ਪ੍ਰਮਾਤਮਾ ਤੇਰਾ ਸ਼ੁਕਰ ਹੈ

09/05/2019 11:07:09 AM

ਛੋਟਾ ਮੁੰਡਾ ਬਲਵੰਤ ਪੰਜਵੀਂ ਜਮਾਤ ਵਿਚ ਪਡ਼੍ਹਦਾ ਸੀ। ਮਾਂ ਪਿਓ ਫੈਕਟਰੀ ਵਿਚ ਨੌਕਰੀ ਕਰਦੇ ਸਨ। ਲਗਜ਼ਰੀ ਦੇ ਨਾਮ 'ਤੇ ਘਰ ਵਿਚ ਕੇਵਲ ਇਕ ਮੋਟਰ ਸਾਇਕਲ ਅਤੇ ਕੂਲਰ ਸੀ। ਬਲਵੰਤ ਕਈ ਦਿਨਾਂ ਤੋਂ ਥਿਏਟਰ ਵਿਚ ਫਿਲਮ ਦੇਖਣ ਦੀ ਜਿੱਦ ਕਰ ਰਿਹਾ ਸੀ। ਅੱਜ ਤਾਂ ਉਹ ਰੌਣ ਹੀ ਲੱਗ ਗਿਆ ਸੀ। ਪਿਓ ਨੇ ਉਸਨੂੰ ਗਲੇ ਨਾਲ ਲਗਾਇਆ ਅਤੇ ਸ਼ਾਮ ਨੂੰ ਫਿਲਮ ਵਿਖਾਉਣ ਦਾ ਵਾਅਦਾ ਕਰਕੇ ਸਕੂਲ ਭੇਜ ਦਿੱਤਾ। ਉਹ ਬਡ਼ੇ ਚਾਅ ਨਾਲ ਸਕੂਲੋਂ ਘਰ ਪਰਤਿਆ ਪਰ ਘਰ ਵਿਚ ਲੋਕਾਂ ਦਾ ਇਕੱਠ ਵੇਖ ਕੇ ਹੈਰਾਨ ਰਹਿ ਗਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ, ਉਸਦੀ ਭੂਆ ਨੇ ਉਸ ਨੂੰ ਘੁੱਟ ਕੇ ਗਲਵਕਡ਼ੀ ਵਿਚ ਲੈ ਲਿਆ। ਚੀਖ ਚਿਹਾਡ਼ੇ ਦੀਆਂ ਅਵਾਜ਼ਾਂ ਨੇ ਬਲਵੰਤ ਨੂੰ ਸੰਕੇਤ ਦੇ ਦਿੱਤਾ ਸੀ ਕਿ ਕੋਈ ਅਣਸੁਖਾਵੀਂ ਘਟਨਾ ਵਾਪਰੀ ਹੈ। ਉਸ ਦੇ ਮਾਂ ਪਿਓ ਪ੍ਰਮਾਤਮਾ ਨੂੰ ਪਿਆਰੇ ਹੋ ਚੁੱਕੇ ਸਨ। ਪਰ ਅੱਜ ਸਵੇਰ ਤੱਕ ਤਾਂ ਸਭ ਕੁਝ ਠੀਕ ਸੀ। ਆਖਰ ਅਜਿਹਾ ਕੀ ਹੋਇਆ? ਅਸਲ ਵਿਚ ਉਸ ਨੂੰ ਸਕੂਲ ਭੇਜਣ ਮਗਰੋਂ ਉਹ ਦੋਵੇਂ ਮੋਟਰਸਾਇਕਲ 'ਤੇ ਬੈਠ ਕੇ ਫੈਕਟਰੀ ਕੰਮ 'ਤੇ ਜਾਣ ਲਈ ਨਿਕਲੇ ਸਨ। ਪਿੱਛੇ ਬੈਠੀ ਬਲਵੰਤ ਦੀ ਮਾਂ ਦੀ ਚੁੰਨੀ ਮੋਟਰਸਾਇਕਲ ਦੇ ਘੁੰਮਦੇ ਪਹੀਏ ਵਿਚ ਫਸ ਗਈ ਅਤੇ ਇਕ ਜੋਰਦਾਰ ਝਟਕੇ ਨੇ ਉਸਨੂੰ ਪਟਕਾ ਕੇ ਸਡ਼ਕ 'ਤੇ ਸੁੱਟ ਦਿੱਤਾ। ਸਿਰ ਦੇ ਭਾਰ ਗਿਰਨ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਸ ਝਟਕੇ ਨਾਲ ਮੋਟਰਸਾਇਕਲ ਦਾ ਬੈਲੰਸ ਬਿਗਡ਼ਨ ਕਾਰਨ ਮੋਟਰਸਾਇਕਲ ਸਾਹਮਣਿਓਂ ਆਉਂਦੀ ਕਾਰ ਨਾਲ ਟਕਰਾ ਗਿਆ। ਇੰਝ ਇਹ ਟੱਕਰ ਬਲਵੰਤ ਦੇ ਪਿਓ ਦੀ ਮੌਤ ਦਾ ਕਾਰਨ ਬਣ ਗਈ। ਕਿਸ ਨੇ ਸੋਚਿਆ ਸੀ ਕਿ ਇਕ 200 ਗ੍ਰਾਮ ਦੀ ਚੁੰਨੀ ਇਕ ਹੱਸਦੇ ਖੇਡਦੇ ਪਰਿਵਾਰ ਨੂੰ ਉਜਾਡ਼ ਕੇ ਰੱਖ ਸਕਦੀ ਹੈ।
ਦੁਨੀਆਂ ਵਿਚ ਮੌਤ ਦੇ ਹਜ਼ਾਰਾਂ ਬਹਾਨੇ ਹਨ। ਅਸੀਂ ਨਹੀਂ ਜਾਣਦੇ ਕਿ ਕਦੋਂ ਅਸੀਂ ਕਿਸ ਬਹਾਨੇ ਦੇ ਲਪੇਟੇ ਵਿਚ ਆ ਜਾਵਾਂਗੇ। ਅਸੀਂ ਹਜ਼ਾਰਾਂ ਬੀਮਾਰੀਆਂ ਆਪਣੇ ਨਾਲ ਲੈ ਕੇ ਪੈਦਾ ਹੁੰਦੇ ਹਾਂ ਜੋ ਹਰ ਸਮੇਂ ਸਾਡੇ ਖੂਨ ਵਿਚ ਤੈਰਦੀਆਂ ਰਹਿੰਦੀਆਂ ਹਨ। ਅਸੀਂ ਨਹੀਂ ਜਾਣਦੇ ਕਿ ਇਹਨਾਂ 'ਚੋਂ ਕਿਹਡ਼ੀ ਬਿਮਾਰੀ ਕਿਸ ਸਮੇਂ ਐਕਟਿਵ ਹੋ ਜਾਵੇ। ਕਦੋਂ ਕੋਈ ਵਿਅਕਤੀ ਕੈਂਸਰ ਦਾ ਜਾਂ ਦਿਲ ਦੇ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ ਅਸੀਂ ਨਹੀਂ ਜਾਣਦੇ। ਹਰ ਰੋਜ਼ ਅਸੀਂ ਕਈ ਵਾਰ ਮੌਤ ਦੇ ਨੇਡ਼ਿਓਂ ਹੋ ਕੇ ਗੁਜ਼ਰਦੇ ਹਾਂ। ਇਸ ਸਮੇਂ ਦੌਰਾਨ ਅਸੀਂ ਮੌਤ ਤੋਂ ਕੇਵਲ 1 ਸੈਕੰਡ ਦੇ ਫਾਸਲੇ 'ਤੇ ਹੁੰਦੇ ਹਾਂ। ਦੁਨੀਆਂ ਵਿਚ 3800 ਤੋਂ ਜ਼ਿਆਦਾ ਲੋਕ ਹਰ ਰੋਜ਼ ਐਕਸੀਡੈਂਟ ਦਾ ਸ਼ਿਕਾਰ ਹੋ ਕੇ ਮਰਦੇ ਹਨ। ਵਾਹਨਾਂ ਦੇ ਆਪਸੀ ਐਕਸੀਡੈਂਟ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਵਾਰਾ ਜਾਨਵਰ ਅਤੇ ਸਾਈਨ ਬੋਰਡਾਂ ਨਾਲ ਟਕਰਾ ਕੇ ਮਰਦੇ ਹਨ। ਹਰ ਰੋਜ਼ ਸੈਂਕਡ਼ੇ ਲੋਕ ਗਟਰ ਵਿਚ ਗਿਰਨ ਕਾਰਨ, ਛੱਤ ਤੋਂ ਡਿੱਗਣ ਕਾਰਨ ਅਤੇ ਖੰਭਿਆਂ ਵਿਚ ਟਕਰਾਉਣ ਕਾਰਨ ਪ੍ਰਮਾਤਮਾ ਨੂੰ ਪਿਆਰੇ ਹੋ ਜਾਂਦੇ ਹਨ। ਹਰ ਰੋਜ਼ ਹਸਪਤਾਲਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੱਪਾਂ ਦੇ ਡਸਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਅਸੀਂ ਨਹੀਂ ਜਾਣਦੇ ਕਿ ਬਿਜਲੀ ਦੇ ਕਰੰਟ ਲੱਗਣ ਨਾਲ ਅਤੇ ਸਿਲੰਡਰ ਦੇ ਫਟਣ ਨਾਲ ਲੱਗੀ ਅੱਗ ਕਾਰਨ ਕਿੰਨੇ ਲੋਕ ਜਾਨ ਗੁਆਉਂਦੇ ਹਨ। ਲੋਕ ਮੱਛਰਾਂ ਦੇ ਕੱਟਣ ਨਾਲ ਵੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਹਰ ਰੋਜ਼ ਲੋਕ ਝੀਲਾਂ, ਨਦੀਆਂ, ਦਰਿਆਵਾਂ ਅਤੇ ਸਮੁੰਦਰਾਂ 'ਚ ਡੁੱਬ ਕੇ ਮਰ ਜਾਂਦੇ ਹਨ। ਕਿੰਨੇ ਲੋਕ ਰੋਜ਼ ਛੱਤ ਦਾ ਪੱਖਾ ਗਿਰਨ ਨਾਲ ਮਰਦੇ ਹਨ ਅਸੀਂ ਇਹ ਵੀ ਨਹੀਂ ਜਾਣਦੇ ਅਤੇ ਕਿਹਡ਼ਾ ਵਿਅਕਤੀ ਕਿਸ ਸਮੇਂ ਚਾਹ ਪੀਂਦਿਆਂ, ਖਾਣਾ ਖਾਉਂਦਿਆਂ ਜਾਂ ਪਾਣੀ ਪੀਂਦਿਆਂ ਜਾਨ ਗੁਆ ਬੈਠੇ, ਅਸੀਂ ਇਹ ਵੀ ਨਹੀਂ ਜਾਣਦੇ। ਅਸੀਂ ਜਿਸ ਪਰੋਂਠੇ ਨੂੰ ਖਾ ਰਹੇ ਹਾਂ ਜਾਂ ਜਿਸ ਦੁੱਧ ਦੇ ਗਿਲਾਸ ਨੂੰ ਚੱਮਚ ਹਿਲਾ-ਹਿਲਾ ਕੇ ਪੀਣ ਦੇ ਕਾਬਲ ਬਣਾ ਰਹੇ ਹਾਂ ਜਾਂ ਫਿਰ ਜੋ ਖੁਰਾਕ ਅਸੀਂ ਮਜ਼ੇ ਲੈ-ਲੈ ਕੇ ਖਾ ਰਹੇ ਹਾਂ, ਉਹ ਸਾਡੇ ਅੰਦਰ ਜਾ ਕੇ ਕੀ ਰੰਗ ਲਿਆਵੇਗੀ, ਅਸੀਂ ਇਹ ਵੀ ਨਹੀਂ ਜਾਣਦੇ। ਹਰ ਰੋਜ਼ ਫੂਡ ਪੁਆਇਜ਼ਨਿੰਗ ਨਾਲ ਅਣਗਿਣਤ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਹਰ ਰੋਜ਼ ਹਜ਼ਾਰਾਂ ਲੋਕ ਅਗਲੇ ਦਿਨ ਦੀ ਪਲਾਨਿੰਗ ਕਰ ਲੈਂਦੇ ਹਨ ਪਰ ਕੁਦਰਤ ਉਹਨਾਂ ਨੂੰ ਅਗਲੇ ਦਿਨ ਉੱਠਣ ਦਾ ਮੌਕਾ ਹੀ ਨਹੀਂ ਦਿੰਦੀ। ਉਹ ਬਿਸਤਰੇ 'ਤੇ ਲੇਟੇ ਹੋਏ ਹੀ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ।
ਮੈਂ ਅਕਸਰ ਆਪਣੇ ਦੋਸਤਾਂ ਨੂੰ ਕਹਿੰਦਾ ਹਾਂ, ''ਤੁਹਾਡਾ ਦਿਲ ਇਕ ਮਿਨਟ ਵਿਚ 65 ਤੋਂ 100 ਵਾਰ ਧਡ਼ਕਦਾ ਹੈ। ਤੁਹਾਡਾ ਜਿਗਰ ਹਰ ਰੋਜ਼ ਖੂਨ ਬਣਾਉਂਦਾ ਹੈ ਅਤੇ ਇਹ ਖੂਨ ਤੁਹਾਡੀਆਂ ਸਾਰੀਆਂ ਰਗਾਂ ਵਿਚ ਦੌਡ਼ ਕੇ ਤੁਹਾਡੇ ਦਿਲ ਵਿਚ ਵਾਪਸ ਪਰਤ ਆਉਂਦਾ ਹੈ। ਤੁਸੀਂ ਜੋ ਖਾਂਦੇ ਹੋ ਉਹ ਹਜ਼ਮ ਹੋ ਜਾਂਦਾ ਹੈ, ਜੋ ਪੀਂਦੇ ਹੋ ਉਸ ਨੂੰ ਅਸਾਨੀ ਨਾਲ ਗੁਰਦੇ ਫਿਲਟਰ ਕਰ ਦਿੰਦੇ ਹਨ। ਤੁਸੀਂ ਜਿਹਡ਼ੇ ਸਾਹ ਲੈਂਦੇ ਹੋ, ਉਹ ਸਾਂਹ ਫੇਫਡ਼ਿਆਂ ਦੀਆਂ ਦੀਵਾਰਾਂ ਨਾਲ ਟਕਰਾ ਕੇ ਵਾਪਸ ਆ ਜਾਂਦੇ ਹਨ। ਆਪਣੀਆਂ ਅੱਖਾਂ ਨਾਲ ਤੁਸੀਂ ਹਜ਼ਾਰਾਂ ਤਰ੍ਹਾਂ ਦੇ ਰੰਗਾਂ ਨੂੰ ਮਾਣ ਲੈਂਦੇ ਹੋ। ਆਪਣੇ ਕੰਨਾਂ ਨਾਲ ਤੁਸੀਂ ਤਿੰਨ ਹਜ਼ਾਰ ਪ੍ਰਕਾਰ ਦੀਆਂ ਅਵਾਜ਼ਾਂ ਨੂੰ ਸੁਣ ਲੈਂਦੇ ਹੋ। ਆਪਣੇ ਬੱਚੇ ਨੂੰ ਗਲਵਕਡ਼ੀ ਵਿਚ ਲੈ ਕੇ ਤੁਸੀਂ ਉਸ ਦੀ ਨਿੱਘ ਮਹਿਸੂਸ ਕਰ ਲੈਂਦੇ ਹੋ। ਤੁਸੀਂ ਸੈਂਕਡ਼ੇ ਪ੍ਰਕਾਰ ਦੀਆਂ ਖੁਸ਼ਬੂਆਂ ਸੁੰਘ ਲੈਂਦੇ ਹੋ। ਆਪਣੇ ਮਨਪਸੰਦ ਖਾਣੇ ਦੇ ਜ਼ਾਇਕੇ ਦਾ ਅਨੰਦ ਮਾਣ ਲੈਂਦੇ ਹੋ।  ਤੁਸੀਂ ਫੁੱਲਾਂ ਦੀ ਮਹਿਕ ਨੂੰ ਮਹਿਸੂਸ ਕਰ ਲੈਂਦੇ ਹੋ। ਤੁਰਨ ਲੱਗਿਆਂ ਤੁਹਾਡੇ ਪੈਰ ਨਹੀਂ ਕੰਬਦੇ। ਤੁਸੀਂ ਬਿਸਤਰੇ ਤੋਂ ਉੱਠ ਕੇ ਪਿਸ਼ਾਬ ਕਰਨ ਲਈ ਬਾਥਰੂਮ ਵਿਚ ਆਪਣੇ ਆਪ ਚਲੇ ਜਾਂਦੇ ਹੋ। ਅਜਿਹਾ ਕਰਨ ਲਈ ਤੁਹਾਨੂੰ ਕਿਸੇ ਸਹਾਇਕ ਜਾਂ ਪਾਈਪ ਦੀ ਜ਼ਰੂਰਤ ਨਹੀਂ ਪੈਂਦੀ। ਤੁਸੀਂ ਝੁਕ ਕੇ ਕੋਈ ਚੀਜ਼ ਚੁੱਕਣੀ ਚਾਹੋ ਤਾਂ ਤੁਸੀਂ ਚੁੱਕ ਲੈਂਦੇ ਹੋ। ਤੁਸੀਂ ਖੱਬੇ-ਸੱਜੇ ਗਰਦਨ ਘੁਮਾਉਣਾ ਚਾਹੋ ਤਾਂ ਘੁਮਾ ਲੈਂਦੇ ਹੋ। ਤੁਸੀਂ ਪਿੱਛੇ ਮੁਡ਼ ਕੇ ਦੇਖਣਾ ਚਾਹੋ ਤਾਂ ਦੇਖ ਲੈਂਦੇ ਹੋ। ਮੰਦਰ ਗੁਰਦੁਆਰੇ ਵਿਚ ਤੁਸੀਂ ਝੁਕ ਕੇ ਮੱਥਾ ਟੇਕਣਾ ਚਾਹੋ ਤਾਂ ਟੇਕ ਲੈਂਦੇ ਹੋ। ਤੁਸੀਂ ਵਰਜਿਸ਼ ਕਰਨੀ ਚਾਹੋ ਤਾਂ ਕਰ ਲੈਂਦੇ ਹੋ। ਤੁਸੀਂ ਨਹਾਉਣ ਧੋਣ, ਟੂਥ ਬ੍ਰਸ਼ ਕਰਨ , ਪਗਡ਼ੀ ਬੰਨ੍ਹਣ ਜਾਂ ਵਾਲ ਸੰਵਾਰਨ ਵਰਗੇ ਛੋਟੇ-ਛੋਟੇ ਕੰਮ ਆਪ ਕਰ ਲੈਂਦੇ ਹੋ। ਦੁਨੀਆਂ ਵਿਚ ਲੱਖਾਂ ਲੋਕ ਅਜਿਹਾ ਕਰਨ ਦੇ ਕਾਬਲ ਨਹੀਂ ਹਨ। ਤੁਸੀਂ ਕਾਰ ਚਲਾਉਣੀ ਚਾਹੁੰਦੇ ਹੋ, ਤੁਸੀਂ ਗਾਣਾ ਗਾਣਾ ਚਾਹੁੰਦੇ ਹੋ, ਆਪਣੀਆਂ ਉਂਗਲੀਆਂ ਵਿਚ ਕਲਮ ਫਡ਼ ਕੇ ਲਿਖਣਾ ਚਾਹੁੰਦੇ ਹੋ, ਤੁਸੀਂ ਸੋਚਣਾ ਚਾਹੁੰਦੇ ਹੋ, ਤੁਸੀਂ ਘੁੰਮਣਾ ਫਿਰਨਾ ਚਾਹੁੰਦੇ ਹੋ, ਤੁਸੀਂ ਫੁਟਬਾਲ ਜਾਂ ਕ੍ਰਿਕਟ ਖੇਡਣਾ ਚਾਹੰਦੇ ਹੋ, ਤੁਸੀਂ ਤੈਰ ਕੇ ਦਰਿਆ, ਨਦੀਆਂ ਅਤੇ ਸਮੁੰਦਰ ਪਾਰ ਕਰਨਾ ਚਾਹੁੰਦੇ ਹੋ, ਤੁਸੀਂ ਨਵੀਂ ਭਾਸ਼ਾ ਸਿੱਖਣਾ ਚਾਹੁੰਦੇ ਹੋ, ਤੁਸੀਂ ਪੈਰਾਗਲਾਇਡਿੰਗ ਅਤੇ ਰਿਵਰ ਰਾਫਟਿੰਗ ਕਰਨਾ ਚਾਹੁੰਦੇ ਹੋ, ਤੁਸੀਂ ਪਹਾਡ਼ਾਂ ਦੀਆਂ ਉੱਚੀਆਂ ਚੋਟੀਆਂ ਨੂੰ ਫਤਿਹ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਹੈਲੀਕਾਪਟਰ ਤੋਂ ਛਲਾਂਗ ਲਗਾ ਕੇ ਹਵਾ ਵਿਚ ਉਡਾਰੀਆਂ ਮਾਰਨੀਆਂ ਚਾਹੁੰਦੇ ਹੋ ਤਾਂ ਤੁਸੀਂ ਇਹ ਸਭ ਕੁਝ ਕਰ ਲੈਂਦੇ ਹੋ। ਤੁਹਾਨੂੰ ਇਹ ਸਭ ਕੁਝ ਕਰਨ ਵਿਚ ਕੋਈ ਤਕਲੀਫ਼ ਨਹੀਂ ਹੁੰਦੀ। ਫਿਰ ਤੁਹਾਡਾ ਰੱਬ, ਤੁਹਾਡਾ ਪ੍ਰਮਾਤਮਾ ਤੁਹਾਡੇ ਲਈ ਅਜਿਹਾ ਕੀ ਕਰੇ ਤਾਂ ਜੋ ਤੁਸੀਂ ਉਸਦਾ ਸ਼ੁਕਰ ਅਦਾ ਕਰ ਸਕੋ। ਤੁਹਾਨੂੰ ਅਜਿਹੀ ਕਿਹਡ਼ੀ ਦਾਤ ਬਖਸ਼ੇ ਜਿਸ ਨਾਲ ਤੁਸੀਂ ਉਸਦੇ ਦਰਬਾਰ 'ਚ ਜਾ ਕੇ ਝੁਕ ਸਕੋ, ਉਸ ਦਾ ਸ਼ੁਕਰਾਨਾ ਕਰ ਸਕੋ। ਜੇਕਰ ਇੰਨੀਆਂ ਨਿਆਮਤਾਂ ਦੇ ਬਾਵਜੂਦ ਤੁਹਾਡੇ ਦਿਲ ਵਿਚ ਸ਼ੁਕਰਾਨੇ ਦੀ ਭਾਵਨਾ ਨਹੀਂ ਹੈ ਤਾਂ ਤੁਹਾਡੇ ਤੋਂ ਵੱਡਾ ਨਾਸ਼ੁਕਰਾ ਕੌਣ ਹੋ ਸਕਦਾ ਹੈ।
ਇਹ ਇਨਸਾਨੀ ਫਿਤਰਤ ਹੈ ਕਿ ਅਸੀਂ ਨਿਆਮਤਾਂ ਵੱਲ ਵੇਖ ਕੇ ਸ਼ੁਕਰਾਨਾ ਕਰਨ ਦੀ ਥਾਂ ਕਮੀਆਂ ਉਪਰ ਧਿਆਨ ਕੇਂਦ੍ਰਿਤ ਕਰਕੇ ਦੁਖੀ ਹੁੰਦੇ ਰਹਿੰਦੇ ਹਾਂ। ਸਾਡੀ ਇਹ ਫਿਤਰਤ ਉਸ ਜੀਭ ਵਾਂਗ ਹੈ ਜੋ ਸਾਬਤ ਦੰਦਾਂ ਨੂੰ ਸਹਿਲਾਉਣ ਦੀ ਥਾਂ ਹਮੇਸ਼ਾ ਟੋਇਆਂ ਟਿੱਬਿਆਂ ਵਿਚ ਭਾਵ ਟੁੱਟੀਆਂ ਹੋਈਆਂ ਜਾਡ਼੍ਹਾਂ ਵਿਚ ਵਡ਼ਦੀ ਰਹਿੰਦੀ ਹੈ। ਅਸੀਂ 99 ਨਿਆਮਤਾਂ ਦਾ ਸ਼ੁਕਰਾਨਾ ਕਰਨ ਦੀ ਥਾਂ ਇਕ-ਦੋ ਕਮੀਆਂ ਨੂੰ ਕੋਸਦੇ ਰਹਿੰਦੇ ਹਾਂ। ਅਸੀਂ ਦੁੱਖ ਵੇਲੇ ਅਰਦਾਸ ਤਾਂ ਕਰਦੇ ਹਾਂ ਪਰੰਤੂ ਸੁੱਖ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ। ਬਲਵੰਤ ਦੇ ਮਾਂ ਪਿਓ ਦੀ ਥਾਂ 'ਤੇ ਕੋਈ ਵੀ ਹੋ ਸਕਦਾ ਸੀ। ਅਸੀਂ ਸਭ ਵੀ ਕਈ ਵਾਰ ਅਜਿਹੇ ਹਾਦਸਿਆਂ ਤੋਂ ਬਚੇ ਹਾਂ। ਸਾਡੇ ਕੋਲੋਂ ਵੀ ਮੌਤ ਕਈ ਵਾਰ ਤੇਜ਼ ਵਾਹਨ, ਕਰੰਟ ਜਾਂ ਡੇਂਗੂ ਮੱਛਰ ਦੇ ਰੂਪ 'ਚ ਇਕ ਸੈਕੰਡ ਦੀ ਦੂਰੀ ਤੋਂ ਨਿਕਲੀ ਹੈ। ਫਿਰ ਅਜਿਹੇ ਹਾਦਸਿਆਂ ਤੋਂ ਬਚਾਉਣ ਲਈ ਅਤੇ ਜਿੰਦਗੀ 'ਚ ਹਜ਼ਾਰਾਂ ਖੁਸ਼ੀਆਂ ਬਖਸ਼ਣ ਲਈ ਸਾਨੂੰ ਦਿਲ ਦੀਆਂ ਗਹਿਰਾਈਆਂ 'ਚੋਂ ”ਹੇ ਪ੍ਰਮਾਤਮਾ, ਤੇਰਾ ਲੱਖ-ਲੱਖ ਸ਼ੁਕਰ ਹੈ'' ਕਹਿਣਾ ਚਾਹੀਦਾ ਹੈ। ਸਾਨੂੰ ਸਾਡੇ ਹਰ ਸਾਹ, ਹਰ ਕਰਮ, ਹਰ ਖ਼ੁਸ਼ਬੂ  ਅਤੇ ਹਰ ਤਿੱਖੇ ਮਿੱਠੇ ਸਵਾਦ ਦੇ ਨਾਲ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ। ਤੁਸੀਂ ਅਜਿਹਾ ਕਰ ਕੇ ਤਾਂ ਵੇਖੋ। ਤੁਹਾਡਾ ਪ੍ਰਮਾਤਮਾ ਸਦਾ ਲਈ ਤੁਹਾਡੇ ਤੋਂ ਰਾਜੀ ਹੋ ਜਾਵੇਗਾ। ਕਿਧਰੇ ਤੁਸੀਂ ਵੀ ਪ੍ਰਮਾਤਮਾ ਨੂੰ ਯਾਦ ਕਰਨ ਲਈ ਕਿਸੇ ਦੁਖ ਦੀ ਘਡ਼ੀ ਦਾ ਜਾਂ ਕਿਸੇ ਹਾਦਸੇ ਦਾ ਇੰਤਜ਼ਾਰ ਤਾਂ ਨਹੀਂ ਕਰ ਰਹੇ?

ਹਰਸਿਮਰਨਦੀਪ ਸਿੰਘ
ਮੋ: 9888376923


Aarti dhillon

Content Editor

Related News