1947 ਹਿਜਰਤਨਾਮਾ 45 : 'ਜਸਵੰਤ ਕੌਰ ਤੋਂ ਰਜ਼ੀਆ ਤੱਕ ਦੀ ਦਰਦਭਰੀ ਦਾਸਤਾਨ'

02/16/2021 6:22:07 PM

ਦਸੰਬਰ 1993 ’ਚ ਹਥਲੀ ਦਰਦ ਭਰੀ ਲੰਬੀ ਦਾਸਤਾਨ ਅਖ਼ਬਾਰ ਵਿੱਚ ਲੜੀਵਾਰ ਛਪੀ ਸੀ, ਜਿਸ ਨੇ ਮੈਨੂੰ ਧੁਰ ਅੰਦਰੋਂ ਝੰਜੋੜ ਸੁੱਟਿਆ। ਕਰੀਬ ਤਿੰਨ ਦਹਾਕਿਆਂ ਉਪਰੰਤ ਸਬੰਧਤ ਲਿਖਾਰਣ ਨਾਲ ਮੁਲਾਕਾਤ ਦਾ ਸਬੱਬ ਹੋਇਆ। ਪੇਸ਼ ਹੈ ਹਰਪਰੀਤ ਕੌਰ ਹੁਸ਼ਿਆਰਪੁਰ ਦੀ ਜ਼ੁਬਾਨੀ।

"ਵੰਡ ਵੇਲੇ ਝੁੱਲੀ ਕੁਰਲਾਹਟਾਂ ਭਰੀ ਕਾਲੀ ਹਨੇਰੀ ਨੇ, ਸਦੀਆਂ ਦੀਆਂ ਸਾਂਝਾਂ ਨੂੰ ਮਸਲ਼ ਕੇ, ਪੰਜੋ ਪਾਣੀਆਂ ਦਾ ਰੰਗ ਲਾਲ ਕਰਤਾ। ਉਸ ਝੁੱਲੀ ਹਨੇਰੀ ਵਿੱਚ, ਮੀਆਂ ਚੰਨੂੰ ਤੋਂ ਇਕ ਪਰਿਵਾਰ ਸ. ਸ਼ੇਰ ਸਿੰਘ ਦਾ ਵੀ ਸੀ। ਤਿੰਨ ਪੁੱਤਰ ਪ੍ਰੀਤਮ ਸਿੰਘ, ਕਰਤਾਰ ਸਿੰਘ, ਪ੍ਰਦੁਮਣ ਸਿੰਘ ਅਤੇ ਪੰਜ ਧੀਆਂ ਮੇਲ ਕੌਰ, ਧਰਮ ਕੌਰ, ਮਹਿੰਦਰ ਕੌਰ ਜਸਵੰਤ ਕੌਰ ਅਤੇ ਹਰਭਜਨ ਕੌਰ ਦਾ ਵਡ ਪਰਿਵਾਰ, ਗੁਰੂ ਘਰ ਦਾ ਪ੍ਰੇਮੀ, ਵਧੀਆ ਖਾਂਦਾ ਪੀਂਦਾ ਆਪਣੀ ਸਰਦਾਰੀ ਹੰਢਾਉਂਦਾ। ਜਦ ਮਾਰਚ 47 ਵਿਚ ਮੱਜ੍ਹਬੀ ਪਾਣ ਚੜ੍ਹੀ ਕਤਲੋਗਾਰਤ ਸ਼ੁਰੂ ਹੋਈ ਤਾਂ ਇਹ ਪਰਿਵਾਰ ਵੀ ਸੇਕ ਤੋਂ ਬਚ ਨਾ ਸਕਿਆ। ਪੂਰਾ ਪੰਜਾਬ ਹੀ ਮੱਜ੍ਹਬੀ ਅੱਗ ਵਿਚ ਸੜ ਰਿਹਾ ਸੀ। ਅੱਗ ਦੇ ਲਾਂਬੂ ਨਾ ਥੰਮਦੇ ਦੇਖ ਇਹ ਪਰਿਵਾਰ ਵੀ ਬਚ ਬਚਾ ਕੇ ਇਧਰ ਹੁਸ਼ਿਆਰਪੁਰ, ਜਿਥੇ ਵੰਡ ਤੋਂ ਪਹਿਲਾਂ ਸ਼ੇਰ ਸਿੰਘ ਦੀ ਬੇਟੀ ਮੇਲ ਕੌਰ ਵਿਆਹੀ ਹੋਈ ਸੀ, ਵਿਖੇ ਆ ਗਿਆ। ਕਹਿਰ ਸਾਈਂ ਦਾ ਇਹ ਹੋਇਆ ਕਿ ਮੀਆਂ ਚੰਨੂੰ ਤੋਂ ਹਿਜਰਤ ਕਰਨ ਵੇਲੇ ਇਸ ਪਰਿਵਾਰ ਦੀਆਂ ਬੇਟੀਆਂ ਹਰਭਜਨ ਕੌਰ ਉਮਰ 10 ਸਾਲ ਅਤੇ ਜਸਵੰਤ ਕੌਰ 13 ਸਾਲ ਆਪਣੇ ਨਾਨਕੇ ਸਰਗੋਧੇ ਗਈਆਂ ਹੋਇਆ ਸਨ। 

ਉਥੇ ਉਨ੍ਹਾਂ ਦਾ ਨਾਨਕਾ ਪਰਿਵਾਰ ਫਸਾਦੀਆਂ ਮਾਰ ਸੁੱਟਿਆ। ਇਤਫ਼ਾਕਨ ਇਹ ਦੋਵੇਂ ਬੱਚੀਆਂ ਕੋਠੇ ਤੇ ਸੁੱਤੀਆਂ ਪਈਆਂ, ਲੁਕ ਕੇ ਜਾਨ ਬਚਾ ਗਈਆਂ। ਗੁਆਂਢਣ ਨੇਕ ਬਖ਼ਤ ਮੁਸਲਿਮ ਬੀਬੀ ਨੇ ਆਪਣੇ ਸ਼ੌਹਰ ਕਰੀਮ ਬਖ਼ਸ਼ ਦਾ ਤਰਲਾ ਕਰਕੇ ਉਨ੍ਹਾਂ ਨੂੰ ਆਪਣੇ ਘਰ ਲੈ ਆਂਦਾ। ਰੌਲਿਆਂ ’ਚ ਹੀ ਉਸ, ਕਰੀਮ ਬਖ਼ਸ਼ ਨੂੰ ਬੱਚੀਆਂ ਦੇ ਘਰ ਮੀਆਂ ਚੰਨੂੰ ਭੇਜਿਆ ਪਰ ਉਥੋਂ ਪਤਾ ਲੱਗਾ ਕਿ ਸ਼ੇਰ ਸਿੰਘ ਦਾ ਪਰਿਵਾਰ ਚੜ੍ਹਦੇ ਪੰਜਾਬ ਚਲਿਆ ਗਿਐ, ਕਿਹੜੇ ਸ਼ਹਿਰ ਗਿਐ, ਪਤਾ ਨਹੀਂ। ਜਸਵੰਤ ਕੌਰ ਨੂੰ ਇਹ ਇਲਮ ਸੀ ਕਿ ਉਸ ਦੀ ਭੈਣ ਮੇਲ ਕੌਰ ਹੁਸ਼ਿਆਰਪੁਰ, ਵੰਡ ਤੋਂ ਪਹਿਲਾਂ ਵਿਆਹੀ ਹੋਈ ਐ, ਸੋ ਉਥੇ ਹੋ ਸਕਦੇ ਨੇ ਪਰ ਕੋਸ਼ਿਸ਼ ਨੂੰ ਬੂਰ ਨ ਪਿਆ। ਇਧਰ ਬੱਚੀਆਂ ਦੀ ਮਾਂ ਭਗਵਾਨ ਕੌਰ ਦਾ ਬੁਰਾ ਹਾਲ ਸੀ। ਉਸ ਦਾ ਦਿਲ ਗਵਾਹੀ ਦਿੰਦਾ ਸੀ ਕਿ ਬੱਚੀਆਂ ਜੀਵਤ ਹਨ। ਅਗਲੇ ਸਾਲ-ਦੋ ਸਾਲ ਤੱਕ ਹੁਸ਼ਿਆਰਪੁਰੀਏ ਰੇਲਵੇ 'ਟੇਸ਼ਣਾ, ਰਫਿਊਜੀ ਕੈਂਪਾਂ ’ਚ ਆਪਣੀਆਂ ਬੱਚੀਆਂ ਦੀ ਭਾਲ ਕਰਦੇ ਰਹੇ। ਦੋ ਦਫ਼ਾ ਸਰਗੋਧਾ ਅਤੇ ਮੀਆਂ ਚਨੂੰ ਪੁਲਸ ਨਾਲ ਲੈ ਕੇ ਜਾਂਦੇ ਰਹੇ, ਬਸ ਇਕੋ ਜੁਆਬ ਮਿਲਦਾ ਕਿ ਹੁਣ ਕੁੱਝ ਵੀ ਬਾਕੀ ਨਹੀਂ। ਦੋਨੋਂ ਧਿਰਾਂ ਗੁਰੂ ਦਾ ਭਾਣਾ ਮੰਨ ਕੇ ਸ਼ਾਂਤ ਹੋ ਗਈਆਂ। 

PunjabKesari

ਓਧਰ ਕਰੀਮ ਬਖ਼ਸ਼ ਅਤੇ ਉਸ ਦੀ ਬੇਗਮ ਨੇ ਭੂਆ ਜਸਵੰਤ ਕੌਰ ਅਤੇ ਹਰਭਜਨ ਕੌਰ ਨੂੰ ਮੁਸਲਿਮ ਬਣਾ, ਰਜ਼ੀਆ ਸੁਲਤਾਨ ਅਤੇ ਆਸਿਫਾਂ ਬੀਬੀ ਦਾ ਨਾਮ ਪੁਰ ਭੈਣਾਂ/ਨਣਦਾਂ ਬਣਾ ਲਿਆ। ਜਦ ਉਹ ਵਿਆਹ ਦੇ ਲਾਈਕ ਹੋਈਆਂ ਤਾਂ ਰਜ਼ੀਆ ਦਾ ਵਿਆਹ ਆਪਣੀ ਰਿਸ਼ਤੇਦਾਰੀ ’ਚੋਂ ਮੰਡੀ ਬਹਾਉਦੀਨ ਜ਼ਿਲ੍ਹਾ ਗੁਜਰਾਤ ਦੇ ਤਸੀਲਦਾਰ ਚੌਧਰੀ ਨੂਰ ਇਲਾਹੀ, ਜਿਸ ਦੀ ਪਤਨੀ ਜੁਆਨੀ ’ਚ ਮਰ ਚੁੱਕੀ ਸੀ, ਨਾਲ ਕਰ ਦਿੱਤਾ। ਆਸਿਫਾਂ ਬੀਬੀ ਕਰਾਚੀ ਵਿਆਹੀ ਗਈ। ਹੁਣ ਸਭ ਕੁਝ ਆਮ ਵਾਂਗ ਹੋ ਗਿਆ। ਉਹ ਦੋਵੇਂ ਕੱਟੜ ਪੰਜ ਨਮਾਜ਼ੀ ਬੇਗਮਾਂ ਬਣ ਗਈਆਂ। ਅੱਗੋਂ ਰਜ਼ੀਆ ਦੇ ਚਾਰ ਬੇਟੇ, ਇਕ ਬੇਟੀ ਵੀ ਜੁਆਨ ਹੋ ਗਈ। ਸਮੇਂ ਦਾ ਹਾਥੀ ਆਪਣੀ ਮਸਤ ਚਾਲੇ ਚਲਦਾ ਰਿਹਾ। ਤਦੋਂ ਨਿਆਣੀ ਉਮਰ ਭੂਆ ਹਰਭਜਨ ਕੌਰ ਨੇ ਤਾਂ ਬਹੁਤਾ ਹੇਜ ਨ ਲਾਇਆ ਪਰ ਭੂਆ ਜਸਵੰਤ ਕੌਰ ਦਾ ਅੰਦਰ ਧੁਖਦਾ ਰਿਹਾ। ਉਹ ਪਰਿਵਾਰਕ ਮੈਂਬਰਾਂ ਤੋਂ ਚੋਰੀ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਪੜ੍ਹ ਕੇ ਰੋ ਲੈਂਦੀ। ਜਦ ਵੀ ਕਿਧਰੇ ਸਿੱਖ ਜਥਾ ਗੁਰਦੁਆਰਿਆਂ ਦੇ ਦਰਸ਼ਣਾਂ ਲਈ ਆਇਆ, ਪਾਕਿਸਤਾਨ ਟੀ.ਵੀ. ’ਤੇ ਵੇਖਦੀ ਤਾਂ ਉਹ ਆਪਣੇ ਪਰਿਵਾਰਕ ਚਿਹਰਿਆਂ ਨੂੰ ਪਛਾਣਦੀ, ਓਹਲੇ ਹੋ ਰੋ ਲੈਂਦੀ। ਅਜਿਹਾ ਸਿਲਸਿਲਾ ਲਗਾਤਾਰ 40 ਸਾਲ ਤੱਕ ਚਲਦਾ ਰਿਹਾ। 

ਅਜਿਹੇ ਹੀ ਇਕ ਦਿਨ ਸਿੱਖ ਜਥੇ ਨੂੰ ਟੀ.ਵੀ. ’ਤੇ ਦੇਖਦਿਆਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਭੁੱਬੀਂ ਰੋਣ ਲੱਗੀ। ਸਾਰਾ ਪਰਿਵਾਰ ਉਸ ਦੁਆਲੇ 'ਕੱਠਾ ਹੋ ਗਿਆ। ਉਸ ਦੀਆਂ ਨੂੰਹਾਂ/ ਪੁੱਤਰਾਂ ਨੇ ਉਸ ਨੂੰ ਸੱਚ ਉਗਲਣ ਲਈ ਮਜਬੂਰ ਕਰ ਦਿੱਤਾ। ਭੂਆ ਨੂੰ ਇਹ ਡਰ ਸੀ ਕਿ ਉਸ ਦੇ ਧੀਆਂ ਪੁੱਤਰ ਕਿਧਰੇ ਬੁਰਾ ਨਾ ਮਨਾਉਣ। ਹੁਣ ਉਹ ਆਪਣੇ ਆਪ ’ਤੇ ਕਾਬੂ ਨਾ ਰੱਖ ਸਕੀ। ਚੀਕ ਚੀਕ ਕਹਿਓਸ," ਮੈਂ ਮੁਸਲਿਮ ਨਹੀਂ, ਮੈਂ ਸਿੱਖਾਂ ਦੀ ਧੀ ਆਂ- ਮੁਸਲਿਮ ਨਹੀਂ, ਮੈਂ ਸਿੱਖਾਂ ਦੀ ਧੀ ਆਂ’ ਕਹਿੰਦਿਆਂ ਉਹ ਬੇਸੁੱਧ ਹੋ ਗਈ। ਉਸ ਦੇ ਪੁੱਤਰਾਂ ਨੂੰ ਤਾਂ ਜਿਵੇਂ ਨਾਨਕੇ ਸਿੱਖ ਹੋਣ ਦਾ ਚਾਅ ਚੜ੍ਹ ਗਿਆ, ਤਦੋਂ ਪੂਰੀ ਜਾਣਕਾਰੀ ਲਿਖ ਕੇ ਪੰਫਲੈਟ ਛਪਾਏ ਤੇ ਦੂਜੇ ਦਿਨ ਹੀ ਨਨਕਾਣਾ ਸਾਹਿਬ ਪਹੁੰਚ ਕੇ ਸਿੱਖ ਯਾਤਰੀਆਂ ’ਚ ਵੰਡੇ। ਸੱਭੋ ਇਹੀ ਕਿਹਾ ਕਿ ਓਧਰ ਜਾ ਕੇ ਪਤਾ ਕਰਾਂਗੇ। 2-3 ਸਾਲ ਇਵੇਂ ਸਿਲਸਿਲਾ ਚਲਦਾ ਰਿਹਾ। ਫਿਰ ਉਹ ਇਕ ਦਿਨ ਗੁਰਦੁਆਰਾ ਪੰਜਾ ਸਾਹਿਬ ਸਿੱਖ ਯਾਤਰੀਆਂ ਪਾਸ ਪਹੁੰਚੇ। ਲੁਦੇਹਾਣਾ ਤੋਂ ਗਿਆ ਇਕ ਅਵਤਾਰ ਸਿੰਘ ਨਾਮੇ ਸਿੱਖ ਉਨ੍ਹਾਂ ਦਾ ਪੇਪਰ ਫੜ੍ਹ ਕੇ ਸੋਚੀਂ ਪੈ ਗਿਆ। ਆਖਿਓਸ," ਤੁਸੀਂ ਕਾਸ ਨੂੰ ਦਿਲ ਹੌਲ਼ਾ ਕਰਦੇ ਹੋ? ਮੇਰੇ ਰਿਸ਼ਤੇਦਾਰ ਜੈਮਲ ਸਿੰਘ ਸਿੰਡੀਕੇਟ ਦਾ ਇਕ ਜਾਣੂੰ, ਪ੍ਰਦੁਮਣ ਸਿੰਘ ਨਾਮੇ, ਹੁਸ਼ਿਆਰਪੁਰ ਪੱਤਰਕਾਰ ਹੈ। ਮੈਂ ਜਾ ਕੇ ਸੰਪਰਕ ਕਰਦਾ ਆਂ।" 

ਉਸ ਸਿੱਖ ਨੇ ਆਪਣਾ ਧਰਮ ਨਿਭਾਉਂਦਿਆਂ ,ਆਉਂਦੇ ਹੀ ਇਕ ਖ਼ਤ ਆਪਣੇ ਰਿਸ਼ਤੇਦਾਰ ਨੂੰ ਤੇ ਦੂਜਾ ਪ੍ਰਦੁਮਣ ਸਿੰਘ ਹੁਸ਼ਿਆਰਪੁਰ ਦੇ ਨਾਮ ਪੁਰ ਪਾਇਆ। ਇਥੋਂ ਹੀ ਭੈਣ ਭਰਾ ਦੇ ਮੁੜ ਮਿਲਾਪ ਲਈ ਖ਼ਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਬਚਪਨ ਦੀਆਂ ਕਈ ਯਾਦਾਂ ਉਨ੍ਹਾਂ ਸਾਂਝੀਆਂ ਕਰਕੇ, ਜਿਨ੍ਹਾਂ ’ਚੋਂ ਇਕ ਇਹ ਸੀ ਕਿ ਵੀਰ ਪ੍ਰਦੁਮਣ ਸਿੰਘ ਦੇ ਬਾਲ ਉਮਰੇ ਨਲਕੇ ਤੇ ਪਾਣੀ ਪੀਂਦਿਆਂ, ਮੱਥੇ ਤੇ ਨਲਕੇ ਦੀ ਹੱਥੀ ਲੱਗ ਗਈ। ਉਸ ਸੱਟ ਦਾ ਨਿਸ਼ਾਨ ਬਾਕੀ ਰਿਹਾ। ਇਕ ਕਵਿਤਾ ਦੇ ਕੁਝ ਬੋਲ ਜੋ ਉਹ ਸਕੂਲ ਪੜ੍ਹਿਆ ਕਰਦੇ ਸਨ, ਆਪਣੇ ਸਕੇ ਭੈਣ ਭਰਾ ਹੋਣ ਦੀ ਤਸਦੀਕ ਕਰ ਲਈ। ਇਧਰ ਸੰਪਰਕ ਤੋਂ ਪਹਿਲਾਂ ਈ, ਭੂਆ ਜਸਵੰਤ ਕੌਰ, ਹਰਭਜਨ ਕੌਰ ਦੇ ਵਿਯੋਗ ਵਿੱਚ ਦੋ ਭੈਣਾਂ, ਇਕ ਭਰਾ ਅਤੇ ਮਾਤਾ ਪਿਤਾ ਚੜ੍ਹਾਈ ਕਰ ਗਏ। ਫਿਰ ਦੋ ਕੁ ਸਾਲ ਬਾਅਦ ਭੂਆ ਜਸਵੰਤ ਕੌਰ ਆਪਣੇ ਬੇਟੇ ਖ਼ਾਲਿਦ ਮਹਿਬੂਬ ਭੱਟੀ ਨਾਲ ਆਪਣੇ ਭਤੀਜੇ, ਪ੍ਰਦੁਮਣ ਸਿੰਘ ਦੇ ਵੱਡੇ ਬੇਟੇ ਦੇ ਵਿਆਹ ’ਤੇ ਆਈ। ਭੈਣ ਭਰਾ ਦਾ 42 ਸਾਲਾਂ ਵਿਛੋੜੇ ਬਾਅਦ ਮੁੜ ਮਿਲਾਪ, ਮਾਨੋ ਦਰਦ ਅੱਖਾਂ ਥਾਣੀਂ ਬਹਿ ਤੁਰਿਆ। ਉਹ ਆਪਣੇ ਭਾਈਆਂ/ਭਤੀਜਿਆਂ ਨੂੰ ਮੁੜ ਮੁੜ ਬਗਲਗੀਰ ਹੋਏ, ਉਨ੍ਹਾਂ ਦੇ ਹੱਥਾਂ ਨੂੰ ਚੁੰਮੇ। ਇਹ ਅਚੰਭਿਤ ਕਹਾਣੀ ਪੂਰੇ ਹੁਸ਼ਿਆਰਪੁਰ ਵਿੱਚ ਖੰਭਾਂ ਦੀਆਂ ਡਾਰਾਂ ਬਣ ਕੇ ਉਡ ਗਈ। ਸ਼ੈਦ ਚੌਧਰੀ ਨੂਰ ਇਲਾਹੀ ਨੂੰ ਇਸ ਦਾ ਸਦਮਾ ਲੱਗਾ, ਉਹ ਬੀਮਾਰ ਪੈ ਕੇ ਕੁੱਝ ਮਹੀਨਿਆਂ ’ਚ ਹੀ ਫੌਤ ਹੋ ਗਏ। 

PunjabKesari

ਉਪਰੰਤ ਦੋ ਕੁ ਸਾਲ ਬਾਅਦ ਫਿਰ ਭੂਆ ਜਸਵੰਤ ਕੌਰ ਦੀ ਬੇਟੀ ਸ਼ਗੂਫਤਾ ਦੇ ਵਿਆਹ ਦਾ ਕਾਰਡ ਆਇਆ ਪਰ ਅਫਸੋਸ ਕਿ ਇਸ ਤੋਂ ਪਹਿਲਾਂ ਈ ਸ.ਪਰਦੁਮਣ ਸਿੰਘ ਵੀ ਚੱਲ ਵਸੇ। ਵਿਆਹ ਦੇ ਕਾਰਡ ਦੇ ਆਧਾਰ ’ਤੇ ਸਾਡੇ ਪਰਿਵਾਰਕ ਮੈਂਬਰਾਨ ਦਾ ਵੀਜ਼ਾ ਲੱਗ ਗਿਆ। ਅਸੀਂ ਸ਼ਗੂਫਤਾ ਦਾ ਨਾਨਕੀ ਸ਼ੱਕ ਲੈ ਕੇ ਕਚਹਿਰੀ ਰੋਡ, ਮੰਡੀ ਬਹਾਉਦੀਨ ਗਏ ਪਰ ਭੂਆ ਹੋਰਾਂ ਨੂੰ ਅਗਾਊਂ ਕੋਈ ਇਤਲਾਹ ਨਾ ਕੀਤੀ। ਵਾਹਗਾ ਤੋਂ ਪਾਰ ਹੋ ਕੇ ਲਾਹੌਰ ਦੀ ਟੈਕਸੀ ਫੜੀ। ਲਾਹੌਰ ਤੋਂ ਵੈਗਨ ਰਾਹੀਂ ਗੁਜਰਾਤ ਤੇ ਗੁਜਰਾਤ ਤੋਂ ਬੱਸ ਜ਼ਰੀਏ ਮੰਡੀ ਬਹਾਉਦੀਨ ਪਹੁੰਚੇ। ਸਿਖ ਯਾਤਰੀ ਲਾਹੌਰ, ਨਨਕਾਣਾ ਸਾਹਿਬ, ਪੰਜਾ ਸਾਹਿਬ ਅਕਸਰ ਆਉਂਦੇ ਹਨ, ਸੋ ਉਨ੍ਹਾਂ ਹਲਕੇ ਦੇ ਮੁਸਲਿਮਾਂ ਲਈ ਸਿੱਖ ਓਪਰੇ ਨਹੀਂ ਪਰ ਲਗਦੈ ਗੁਜਰਾਤ, ਮੰਡੀ ਬਹਾਉਦੀਨ 47ਤੋਂ ਬਾਅਦ ਕੋਈ ਸਿੱਖ ਸ਼ੈਦ ਹੀ ਆਇਆ ਹੋਏ। ਸੋ ਉਨ੍ਹਾਂ ਲਈ ਅਸੀਂ ਬਹੁਤ ਅਚੰਭਾ ਸਾਂ। ਲਾਹੌਰ ਤੋਂ ਅੱਗੇ ਸਫ਼ਰ ਬਹੁਤ ਰੌਚਕ ਭਰਿਆ ਸੀ। ਮੰਡੀ ਬਹਾਉਦੀਨ ਅੱਡੇ ’ਚੋਂ ਜਦ ਚੌਧਰੀ ਨੂਰ ਇਲਾਹੀ ਦੇ ਘਰ ਲਈ ਟਾਂਗਾ ਫੜਿਆ ਤਾਂ 15-16 ਮੁੰਡੇ ਕੁੱਝ ਭੱਜ ਕੇ ਕੁੱਝ ਸੈਕਲ ਤੇ ਸਾਡੇ ਨਾਲ-ਨਾਲ ਚੱਲਦੇ ਗਏ। ਇਹ ਦੇਖਣ ਲਈ ਕਿ ਇੰਡੀਆ ਤੋਂ ਆਏ ਸਿੱਖ ਮਹਿਮਾਨ ਕਿਸ ਘਰ ਜਾ ਰਹੇ ਹਨ। ਚੌਧਰੀ ਨੂਰ ਇਲਾਹੀ ਦੇ ਘਰ ਨਜ਼ਦੀਕ ਟਾਂਗਾ ਪੁੱਜਾ ਤਾਂ ਕੀ ਦੇਖਦੇ ਆਂ ਕਿ ਸ਼ਗੂਫਤਾ ਆਪਣੀ ਸਹੇਲੀ ਨੂੰ ਵਿਦਾ ਕਰਨ ਲਈ ਮੁੱਖ ਗੇਟ ਦੇ ਬਾਹਰ ਆਈ ਹੈ। 

ਉਸ ਮਹਿਸੂਸਿਆ ਕਿ ਕੋਈ ਮਹਿਮਾਨ ਆਏ ਨੇ। ਕਿਉਂ ਜੋ ਮੁਸਲਿਮ ਮੁੰਡਿਆਂ ਸਾਨੂੰ ਝੁਰਮਟ ਪਾਇਆ ਹੋਇਆ ਸੀ ਸੋ ਉਸ ਨੂੰ ਬਿੰਦ ਝੱਟ ਦਸਤਾਰ ਵਾਲਾ ਨੌਜਵਾਨ ਦਿਖਾਈ ਨਾ ਦਿੱਤਾ। ਅਸੀਂ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਲਈ ਇੰਡੀਆ ਤੋਂ ਨਾਨਕੇ ਆ ਰਹੇ ਨੇ, ਕੋਈ ਵੀ ਖ਼ਬਰ ਨਾ ਕੀਤੀ। ਜਿਉਂ ਹੀ ਸ਼ਗੂਫਤਾ ਦੀ ਨਜ਼ਰ ਆਪਣੇ ਦਸਤਾਰਧਾਰੀ ਮਾਮੇ ਪੁੱਤ ਭਰਾ ’ਤੇ ਪਈ ਤਾਂ ਉਸ ਨੂੰ ਸਮਝਣ ’ਚ ਕੋਈ ਦੇਰ ਨਾ ਲੱਗੀ ਕਿ ਇੰਡੀਆ ਤੋਂ ਨਾਨਕੇ ਆਏ ਹਨ। ਸ਼ਗੂਫਤਾ ਖੁਸ਼ੀ, ਅਚੰਭੇ ਅਤੇ ਵੈਰਾਗ ਵਿੱਚ 'ਮਾਮੂ ਜਾਦ ਭਾਈ' ਲੇਰ ਮਾਰ, ਧਾਹ ਕੇ ਗਲਵੱਕੜੀ ਪਾਉਂਦਿਆਂ ਉਚੀ ਉਚੀ ਰੋਣ ਲੱਗੀ। ਆਹੁਲ ਕੇ ਆਉਂਦਿਆਂ ਉਸ ’ਤੇ ਲਿਆ ਸੁੱਭਰ ਵੀ ਸਰਕ ਕੇ ਸੜਕ ’ਤੇ ਡਿੱਗ ਪਿਆ। ਏਨੇ ਨੂੰ ਸ਼ਗੂਫਤਾ ਦੀ ਸਹੇਲੀ ਨੇ ਭੱਜ ਅੰਦਰ ਜਾ ਖ਼ਬਰ ਕੀਤੀ। ਭੂਆ ਜਸਵੰਤ ਕੌਰ ਮੁਸਲਿਮ ਤਹਿਜ਼ੀਬ ਨੂੰ ਦਰ ਕਿਨਾਰ ਕਰਕੇ, ਨੰਗੇ ਸਿਰ ਪੈਰ ਬਾਹਰ ਭੱਜ, 'ਆ ਗਿਆ ਦੁੰਮਣ ਵੀਰ ਮੇਰਾ' ਚੀਕ ਮਾਰ, ਸਾਨੂੰ ਬਗਲਗੀਰ ਹੁੰਦਿਆਂ ਗਸ਼ ਖਾ ਕੇ ਡਿੱਗ ਪਈ।"
(ਹਰਪ੍ਰੀਤ ਕੌਰ ਹੁਸ਼ਿਆਰਪੁਰ ਤੋਂ ਪੱਤਰਕਾਰਾ ਹੈ)

ਲੇਖਕ:ਸਤਵੀਰ ਸਿੰਘ ਚਾਨੀਆਂ 
92569-73526


rajwinder kaur

Content Editor

Related News