨ ਸਿੰਘ ਨੂੰ ਅਤੇ ਬਾਬੇ ਦੇ ਭਰਾ ਸ਼ਾਮ ਸਿੰਘ ਨੂੰ ਮਿੰਟਗੁਮਰੀ ਦੇ 20 ਚੱਕ ਵਿੱਚ ਮੁਰੱਬਾ ਅਲਾਟ ਸੀ। 47-48ਚੱਕ ਦੋਹਾਂ ਪਿੰਡਾਂ ਦੇ ਵਿਚਾਲੇ ਹੀ ਸਾਂਝਾ ਪ੍ਰਾਇਮਰੀ ਸਕੂਲ ਚੱਲਦਾ। 60 ਚੱਕ ਵਿੱਚ ਪੁਲਸ ਠਾਣਾ ਵੱਜਦਾ। 34/4L ਜਾਂਗਲੀਆਂ ਦਾ ਪਿੰਡ ਸੁਣੀਂਦਾ। ਚੜ੍ਹਦੇ ਪਾਸੇ 5L ਨਹਿਰ ਵੱਗਦੀ। ਪਿੰਡ ਦਾ ਜ਼ੈਲਦਾਰ ਵਧਾਵਾ ਸਿੰਘ ਟੁਰਨਾ- ਲੋਹੀਆਂ ਤੋਂ ਅਤੇ ਲੰਬੜਦਾਰ ਸੇਵਾ ਸਿੰਘ ਪੁੱਤਰ ਹਜ਼ਾਰਾ ਸਿੰਘ ਸ਼ਾਹਪੁਰ-ਫਿਲੌਰ ਤੋਂ ਸੁਣੀਂਦਾ। ਰੌਲਿਆਂ ਵੇਲੇ ਮੇਰੀ ਉਮਰ ਕੋਈ 7-8 ਵਰ੍ਹੇ ਸੀ। ਉਦੋਂ ਦੀਆਂ ਵਾਪਰੀਆਂ ਘਟਨਾਵਾਂ ਦਾ ਮੈਨੂੰ ਥੋੜਾ ਬਹੁਤਾ ਹੀ ਯਾਦ ਆ। ਮੇਰੇ ਵਾਂਗ ਹੀ ਤਾਇਆ ਜੋਗਿੰਦਰ ਸਿੰਘ ਦੀ ਧੀ ਅਮਰ ਕੌਰ ਜੋ ਮੈਥੋਂ ਦਸ ਕੁ ਵਰ੍ਹੇ ਵੱਡੀ ਏ, ਵੀ ਬਚ ਕੇ ਆਉਣ ਵਾਲਿਆਂ ਵਿੱਚ ਸ਼ਾਮਲ ਐ। ਬਹੁਤੀਆਂ ਗੱਲਾਂ ਮੈਨੂੰ ਉਸੇ ਨੇ ਬਾਅਦ 'ਚ ਸਾਂਝੀਆਂ ਕੀਤੀਆਂ। ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਹੁੰਦਾ। ਪਾਠੀ ਸਿੰਘ ਸਵੇਰ ਸ਼ਾਮ ਨਿੱਤਨੇਮ ਕਰਦਾ।

ਪਿੰਡ ਨੂੰ 'ਟੇਸ਼ਣ ਯੂਸਫ਼ ਵਾਲਾ ਲੱਗਦਾ। ਖੂਹ ਇੱਕੋ ਹੀ ਮੈਂ ਪਿੰਡ ਦੇ ਚੁਰੱਸਤੇ ਵਿਚ ਅਤੇ ਦੋ ਹੱਟੀਆਂ ਮੇਰੇ ਮਾਮਾ ਕਰਨੈਲ ਸਿੰਘ ਅਤੇ ਮਲਸੀਆਂ ਦੇ ਸੋਹਣ ਸਿੰਘ ਦੀ ਅੱਖੀਂ ਡਿੱਠੀ। ਇਹ ਸੋਹਣ ਸਿੰਘ ਬੜਾ ਜਗਿਆਸੂ ਅਤੇ ਹਿੰਮਤੀ ਬੰਦਾ ਸੁਣੀਂਦਾ। ਪਿੰਡ ਵਿੱਚ ਵੀ ਉਸ ਦੀ ਚੰਗੀ ਪ੍ਹੈਂਠ ਸੀ। ਮਿਲਟਰੀ ਦਾ ਪ੍ਰਬੰਧ ਕਰਕੇ, ਹੱਲਿਆਂ 'ਚੋਂ ਬਚੇ ਖੁਚੇ ਹਿੰਦੂ ਸਿੱਖਾਂ ਨੂੰ ਲੱਭ ਕੇ ਇਧਰ ਲਿਆਉਣ ਲਈ ਵੀ ਇਸੇ ਨੇ ਹਿੰਮਤ ਕੀਤੀ। ਜਦੋਂ ਵੰਡ ਦਾ ਰੌਲ਼ਾ ਪਿਆ ਤਾਂ ਆਲ਼ੇ ਦੁਆਲ਼ੇ ਪਿੰਡਾਂ ਉਪਰ ਦੰਗੱਈਆਂ ਵਲੋਂ ਹਮਲੇ ਸ਼ੁਰੂ ਹੋਏ। ਇਵੇਂ ਹੀ ਇੱਕ ਦਿਨ ਦੰਗੱਈਆਂ ਦੀ ਵੱਡੀ ਭੀੜ ਨੇ ਪਿੰਡ ਤੇ ਹਮਲਾ ਬੋਲਤਾ। ਬਲੋਚ ਮਿਲਟਰੀ ਦਾ ਟਰੱਕ ਵੀ ਉਨ੍ਹਾਂ ਮੰਗਵਾ ਲਿਆ। ਮਜੋ ਸਿੱਖ ਦਰਵਾਜ਼ਿਆਂ ਉੱਤੇ ਪਹਿਰੇ ਤੇ ਸਨ, ਬਲੋਚਾਂ ਮਾਰਤੇ। ਸੈਂਕੜੇ ਬੱਚੇ, ਬੀਬੀਆਂ ਅਤੇ ਬਜ਼ੁਰਗ ਉਸਾਰੀ ਅਧੀਨ ਇਕ ਵੱਡੀ ਹਵੇਲੀ ਵਿੱਚ 'ਕੱਠੇ ਹੋਏ। ਸਿੱਖ ਜਵਾਨ ਦੰਗੱਈਆਂ ਦਾ ਮੁਕਾਬਲਾ ਤਾਂ ਕਰ ਸਕਦੇ ਸਨ ਪਰ ਮਿਲਟਰੀ ਦਾ ਤਲਵਾਰਾਂ ਸੋਟਿਆਂ ਨਾਲ ਕੋਈ ਮੁਕਾਬਲਾ ਨਹੀਂ ਸੀ। ਹਿੰਦੂ ਸਿੱਖਾਂ ਦੇ ਸਾਰੇ ਘਰਾਂ ਦੀ ਉਨ੍ਹਾਂ ਤਲਾਸ਼ੀ ਲਈ। ਜੋ ਵੀ ਮਿਲਿਆ ਉਨ੍ਹਾਂ ਥਾਂਏਂ ਭੁੰਨ੍ਹ ਦਿੱਤਾ। ਜਿਸ ਹਵੇਲੀ ਵਿੱਚ ਹਿੰਦੂ ਸਿੱਖਾਂ ਦੀ ਭੀੜ ਸੀ ਉਥੇ ਉਨ੍ਹਾਂ ਛੱਤਾਂ ਉਪਰੋਂ ਫਾਇਰ ਕਰਕੇ ਸਭ ਮਾਰ ਸੁੱਟੇ। ਜੇ ਕੋਈ ਸਹਿਕਦਾ ਸੀ ਉਸ ਨੂੰ ਪਿੰਡ ਵਿੱਚ ਦਾਖ਼ਲ ਹੋਈ ਮੁਸਲਿਮ ਭੀੜ ਨੇ ਸਿਰਾਂ ਤੇ ਡਾਂਗਾਂ ਮਾਰ ਮਾਰ, ਮਾਰਤਾ। ਗਹਿਣਾ ਗੱਟਾ ਲੁੱਟ ਕੇ, ਕਈ ਮੁਟਿਆਰਾਂ ਤਾਈਂ ਵੀ ਧਾੜਵੀਆਂ ਵਲੋਂ ਉਧਾਲ਼ ਲਿਐ। ਮਰਨ ਵਾਲਿਆਂ ਵਿੱਚ ਬਹੁਤੇ ਵਾਸੂ ਇਧਰਲੇ ਪਿਛਲੇ ਪਿੰਡੋਂ ਸ਼ਾਹ ਪੁਰ-ਫਿਲੌਰ ਅਤੇ ਫੁੱਲ-ਲੋਹੀਆਂ ਤੋਂ ਸਨ। ਧਾੜਵੀਆਂ, ਮੁਸਲਿਮ ਮਿਲਟਰੀ ਵਲੋਂ ਮਾਰੇ ਜਾਣ ਵਾਲਿਆਂ 'ਚ ਲੋਹੀਆਂ ਤੋਂ ਸਾਰੀ ਜ਼ਿੰਦਗੀ ਪੰਥ ਦੇ ਲੇਖੇ ਲਾਉਣ ਵਾਲੇ ਜੱਥੇਦਾਰ ਸ਼ਿੰਗਾਰਾ ਸਿੰਘ ਦਾ ਪਰਿਵਾਰ ਵੀ ਸ਼ਾਮਲ ਸੀ। ਇਕ ਅਨੁਮਾਨ ਅਨੁਸਾਰ ਪਿੰਡ ਦੇ ਕੋਈ 70% ਹਿੰਦੂ ਸਿੱਖ ਮਾਰੇ ਗਏ। ਇਨ੍ਹਾਂ 'ਚ ਹਿੰਦੂਆਂ ਦੀ ਗਿਣਤੀ ਬਹੁਤ ਘੱਟ ਸੀ। ਕਿਉਂ ਜੋ ਉਨ੍ਹਾਂ 'ਚ ਸਿਰਫ ਦਲਿਤ ਕਾਮੇ ਲੋਕ ਸਨ। ਕੁੱਲ ਮਰਨ ਵਾਲਿਆਂ ਵਿੱਚ 90% ਸਿੱਖ ਹੀ ਸਨ।
 ਮੈਂ ਹਵੇਲੀ ਵਿੱਚ ਸਬੱਬੀਂ ਲਾਸ਼ਾਂ ਦੇ ਢੇਰ 'ਚ, ਉਵੇਂ ਬਚ ਰਿਹਾ। ਇਥੇ ਮੇਰੀ ਮਾਂ, ਵੱਡਾ ਅਤੇ ਛੋਟਾ ਭਰਾ ਵੀ ਨਾਲ ਸਨ ਜੋ ਮਾਰੇ ਗਏ। ਭੈਣਾਂ ਦਾ ਕੁੱਝ ਪਤਾ ਨਾ ਲੱਗਾ। ਹਰ ਪਾਸੇ ਖੂਨ, ਕੁਰਲਾਹਟ ਅਤੇ ਦਹਿਲ ਦੀ ਛਹਿਬਰ ਸੀ। ਮਾਂ ਦੇ ਖੂਨ ਨਾਲ ਗੱਚ ਹੋਇਆ ਮੈਂ ਉਹ ਹੌਲਨਾਕ ਵਾਕਿਆ ਦੇਖ ਕੇ ਹਟਕੋਰੇ ਲੈ-ਲੈ ਰੋਣ ਲੱਗਾ। ਪਰ ਸਾਹਮਣੇ ਖੜ੍ਹੀ ਮੌਤ ਨੂੰ ਦੇਖ ਉੱਚੀ ਆਵਾਜ਼ ਵੀ ਨਾ ਕੱਢਾਂ। ਇਕ ਮੁਸਲਿਮ ਮੇਰੇ ਪਾਸ ਆਇਆ। ਉਨ੍ਹਾਂ ਨੇ ਪੁੱਛਿਆ , "ਮੇਰੇ ਨਾਲ ਜਾਣੈਂ?" ਤਾਂ ਮੈਂ ਹਾਮੀ ਭਰਤੀ। ਉਹ ਮੈਨੂੰ ਆਪਣੇ ਗੁਆਂਢੀ ਪਿੰਡ ਲੈ ਗਿਆ। 3-4 ਦਿਨ ਉਨ੍ਹਾਂ ਨੇ ਘਰ ਰੱਖਿਆ। ਫਿਰ ਇਕ ਦਿਨ ਡੋਗਰਾ ਮਿਲਟਰੀ ਦਾ ਟਰੱਕ ਆਇਆ। ਉਨ੍ਹਾਂ ਲੁਕੇ ਛਿਪੇ ਜਾਂ ਉਧਾਲੀਆਂ ਗਈਆਂ ਨੂੰਹਾਂ-ਧੀਆਂ ਦੀ ਪੂਰੇ ਇਲਾਕੇ ਵਿੱਚ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ। ਉਹ ਮੁਸਲਿਮ ਮੈਨੂੰ ਉਸ ਟਰੱਕ 'ਚ ਬਿਠਾ ਗਿਆ। ਉਸੇ ਟਰੱਕ 'ਚ 47 ਚੱਕ ਤੋਂ ਵੀ ਕੁਝ ਬਚੇ ਖੁਚੇ ਸਨ। ਜਿਨ੍ਹਾਂ ਦਾ ਪਿਛਲਾ ਪਿੰਡ ਇਹੋ ਸ਼ਾਹਪੁਰ-ਫਿਲੌਰ ਸੀ। ਉਹ ਟਰੱਕ ਸਾਨੂੰ ਉਕਾੜਾ ਰਫਿਊਜੀ ਕੈਂਪ ਵਿੱਚ ਛੱਡ ਗਿਆ। ਉਥੇ ਪਰਿਵਾਰ ਮਿਲਾਪ ਦੀ ਅਨਾਊਂਸਮੈਂਟ ਪਈ ਹੋਈ। ਮੇਰੇ ਨਾਮ ਪਤੇ ਦੀ ਵੀ ਹੋਈ ਤਾਂ ਭੂਆ ਹਰ ਕੌਰ ਅਤੇ ਚਾਚੀ ਸੰਤ ਕੌਰ , ਮੈਨੂੰ ਆ ਕੇ ਮਿਲੀਆਂ। ਉਥੋਂ ਹੀ ਕਾਫ਼ਲੇ ਨਾਲ਼ ਤੁਰ ਕੇ ਸੁਲੇਮਾਨ ਹੈੱਡ- ਫਿਰੋਜ਼ਪੁਰ-ਲੁਦੇਹਾਣਾ- ਸ਼ਾਹਪੁਰ(ਫਿਲੌਰ) ਆਉਣ ਉਤਾਰਾ ਕੀਤਾ। 20 ਚੱਕ-ਮਿੰਟਗੁਮਰੀਓਂ ਬਾਬੇ ਦੇ ਛੋਟੇ ਭਰਾ ਸ਼ਾਮ ਸਿੰਘ ਦਾ ਸਾਰਾ ਪਰਿਵਾਰ ਤਾਂ ਜਾਨ ਬਚਾ ਕੇ ਆ ਗਿਆ। ਪਰ ਸਾਡੇ ਚਾਚੇ ਤਾਇਓਂ ਕੁੱਲ 35 ਮੈਂਬਰਾਂ 'ਚੋਂ 30ਮੈਂਬਰ ਆਜ਼ਾਦੀ ਦੀ ਭੇਟ ਚੜ੍ਹ ਗਏ। ਜਿਨ੍ਹਾਂ ਵਿੱਚ ਮੇਰੇ ਪਿਤਾ ਸਮੇਤ 6 ਸਕੇ ਭਰਾ ਚਾਚੇ ਤਾਏ, ਭੈਣ ਭਰਾ, ਨੂੰਹਾਂ, ਧੀਆਂ ਸ਼ਾਮਲ ਸਨ। ਸਿਰਫ਼ ਪੰਜ ਜਣੇ ਮੈਂ ਫੁੰਮਣ ਸਿੰਘ, ਤਾਏ ਹਜ਼ਾਰਾ ਸਿੰਘ ਦੀ ਧੀ ਬਚਨ ਕੌਰ ਜੋ ਪਿੱਛੋਂ ਸੁਲਤਾਨਪੁਰ ਲੋਧੀ ਦੇ ਸੁਰਜਣ ਸਿੰਘ ਨੂੰ ਵਿਆਹੀ ਗਈ, ਤਾਇਆ ਜੋਗਿੰਦਰ ਸਿੰਘ ਦੀ ਧੀ ਅਮਰ ਕੌਰ ਜੋ ਪਿੱਛੋਂ ਲੰਮਾ ਪਿੰਡ- ਜਲੰਧਰ ਦੇ ਬਖਸ਼ੀਸ਼ ਸਿਹੁੰ ਨੂੰ ਵਿਆਹੀ ਗਈ, ਚਾਚਾ ਮਿਹਰ ਸਿਹੁੰ ਦੀ ਪਤਨੀ ਚਾਚੀ ਸੰਤ ਕੌਰ, ਇਨ੍ਹਾਂ ਦੀ ਧੀ ਸੁਰਿੰਦਰ ਕੌਰ ਜੋ ਇਧਰ ਰਾਣੀ ਪੁਰ- ਫਗਵਾੜਾ ਦੇ ਭਗਵਾਨ ਸਿੰਘ ਨੂੰ ਵਿਆਹੀ ਗਈ, ਹੀ ਅੱਗੜ ਪਿੱਛੜ ਬਚ ਕੇ ਆਉਣ ਵਾਲਿਆਂ 'ਚ ਸ਼ਾਮਲ ਸੀ। ਇਸ ਤਰ੍ਹਾਂ ਸਾਨੂੰ ਆਜ਼ਾਦੀ ਸਭ ਤੋਂ ਮਹਿੰਗੇ ਮੁੱਲ ਪਈ। ਅਫ਼ਸੋਸ ਕਿ ਉਨ੍ਹਾਂ ਸਿਸਕਦੀਆਂ ਰੂਹਾਂ ਦਾ ਭਾਰਤੀ ਆਜ਼ਾਦੀ ਇਤਿਹਾਸ  ਦੇ ਪੰਨੇ ਤੇ ਕਿਧਰੇ ਨਾਮੋ ਨਿਸ਼ਾਨ ਤੱਕ ਨਹੀਂ।
 ਇਧਰ ਆ ਕੇ ਸਾਡੀ ਪਰਚੀ ਇਸ ਭੱਟੀਆਂ ਪਿੰਡ ਦੀ ਪਈ। ਮੈਂ ਤਾਂ ਉਦੋਂ ਨਿਆਣਾ ਹੀ ਸੀ ਸੋ ਭੱਜ ਨੱਠ ਛੋਟੇ ਬਾਬੇ ਸ਼ਾਮ ਸਿੰਘ ਨੇ ਕੀਤੀ। ਕਾਟ ਕੱਟ ਕੇ 18 ਏਕੜ ਜ਼ਮੀਨ ਅਲਾਟ ਹੋਈ, ਸਾਨੂੰ। ਅੱਜ ਤੱਕ ਉਹੀ ਖਾਂਦੇ ਹਾਂ। ਮੇਰਾ ਇਕਲੌਤਾ ਪੁੱਤਰ ਦਲਬੀਰ ਸਿੰਘ ਵੀ ਕੁੱਝ ਵਰ੍ਹੇ ਪਹਿਲਾਂ ਜਵਾਨੀ 'ਚ ਹੀ ਸਦੀਵੀ ਵਿਛੋੜਾ ਦੇ ਗਿਆ। ਹੁਣ ਉਸੇ ਦੇ ਬਾਲ ਪਰਿਵਾਰ 'ਚ ਜ਼ਿੰਦਗੀ ਦਾ ਪਿਛਲਾ ਪਹਿਰ ਗੁੰਮਨਾਮੀ 'ਚ ਹੰਢਾਅ ਰਿਹੈਂ। ਕਿਉਂ ਜੋ ਆਜ਼ਾਦੀ ਐਲਾਨ ਉਪਰੰਤ ਫੈਲੀ ਬੁਰਛਾਗਰਦੀ 'ਚ  ਮੇਰੇ 30 ਪਰਿਵਾਰਕ ਮੈਂਬਰਾਂ ਦੇ ਲੇਖੇ ਲੱਗ ਜਾਣ ਦਾ ਸੱਲ੍ਹ, ਹਾਲੇ ਵੀ ਮੇਰਾ ਪਿੱਛਾ ਨਹੀਂ ਛੱਡਦਾ। ਅੱਜ ਵੀ ਉਹ ਕਤਲੋਗ਼ਾਰਤ ਦਾ ਸੀਨ, ਮੈਨੂੰ ਦਹਿਲਾ ਜਾਂਦੈ। ਸਾਉਣ ਭਾਦੋਂ ਦਾ ਆਜ਼ਾਦੀ ਜਸ਼ਨ ਆਏ ਵਰ੍ਹੇ ਮੇਰੇ ਜ਼ਖਮਾਂ 'ਤੇ ਆਇਆ ਖਰੀਂਡ ਛਿੱਲ ਜਾਂਦੈ। ਅਫ਼ਸੋਸ ਕਿ ਰੋ ਲੈਣ ਤੋਂ ਸਿਵਾ ਮੈਂ ਕੁੱਝ ਹੋਰ ਕਰਨ ਦੇ ਸਮਰੱਥ ਨਹੀਂ ਹਾਂ। ''

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ           


 


Aarti dhillon

Content Editor

Related News