ਅਣਦਿਸਦੀ ਮੌਤ : ਕੀ ਬੱਸ ਚਾਲਕ ਵੱਧ ਸਵਾਰੀਆਂ ਦੇ ਚੱਕਰ ''ਚ ਦੂਜਿਆਂ ਦੀ ਜਾਨ ਨਾਲ ਖੇਡਦੇ ਹਨ?

03/24/2022 8:26:24 PM

ਔਹ ਦੇਖ! ਕਿਵੇਂ ਜਾ ਰਿਹਾ ਜਿਵੇਂ ਜਾ ਕੇ ਅੱਗ ਬੁਝਾਉਣੀ ਹੋਵੇ। ਇਹੋ ਜਿਹੇ ਸ਼ਬਦ ਅਸੀਂ ਅਕਸਰ ਰੋਡ 'ਤੇ ਜਾਂਦੇ ਸਮੇਂ ਕੋਲੋਂ ਤੇਜ਼ੀ ਨਾਲ ਲੰਘੀ ਬੱਸ ਨੂੰ ਦੇਖ ਕੇ ਬੋਲ ਦਿੰਦੇ ਹਾਂ ਪਰ ਅੱਜ ਤੱਕ ਕਦੇ ਇਸ ਗੱਲ 'ਤੇ ਗੌਰ ਨਹੀਂ ਕੀਤਾ ਕਿ ਚਾਲਕ ਇੰਨੀ ਤੇਜ਼ ਬੱਸ ਕਿਉਂ ਚਲਾਉਂਦੇ ਹਨ। ਜੇ ਕਿਸੇ ਨੇ ਸੋਚਿਆ ਵੀ ਹੋਵੇਗਾ ਤਾਂ ਜ਼ਿਆਦਾ ਸਵਾਰੀਆਂ ਚੁੱਕਣ ਤੱਕ ਸੋਚ ਮੁੱਕ ਜਾਂਦੀ ਹੈ ਪਰ ਇਸ ਤੋਂ ਅੱਗੇ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਇੰਨੀ ਤੇਜ਼ ਜਾਂਦੀ ਬੱਸ ਕਈਆਂ ਲਈ ਮੌਤ ਦਾ ਸੱਦਾ ਲੈ ਕੇ ਆਉਂਦੀ ਹੈ। ਕਈ ਵਾਰ ਸੜਕ 'ਤੇ ਜਾਂਦੇ ਲੋਕ ਦੁਰਘਟਨਾ ਦਾ ਸ਼ਿਕਾਰ ਹੋ ਕੇ ਸਾਰੀ ਜ਼ਿੰਦਗੀ ਲਈ ਦਿਵਿਆਂਗ ਹੋ ਜਾਂਦੇ ਹਨ। ਕੀ ਬੱਸ ਚਾਲਕ ਵੱਧ ਸਵਾਰੀਆਂ ਦੇ ਚੱਕਰ 'ਚ ਦੂਜਿਆਂ ਦੀ ਜਾਨ ਨਾਲ ਖੇਡਦੇ ਹਨ? ਇਸ ਦਾ ਜਵਾਬ ਹੈ- ਨਹੀਂ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਕਰੀਬੀ ਕਰਨ ਘੁਮਾਣ ਕੋਰਟ 'ਚ ਪੇਸ਼, ਜਾਣੋ ਪੂਰਾ ਮਾਮਲਾ

ਬੱਸ ਚਾਲਕ ਦੀ ਵੀ ਆਪਣੀ ਜ਼ਿੰਦਗੀ ਹੈ, ਉਸ ਦਾ ਵੀ ਆਪਣਾ ਪਰਿਵਾਰ ਹੈ। ਕਿਸੇ ਨੂੰ ਮਾਰ ਕੇ ਉਹ ਲੱਖਾਂ ਰੁਪਏ ਹਰਜਾਨੇ ਦੇ ਰੂਪ 'ਚ ਕਿਉਂ ਗੁਆਏ ਜਾਂ ਉਸ ਨੂੰ ਜੇਲ੍ਹ ਜਾਣ ਦਾ ਸ਼ੌਕ ਕਿਉਂ ਹੋਵੇਗਾ? ਇੰਨਾ ਸੋਚਦਿਆਂ ਮੈਂ ਅੱਗੇ ਪੜਤਾਲ ਕੀਤੀ ਤਾਂ ਕੁਝ ਹੋਰ ਹੀ ਪਤਾ ਲੱਗਾ। ਇਕ ਵਾਰ ਮੈਂ ਮੋਹਾਲੀ ਤੋਂ ਘਰ ਨੂੰ ਜਾ ਰਿਹਾ ਸੀ। ਪ੍ਰਾਈਵੇਟ ਬੱਸ 'ਚ ਮੋਹਾਲੀ ਤੋਂ ਸਮਰਾਲਾ ਲਈ ਬੈਠ ਗਿਆ ਤੇ ਰਸਤੇ 'ਚ ਬੱਸ ਚਾਲਕ ਦੀ ਡਰਾਈਵਰੀ ਦੇਖ ਕੇ ਕੰਡਕਟਰ ਨੂੰ ਪੁੱਛ ਹੀ ਬੈਠਾ ਤਾਂ ਉਸ ਨੇ ਅੱਗੋਂ ਜੋ ਜਵਾਬ ਦਿੱਤਾ ਉਹ ਹੈਰਾਨ ਕਰ ਦੇਣ ਵਾਲਾ ਸੀ। ਉਸ ਨੇ ਮੈਨੂੰ ਦੱਸਿਆ ਕਿ ਫੇਜ਼-8 ਮੋਹਾਲੀ ਤੋਂ ਬੱਸ ਅੱਡਾ ਲੁਧਿਆਣੇ ਦੀ ਦੂਰੀ ਤਕਰੀਬਨ 100 ਕਿਲੋਮੀਟਰ ਹੈ, ਜਦੋਂ ਕਿ ਬੱਸ ਨੂੰ 100 ਮਿੰਟ ਮਿਲਦੇ ਹਨ। ਇਸ ਵਿਚ 10 ਅੱਡਿਆਂ ਦੀਆਂ ਸਵਾਰੀਆਂ ਚੁੱਕਣ ਤੇ ਉਨ੍ਹਾਂ ਨੂੰ ਉਤਾਰਨ ਅਤੇ ਟ੍ਰੈਫਿਕ ਜਾਮ ਸਭ ਸ਼ਾਮਲ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਕਿ ਉਸ ਸਮੇਂ ਖਰੜ 'ਚ ਟ੍ਰੈਫਿਕ ਜਾਮ ਬਹੁਤ ਲੱਗਦਾ ਸੀ ਅਤੇ 30-40 ਮਿੰਟ ਆਰਾਮ ਨਾਲ ਲੱਗ ਜਾਂਦੇ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ ਲਈ ਮੰਗੀਆਂ ਅਰਜ਼ੀਆਂ

ਉਸ ਤੋਂ ਬਾਅਦ ਮੋਰਿੰਡਾ ਫਾਟਕ ਦਾ ਹੇਠਲਾ ਪੁਲ ਬਣਨ ਕਰਕੇ ਬਾਈਪਾਸ ਘੁੰਮਣਾ ਪੈਂਦਾ ਸੀ ਅਤੇ ਲੁਧਿਆਣੇ ਵਾਲੀ ਟ੍ਰੈਫਿਕ ਤੋਂ ਤਾਂ ਸਭ ਵਾਕਿਫ਼ ਹਨ। ਇਸ ਤੋਂ ਬਿਨਾਂ ਖਰੜ, ਮੋਰਿੰਡਾ, ਖਮਾਣੋਂ, ਸਮਰਾਲਾ, ਕੁਵਾੜਾ ਆਦਿ ਹੋਰ ਅੱਡਿਆਂ 'ਤੇ ਜੇਕਰ ਘੱਟੋ-ਘੱਟ 2 ਮਿੰਟ ਵੀ ਬੱਸ ਰੁਕਦੀ ਹੈ ਤਾਂ ਅੰਦਾਜ਼ਨ 15 ਮਿੰਟ ਕੁਲ ਬੱਸ ਰੁਕੀ। ਲੁਧਿਆਣੇ ਜਾਮ ਦਾ ਅੰਦਾਜ਼ਾ ਮੈਂ ਲਗਾ ਨਾ ਸਕਿਆ ਕਿ ਕਿੰਨਾ ਟਾਈਮ ਲੱਗੇਗਾ। ਇਸ ਤਰ੍ਹਾਂ ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ 100 'ਚੋਂ 30 ਮਿੰਟ ਤਾਂ ਏਦਾਂ ਹੀ ਲੰਘ ਜਾਂਦੇ ਹਨ, ਬਚੇ 70 ਮਿੰਟ 'ਚ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਹਰ ਘੰਟੇ ਔਸਤ 90 ਦੀ ਸਪੀਡ ਨਾਲ ਜਾਣਾ ਪਵੇਗਾ, ਜੋ ਬਹੁਤ ਤੇਜ਼ ਸਪੀਡ ਹੈ। ਸਵਾਰੀਆਂ ਨੂੰ ਟਾਈਮ 'ਤੇ ਪਹੁੰਚਾਉਣ ਲਈ ਬਾਕੀ ਲੋਕਾਂ ਦੀ ਜਾਨ ਨਾਲ ਨਹੀਂ ਖੇਡਣਾ ਚਾਹੀਦਾ। ਇਸ ਲਈ ਇਨ੍ਹਾਂ ਦੇ ਸਮੇਂ ਨੂੰ ਵਧਾ ਕੇ ਅਣਦਿਸਦੀ ਮੌਤ ਨੂੰ ਦਾਵਤ ਨਾ ਦਿੱਤੀ ਜਾਵੇ।
 -ਪਰਮਿੰਦਰ ਮਾਨ


Harnek Seechewal

Content Editor

Related News