ਇੱਕ ਸੀ ਹਰਨੇਕ ਸੋਹੀ ਬਨਭੌਰੀ

08/21/2020 6:10:36 PM

 ਇੱਕ ਸੀ ਹਰਨੇਕ ਸੋਹੀ ਬਨਭੌਰੀ


ਇੱਕ ਸੋਹੀ ਹਰਨੇਕ ਯਾਰਾਂ ਦਾ ਯਾਰ ਹੁੰਦਾ ਸੀ,
ਸੱਭਿਆਚਾਰਕ ਗੀਤਾਂ ਦਾ ਗੀਤਕਾਰ ਹੁੰਦਾ ਸੀ।
ਅਪਣੀ ਮਾਂ ਬੋਲੀ ਦਾ ਸਰਬਣ ਪੁੱਤ ਕਹਾ ਗਿਆ,
ਧਰਤੀ ਮਾਂ ਨਾਲ ਮਾਂ ਤੋਂ ਵੱਧ ਪਿਆਰ ਹੁੰਦਾ ਸੀ .
ਗੁਰਦਿਆਲ ਨਿਰਮਾਣ ਤੇ ਕਰਮਜੀਤ ਸਿੰਘ ਧੂਰੀ ਦਾ ਉਹ,
ਸਾਰਿਆਂ ਤੋਂ ਪਸੰਦੀਦਾ ਗੀਤਕਾਰ ਹੁੰਦਾ ਸੀ,
ਕਦੇ ਸਮੁੰਦਰ ਕੁੱਜੇ ਵਿੱਚ ਵੀ ਭਰ ਦਿੰਦਾ ਸੀ,
ਕਦੇ ਕਦਾਈਂ ਨਾਵਲ ਜਿਉਂ ਵਿਸਥਾਰ ਹੁੰਦਾ ਸੀ .
ਸ਼ਾਮਾਂ ਨੂੰ ਜਦੋਂ ਅਧੀਆ ਪਊਆ ਲਾ ਲੈਂਦਾ ਸੀ,
ਗੀਤਕਾਰ ਦੇ ਨਾਲ਼-ਨਾਲ਼ ਕਲਾਕਾਰ ਹੁੰਦਾ ਸੀ .
ਪਹਿਲਾਂ ਟੀਚਰ ਫੇਰ ਹੈੱਡ ਫਿਰ ਬੀ ਪੀ ਈ ਓ ਬਣਿਆਂ,
ਬੱਚਿਆਂ ਅਤੇ ਕੁਲੀਗਜ਼ ਨਾਲ਼ ਬੜਾ ਪਿਆਰ ਹੁੰਦਾ ਸੀ.
ਉਸਦੇ ਪੜ੍ਹਾਏ ਮੁੰਡੇ ਕੁੜੀਆਂ ਚੇਤੇ ਕਰਦੇ ,
ਮਿਸ਼ਰੀ ਤੋਂ ਵੀ ਮਿੱਠੀ ਉਹ ਗ਼ੁਫ਼ਤਾਰ ਹੁੰਦਾ ਸੀ .
ਚੇਤੇ ਕਰੇ ਰਮੇਸ਼ਵਰ ਸਿੰਘ ਲੁਹਾਰ ਮਾਜਰਾ ,
ਉਸਦਾ ਸਭ ਤੋਂ ਪਿਆਰਾ ਬਰਖ਼ੁਰਦਾਰ ਹੁੰਦਾ ਸੀ .
ਚੰਗਾ ਪੁੱਤਰ ਭਾਈ ਪਤੀ ਤੇ ਬਾਪੂ ਬਣਿਆਂ ,
ਸਾਰਿਆਂ ਖਾਤਰ ਸੱਚਾ ਸੁੱਚਾ ਪਿਆਰ ਹੁੰਦਾ ਸੀ .
ਕਣਕਵੰਨਾਂ ਜਾਂ ਮੁਸ਼ਕੀ ਜਾਂ ਰੰਗ ਪੱਕਾ ਕਹਿ ਲਓ,
ਐਪਰ ਪਿੰਡ ਬਨਭੌਰੀ ਦਾ ਸ਼ਿੰਗਾਰ ਹੁੰਦਾ ਸੀ .
ਪਹਿਲਾਂ ਧੂਰੀ ਬਲਾਕ ਫੇਰ ਸੰਗਰੂਰ ਜ਼ਿਲ੍ਹੇ ਦਾ ,
ਟੀਚਰਾਂ ਦਾ ਪ੍ਧਾਨ ਤਿਆਰ ਬਰ ਤਿਆਰ ਹੁੰਦਾ ਸੀ.
ਸੇਵਾ ਮੁਕਤੀ ਮਗਰੋਂ ਪਿੰਡ ਦਾ ਪੰਚ ਸੀ ਬਣਿਆਂ,
ਕਰਮਿੰਦਰ ਸਿੰਘ ਸਰਪੰਚ ਦਾ ਪੱਕਾ ਯਾਰ ਹੁੰਦਾ ਸੀ.
ਜਦੋਂ ਕਦੇ ਗੱਲ ਤਰਕ ਵਿਤਰਕ ਦੀ ਚਲਦੀ ਸੀ ਤਾਂ,
ਉਸ ਦਾ ਸਭ ਤੋਂ ਵੱਖਰਾ ਇੱਕ ਵਿਚਾਰ ਹੁੰਦਾ ਸੀ .
ਉਸ ਨੂੰ ਕਿਸਮਤ ਕੁਸਮਤ ਵਿੱਚ ਯਕੀਨ ਨਹੀਂ ਸੀ,
ਦੂਰ ਅੰਦੇਸ਼ੀ ਸਮਝਦਾਰ ਹੁਸ਼ਿਆਰ ਹੁੰਦਾ ਸੀ .
ਅਪਣੇ ਦਿਲ ਦੀ ਗੱਲ ਲੁਕਾ ਕੇ ਰਖਦਾ ਨਈਂ ਸੀ,
ਸਭ ਦੇ ਸਾਹਮਣੇ ਕਹਿੰਦਾ ਸ਼ਰੇ ਬਾਜ਼ਾਰ ਹੁੰਦਾ ਸੀ .
ਵੇਖਣ ਨੂੰ ਤਾਂ ਆਮ ਜਿਹਾ ਬੰਦਾ ਲਗਦਾ ਸੀ ,
ਦਿਲ ਪੱਖੋਂ ਪਰ ਵੱਡਾ ਉਹ ਸਰਦਾਰ ਹੁੰਦਾ ਸੀ .
ਜਿਸ ਦੀ ਬਾਂਹ ਫੜਦਾ ਸੀ ਤੋੜ ਨਿਭਾਅ ਦਿੰਦਾ ਸੀ,
ਦਿਲ ਤੋਂ ਕੀਤਾ ਸੱਚਾ ਕੌਲ ਇਕਰਾਰ ਹੁੰਦਾ ਸੀ .
ਜਿੱਥੇ ਖੜ੍ਦਾ ਬਹਿੰਦਾ ਰੌਣਕਾਂ ਲਾ ਦਿੰਦਾ ਸੀ ,
ਯਾਰੋ ਉਸ ਦਾ ਵੱਖਰਾ ਹੀ ਸੰਸਾਰ ਹੁੰਦਾ ਸੀ .
ਬਚਪਨ ਅਤੇ ਜਵਾਨੀ ਦੀ ਗੱਲ ਕਰ ਲੈਂਦਾ ਸੀ ,
ਸ਼ਰਮੇਂ ਰੰਚਣਾਂ ਵਾਲ਼ੇ ਦਾ ਰਾਜ਼ਦਾਰ ਹੁੰਦਾ ਸੀ .

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ )
             9478408898

rajwinder kaur

This news is Content Editor rajwinder kaur