ਹਿਜਰਤ ਨਾਮਾ-50: ਸ. ਦਰਸ਼ਣ ਸਿੰਘ ਰਾਹੋਂ-'ਸੀਓਵਾਲਿਆਂ ਨੂੰ ਮੇਰਾ ਸਾਬ-ਸਲਾਮ ਕਹਿਓ '

07/26/2021 12:10:43 PM

ਡੱਲੇਵਾਲੀਆ ਮਿਸਲ ਦੇ ਸਰਦਾਰ ਜਥੇਦਾਰ ਤਾਰਾ ਸਿੰਘ ਘੇਬਾ ਦੇ ਸਬੰਧ ਵਿੱਚ ਆਰਟੀਕਲ ਦੀ ਤਿਆਰੀ ਲਈ,  ਚੜ੍ਹਦੇ ਅਕਤੂਬਰ 2020 ਨੂੰ ਡੱਲੇਵਾਲੀਆ ਮਿਸਲ ਦੀ ਰਾਜਧਾਨੀ ਰਹੀ, ਰਾਹੋਂ ਪਿੰਡ ਗਿਆ ਤਾਂ ਉਥੇ ਸਬੱਬੀਂ ਸ.ਮਲਕੀਅਤ ਸਿੰਘ ਕਾਹਲੋਂ ਨਾਲ ਮੁਲਾਕਾਤ ਹੋਈ। ਜਿਨ੍ਹਾਂ ਦੇ ਵਡੇਰੇ ਰੌਲਿਆਂ ਵੇਲੇ ਸਿਆਲਕੋਟੋਂ ਉੱਠ ਕੇ ਆਏ । ਉਨ੍ਹਾਂ ਦੱਸਿਆ ਕਿ ਚਾਚਿਓਂ ਤਾਇਓਂ ਪੁੱਤ-ਭਰਾ ਸ.ਦਰਸ਼ਣ ਸਿੰਘ ਜਨਮ 1920 'ਚ ਹੋਇਆ, ਹਾਲੇ ਚੰਗੀ ਸੁਰਤ ਵਿਚ ਹਨ। ਸੋ ਉਨ੍ਹਾਂ ਦੇ ਹਿਜਰਤ ਨਾਮਾ ਦੀ ਕਹਾਣੀ ਸੁਣਨ ਦਾ ਸਬੱਬ ਚੜ੍ਹਦੀ ਜੁਲਾਈ 2021 'ਚ ਜਾ ਕੇ ਬਣਿਆਂ। ਉਨ੍ਹਾਂ ਆਪਣੀ ਕਥਾ ਇੰਝ ਕਹਿ ਸੁਣਾਈ-

" ਪਿੰਡ ਸੀਓਵਾਲ  ਤਹਿ: ਪਸਰੂਰ ਤੇ ਜ਼ਿਲ੍ਹਾ ਸਿਆਲਕੋਟ । ਅਸੀਂ ਇਧਰੋਂ ਨਹੀਂ ਗਏ,ਉਹੀ ਜੱਦੀ ਪਿੰਡ ਆ ਸਾਡਾ। ਕੇਸਰ ਸਿੰਘ ਦਾ ਪੋਤਰਾ ਤੇ ਪ੍ਰਤਾਪ ਸਿੰਘ ਦਾ ਪੁੱਤਰ ਆਂ ਮੈਂ। ਪੰਜਾਬ ਸਿੰਘ ਤੇ ਲਾਭ ਸਿੰਘ ਦੋ ਚਾਚੇ ਸਨ ਮੇਰੇ। ਮਾਤਾ ਕਰਤਾਰ ਕੌਰ ਲੋਖੰਡਵਾਲਾ ਦੀ ਕੁੱਖੋਂ 1920 ਦਾ ਜਨਮ ਐ ਮੇਰਾ। ਅਸੀਂ ਕੁੱਲ ਚਾਰ ਭਰਾ ਤੇ ਇੱਕ ਭੈਣ ਹੋਏ ਆਂ। ਪਿੰਡ ਚੌਥੀ ਤੱਕ ਸਕੂਲ ਸੀ ਤੇ ਸਜਾਦੇ ਦਸਵੀਂ ਤੱਕ। ਪੜ੍ਹਾਈ ਸਾਡੇ ਪੱਲੇ ਨਾ ਪਈ ਨਾ ਅਸਾਂ ਦਿਲ ਲਾਇਆ। ਪਹਿਲੀ ਜਮਾਤ 'ਚ ਸਕੂਲ 1-2 ਸਾਲ ਜਾਂਦੇ ਰਹੇ। ਦੋ ਮੌਲਵੀ ਉਸਤਾਦ ਕੁੱਝ ਡਾਹਢੇ ਸਨ ਸੋ ਹਟ ਰਹੇ। ਗੁਆਂਢੀ ਪਿੰਡਾਂ ਵਿੱਚ ਥਰੋਅ,ਸਜ਼ਾਦਾ ਨੰਗਲ, ਬਾਂਬਿਆਂ,ਦੁੱਗਰੀ ਅਤੇ ਠਾਣਾ ਡੱਫਰਵਾਲ ਮੇਰੀ ਯਾਦ ਵਿੱਚ ਨੇ। ਪਿੰਡ ਦੀਆਂ ਨੌਂ ਪੱਤੀਆਂ ਤੇ ਨੌਂ ਈ ਲੰਬੜ। ਮੁਸਲਿਮ ਅਤੇ ਈਸਾਈ ਭਾਈਚਾਰੇ ਦੀਆਂ 1-1 ਪੱਤੀਆਂ। ਬਾਕੀ ਪੱਤੀਆਂ ਸਿੱਖ ਕਿਆਂ ਦੀਆਂ। ਕਾਫੀ ਘਰ ਮਹਾਸ਼ਿਆਂ, ਵਾਲਮੀਕ,ਆਦਿ ਧਰਮੀਆਂ ਦੇ ਅਤੇ  ਕੁੱਝ ਕੁ ਘਰ ਧੰਦਿਆਂ ਦੇ ਅਧਾਰਤ ਲੁਹਾਰ, ਤਰਖਾਣ, ਨਾਈ,ਝੀਰ ,ਛੀਂਬਿਆਂ ਵਗੈਰਾ ਦੇ । ਬਲਾਕੀ ਮੁਸਲਿਮ ਆਪਣੇ ਬੇਟਿਆਂ ਨਾਲ ਲੁਹਾਰਾ, ਕਾਂਸ਼ੀ ਝੀਰ ਤੇ ਜਿਊਣਾ ਨਾਈ ਪੁਣਾ ਕਰਦੇ। ਪਿੰਡ ਵਿੱਚ ਵੱਡਾ ਖੱਤਰੀਆਂ ਦਾ ਬਾਜ਼ਾਰ ਸੀ, ਜ੍ਹਿਦੇ ਵਿਚ ਬਿਹਾਰੀ ਸ਼ਾਹ ਤੇ ਦਾਨੇ ਸ਼ਾਹ ਦੀਆਂ ਵੱਡੀਆਂ ਹੱਟੀਆਂ ਸਨ। ਲੰਬੜਦਾਰ ਸਾਰੇ ਦੇ ਸਾਰੇ ਜੱਟ ਸਿੱਖਾਂ 'ਚੋਂ ਹੀ। ਸਫੈਦਪੋਸ਼ ਭਗਤ ਸਿੰਘ ਤੇ ਲੰਬੜਾਂ 'ਚੋਂ ਮਿਹਰ ਸਿੰਘ ਤੇ ਪ੍ਰਤਾਪ ਸਿੰਘ (ਪਿਤਾ ਜੀ) ਵਗੈਰਾ ਦੇ ਨਾਮ ਯਾਦ ਨੇ ਮੈਨੂੰ। ਸਿੱਖ-ਮੁਸਲਿਮ ਸਾਰੇ ਵਾਹੀ ਕਰਨ ਵਾਲੇ ਜਿੰਮੀਦਾਰ ਕਾਹਲੋਂ ਗੋਤੀਏ ਹੀ ਸਨ। ਬਜ਼ੁਰਗਾਂ ਦਾ ਖਿਆਲ ਹੈ ਕਿ ਉਹ ਸਾਡੇ ਵਡੇਰਿਆਂ ਤੋਂ ਹੀ ਨੇ ਜੋ ਮੁਗ਼ਲਾਂ ਦੇ ਜ਼ੁਲਮੋਂ ਸਿਤਮ ਤੋਂ ਡਰਦਿਆਂ ਦੀਨ ਹੋ ਬੈਠੇ।  ਸਾਡੇ ਪਿੰਡ 'ਚ ਨਹਿਰ ਨਹੀਂ ਸੀ। ਹਲਟਾਂ ਦੀ ਈ ਖੇਤੀ ਸੀ। ਹਲਟ ਦੀਆਂ ਟਿੰਡਾਂ ਮਿੱਟੀ ਦਿਆਂ ਕੁੱਜਿਆਂ ਵਰਗੀਆਂ, ਬੈੜ ਲੱਕੜ ਦੀ ਹੁੰਦੀ।1935 ਦੇ ਕਰੀਬ ਟਿੰਡਾਂ ਅਤੇ ਬੈੜ ਲੋਹੇ ਦੀਆਂ ਬਣਨ ਲੱਗੀਆਂ। ਫਸਲਾਂ ਵਿਚ ਕਣਕ, ਛੋਲੇ, ਜੌਂ, ਕਮਾਦ ਵਗੈਰਾ ਹੁੰਦੇ। ਜਿਣਸ ਗੱਡਿਆਂ 'ਤੇ ਲੱਦ ਕੇ ਪਸਰੂਰ ਮੰਡੀ 'ਚ ਵੇਚਿਆ ਕਰਦੇ। ਮਿਹਨਤ ਤਾਂ ਬਹੁਤੀ ਕਰਨੀ ਪੈਂਦੀ ਪਰ ਮੁਕਾਬਲਤਨ ਭਾਅ ਘੱਟ ਮਿਲਦਾ। 

ਇਹ ਵੀ ਪੜ੍ਹੋ:  1947 ਹਿਜਰਤਨਾਮਾ 49 : ਦੀਪ ਭੱਟੀ

ਮੇਰੀ ਸ਼ਾਦੀ 1940 ਦੇ ਕਰੀਬ ਕੋਈ 4-5 ਕੋਹ ਪੈਂਦੇ ਪਿੰਡ ਵੀਰ ਕੇ ਵਿਖੇ ਹੋਈ। ਜਿਥੋਂ ਗੁਰਜੀਤ ਕੌਰ ਵਿਆਹ ਲਿਆਂਦੀ। ਘੋੜਿਆਂ, ਟਾਂਗਿਆਂ 'ਤੇ ਸਵਾਰ ਹੋ ਕੇ ਬਰਾਤ ਗਈ ਸੀ ਉਥੇ। ਗੁਆਂਢ 'ਚ ਸੰਨਪੱਤਰਾ ਕਸਬਾ ਪੈਂਦਾ ਸੀ। ਰੌਲਿਆਂ ਤੱਕ ਮੇਰੇ ਘਰ ਕੋਈ ਬੱਚਾ ਨਾ ਹੋਇਆ। ਇਧਰ ਆ ਕੇ ਚਾਰ ਬੇਟੇ ਪੈਦਾ ਹੋਏ।
 
ਜਦ ਮਾਰ ਮਰੱਈਆ ਸ਼ੁਰੂ ਹੋਇਆ ਤਾਂ ਸਾਡੇ ਪਿੰਡ ਆਂਡ ਗੁਆਂਢ 'ਚੋਂ ਉਠ  ਕੇ ਲੋਕਾਂ ਆਣ ਡੇਰਾ ਲਾਇਆ। ਪਿੰਡ 'ਚ ਠੀਕਰੀ ਪਹਿਰਾ ਸ਼ੁਰੂ ਹੋਇਆ। ਰਾਤਾਂ ਨੂੰ ਬੋਲੇ ਸੋ ਨਿਹਾਲ ਦੇ ਬਹੁਤੇ ਤੇ ਕਦੇ ਕਦੇ ਯਾ ਅਲੀ, ਲੈ ਕੇ ਰਹੇਂਗੇ ਪਾਕਿਸਤਾਨ ਦੇ ਨਾਅਰੇ ਉੱਚੇ ਉੱਠਦੇ। ਦੂਰ ਦੁਰਾਡੇ ਕਈ ਪਿੰਡਾਂ 'ਚੋਂ ਲਾਂਬੂ ਉਠਦੇ। ਜ੍ਹਿਦਾ ਹੱਥ ਪੈਂਦਾ ਉਹੀ ਖੈਰ ਨਾ ਕਰਦਾ।ਫਿਰਕੂ ਨਫ਼ਰਤ ਏਨੀ ਵੱਧ ਗਈ ਕਿ ਟਾਂਡਿਆਂ ਵਾਂਗ ਬੰਦੇ ਵੱਢ ਕੇ ਸੁੱਟ ਜਾਂਦੇ। ਸਾਡੇ ਬਜ਼ੁਰਗਾਂ ਦਾ ਜ਼ਿਆਦਾ ਲਿਹਾਜ਼ ਗੁਆਂਢੀ ਪਿੰਡ ਦੁੱਗਰੀ ਦੇ ਮੁਸਲਿਮ ਚੌਧਰੀ ਨਾਲ ਸੀ। ਬਹੁਤ ਹਿੰਦੂ ਸਿੱਖ ਤਾਂ ਕਾਫ਼ਲਾ ਬਣਾ ਕੇ ਅਗਲੇ ਪਿੰਡਾਂ ਵੱਲ ਨਿੱਕਲ ਗਏ। ਸਾਡਾ ਕੁਨਬਾ ਉਵੇਂ ਹੀ ਬੈਠਾ ਰਿਹਾ। ਫਿਰ ਮਾਹੌਲ ਜ਼ਿਆਦਾ ਖਰਾਬ  ਹੋਣ 'ਤੇ ਰਾਤ ਵੇਲੇ ਖਾਲੀ ਹੱਥ ਅਸੀਂ ਵੀ ਪਿੰਡ ਛੱਡਤਾ ਪਰ ਸਾਡੇ ਸ਼ਰੀਕੇ 'ਚੋਂ ਚਾਚਾ ਸੁੰਦਰ ਸਿੰਘ ਜੋ ਤਦੋਂ ਛੜਾ ਈ ਸੀ,ਨਾ ਆਇਆ। ਓਧਰ ਈ ਦੀਨ ਮੁਹੰਮਦ ਬਣ ਬੈਠਾ। ਬਜ਼ੁਰਗਾਂ ਦਾ ਵਿਚਾਰ ਸੀ ਕਿ ਰਿਆਸਤ ਜੰਮੂ ਕਸ਼ਮੀਰ ਦਾ ਬਸੀਮਾ ਨਜ਼ਦੀਕ ਹੀ ਲਗਦੈ ਉਧਰ ਨਿਕਲ ਜਾਈਏ ਪਰ ਅਸੀਂ ਬਰਸਾਤੀ ਚੋਅ ਦੇ ਨਾਲ ਨਾਲ ਬਾਂਬੇ ਪਿੰਡ ਵੱਲ ਨਿੱਕਲ ਗਏ। ਚੋਅ 'ਚ ਫੁੱਲੀਆਂ ਹੋਈਆਂ ਮੁਸ਼ਕ ਮਾਰਦੀਆਂ ਲਾਸ਼ਾਂ ਭਿਆਨਕ ਮੰਜ਼ਰ ਪੇਸ਼ ਕਰਨ। ਖ਼ਤਰਾ ਜਾਣ ਕੇ 2-3 ਦਿਨ ਕਮਾਦਾਂ 'ਚ ਹੀ ਲੁਕੇ ਰਹੇ। ਫਿਰ ਬਾਂਬਿਆਂ ਲਿਹਾਜ਼ੀ ਮਹਾਸਿਆਂ ਦੇ ਘਰ  ਪੜਾਅ ਕੀਤਾ। ਇਥੇ ਇਕ ਹੋਰ ਭਾਣਾ ਵਰਤ ਗਿਆ ਕਿ ਦੋ ਮੁਸਲਿਮ ਮੁੰਡੇ ਲੁੱਟਾਂ ਖੋਹਾਂ ਕਰਨ ਲਈ ਬਰਛੇ ਲੈ ਬਾਹਰ ਨਿਕਲ ਗਏ। ਕਿਸੇ ਖੂਹ ਤੋਂ ਖੁਰਲੀ ਮਿਲੀ,ਆਪਣੇ ਬਰਛੇ ਉਸ ਵਿੱਚ ਰੱਖ,ਖੁਰਲੀ ਸਿਰਾਂ ਉਪਰ ਚੁੱਕ ਲਈ। ਕਮਾਦ ਦੇ ਖੇਤ ਕੋਲੋਂ ਲੰਘੇ ਤਾਂ ਉਥੇ ਕੁੱਝ ਸਿੱਖ ਆਪਣੀਆਂ ਜਾਨਾਂ ਬਚਾਉਣ ਲਈ ਲੁਕੇ ਹੋਏ ਸਨ। ਸਿੱਖਾਂ ਦੀ ਨਜ਼ਰ ਉਨ੍ਹਾਂ ਤੇ ਪਈ ਤਾਂ ਉਨ੍ਹਾਂ ਤਲਵਾਰਾਂ ਨਾਲ ਦੋਹੇਂ ਮੁਸਲਿਮ ਮੁੰਡੇ ਥਾਏਂ ਮਾਰਤੇ। ਜਿਸ ਘਰ ਅਸੀਂ ਰੁਕੇ ਹੋਏ ਸਾਂ ਉਥੇ ਵੀ ਖ਼ਬਰ ਆ ਪਹੁੰਚੀ। ਕਹਿਓਸ ਕਿ ਭਾਈ ਹੁਣ ਤਾਂ ਥੋਡੀ ਜਾਨ ਨੂੰ ਖ਼ਤਰੈ।ਘਰ ਵਾਲਿਆਂ ਸਾਨੂੰ ਭੜੋਲਿਆਂ ਵਿੱਚ ਲਕੋਅ ਲਿਆ। ਉਥੋਂ ਰਾਤੋ ਰਾਤ ਨਿੱਕਲ ਕੇ ਦੁਗਰੀ ਪਿੰਡ ਇਕ ਜਾਣੂੰ ਮੁਸਲਿਮ ਚੌਧਰੀ ਦੇ ਘਰ ਨੌਂ ਦਿਨ ਰਹੇ। ਉਨ੍ਹਾਂ ਦੀ ਸਹਾਇਤਾ ਨਾਲ ਟਰੱਕਾਂ ਰਾਹੀਂ ਸਿਆਲਕੋਟ ਛਾਉਣੀ ਪਹੁੰਚੇ। ਉਥੇ ਆਰਜ਼ੀ ਕੈਂਪ ਬਣਿਆ ਹੋਇਆ ਸੀ ਪਰ ਕੱਟੇ ਫਾਕੇ ਈ। ਅਖ਼ੀਰ ਚੌਥੇ ਦਿਨ ਰੇਲ ਗੱਡੀ ਆਈ। ਸਾਮਾਨ ਤਾਂ ਸਾਡੇ ਕੋਲ ਕੋਈ ਨਹੀਂ ਸੀ,ਬੱਚੇ ਜਨਾਨੀਆਂ ਗੱਡੀ ਦੇ ਅੰਦਰ ਤੇ ਬੰਦੇ ਉੱਪਰ ਚੜ੍ਹ ਗਏ। ਚਵਿੰਡਾ-ਪਸਰੂਰ-ਕਿਲਾ-ਨਾਰੋਵਾਲ ਹੁੰਦੀ ਹੋਈ ਗੱਡੀ ਡੇਰਾ ਬਾਬਾ ਨਾਨਕ ਦੇ ਬਰਾਬਰ ਪਰਲੇ ਪਾਰ ਆ ਖਲੋਈ।

ਇਥੇ ਦੰਗਈਆਂ ਦੀ ਭੀੜ ਨੇ ਕਾਫ਼ਲੇ 'ਤੇ ਹਮਲਾ ਕਰ, ਲੁੱਟ ਖੋਹ ਅਤੇ ਜਨਾਨੀਆਂ ਨੂੰ ਉਧਾਲਣ ਦੀ ਕੋਸ਼ਿਸ਼ ਕੀਤੀ। ਜਦ ਸਿੱਖ ਰਜਮੈਂਟ ਵਾਲਿਆਂ ਫਾਇਰ ਖੋਲਿਆ ਤਾਂ ਸੱਭ ਤਿੱਤਰ ਹੋ ਗਏ। ਓਧਰੋਂ ਰਾਵੀ ਦੇ ਰੇਲ ਪੁਲ਼ ਤੋਂ ਉਰਾਰ ਹੋ, ਡੇਰਾ ਬਾਬਾ ਨਾਨਕ ਆ ਪਹੁੰਚੇ। ਤਿੱਬੜੀ ਬੰਗਲੇ ਤੋਂ ਪਤਾ ਕੀਤਾ ਕਿ ਸਿਊਵਾਲੀਏ ਕਿਧਰ ਗਏ ਨੇ, ਤਾਂ ਉਨ੍ਹਾਂ ਭੈਣੀ ਮੇਲਮਾ ਜੋ ਕਿ ਰਾਵੀ ਦੇ ਨਾਲ ਖਹਿੰਦਾ ਸੀ, ਵੱਲ ਇਛਾਰਾ ਕੀਤਾ। ਉਹ ਪਿੰਡ ਮੁਸਲਮਾਨਾਂ ਵਲੋਂ ਖਾਲੀ ਕੀਤਾ ਹੋਇਆ ਸੀ। ਘਰਬਾਰ ਖਾਲੀ,ਪੱਕੀ ਹੋਈ ਮੱਕੀ ਦੀ ਭਰਪੂਰ ਫ਼ਸਲ ਖੜ੍ਹੀ,ਘਰ ਅਤੇ ਖੇਤ ਵੀ ਜਾ ਮੱਲੇ। ਛੱਲੀਆਂ ਵੱਢ ਕੇ ਘਰੀਂ ਲੈ ਆਂਦੀਆਂ। ਭੁੰਨ ਭੁੰਨ ਖੂਬ ਛੱਲੀਆਂ ਅਤੇ ਦਾਣੇ ਚੱਬੇ। ਹਫ਼ਤਾ ਕੁ ਹੀ ਲੰਘਿਆ ਕਿ ਭਾਰੀ ਬਰਸਾਤ ਹੋਣ ਲੱਗ ਪਈ। ਰਾਵੀ 'ਚ ਹੜ੍ਹ ਆ ਗਿਆ। ਪਸ਼ੂ ਸਮੇਤ ਖੁਰਲੀਆਂ, ਰਾਮ ਤੋਰੀਆਂ ਦੀਆਂ ਵੇਲਾਂ ਲੱਦੇ ਤੂੜੀ ਦੇ ਕੁੱਪ ਪਾਣੀ ਵਿੱਚ ਰੁੜੀ ਜਾਣ। ਮੀਂਹ ਹਟਣ ਦਾ ਨਾਮ ਨਾ ਲਵੇ। ਇਕ ਦਿਨ ਰਾਤ ਵੇਲੇ ਪਾਣੀ ਸਾਡੇ ਘਰਾਂ ਵਿੱਚ ਆਣ ਵੜਿਆ। ਗਿੱਟੇ-ਗਿੱਟੇ, ਗੋਡੇ-ਗੋਡੇ,ਲੱਕ-ਲੱਕ ਪਾਣੀ। ਸਭ ਮਕਾਨ ਢਹਿ ਪਏ। ਇਕ ਵੀ ਮਕਾਨ ਸਬੂਤਾ ਨਾ ਬਚਿਆ। ਮੈਂ ਤੇ ਮੇਰੇ ਦੋ ਛੋਟੇ ਭਰਾ ਤੂਤ 'ਤੇ ਚੜ੍ਹ ਬਹੇ ਇਕ ਭੁੱਖੇ, ਪਿਆਸੇ, ਉਨੀਂਦਰੇ ਤੇ ਦੂਜਾ ਤੂਤ ਦੇ ਖੁੰਗ ਚੁੱਬਣ। ਤੀਜੇ ਦਿਨ ਪਾਣੀ ਕੁੱਝ ਉਤਰਿਆ ਤਾਂ ਉਤਰੇ। ਇਥੇ ਵੀ ਸਭ ਤਹਿਸ ਨਹਿਸ ਹੋ ਗਿਆ। ਸਾਰੇ ਪਰਿਵਾਰ ਫਿਰ ਤਿੱਬੜੀ ਬੰਗਲੇ ਵਿਚ ਆ ਗਏ। 

ਇਹ ਵੀ ਪੜ੍ਹੋ: 1947 ਹਿਜਰਤਨਾਮਾ - 48 : ਸ.ਕਰਤਾਰ ਸਿੰਘ

ਉਥੇ ਬਜ਼ੁਰਗਾਂ ਨੂੰ ਤਰਕੀਬ ਸੁੱਝੀ ਕਿ ਸਾਡੇ ਪਿੰਡ ਦਾ ਅਮਰ ਸਿੰਘ ਤਹਿਸੀਲਦਾਰ ਦਕੋਹਾ ਪਿੰਡ-ਜਲੰਧਰ  ਵਾਸ ਕਰਦਾ ਸੀ,ਉਸ ਨੂੰ ਮਿਲਿਆ ਜਾਏ। ਉਸ ਨੂੰ ਮਿਲੇ, ਕਹਿਓਸ ਕਿ ਅਲਾਵਲਪੁਰ ਕੋਲ਼ ਧੋਗੜੀ ਪਿੰਡ ਮੁਸਲਿਮ ਪਠਾਣਾਂ ਵਲੋਂ ਖਾਲੀ ਕੀਤੈ,ਆ ਜਾਓ। ਅਸੀਂ ਸਾਰੇ ਪਰਿਵਾਰ ਧੋਗੜੀ ਆਣ ਬੈਠੇ। ਵੱਡੀਆਂ ਕੋਠੀਆਂ ਹਵੇਲੀਆਂ,ਕਮਾਦ ਅਤੇ ਮੱਕੀ ਦੀ ਪੱਕੀ ਫ਼ਸਲ, ਅਸੀਂ ਤਾਂ ਦੇਖ ਅਸ਼ ਅਸ਼ ਕਰ ਉਠੇ। ਅੰਬ ਵਾਲਾ ਖੂਹ ਤੇ ਨਾਲ ਲੱਗਦੀ ਜ਼ਮੀਨ ਅਸਾਂ ਜਾ ਮੱਲੀ। ਵੈਸੇ ਕੱਚੀ ਪਰਚੀ ਜ਼ਰੀਏ ਸਾਨੂੰ 12-12 ਏਕੜ ਜ਼ਮੀਨ ਅਲਾਟ ਹੋਈ। ਆਪਣੇ ਨਾਨਕਿਆਂ ਤੋਂ ਕੁਝ ਖ਼ੇਤੀ ਦੇ ਸੰਦ, ਪਸ਼ੂ,ਗੱਡਾ ਵਗੈਰਾ ਮੰਗਵਾਏ। ਕਮਾਦ ਛਿੱਲ੍ਹ ਛਿੱਲ੍ਹ ਹਮੀਰਾ ਮਿੱਲ੍ਹ ਵਿਚ ਸੁੱਟ ਦਿੱਤਾ। ਹੌਲੀ ਹੌਲੀ ਗੱਡੀ ਫਿਰ ਲੀਹੇ ਪੈ ਗਈ। ਬਾਪ ਦੀ ਦੇਹ ਭਾਰੀ ਸੀ ਉਸ ਤੋਂ ਕੋਈ ਏਡਾ ਕੰਮ ਨਹੀਂ ਸੀ ਹੁੰਦਾ। ਅਸੀਂ ਭਰਾਵਾਂ ਹੀ ਮਿਹਨਤ ਕੀਤੀ। ਫਿਰ ਅਜਿਹੇ ਹੀ ਇਕ ਸਾਲ ਭਾਰੀ ਬਰਸਾਤ ਦੇ ਚਲਦਿਆਂ ਬਰਸਾਤੀ ਚੋਅ ਨਾਲ ਸਾਰਾ ਹੀ ਪਿੰਡ ਤਿੰਨ ਪਾਸਿਓਂ ਰੇਤਾ ਗਬ ਨਾਲ ਭਰ ਗਿਆ। ਸਾਰੀ ਫ਼ਸਲ ਮਾਰੀ ਗਈ।1950 ਵਿੱਚ ਧੋਗੜੀ ਵਿਧਵਾਵਾਂ ਦੇ ਖਾਤੇ ਤੇ ਸਾਡੀ ਪੱਕੀ ਪਰਚੀ 20-20 ਏਕੜ ਦੀ ਰਾਹੋਂ ਪੈ ਗਈ ਸੋ ਇਥੇ ਆਣ ਵਸੇਬਾ ਕੀਤਾ। ਰਾਹੋਂ ਜ਼ਮੀਨ ਬਹੁਤੀ ਬੰਜ਼ਰ ਕਦੀਮ ਈ ਸੀ। ਸੋ ਮੇਰਾ ਤਾਂ ਇਥੇ ਦਿਲ ਨਾ ਲੱਗਾ। ਮੈਂ ਇਹ ਜ਼ਮੀਨ ਆਪਣੇ ਭਰਾਵਾਂ ਦੇ ਹਵਾਲੇ ਕਰ ਕੇ ਫਿਰ ਉਹੀ ਜ਼ਮੀਨ ਜੋ ਹੁਣ ਕਾਕੋ ਮਾਈ ਦੇ ਹਿੱਸੇ ਆ ਗਈ ਸੀ, 'ਚ ਹਿੱਸੇ 'ਤੇ ਖੇਤੀ ਕਰਨ ਲੱਗਾ ਪਰ ਪਿਤਾ ਜੀ ਨੇ ਮਗਰ ਆ ਕੇ ਰਾਹੋਂ ਵਾਪਸ ਆਉਣ ਦੀ ਜਿਦ ਕੀਤੀ। ਮਜ਼ਬੂਰਨ ਮੈਨੂੰ ਮੁੜ ਰਾਹੋਂ ਆਉਣਾ ਪਿਆ।

ਇਹ ਵੀ ਪੜ੍ਹੋ - 1947 ਹਿਜਰਤਨਾਮਾ-47: 'ਮਹਿੰਦਰ ਸਿੰਘ ਟਾਂਡਾ ਦੀ ਜੀਵਨ ਕਹਾਣੀ'

1953 ਦੇ ਆਰ ਪਾਰ ਨਹਿਰ ਨਿਕਲਣ ਨਾਲ ਜਿਣਸ ਵਧੀਆ ਹੋਣ ਲੱਗੀ। ਹੁਣ ਤੱਕ ਉਹੀ ਖਾਂਦੇ ਆਂ। ਹੁਣ ਮੈਂ ਆਪਣੀ ਜ਼ਿੰਦਗੀ ਦਾ ਪਿਛਲਾ ਪਹਿਰ ਪੁੱਤਰ ਓਂਕਾਰ ਸਿੰਘ,ਰਾਹੋਂ ਕਮੇਟੀ ਤੋਂ ਰਿਟਾਇਰਡ ਅਫਸਰ ਅਤੇ ਨੂੰਹ ਰਾਣੀ ਬਲਵਿੰਦਰ ਕੌਰ ਰਿਟਾਇਰਡ ਅਧਿਆਪਕਾ ਪਾਸ ਰਹਿ ਕੇ ਗੁਜ਼ਾਰ ਰਿਹੈਂ। 47ਦਾ ਵਰਤਾਰਾ ਬੁਰੇ ਸੁਫ਼ਨੇ ਵਾਂਗ ਸੀ ਜੋ ਆਇਆ ਤੇ ਲੰਘ ਗਿਆ। ਕੁੱਲ ਮਿਲਾ ਕੇ  ਸਾਰੀਆਂ ਕੌਮਾਂ ਦਾ ਵਸੇਬ ਚੰਗੇ ਗੁਆਂਢੀਆਂ ਵਰਗਾ ਸੀ। ਕੋਈ ਪੜ੍ਹੇ ਸੁਣੇ ਤਾਂ ਸੀਓਵਾਲਿਆਂ ਨੂੰ ਮੇਰਾ ਸਾਬ-ਸਲਾਮ  ਕਹਿਓ। ਉਹ ਸਮਾਂ ਬੜਾ ਭਿਆਨਕ ਸੀ। ਵਾਹਿਗੁਰੂ ਉਹ 'ਰੱਤ ਭਿੱਜੀ ਰਣ ਭੂਮੜੀ' ਸਮਾਂ ਕਿਸੇ ਦੁਸ਼ਮਣ ਤਾਈਂ ਵੀ ਨਾ ਦਿਖਾਵੇ।"

ਲੇਖਕ:ਸਤਵੀਰ ਸਿੰਘ ਚਾਨੀਆਂ 
92569-73526


Harnek Seechewal

Content Editor

Related News