ਪੱਕ ਗਈਆਂ ਕਣਕਾਂ

05/19/2017 4:18:17 PM

ਪੰਜਾਬੀਆਂ ਨੂੰ  ਛੇ ਮਹੀਨੇ ਦੇ ਸਬਰ ਤੋਂ ਬਾਅਦ ਪੱਕੀ ਕਣਕ ਸੁਪਨੇ ਪੂਰੇ ਕਰਨ ਦਾ ਸਾਧਨ ਬਣਦੀ  ਹੈ ।ਕਣਕ ਦਾ ਪੰਜਾਬੀ ਕਿਸਾਨ ਅਤੇ ਵਿਸਾਖੀ ਕਾਲ ਗੂੜ੍ਹਾ ਸੰਬੰਧ ਹੁੰਦਾ ਹੈ ।ਇਹ ਇਕ ਦੂਜੇ ਤੋਂ ਬਿਨ੍ਹਾ ਅਧੂਰੇ ਲਗਦੇ ਹਨ। ਕਣਕ ਦੀ ਫਸਲ ਹਰੀ ਤੋਂ ਸੁਨਹਿਰੀ ਹੋਣ ਦੇ ਨਾਲ ਨਾਲ ਦਾਤੀ ਨੂੰ ਘੁੰਗਰੂ ਲੱਗ ਜਾਦੇ ਹਨ ।ਪੰਜਾਬੀ ਪਰਿਵਾਰਾਂ ਦੇ ਬੂਹੇ ਤੇ ਵਿਸਾਖੀ ਦਾ ਮੇਲਾ ਆਪਣੀ ਅਲਖ ਜਗਾਉਣ ਵੱਲ ਜਾਂਦਾ ਹੈ ।
ਮੌਸਮ ਅਤੇ ਰੱੱਤਾਂ ਦੇ ਲਿਹਾਜ ਨਾਲ ਕਣਕ ਦੀ ਫਸਲ ਸ਼ੁਰੂ ਤੋਂ ਵਿਸਾਖੀ ਨੂੰ ਪੱਕਦੀ ਹੈ। ਪਹਿਲੇ ਸਮੇਂ ਕਣਕ ਬਿਨਾਂ ਪਾਣੀ ਖਾਦ ਤੋਂ ਮਾਰੂ ਹੁੰਦੀ ਸੀ ।ਇਸ ਲਈ ਪੰਜਾਬੀ ਲੋਕ ਕਣਕ ਛੇਤੀ ਛੇਤੀ ਵੱਡਕੇ ਵਿਸਾਖੀ ਦੇ ਮੇਲੇ ਜਾਣ ਦੀ ਤਿਆਰੀ ਕਰਦੇ ਸਨ । ਇਸ ਲਈ ਲਾਲ ਧਨੀ ਰਾਮ ਚਾਤਰਿਕ ਨੇ ਇਉਂ ਨਜ਼ਾਰਾ ਪੇਸ਼ ਕੀਤਾ ਹੈ 
    “ ਤੂੜੀ ਤੰਦ ਸਾਭ ਹਾੜੀ ਵੇਚ ਵੱਟ ਕੇ ,
      ਲੰਬੜਾਂ ਤੇ ਸ਼ਾਹਾ ਦਾ ਹਿਸਾਬ ਕੱਟ ਕੇ ,
      ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ ,
      ਮਾਲ ਟਾਡਾਂ ਸਾਂਭਣੇ ਨੂੰ ਬੰਦਾ ਛਡ ਕੇ ,
      ਪੱਗ ਝੱਗਾ ਚਾਦਰ ਨਵਾਂ ਸਵਾ ਕੇ ,
      ਸੰਮਾਂ ਵਾਲੀ ਡਾਂਗ ''ਤੇ ਤੇਲ ਲਾਇਕੇ ,
      ਕੱਛੇ ਮਾਰ ਵੰਝਲੀ ਅਨੰਦ ਛਾ ਗਿਆ ,                                       
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ''''      

ਪੱਕੀ ਕਣਕ ਕਿਸਾਨ ਨੂੰ ਗੁਰਬਤ ''ਚੋਂ ਨਿਕਲਣ ਦਾ ਸੁਨੇਹਾ ਦਿੰਦੀ ਹੋਈ ਆਪਣੇ ਪਰਿਵਾਰ ਦਾ ਚਾਅ ਮਲਾਰ ਪੂਰਾ ਕਰਨ ਲਈ ਹੱਲਾ ਸ਼ੇਰੀ ਦਿੰਦੀ ਹੈ । ਪ੍ਰਵਾਸੀ ਮਜਦੂਰਾਂ ਦੀ ਆਮਦ ਕਾਰਣ ਪੰਜਾਬੀ ਕਿਸਾਨ ਦੇ ਮਿਹਨਤੀ ਸੁਭਾਅ ਨੂੰ ਗ੍ਰਹਿਣ ਲੱਗਿਆ ਹੈ ।ਮਸ਼ੀਨੀ ਯੁੱਗ ਕਾਰਨ ਵੀ ਪੱਕੀ ਸੁਨਹਿਰੀ ਕਣਕ ਰਾਤ ਵਿਚਾਲੇ ਕੱਟ ਕੇ ਸਵੇਰੇ ਰੜਾ ਮੈਦਾਨ ਹੋ ਜਾਦਾ ਹੈ ।ਪੱਕੀ ਕਣਕ ਦੀ ਫਸਲ ਨੂੰ ਅੱਗਾਂ ਵੀ ਲੱਗ ਜਾਂਦੀਆਂ ਹਨ। ਜਿਸ ਨਾਲ ਕਿਸਾਨ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ । ਵੱਡੇ ਕਿਸਾਨ ਪੱਕੀ ਕਣਕ ਨੂੰ ਕੰਬਾਇਨ ਨਾਲ ਵਢਾ ਨੇ ਨਾੜ ਨੂੰ ਅੱਗ ਲਾ ਦਿੰਦੇ ਹਨ ਜੋ ਵਾਤਾਵਰਨ ਲਈ ਘਾਤਕ ਹੁੰਦਾ ਹੈ ।ਕਣਕ ਸਾਡੇ ਗੋਰਵਮਈ ਵਿਰਸੇ ''ਚ ਵਿਰਾਸਤੀ ਖੁਸ਼ਬੂ ਖਿਲਾਰਦੀ ਹੈ ।ਸਾਡੀ ਆਰਥਿਕ ਖੁਸ਼ਹਾਲੀ ਦਾ ਮੁੱਖ ਸਰੋਤ ਵੀ ਹੈ । ਇਸ ਲਈ ਕੇਂਦਰੀ ਪੂਲ ''ਚ ਪੰਜਾਬ ਲੱਖਾਂ ਟਨ ਕਣਕ ਭੇਜਦਾ ਹੈ ।ਪੰਜਾਬੀ ਕਿਸਾਨ ਦਾ 1970 ਤੋਂ 80 ਤੱਕ ਪੂਲ ਵਿੱਚ 40.45 ਹਿੱਸਾ ਸੀ ਜੋ ਕਿ 2009 ''ਚ 43.79 ਹੋ ਗਿਆ ਸੀ। ਪਰਿਵਾਰ ਦਾ ਲੂਣ ਮਿਰਚ, ਝੱਗਾ ਚਾਦਰ ਅਤੇ ਬੱਚਿਆਂ ਦਾ ਭਵਿੱਖ ਕਣਕ ਦੀ ਆਮਦਨ ਦੀ ਉਡੀਕ ''ਚ ਰਹਿੰਦਾ  ਹੈ। ਸੁਨਹਿਰੀ ਹੁੰਦੀ ਕਣਕ ਦੇ ਨਾਲ- ਨਾਲ ਬਾਕੀ ਬਨਸਪਤੀ ਵੂਪੁੰਗਰਦੀ ਹੈ । ਜਿਸ ਨਾਲ ਕੁਦਰਤ ਦਾ ਸਮਤੋਲ ਬਣਿਆ ਰਹਿੰਦਾ ਹੈ ।ਪੰਜਾਬੀ ਸਾਹਿਤ ਦੀ ਵੰਨਗੀ ''ਚ ਪੱਕੀ ਕਣਕ ਇਉਂ ਗੂੰਜਦੀ ਹੈ- 
           ''''ਪੱਕ ਗਈਆਂ ਕਣਕਾਂ ਲਕਾਟ ਰਸਿਆ ,
            ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ''''
ਪੱਕੀ ਕਣਕ ਦੀ ਰਾਖੀ ਅਤੇ ਕੁਦਰਤੀ ਆਫ਼ਤਾਂ ਦੀ ਮਾਰ ਕਾਰਨ ਕਿਸਾਨ ਦੀ ਪਰੇਸ਼ਾਨੀ ਦਾ ਸਬੱਬ ਵੀ ਬਣਦਾ ਹੈ ।ਇਸ ''ਤੇ ਕਿਸਾਨ ਦੇ ਨਾਲ –ਨਾਲ ਆੜਤੀਆਂ ਦਾ ਦਾਰੋਮਦਾਰ ਵੀ ਟਿਕਿਆ ਹੈ ।ਕਿਸਾਨ ਅਤੇ ਆੜਤੀਏ ਆਪਣੇ ਰਿਸ਼ਤੇ ਕਾਰਨ ਪੱਕੀ ਕਣਕ ਨੂੰ ਸਾਂਭਣ ਲਈ ਇੱਕ ਸੁਰ ਹੰਦੇ ਹਨ। ਅੱਜ ਪੰਜਾਬੀ ਕਿਸਾਨ ਆਪਣੀ ਪੱਕੀ ਕਣਕ ਨੂੰ ਦੇਖ ਕੇ ਪੱਬਾਂ ਭਾਰ ਹੋਇਆ ਛਿਮਾਹੀ ਦੇ ਸੁਪਨੇ ਸਿਰਜਦਾ ਹੋਇਆ ਖੁਸ਼ ਨਜ਼ਰ ਆਉਂਦਾ ਹੈ ।
                                   ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
                                   ਮੋਬਾਇਲ ਨੰ. 98781-11445