ਜਾਣੋ ਕੌਣ ਸਨ ਮਹਾਨ ਸੁਤੰਤਰਤਾ ਸੰਗਰਾਮੀ ‘ਸਤਿਗੁਰੂ ਰਾਮ ਸਿੰਘ ਜੀ’

02/15/2021 3:22:53 PM

ਸਤਿਗੁਰੂ ਰਾਮ ਸਿੰਘ ਜੀ ਉਹ ਮਹਾਨ ਪੁਰਸ਼ ਅਤੇ ਪਵਿੱਤਰ ਆਤਮਾ ਹੋਏ ਹਨ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਵੱਡੇ ਕਾਰਜ ਕੀਤੇ। ਰਾਮ ਸਿੰਘ ਜੀ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਮੋਢੀਆਂ ਵਿਚੋਂ ਇਕ ਸਨ। 1857 ਈ. ਦੀ ਆਜ਼ਾਦੀ ਦੀ ਲੜਾਈ ਦੀ ਅਸਫ਼ਲਤਾ ਤੋਂ ਬਾਅਦ ਭਾਰਤ ਵਾਸੀਆਂ, ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਨਿਵਾਸੀਆਂ ਦੇ ਦਿਲਾਂ ਵਿਚ ਇਨ੍ਹਾਂ ਨੇ ਦੇਸ਼ ਪ੍ਰਤੀ ਪਿਆਰ ਪੈਦਾ ਕੀਤਾ। ਇਨ੍ਹਾਂ ਨੇ ਅੰਗਰੇਜ਼ੀ ਰਾਜ ਨਾਲ ਨਾ-ਮਿਲਵਰਤਣ, ਗੁਲਾਮੀ ਨਾਲ ਘ੍ਰਿਣਾ, ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਅਤੇ ਦੇਸ਼ ਵਿਚ ਬਣੇ ਖੱਦਰ ਦੇ ਕੱਪੜਿਆਂ ਨੂੰ ਹੀ ਪਹਿਨਣ ਅਤੇ ਦੇਸ਼ ਵਿਚ ਬਣੀਆਂ ਚੀਜ਼ਾਂ ਨੂੰ ਹੀ ਵਰਤਣ ਉੱਤੇ ਜ਼ੋਰ ਦਿੱਤਾ। ਇਨ੍ਹਾਂ ਨੇ ਦੇਸ਼ ਪਿਆਰ, ਪ੍ਰਭੂ ਪਿਆਰ, ਸੰਤੋਖ, ਭਜਨ, ਹਰੀ ਦਾ ਕੀਰਤਨ ਆਦਿ ਸੱਚੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਪ੍ਰੇਰਣਾ ਦਿੱਤੀ। 

ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਅਤੇ ਸਿੱਖਿਆ
ਸਤਿਗੁਰੂ ਰਾਮ ਸਿੰਘ ਜੀ ਦਾ ਜਨਮ 3 ਫਰਵਰੀ, 1816 ਈ. ਨੂੰ ਸਤਲੁਜ ਦੇ ਇਲਾਕੇ ਦੇ ਇਕ ਪਿੰਡ ਰਾਈਆਂ, ਜ਼ਿਲ੍ਹਾ ਲੁਧਿਆਣਾ ਵਿਚ ਸ. ਜੱਸਾ ਸਿੰਘ ਅਤੇ ਮਾਤਾ ਸਦਾ ਕੌਰ ਦੇ ਗ੍ਰਹਿ ਵਿਖੇ ਹੋਇਆ। ਛੇਤੀ ਹੀ ਉਨ੍ਹਾਂ ਆਪਣਾ ਨਿਵਾਸ ਨਾਲ ਲਗਦੀ ਪੱਤੀ ਪਿੰਡ ਭੈਣੀ ਸਾਹਿਬ ਵਿਚ ਲੈ ਆਂਦਾ। ਸਤਿਗੁਰੂ ਜੀ ਨੇ ਆਪਣੇ ਘਰ ਵਿਚ ਗੁਰਮੁਖੀ ਅੱਖਰਾਂ ਦੀ ਜਾਣ-ਪਛਾਣ ਕਰ ਲਈ ਅਤੇ ਗੁਰਬਾਣੀ ਨੂੰ ਕੰਠ ਕਰ ਲਿਆ। ਸਤਿਗੁਰੂ ਰਾਮ ਸਿੰਘ ਜੀ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪਿੰਡ ਬਿਲਗੇ ਵੀ ਭੇਜਿਆ ਗਿਆ। ਸੰਨ 1837 ਈ. ਵਿਚ ਰਾਮ ਸਿੰਘ ਜੀ ਕੰਵਰ ਨੌਨਿਹਾਲ ਸਿੰਘ ਦੀ ਰੈਜੀਮੈਂਟ ਵਿਚ ਭਰਤੀ ਹੋ ਗਏ, ਉਸ ਸਮੇਂ ਇਨ੍ਹਾਂ ਦੀ ਉਮਰ 21 ਵਰ੍ਹੇ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦਾ ਪਤਨ ਸ਼ੁਰੂ ਹੋਇਆ। ਸਤਿਗੁਰੂ ਜੀ ਸਮਝਦੇ ਸਨ ਕਿ ਅਜਿਹੇ ਸਮੇਂ ਸਿੰਘਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਨੇ ਇਸ ਸਮੇਂ ਅਜਿਹੇ ਵਰਣਨਯੋਗ ਕਾਰਜ ਆਰੰਭੇ, ਜਿਨ੍ਹਾਂ ਦਾ ਇਤਿਹਾਸ ਵਿਚ ਆਪਣਾ ਵਿਸ਼ੇਸ਼ ਸਥਾਨ ਅਤੇ ਮਹੱਤਵ ਵੀ ਹੈ। 

ਸਾਧ-ਸੰਗਤਾਂ ਨੂੰ ਸਿੱਧੇ ਅਤੇ ਸੱਚੇ ਮਾਰਗ ’ਤੇ ਚੱਲਣ ਦੀ ਦਿੱਤੀ ਪ੍ਰੇਰਣਾ
ਸ੍ਰੀ ਭੈਣੀ ਸਾਹਿਬ ਵਿਖੇ ਇਕ ਬਹੁਤ ਵੱਡਾ ਸਮਾਗਮ 12 ਅਪ੍ਰੈਲ, 1857 ਈ. ਵਿਸਾਖੀ ਦੇ ਸ਼ੁਭ ਦਿਨ ਕੀਤਾ ਗਿਆ, ਜਿੱਥੇ ਇਨ੍ਹਾਂ ਨੇ ਗੁਰਮਤਿ ਦੀ ਵਿਆਖਿਆ ਕੀਤੀ। ਉੱਥੇ ਦੇਸ਼ ਪਿਆਰ ਦੇ ਲਈ ਸਾਧ-ਸੰਗਤਾਂ ਨੂੰ ਜਾਗ੍ਰਿਤ ਕੀਤਾ। ਉਹ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਭਾਰਤ ਵਾਸੀ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਨਿਵਾਸੀ ਅੰਗਰੇਜ਼ਾਂ ਦੇ ਗੁਲਾਮ ਹੋਣ ਕਾਰਣ ਆਤਮਿਕ ਤੌਰ ’ਤੇ ਗੁਲਾਮ ਬਣ ਗਏ ਸਨ ਅਤੇ ਕਈ ਤਰ੍ਹਾਂ ਦੀਆਂ ਕੁਰੀਤੀਆਂ ਵਿਚ ਫਸ ਚੁੱਕੇ ਸਨ। ਉਨ੍ਹਾਂ ਨੂੰ ਸਿੱਧੇ ਅਤੇ ਸੱਚੇ ਮਾਰਗ ’ਤੇ ਚੱਲਣ ਲਈ ਪ੍ਰੇਰਣਾ ਦਿੱਤੀ। 

ਅਨੰਦ ਕਾਰਜ ਦੀ ਪਹਿਲੀ ਰੀਤ 
ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਵਿਚ ਸਮਾਜਿਕ ਹਾਲਤ ਤਰਸਯੋਗ ਸੀ। ਜਾਤ-ਪਾਤ ਦਾ ਕਾਫੀ ਬੋਲਬਾਲਾ ਸੀ। ਉਨ੍ਹਾਂ ਦੇ ਵਿਚਾਰਾਂ ਵਿਚ ਸਾਰੇ ਮਨੁੱਖ ਇਕਸਾਰ ਹਨ। ਉਨ੍ਹਾਂ ਨੇ ਬਾਲ ਵਿਆਹ ਦਾ ਵਿਰੋਧ ਕੀਤਾ। ਵਿਆਹ ਦੇ ਸਮੇਂ ਵਿਅਰਥ ਦੀਆਂ ਰਸਮਾਂ ਜਿਵੇਂ ਆਤਿਸ਼ਬਾਜ਼ੀ, ਮੁਜਰੇ, ਸ਼ਰਾਬ ਆਦਿ ਪੂਰਨ ਤੌਰ ’ਤੇ ਮਨਾਹੀ ਕੀਤੀ। ਵਿਆਹ ਦੀ ਰਸਮ ਨੂੰ ਬੜਾ ਸਾਧਾਰਨ ਬਣਾਇਆ। ਵਿਆਹ ਦੇ ਮੌਕੇ ’ਤੇ ਸਵਾ ਰੁਪਏ ਵਿਚ ਅੰਮ੍ਰਿਤ ਛਕਾਉਣਾ, ਸਵਾ ਰੁਪਏ ਵਿਚ ਗਠਜੋੜ ਅਤੇ ਢਾਈ ਰੁਪਏ ਵਿਚ ਕੜਾਹ ਪ੍ਰਸ਼ਾਦ ਭਾਵ ਪੰਜ ਰੁਪਏ ਵਿਚ ਹੀ ਪੂਰੀ ਰੀਤ ਨਾਲ ਵਿਆਹ ਕੀਤਾ ਜਾਣ ਲੱਗਾ। ਇਸ ਪ੍ਰਕਾਰ ਦੇ ਅਨੰਦ ਕਾਰਜ ਦੀ ਪਹਿਲੀ ਰੀਤ ਉਨ੍ਹਾਂ ਨੇ 7 ਜੂਨ, 1863 ਈ. ਨੂੰ ਪਿੰਡ ਖੋਟੇ ਵਿਚ ਆਰੰਭ ਕੀਤੀ। ਇਸ ਰੀਤ ਦਾ ਸਾਧ-ਸੰਗਤ ’ਤੇ ਬਹੁਤ ਪ੍ਰਭਾਵ ਪਿਆ। ਇਹ ਮਰਿਆਦਾ ਹੁਣ ਤੱਕ ਚਲਦੀ ਆ ਰਹੀ ਹੈ।

ਸਾਧ-ਸੰਗਤ, ਨਾਮਧਾਰੀਆਂ ਨੂੰ ਸਿਮਰਨ ਕਰਨ ਲਈ ਪ੍ਰੇਰਿਆ
ਸਤਿਗੁਰੂ ਰਾਮ ਸਿੰਘ ਜੀ ਨੇ ਜਿਥੇ ਸਾਧ-ਸੰਗਤ, ਨਾਮਧਾਰੀਆਂ ਨੂੰ ਸਿਮਰਨ ਕਰਨ ਲਈ ਪ੍ਰੇਰਿਆ, ਉੱਥੇ ਹੀ ਗੁਰਮਤਿ ਦੇ ਸਿਧਾਂਤਾਂ, ਕਿਰਤ ਕਰਨੀ, ਵੰਡ ਛਕਣ ਨੂੰ ਮੁੱਖ ਰੂਪ ਵਿਚ ਮਹੱਤਤਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਿਰਤ ਕਰਨੀ ਅਤੇ ਸੇਵਾ ਭਾਵ ਰੱਖਣਾ ਬਹੁਤ ਜ਼ਰੂਰੀ ਹੈ। ਕੁਝ ਸੇਵਕਾਂ ਨੂੰ ਤਾਂ ਗਊਆਂ, ਮੱਝਾਂ, ਬਲਦਾਂ, ਘੋੜਿਆਂ ਆਦਿ ਦੇ ਪਾਲਣ ਦਾ ਕੰਮ ਸੌਂਪਿਆ ਗਿਆ। ਉਨ੍ਹਾਂ ਨੇ ਗਊਆਂ ਦਾ ਪਾਲਣ-ਪੋਸ਼ਣ ਕਰਕੇ ਗਊ ਰੱਖਿਆ ਵੀ ਕੀਤੀ। ਨਾਮਧਾਰੀਆਂ ਦੀਆਂ ਵਧਦੀਆਂ ਹੋਈਆਂ ਸਰਗਰਮੀਆਂ ਕਾਰਨ ਅੰਗਰੇਜ਼ ਨਾਮਧਾਰੀਆਂ ਨੂੰ ਆਪਣਾ ਵੈਰੀ ਸਮਝਣ ਲੱਗ ਪਏ। ਉਨ੍ਹਾਂ ਨੇ ਸਤਿਗੁਰੂ ਜੀ ਦੇ ਸਮਾਗਮਾਂ ਉੱਤੇ ਪਾਬੰਦੀ ਲਗਾ ਦਿੱਤੀ ਪਰ ਸਤਿਗੁਰੂ ਜੀ ਨੇ ਭੈਣੀ ਸਾਹਿਬ ਨੂੰ ਹੀ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਲਿਆ।  
 
ਕੂਕਿਆਂ ਦੀ ਨਾ-ਮਿਲਵਰਤਣ ਲਹਿਰ
ਸਤਿਗੁਰੂ ਜੀ ਦੁਆਰਾ ਸ਼ੁਰੂ ਕੀਤੀ ਨਾ-ਮਿਲਵਰਤਣ ਲਹਿਰ ਅਰਥਾਤ ਕੂਕਿਆਂ ਦੀ ਨਾ-ਮਿਲਵਰਤਣ ਲਹਿਰ ਦਾ ਵੀ ਆਜ਼ਾਦੀ ਪ੍ਰਾਪਤ ਕਰਨ ਵਿਚ ਵਰਣਨਯੋਗ ਸਥਾਨ ਹੈ। ਇਸ ਨਾ ਮਿਲਵਰਤਣ ਲਹਿਰ ਕਾਰਣ ਅੰਗਰੇਜ਼ ਕਾਫੀ ਦੁਖੀ ਹੋ ਗਏ, ਜਿਸ ਕਾਰਨ ਉਨ੍ਹਾਂ ਨੇ ਨਾਮਧਾਰੀਆਂ ਦੀਆਂ ਸਰਗਰਮੀਆਂ ਵੱਲ ਹੋਰ ਵਿਸ਼ੇਸ਼ ਰੂਪ ਵਿਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਨਾਮਧਾਰੀਆਂ ਦੀਆਂ ਬਹੁਤ ਤੇਜ਼ੀ ਨਾਲ ਵੱਧਦੀਆਂ ਸਰਗਰਮੀਆਂ ਅੰਗਰੇਜ਼ ਹਕੂਮਤ ਲਈ ਇਕ ਵੱਡੀ ਮੁਸੀਬਤ ਨਜ਼ਰ ਆਉਣ ਲੱਗ ਪਈਆਂ। ਮਾਲੇਰਕੋਟਲੇ ਵਾਲੇ ਕਾਂਡ ਤੋਂ ਪਿੱਛੋਂ ਅੰਗਰੇਜ਼ ਸਰਕਾਰ ਤਾਂ ਇੰਨੀ ਡਰ ਗਈ ਕਿ ਉਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਜਲਾਵਤਨ ਕਰਨ ਦਾ ਨਿਸ਼ਚਾ ਕਰ ਲਿਆ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਸਤਿਗੁਰੂ ਜੀ ਦੇ ਇੱਥੇ ਰਹਿਣ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ।  ਇਤਿਹਾਸ ਅਨੁਸਾਰ ਅੰਗਰੇਜ਼ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਪਹਿਲਾਂ ਇਲਾਹਾਬਾਦ ਭੇਜਿਆ ਅਤੇ ਭਾਰਤ ਤੋਂ ਬਾਹਰ ਭੇਜਣ ਦਾ ਸੋਚਿਆ।

ਇਸੇ ਆਧਾਰ ’ਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਇਨ੍ਹਾਂ ਦੇ ਨਿੱਜੀ ਸੇਵਕ ਨਾਨੂੰ ਸਿੰਘ ਨਾਲ ਛੇਤੀ ਬਰਮਾ ਭੇਜ ਦਿੱਤਾ ਗਿਆ। ਇਹ ਗੱਲ 16 ਮਾਰਚ, 1872 ਈ. ਦੀ ਦੱਸੀ ਜਾਂਦੀ ਹੈ। ਇਨ੍ਹਾਂ ਨੂੰ ਪੰਜ ਮਹੀਨੇ ਤੱਕ ਸੈਂਟਰਲ ਜੇਲ ਰੰਗੂਨ ਦੇ ਇਕ ਚੁਬਾਰੇ ਵਿਚ ਰੱਖਿਆ ਗਿਆ। ਇਸ ਪਿਛੋਂ ਛਾਉਣੀ ਵਿਖੇ ਡਾਕਖਾਨੇ ਵਾਲੇ ਬੰਗਲੇ ਵਿੱਚ ਰੱਖਿਆ ਗਿਆ। ਸਤੰਬਰ 1880 ਵਿਚ ਮਰਗੋਈ ਪਹੁੰਚਾ ਦਿੱਤਾ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਯੋਜਨਾਬੱਧ ਤਰੀਕੇ ਨਾਲ ਕਾਰਜ ਕੀਤੇ ਤਾਂ ਜੋ ਨਾਮਧਾਰੀਆਂ ਦਾ ਸੁਤੰਤਰਤਾ ਸੰਗਰਾਮ ਸਬੰਧੀ ਇਤਿਹਾਸ ਪ੍ਰਮਾਣਿਕ ਰੂਪ ਵਿਚ ਲਿਖਿਆ ਜਾ ਸਕੇ।    

ਡਾ. ਦੇਵਿੰਦਰ ਸਿੰਘ ਉਸਾਹਨ

rajwinder kaur

This news is Content Editor rajwinder kaur