1947 ਹਿਜਰਤਨਾਮਾ-47: 'ਮਹਿੰਦਰ ਸਿੰਘ ਟਾਂਡਾ ਦੀ ਜੀਵਨ ਕਹਾਣੀ'

04/08/2021 5:13:09 PM

"ਮੈਂ ਮਹਿੰਦਰ ਸਿੰਘ ਟਾਂਡਾ ਪੁੱਤਰ ਕਿਹਰ ਸਿੰਘ/ਗੁਰਦੇਵ ਕੌਰ ਪੁੱਤਰ ਕਰਮ ਸਿੰਘ/ਕੁਸਾਲੀ ਬੰਬੇ ਤੋਂ ਬੋਲ ਰਿਹੈਂ। ਵੈਸੇ ਸਾਡਾ ਜੱਦੀ ਪਿੰਡ ਬੋਪਾਰਾਏ-ਨਕੋਦਰ ਐ।1920 ਵਿਆਂ 'ਚ ਜਦ ਕਾਲੀ ਲਹਿਰ ਚੱਲੀ, ਉਸੇ ਸਾਲ ਮੇਰੇ ਪਿਤਾ ਤੇ ਚਾਚਾ ਤਾਰਾ ਸਿੰਘ ਆਪਣੇ ਪਿਤਾ ਕਰਮ ਸਿੰਘ ਨਾਲ 266ਚੱਕ ਖੁਰੜਿਆਂ ਵਾਲਾ ਸ਼ੰਕਰ ਤਹਿਸੀਲ ਜੜ੍ਹਾਂਵਾਲਾ ਜ਼ਿਲ੍ਹਾ ਲੈਲਪੁਰ ਲੁਹਾਰਾ ਤਰਖਾਣਾਂ ਕੰਮ ਕਰਨ ਲਈ ਗਏ। ਉਸ ਚੱਕ ਵਿੱਚ ਇਧਰਲੇ ਸਰੀਂਹ ਸ਼ੰਕਰ-ਨਕੋਦਰ ਤੋਂ ਹੀ ਜ਼ਿਆਦਾ ਜਿੰਮੀਦਾਰ ਤਬਕਾ ਖੇਤੀ ਅਧਾਰਤ ਆਬਾਦ ਸੀ। ਸੋ ਉਨ੍ਹਾਂ ਆਪਣੇ ਘਰੇਲੂ ਅਤੇ ਖੇਤੀਬਾੜੀ ਆਧਾਰਤ ਔਜ਼ਾਰਾਂ ਦੀ ਪੂਰਤੀ ਹਿੱਤ ਬਾ ਲਿਹਾਜ਼ ਜਾਣ ਪਛਾਣ ਬਜ਼ੁਰਗਾਂ ਨੂੰ ਸੱਦ ਭੇਜਿਆ। ਉਥੇ ਕੰਮ ਚੰਗਾ ਚੱਲ ਪਿਆ।  ਲੁਹਾਰਾ ਤਰਖਾਣਾਂ ਕੰਮ ਦੇ ਨਾਲ ਤਾਂਗੇ ਅਤੇ ਗੱਡੇ ਵੀ ਬਣਾ ਬਣਾ ਵੇਚਦੇ।ਇਕ ਹੋਰ ਮੁਹੰਮਦ ਅਲੀ ਨਾਮੇ ਮੁਸਲਿਮ ਲੁਹਾਰ ਦੀ ਵੀ ਲੁਹਾਰਾ ਦੁਕਾਨ ਸੀ। ਉਸ ਦਾ ਬੇਟਾ ਮੈਥੋਂ 2 ਕੁ ਸਾਲ ਮੋਹਰੇ ਪੜਦਾ ਸੀ। ਇਧਰਲੇ ਸ਼ੰਕਰ ਤੋਂ ਹਰਬੰਸ ਸਿੰਘ, ਦਰਸ਼ਣ ਸਿੰਘ ਪੁੱਤਰਾਨ ਚਰਨ ਸਿੰਘ ਤੱਖਰ ਵੀ ਮੇਰੇ ਬਚਪਨ ਦੇ ਦੋਸਤਾਂ ਵਿੱਚ ਸ਼ੁਮਾਰ ਸਨ ਵੀ, ਮੈਥੋਂ ਦੋ ਜਮਾਤਾਂ ਅੱਗੇ ਸਨ ਉਹ ਹੁਣ ਇਧਰ ਆਲੋਵਾਲ-ਨਕੋਦਰ ਬੈਠੇ ਨੇ। ਇਧਰਲੇ ਸ਼ੰਕਰ ਤੋਂ ਹੀ ਉਧਰ ਬਲਵੰਤ ਸਿੰਘ, ਬਚਿੰਤ ਸਿੰਘ ਪਿੰਡ ਦੇ ਨੰਬਰਦਾਰ ਅਤੇ ਮਿਹਰ ਸਿੰਘ ਸਫੈਦਪੋਸ਼ ਹੁੰਦਾ। ਪਿਤਾ ਜੀ ਦੱਸਦੇ ਹੁੰਦੇ ਸਨ ਕਿ 1920 ਵਿਆਂ ਚ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਉਸੇ ਪ੍ਰਭਾਵ ਚ ਆ ਕੇ ਬਹੁਤਿਆਂ ਕੇਸ ਰੱਖੇ। ਤਦੋਂ ਉਧਰੋਂ ਵੀ ਪਿੰਡਾਂ ਚੋਂ ਗ੍ਰਿਫ਼ਤਾਰੀ ਲਈ ਜਥੇ ਜਾਂਦੇ। ਜਦ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਹੋਈ ਤਦੋਂ ਲੈਲਪੁਰ ਬੜਾ ਰੋਹ ਅਫਜਾ ਮਾਰਚ ਨਿੱਕਲਿਆ। ਮੇਰੇ ਪਿਤਾ ਤੇ ਚਾਚਾ ਵੀ ਪਿੰਡੋਂ ਗਏ ਜਥੇ ਨਾਲ ਉਸ ਮਾਰਚ ਚ ਸ਼ੁਮਾਰ ਹੋਏ।ਸਾਡੇ ਗੁਆਂਢੀ ਪਿੰਡਾਂ ਵਿੱਚ ਸਰੀਂਹ ਪੁਰਾਣਾ, ਲਾਠੀਆਂ ਵਾਲਾ,ਆਵਾਗਤ, ਸਾਬੂਆਣਾ,ਫਲਾਈਵਾਲਾ,ਗਿੱਦੜਪਿੰਡੀ ਅਤੇ ਲਹੁਕੇ ਵਗੈਰਾ ਸਨ।ਜਦ ਰੌਲ਼ੇ ਪਏ ਤਾਂ ਤਦੋਂ ਮੈਂ ਪੰਜਵੀਂ ਚ ਪੜਦਾ ਸਾਂ। ਆਲੇ ਦੁਆਲਿਓਂ ਮਾਰ ਮਰੱਈਏ ਦੀਆਂ ਖਬਰਾਂ ਸੁਣਦੇ। ਬਜ਼ੁਰਗਾਂ ਦੇ ਚਿਹਰੇ ਉੱਤਰੇ ਹੋਏ ਹੁੰਦੇ। ਭਾਰਤ ਦੀ ਵੰਡ ਕੀ ਹੈ, ਪਾਕਿਸਤਾਨ ਬਣੇਗਾ।

ਇਹ ਵੀ ਪੜ੍ਹੋ-1947 ਹਿਜਰਤਨਾਮਾ-46 : 'ਸਾਗਰੀ ਦਾ ਵਸੇਬ ਭੁਲਾਇਆਂ ਵੀ ਨਹੀਂ ਭੁੱਲਦਾ'

ਇਹ ਸਭ ਮਾਜਰਾ ਕੀ ਹੈ, ਸਾਨੂੰ ਕੁਝ ਪਤਾ ਨਾ ਹੁੰਦਾ। ਫੌਜ ਵੀ ਟਰੱਕਾਂ ਚ  ਗਸ਼ਤ ਕਰਦੀ। ਸਾਡੇ ਕਾਰਖਾਨੇ ਚ ਧੜਾ ਧੜ ਛਵੀਆਂ ਬਰਛੇ ਬਣਦੇ। ਪਿੰਡ ਚ ਰਾਤ ਦਿਨ ਪਹਿਰਾ ਲੱਗਦਾ। ਇੰਵੇਂ ਈ ਇਕ ਦਿਨ ਪਿੰਡ ਚ ਹਫੜਾ ਦਫੜੀ ਮਚ ਗਈ। ਆਲੇ ਦੁਆਲਿਓਂ ਗੱਡਿਆਂ ਦੇ ਗੱਡੇ ਕਾਫ਼ਲਿਆਂ ਦੇ ਰੂਪ ਵਿੱਚ ਸਾਡੇ ਪਿੰਡ ਪੁੱਜਣ ਲੱਗੇ। ਦਿਨਾਂ ਵਿੱਚ ਹੀ ਸਾਡਾ ਪਿੰਡ ਆਰਜ਼ੀ ਰਫਿਊਜੀ ਕੈਂਪ ਚ ਬਦਲ ਗਿਆ। ਧੜਾ ਧੜ ਗੱਡੇ ਨਵੇਂ ਬਣਨ ਲੱਗੇ। ਪੁਰਾਣਿਆਂ ਦੀ ਮੁਰੰਮਤ ਹੋਣ ਲੱਗੀ। ਬਜ਼ੁਰਗ ਦਿਨ ਰਾਤ ਕਾਰਖਾਨੇ ਡਟੇ ਰਹਿੰਦੇ।ਇੱਕ ਗੱਡਾ ਉਨ੍ਹਾਂ ਆਪਣੇ ਲਈ ਵੀ ਬਣਾ ਲਿਆ।ਇਹ,ਉਹ ਵੇਲਾ ਸੀ ਜਦ ਕਪਾਹਾਂ ਤੇ ਪੁਰ ਬਹਾਰ ਸੀ,ਉਹ ਪੂਰੇ ਜੋਬਨ ਤੇ ਖਿੜੀਆਂ ਹੋਈਆਂ ਸਨ। ਅਫਸੋਸ ਕਿ ਉਨ੍ਹਾਂ ਫੁੱਲਾਂ ਨੂੰ ਤੋੜਨਾ ਜਿੰਮੀਦਾਰਾਂ ਹਿੱਸੇ ਨਹੀਂ ਸੀ। ਇਕ ਦਿਨ ਇੰਵੇ ਜ਼ਰੂਰੀ ਤੇ ਕੀਮਤੀ ਜੋ ਵੀ ਸਮਾਨ ਚੁੱਕ ਹੋਇਆ , ਕੁੱਝ ਗੱਡਿਆਂ ਤੇ ਕੁੱਝ ਗਠੜੀਆਂ ਬੰਨ੍ਹ ਸਿਰ ਉਪਰ ਚੁੱਕ ਕੇ ਕੈਂਪ ਚ ਜਾ ਸ਼ਾਮਲ ਹੋਏ।ਮਿਹਰ ਸਿੰਘ ਸਫੈਦਪੋਸ਼ ਦਾ ਭਤੀਜਾ ਚੰਨਣ ਸਿੰਘ ਗੁਆਂਢੀ ਪਿੰਡ ਬਲਦਾਂ ਦੇ ਖੁਰੀਆਂ ਲਵਾਉਣ ਗਿਆ,ਮੁੜ ਨਾ ਬਹੁੜਿਆ। ਸਮਾਂ ਬੜਾ ਭਿਆਨਕ ਸੀ।ਸਾਡਾ ਕਾਰਖਾਨਾ ਉਵੇਂ ਚੱਲਦਾ,ਪਿਤਾ ਜੀ ਦੂਜੇ ਲੁਹਾਰ ਮੁਹੰਮਦ ਅਲੀ ਹਵਾਲੇ ਕਰ ਆਏ।  ਦਾਦਾ ਜੀ ਨੇ ਦੋ ਲਵੇਰੀਆਂ ਵੀ ਗੱਡੇ ਪਿੱਛੇ ਇਹ ਕਹਿੰਦਿਆਂ ਬੰਨ੍ਹ ਲਈਆਂ,ਅਖੇ ਪੁੱਤ ਪੋਤਰੇ ਦੁੱਧ ਪੀਆ ਕਰਨਗੇ।ਬਾਕੀ ਸਮਾਨ ਗੁਆਂਢੀਆਂ ਸਪੁਰਦ ਕਰ ਆਏ।ਘਰ ਛੱਡਣ ਦਾ ਉਹ ਭਿਆਨਕ ਨਜ਼ਾਰਾ ਬੜਾ ਦਿਲ ਸੋਜ ਸੀ।ਦਾਦਾ ਜੀ ਨੇ ਹਟਕੋਰੇ ਲੈਂਦਿਆਂ ਆਖਿਆ,"ਲੈ ਬਈ ਦੀਨਿਆਂ ਬੜੀਆਂ ਸਧਰਾਂ ਨਾਲ਼ ਇਹ ਘਰ ਬਣਾਇਆ ਸੀ। ਜੇ ਮੁੜ ਆਉਣ ਬਣਿਆਂ ਤਾਂ  ਦੇਖਲਾਂਗੇ ਨਹੀਂ ਤਾਂ ਇਹ ਘਰ ਸਮੇਤ ਸਾਜ਼ੋ ਸਾਮਾਨ ਹੁਣ ਤੇਰਾ ਹੋਇਆ।" ਉਹ ਬੱਚਿਆਂ ਵਾਂਗ ਰੋਂਦਿਆਂ ਵਿਹੜੇ ਵਿੱਚ ਢਹਿ ਪਏ।ਧੀ ਦੀ ਡੋਲੀ ਤੋਰਨ ਵਾਂਗ ਸੱਭੋ ਅੱਖਾਂ ਨਮ ਹੋ ਗਈਆਂ।-ਤੇ ਉਹ ਸਮਾਂ ਵੀ ਆ ਢੁੱਕਿਆ ਜਦ ਵੱਡੇ ਰਾਠ ਜਿੰਮੀਦਾਰਾਂ ਛਲਕਦੀਆਂ ਅੱਖਾਂ ਨਾਲ ਪਿੰਡ ਨੂੰ ਆਖੀਰੀ ਫਤਹਿ ਬੁਲਾ,ਹਜ਼ਾਰਾਂ ਗੱਡਿਆਂ ਦਾ ਕਾਫ਼ਲਾ ਲੈਲਪੁਰ ਲਈ ਹੱਕ ਲਿਆ।ਉਥੇ ਕੁਝ ਹਫ਼ਤਿਆਂ ਦਾ ਠਹਿਰਾਅ ਹੋਇਆ। ਖਾਣ ਯੋਗਾ ਤਾਂ ਕੈੰਪ ਤੋਂ ਮਿਲ ਜਾਂਦਾ ਪਰ ਹਾਲ ਸਭਨਾਂ ਦੇ ਬੁਰੇ ਸਨ।

ਲੈਲਪੁਰੋਂ ਕਾਫ਼ਲਾ ਪੜਾਅ ਦਰ ਪੜਾਅ ਤਹਿ ਕਰਦਾ ਮੌਤ ਦੀ ਘਾਟੀ ਵਜੋਂ ਜਾਣੇ ਜਾਂਦੇ ਬੱਲੋਕੀ ਹੈੱਡ ਤੋਂ ਹੁੰਦਾ ਹੋਇਆ ਖੇਮ ਕਰਨ ਪਹੁੰਚਿਆ।ਇਸ ਤੋਂ ਪਿੱਛੇ ਹੀ  ਪਿਤਾ ਜੀ ਪੜਾਅ ਦੌਰਾਨ ਲਵੇਰੀਆਂ ਲਈ ਦੂਰ ਖੇਤਾਂ ਚੋਂ ਚਾਰਾ ਲੈਣ ਨਿੱਕਲੇ ਤਾਂ ਚਰੀ ਚ ਛੁਪੇ ਫਸਾਦੀਆਂ ਨੇ ਹਮਲਾ ਕਰ ਦਿੱਤਾ।ਪਿਤਾ ਜੀ ਜੁੱਸੇ ਚ ਤਕੜੇ ਸਨ ਉਹ ਤਾਂ ਭੱਜ ਆਏ ਪਰ ਨਾਲ ਗਿਆ ਦੂਸਰਾ ਬੰਦਾ ਉਨ੍ਹਾਂ, ਛਵੀਆਂ ਨਾਲ ਕੋਹ ਕੋਹ ਮਾਰਤਾ। ਕਾਫਲੇ ਚ ਬਰਸਾਤ,ਗਰਮੀ,ਹੁੰਮਸ ,ਫਾਕਿਆਂ ਅਤੇ ਪਲੇਗ ਦੀ ਮਾਰ ਝੱਲਦਿਆਂ ਸੱਭੋ ਬੇਹਾਲ ਸਨ। ਬਹੁਤੇ ਹੋਰਾਂ ਦੀ ਤਰਾਂ ਹੀ ਬਾਬਾ ਜੀ ਵੀ ਪਲੇਗ ਦੀ ਜਕੜ ਚ ਆ ਕੇ ਬਿਮਾਰ ਪੈ ਗਏ। ਉਨ੍ਹਾਂ ਨੂੰ ਗੱਡੇ ਤੇ ਮੰਜੇ ਉਪਰ ਲਿਟਾ ਦਿੱਤਾ। ਦਾਦੀ ਨੇ ਬਹੁਤ ਓਹੜ ਪੋਹੜ ਕੀਤਾ ਪਰ ਉਹ ਪਲੇਗ ਦੀ ਭੇਟ ਚੜ੍ਹ ਗਏ। ਅਗਲੇ ਪੜਾਅ ਤੇ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ । ਪਿੰਡ ਦਾ ਨਾਮ ਹੁਣ ਯਾਦ ਨਾ ਰਿਹਾ। ਮਾਨੋ ਬਾਰ ਦੀ ਧਰਤੀ ਦਾ ਹੇਜ ਹੀ ਉਸ ਨੂੰ ਲੈ ਬੈਠਾ।  ਖੇਮਕਰਨੋ ਅੰਬਰਸਰ-ਜਲੰਧਰ ਹੁੰਦੇ ਹੋਏ ਆਪਣੇ ਪਿੱਤਰੀ ਪਿੰਡ ਬੋਪਾਰਾਵਾਂ(ਨਕੋਦਰ) ਮਹੀਨੇ ਭਰ ਦੀਆਂ ਦੁਸ਼ਵਾਰੀਆਂ,ਫਾਕੇ ਝਾਗਦੇ ਆਣ ਪਹੁੰਚੇ।1949 ਚ ਸਾਡੀ ਪੱਕੀ ਪਰਚੀ ਢੇਰੀਆਂ-ਨਕੋਦਰ ਦੀ ਨਿੱਕਲੀ,ਸੋ ਉਥੇ ਜਾ ਆਬਾਦ ਹੋਏ। ਇਥੇ ਹੀ ਮੈਂ ਉਸਤਾਦ ਹਰੀ ਸਿੰਘ ਪਾਸੋਂ ਤਰਖਾਣਾਂ ਕੰਮ ਸਿੱਖਿਆ।1957 ਚ ਮੇਰੀ ਸ਼ਾਦੀ ਤਲਵਣ-ਨੂਰਮਹਿਲ ਦੇ ਪ੍ਰੀਤਮ ਸਿੰਘ ਦੀ ਬੇਟੀ ਪ੍ਰਕਾਸ਼ ਕੌਰ ਨਾਲ ਹੋਈ। 1965 ਵਿਆਂ ਚ ਮੈਂ ਕੰਮ ਦੇ ਸਿਲਸਿਲੇ ਚ ਬੰਬੇ ਆ ਗਿਆ। ਸੋ ਸਾਰਾ ਪਰਿਵਾਰ ਹੁਣ ਇਥੇ ਹੀ ਸੈੱਟ ਐ। ਮਾਂ ਦੇ ਦੱਸਣ ਮੁਤਾਬਕ ਮੇਰਾ ਜਨਮ ਜਦ ਕੋਇਟਾ-ਬਲੋਚਿਸਤਾਨ ਗਰਕ ਹੋਇਆ, ਤਦੋਂ ਦਾ ਐ।

ਸੋ ਰੌਲਿਆਂ ਚ ਮੇਰੀ ਉਮਰ 12 ਕੁ ਸਾਲ ਦੀ ਸੀ। ਮੈਂ,ਪਿਆਰਾ ਸਿੰਘ, ਮੱਖਣ ਸਿੰਘ, ਅਜੀਤ ਸਿੰਘ,ਹਰਪਾਲ ਸਿੰਘ ਕੁੱਲ ਪੰਜ ਭਾਈ ਅਤੇ ਪਿਆਰ ਕੌਰ, ਸਰਬਜੀਤ ਕੌਰ, ਅਮਰਜੀਤ ਕੌਰ ਤਿੰਨ ਭੈਣਾਂ ਹੋਏ ਆਂ, ਅਸੀਂ। ਅੱਗੋਂ  ਮੇਰੇ ਘਰ ਜਗਰੂਪ ਸਿੰਘ, ਬਲਜੀਤ ਸਿੰਘ, ਇਕਬਾਲ ਸਿੰਘ, ਮਨਜੀਤ ਕੌਰ,ਰਣਜੀਤ ਕੌਰ, ਬਲਜੀਤ ਕੌਰ ਅਤੇ ਹਰਦੀਪ ਕੌਰ ਧੀਆਂ/ਪੁੱਤਰ ਪੈਦਾ ਹੋਏ ਜੋ ਸੱਭ ਵਿਆਹੇ ਵਰ੍ਹੇ ਆਪਣੀ ਥਾਂ ਠੀਕ ਨੇ।ਪਤਨੀ ਸਹਿਬਾਂ ਪਿਛਲੇ ਵਰ੍ਹੇ ਗੁਰ ਚਰਨਾ ਤੇ ਜਾ ਬਿਰਾਜੀ ਆ। ਮੈਂ, ਵੱਡੇ ਬੇਟੇ ਜਗਰੂਪ ਸਿੰਘ ਪਾਸ ਰਹਿ ਕੇ ਜ਼ਿੰਦਗੀ ਦਾ ਪਿਛਲਾ ਪਹਿਰ ਹੰਢਾਅ ਰਿਹੈਂ।-ਬਾਕੀ ਖੁਰੜਿਆਂ ਵਾਲਾ ਸ਼ੰਕਰ ਦੀ ਵਸੇਬ ਅੱਜ ਵੀ ਮੇਰੇ ਚੇਤਿਆਂ ਚ ਉਵੇਂ ਆਬਾਦ ਐ,ਜੋ ਭੁਲਾਇਆਂ ਵੀ ਨਹੀਂ ਭੁੱਲਦੀ।"

ਲੇਖਕ: ਸਤਵੀਰ ਸਿੰਘ ਚਾਨੀਆਂ

ਮੋਬਾਇਲ- 92569-73526
ਫੋਟੋ: ਸ.ਮਹਿੰਦਰ ਸਿੰਘ ਆਪਣੀ ਪਤਨੀ ਪ੍ਰਕਾਸ਼ ਕੌਰ ਨਾਲ

Aarti dhillon

This news is Content Editor Aarti dhillon