1947 ਹਿਜਰਤਨਾਮਾ 49 : ਦੀਪ ਭੱਟੀ

05/24/2021 3:45:57 PM

'ਦੇਸੀ ਘਿਓ ਦਾ ਕੁੱਜਾ ਦਿੰਦਿਆਂ ਮਾਈ ਦੇਸਾਂ ਭੁੱਬੀਂ ਰੋ ਪਈ'

" ਪਿਆਰੇ ਪਾਠਕੋ, ਮੈਂ ਦੀਪ ਭੱਟੀ ਪੁੱਤਰ ਮਹਿੰਗਾ ਸਿੰਘ ਪੁੱਤਰ ਅਤਰ ਸਿੰਘ, ਹਾਲ ਆਬਾਦ ਪਿੰਡ ਬਜੂਹਾ ਖੁਰਦ ਤਸੀਲ ਨਕੋਦਰ ਜ਼ਿਲ੍ਹਾ ਜਲੰਧਰ ਤੋਂ ਬੋਲਦਾ ਪਿਐਂ। ਜੱਦੀ ਪਿੰਡ ਤਾਂ ਸਾਡਾ ਇਥੋਂ ਨੇੜਲਾ ਚੱਕ ਬਾਗੜੀ ਈ ਐ। ਪਹਿਲੀ ਆਲਮੀ ਜੰਗ ਦੇ ਆਰ -ਪਾਰ ਕਿਧਰੇ ਮੇਰੇ ਬਾਬਾ ਜੀ ਬਾਰ ’ਚ ਖੇਤੀ ਕਰਨ ਗਏ। ਉਧਰ ਗੋਗੇਰਾ ਬਰਾਂਚ ਉਤੇ ਪਿੰਡ ਸੀ 93 ਚੱਕ ਨਕੋਦਰ, ਤਸੀਲ ਜੜ੍ਹਾਂ ਵਾਲਾ ਜ਼ਿਲ੍ਹਾ ਲੈਲਪੁਰ। ਗੁਆਂਢੀ ਪਿੰਡਾਂ ਵਿੱਚ ਚੱਕ 94,97,22 ਅਤੇ ਬੁੱਚੀਆਂ, ਜੋ ਸਾਰੇ (ਗੋਗੇਰਾ ਬਰਾਂਚ) ’ਤੇ ਸਨ। ਮੁਰੱਬਾ ਤਾਂ ਸਾਨੂੰ ਕੋਈ ਅਲਾਟ ਨਾ ਹੋਇਆ ਪਰ ਪਹਿਲਾਂ ਤਾਂ ਕਈ ਸਾਲ ਖੇਤ ਹਾਲੇ ’ਤੇ ਲੈ ਕੇ ਖੇਤੀ ਕੀਤੀ। ਫਿਰ ਕੁੱਝ ਕਰਜ਼ਾ ਚੁੱਕ ਅਤੇ ਕੁੱਝ ਮਿਹਨਤ ਨਾਲ ਕੋਈ ਅੱਧਾ ਮੁਰੱਬਾ ਮੁੱਲ ਲੈ ਲਿਆ। ਜ਼ਮੀਨ ਨਹਿਰੀ ਸੀ। ਜ਼ਿਆਦਾ ਨਰਮਾ, ਝੋਨਾ, ਚਰੀ ਜਵਾਰ ਈ ਬੀਜਦੇ। ਜੜ੍ਹਾਂ ਵਾਲੇ ਜਿੱਣਸ ਗੱਡਿਆਂ ਤੇ ਵੇਚ ਕੇ ਆਉਂਦੇ। 'ਦੱਬ ਕੇ ਵਾਹ ਤੇ ਰੱਜ ਕੇ ਖਾਹ' ਤੇ ਪਹਿਰਾ ਦਿੰਦਿਆਂ ਬਜ਼ੁਰਗਾਂ ਕਰਜ਼ਾ ਵੀ ਲਾਹ ਦਿੱਤਾ ਤੇ ਮਕਾਨ ਗੁਜ਼ਾਰੇ ਜੋਗਾ ਪੱਕਾ ਬਣਾ ਲਿਆ। 
ਬਾਬਾ ਜੀ ਪਿੰਡ ਦੇ ਲੰਬੜਦਾਰ ਤਾਂ ਨਹੀਂ ਸਨ ਪਰ ਫਿਰ ਵੀ ਉਨ੍ਹਾਂ ਦਾ ਨਾਮ ਪਿੰਡ ਦੇ ਚੌਧਰੀਆਂ ਵਿਚ ਵੱਜਦਾ। ਇਕ ਘੋੜੀ ਤਸੀਲਦਾਰ ਵਲੋਂ ਬਾਬਾ ਜੀ ਨੂੰ ਦਿੱਤੀ ਤੇ ਇਕ ਉਨ੍ਹਾਂ ਆਪਣੀ ਮੁੱਲ ਲਈ ਹੋਈ ਸੀ।ਬਾਬਾ ਜੀ ਨੇ ਆਪਣੇ ਪੁੱਤਰ ਮਹਿੰਗੇ ਦੀ ਸ਼ਾਦੀ ਬੜੀ ਧੂਮ ਧਾਮ ਨਾਲ ਕੀਤੀ।ਬਰਾਤ 93 ਚੱਕ ਨਕੋਦਰੋਂ ਰੇਲ ਗੱਡੀ ਰਾਹੀਂ ਜੜਾਂ ਵਾਲਿਓਂ ਗੱਡੀ ਫੜ੍ਹ ਕੇ  ਲਾਹੌਰ-ਜਲੰਧਰ ਹੁੰਦੀ ਹੋਈ ਥਾਬਲਕੇ 'ਟੇਸ਼ਣ ਆਣ ਉੱਤਰ,ਉਥੋਂ ਨਾਲ ਪੈਂਦੇ ਪਿੰਡ ਧਾਲੀਵਾਲ ਮੰਜਕੀ ਜਾ ਢੁੱਕੀ। ਜਿਥੋਂ ਮਾਈ ਜੀਤ ਕੌਰ ਵਿਆਹ ਲਿਆਂਦੀ। ਇਨ੍ਹਾਂ ਦੇ ਘਰ ਦੋ ਪੁੱਤਰ ਪੈਦਾ ਹੋਏ। ਵੱਡਾ ਗੁਰਦੇਵ ਤੇ ਛੋਟਾ ਮੈਂ, ਦੀਪ ਭੱਟੀ। ਸਾਡੇ ਚੱਕ ਵਿੱਚ ਬਹੁ ਵਸੋਂ ਸਿੱਖ ਆਬਾਦੀ ਦੀ ਸੀ। ਬਾਕੀ ਧੰਦਿਆਂ ਦੇ ਅਧਾਰਤ ਕਾਮੇ ਜਾਂ ਦੁਕਾਨਦਾਰ। 
ਜਦ ਰੌਲ਼ੇ ਪਏ ਤਾਂ ਮੇਰੀ ਉਮਰ ਤਦੋਂ ਦਸ ਕੁ ਸਾਲ ਹੀ ਸੀ।ਸਕੂਲ ਅਸੀਂ ਨਾ ਓਧਰ ਤੇ ਨਾ ਏਧਰ ਡਿੱਠਾ। ਅਸੀਂ ਦੋਆਂ ਭਾਈਆਂ ਜਿਓਂ ਹੀ ਸੁਰਤ ਸੰਭਾਲੀ ਘਰਦਿਆਂ ਪਸ਼ੂ ਚਾਰਨ ਜਾਂ ਖੇਤੀਬਾੜੀ ’ਚ ਹੱਥ ਵਟਾਉਣ ਲਾ ਛੱਡਿਆ। ਜੱਲੂ ਤੇ ਬੱਲੂ ਦੋ ਮੁਸਲਿਮ ਭਰਾ ਆਪਣੇ ਬਾਪ ਨਾਲ, ਪਿੰਡ ਵਿੱਚ ਲੁਹਾਰਾ ਤਰਖਾਣਾਂ ਕੰਮ ਕਰਦੇ। ਸਾਡਾ ਬਹੁਤਾ ਲਿਹਾਜ਼ ਉਨ੍ਹਾਂ ਨਾਲ ਹੀ ਸੀ। ਉਨ੍ਹਾਂ ਦੀ ਮਾਈ ਦੇਸਾਂ ਦਾ ਸਾਡੇ ਘਰ ਹੀਬਹੁਤਾ ਆਉਣ ਜਾਣ ਸੀ। ਉਹ ਸਾਡੀ ਮਾਤਾ ਨਾਲ ਕੰਮ ਵਿੱਚ ਹੱਥ ਵਟਾ ਦਿੰਦੀ। ਭਾਰਤ ਦੀ ਵੰਡ ਹੋ ਜਾਣੀ ਆਂ, ਬਹੁਤ ਖੂਨ ਬਹੇਗਾ।ਇਸ ਤਰ੍ਹਾਂ ਦੀਆਂ, ਬਜ਼ੁਰਗਾਂ ਤੋਂ ਅਕਸਰ ਗੱਲਾਂ ਸੁਣਦੇ। ਆਲੇ ਦੁਆਲਿਓਂ ਵੱਢ ਵਢਾਂਗੇ ਦੀਆਂ ਦਿਲ ਦਹਿਲਾਉਂਦੀਆਂ ਘਟਨਾਵਾਂ ਸੁਣਦੇ। ਪਿੰਡ ਵੀ ਪਹਿਰਾ ਲਗਦਾ। ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਤਾਂ ਲੋਕ ਕੋਠਿਆਂ ਤੇ ਚੜ੍ਹ ਜਾਂਦੇ। ਸਤੰਬਰ ਦਾ ਮਹੀਨਾ ਸੀ। ਅਸੀਂ ਸਾਰਾ ਈ ਟੱਬਰ ਖੇਤਾਂ ’ਚ ਨਰਮਾ ਚੁਗੀਏ। ਕੀ ਦੇਖਦੇ ਆਂ ਕਿ ਪਿੰਡੋਂ ਮਾਈ ਦੇਸਾਂ ਹਫੀ ਹੋਈ ਭੱਜੀ ਆਏ। ਰੋਈ ਜਾਏ ਪਰ ਮੂੰਹੋਂ ਜੋ ਉਹ ਕਹੇ ਸਮਝ ਨਾ ਆਵੇ। ਸਾਡੀ ਮਾਂ ਨੇ ਉਨੂੰ ਪਾਣੀ ਪਿਆਇਆ।

ਫਿਰ ਉਹ ਬੋਲੀ," ਨਰਮਾ ਛੱਡੋ ਜਾਨ ਬਚਾਓ ਆਪਣੀ। ਲੋਕ ਸਮਾਨ ਗੱਡਿਆਂ ਤੇ ਲੱਦੀ ਜਾਂਦੇ ਨੇ। ਕਾਫ਼ਲਾ ਪਿੰਡੋਂ ਤੁਰਨ ਵਾਲਾ ਐ। ਜਲਦੀ ਭੱਜ ਆਓ।" ਜੋ ਵੀ ਨਰਮਾ ਚੁਗਿਆ ਸੀ ਉਵੇਂ ਫਟਾ ਫਟ ਗੱਡੇ ਤੇ ਲੱਦ ਕੇ ਪਿੰਡ ਆਏ। ਤਾਂ ਕੀ ਦੇਖਦੇ ਆਂ ਕਿ ਸਾਰੇ ਈ ਹਿੰਦੂ-ਸਿੱਖ ਸਮਾਨ ਦੀਆਂ ਗੱਠੜੀਆਂ ਬੰਨ੍ਹ ਬੰਨ੍ਹ ਗੱਡੇ ਲੱਦੀ ਜਾਂਦੇ ਨੇ। ਸਾਡੇ ਬਜ਼ੁਰਗਾਂ ਵੀ ਦੋ ਬਲਦ ਗੱਡੇ ਨੂੰ ਜੋੜ ਲਏ,ਦੋ ਲਵੇਰੀਆਂ ਗੱਡੇ ਮਗਰ ਬੰਨ੍ਹ ਲਈਆਂ। ਕੀਮਤੀ ਸਾਮਾਨ ਤੇ ਰਸਤੇ ਦੀ ਰਸਦ ਵੀ ਰੱਖ ਲਈ। ਬਾਬਾ ਜੀ ਨੇ ਜੱਲੂ ਬੱਲੂ ਦੇ ਅੱਬਾ ਨੂੰ ਕਿਹਾ," ਲੈ ਬਈ ਦੀਨਿਆਂ, ਇਹ ਘਰ ਹਵੇਲੀ ਸਾਂਭ ਲੈ। ਮੂੰਹ ਬੰਨ੍ਹ-ਬੰਨ੍ਹ ਬਹੁਤ ਮਿਹਨਤ ਨਾਲ ਇਹ ਘਰ ਹਵੇਲੀ ਬਣਾਈ ਸੀ। ਜੇ ਸੰਯੋਗ ਹੋਇਆ ਤਾਂ ਮੁੜ ਆਵਾਂਗੇ ਨਹੀਂ ਤਾਂ -  -  - ।" 

ਆਖੀਰੀ ਵਾਕ ਉਨ੍ਹਾਂ ਤੋਂ ਪੂਰਾ ਨਾ ਹੋਇਆ, ਗੱਚ ਭਰ ਆਇਆ। ਸਾਰਿਆਂ ਦੀਆਂ ਅੱਖਾਂ ਛਲਕ ਗਈਆਂ।ਮਾਈ ਦੇਸਾਂ ਦੇਸੀ ਘਿਓ ਦਾ ਕੁੱਜਾ ,ਦਾਦੀ ਕਰਮ ਕੌਰ ਨੂੰ ਫੜਾਉਂਦਿਆਂ ਭੁੱਬੀਂ ਰੋ ਪਈ।  'ਸੀਨੇ ਖਿੱਚ ਜਿਨ੍ਹਾਂ ਨੇ ਖਾਧੀ-ਉਹ ਕਰ ਆਰਾਮ ਨਾ ਬਹਿੰਦੇ' ਕਾਫ਼ਲਾ ਸੀਨੇ ਪੱਥਰ ਰੱਖ ਕੇ ,ਹੱਥੀਂ ਬਣਾਈ ਸੰਵਾਰੀ ਬਾਰ ਨੂੰ ਅਲਵਿਦਾ ਕਹਿੰਦਿਆਂ ਦਾਊਆਣਾ ਸ਼ੰਕਰ ਕੈੰਪ ਲਈ ਚੱਲ ਪਿਆ। ਉਥੇ ਵੀ ਕਈ ਦਿਨ ਕਾਫ਼ਲਾ ਰੁਕਿਆ ਰਿਹਾ। ਅਕਤੂਬਰ:47 ਦੇ ਪਹਿਲੇ ਹਫਤੇ ਕਾਫ਼ਲਾ ਚੱਲਣ ਦੀ ਘੰਟੀ ਵੱਜੀ। ਕੋਈ 1000-1200 ਗੱਡਿਆਂ ਦਾ ਕਾਫ਼ਲਾ,10 ਕੁ ਅੱਗੇ ਫਲਾਈ ਵਾਲਾ ਪਿੰਡ ਬਾਹਰ ਪੁੱਜਾ ਤਾਂ ਮੋਹਰਿਓਂ ਧਾੜਵੀਆਂ ਹਮਲਾ ਕਰ ਦਿੱਤਾ। ਕਾਫਲੇ ਵਲੋਂ ਵੀ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡੇ ਤਾਂ ਸਬੱਬੀਂ ਡੋਗਰਾ ਮਿਲਟਰੀ ਆਣ ਪਹੁੰਚੀ। ਉਨ੍ਹਾਂ ਗੋਲੀਆਂ ਨਾਲ ਕਈ ਦੰਗਈ ਮਾਰ ਸੁੱਟੇ।ਬਾਕੀ ਹਰਨ ਹੋ ਗਏ। ਕਾਫਲੇ ਵਾਲਿਆਂ ਮਰਿਆਂ ਦੀਆਂ ਲਾਸ਼ਾਂ ਨੂੰ ਨਾਲ ਲਗਦੀ ਖਾਲ਼ ਵਿੱਚ ਸੁੱਟ ਦਿੱਤਾ। ਭੁਲੇਖਾ ਪਾਉਣ ਲਈ ਉਨ੍ਹਾਂ ਆਪਣੇ ਕੜੇ ਉਤਾਰ ਕੇ ਕਿਨਾਰੇ ’ਤੇ ਰੱਖ ਦਿੱਤੇ। 

ਅੱਗੇ ਚੱਲਦਿਆਂ ਖੁਰੜਿਆਂ ਵਾਲਾ ਸ਼ੰਕਰ ਬਾਹਰ ਨਹਿਰੀ ਡਾਕ ਬੰਗਲੇ ਤੇ ਇਕ ਰਾਤ ਅਤੇ ਲਹੁਕੇ ਦੇਵੀ ਇਕ ਹਫ਼ਤੇ ਦਾ ਪੜਾ ਹੋਇਆ। ਫਾਕੇ ਝਾਗਦਿਆਂ ਬੱਲੋਕੀ ਹੈੱਡ-ਕਸੂਰ-ਅੰਬਰਸਰ-ਜਲੰਧਰ ਹੁੰਦਿਆਂ ਮਹੀਨੇ ਕੁ ਭਰ ਦੀਆਂ ਦੁਸ਼ਵਾਰੀਆਂ ਝੱਲਦੇ ਸ਼ੰਕਰ ਦੀ ਸਿੰਝ ਦੇ ਆਸ ਪਾਸ ਚੱਕ ਬਾਗੜੀ ਆਣ ਪਹੁੰਚੇ। ਬਰਸਾਤ ਤਾਂ ਤਦੋਂ ਹੱਟ ਚੁੱਕੀ ਸੀ ਪਰ ਖੁੱਲੇ ਵਿੱਚ ਪਈਆਂ ਮਨੁੱਖਾਂ ਅਤੇ ਪਸ਼ੂਆਂ ਦੀਆਂ ਖ਼ਰਾਬ ਹੋਈਆਂ ਲਾਸ਼ਾਂ ਕਰਕੇ ਵਬਾ ਦੀ ਕਸਕ ਹਾਲਾਂ ਗਈ ਨਹੀਂ ਸੀ। ਭਿੱਖੀਵਿੰਡ ਦੇ ਉਰਾਰ ਕਾਫ਼ਲੇ ਚ ਆਉਂਦਿਆਂ ਇਕ ਰਾਤ ਦੇ ਠਹਿਰਾ ਸਮੇਂ ਬੀਬੀਆਂ ਨੇ ਖੇਤ ’ਚੋਂ ਤੋਰੀਆ ਤੋੜ ਕੇ ਸਾਗ ਬਣਾਇਆ।  ਮੇਰੇ ਦਾਦੀ ਜੀ ਕਾਫ਼ਲੇ ’ਚ ਕੁੱਝ ਬਿਮਾਰ ਚੱਲ ਰਹੇ ਸਨ।ਸਾਗ ਨਾਲ ਰੋਟੀ ਖਾਂਦਿਆਂ ਈ ਉਹ ਵਬਾ ਦੀ ਭੇਟ ਚੜ੍ਹ ਗਏ। ਉਥੇ ਹੀ ਉਨ੍ਹਾਂ ਦਾ ਸੰਸਕਾਰ ਕੀਤਾ। ਇਧਰ ਮੁਸਲਿਮ ਬਰਾਦਰੀ ਵਲੋਂ ਛੱਡੇ ਪਿੰਡ ਬਜੂਹਾ ਖੁਰਦ ਦੀ ਸਾਡੀ ਪਰਚੀ ਪਈ ਤਾਂ ਇਥੇ ਆਣ ਵਾਸ ਕੀਤਾ। ਅੱਜ ਤੱਕ ਉਹੀ ਵਾਹੁੰਦੇ ਖਾਂਦੇ ਆਂ। ਰੌਲਿਆਂ ਤੋਂ ਕੋਈ 5-6 ਸਾਲ ਬਾਅਦ ਜੱਲੂ  ਤੇ ਬੱਲੂ  ਇਧਰ ਮਿਲਣ ਲਈ ਆਏ। ਕੋਈ ਹਫਤਾ ਭਰ ਰਹੇ ਉਹ। ਸਾਡੀ ਮਾਈ ਨੇ,ਮਾਈ ਦੇਸਾਂ ਲਈ ਉਚੇਚ ਗੁੜ ਦਾ ਪੀਪਾ, ਇਕ ਸੂਟ ਅਤੇ ਜੱਲੂ ਬੱਲੂ ਲਈ ਕੁਰਤੇ ਪਜਾਮੇ ਸਵਾਂ ਕੇ ਦਿੱਤੇ। ਅੱਜ ਵੀ 93 ਚੱਕ ਮੇਰੇ ਚੇਤਿਆਂ ਵਿੱਚ ਉਵੇਂ ਵਾਸ ਕਰਦੈ ਜਿਉਂ ਕੱਲ੍ਹ ਦੀ ਗੱਲ ਹੋਵੇ।"

ਲੇਖਕ: ਸਤਵੀਰ ਸਿੰਘ ਚਾਨੀਆਂ
 92569-73526

rajwinder kaur

This news is Content Editor rajwinder kaur