ਗ਼ਜ਼ਲ : ਟੀ.ਵੀ. ਤੇ ਅਖਬਾਰ ਘਨੇੜੇ, ਹਾਕਿਮ ਦੇ ਚੜ੍ਹ ਬੋਲ ਰਹੇ

09/21/2020 3:05:11 PM

ਗ਼ਜ਼ਲ 

ਦੇਸ਼ ਮੇਰੇ ਦੇ ਜੰਤਰ ਤੰਤਰ, ਜਨਤਾ ਕੁੱਟ ਮਧੋਲ ਰਹੇ,
ਟੀ.ਵੀ. ਤੇ ਅਖਬਾਰ ਘਨੇੜੇ, ਹਾਕਿਮ ਦੇ ਚੜ੍ਹ ਬੋਲ ਰਹੇ

ਉੱਲੂ ਕਰਨ ਨਿਆਂ ਘੋਗੜ ਇੱਲ ਗਵਾਹ ਰੋਦਾਂ ਹੈ ਆਦਮ
ਕੁਰਸੀ ਉੱਤੇ ਭੌਕਣ ਕੁੱਤੇ, ਮੌਤ-ਬੁਢਾਪੇ ਰੋਲ਼ ਰਹੇ

ਮਰਦੀ ਜਨਤਾ ਤਾਂ ਮਰਨ ਦਿਓ, ਚੀਕੇ ਜੋ ਗਲ ਨੱਪ ਦਿਓ
ਸ਼ਾਹੀ ਦਾਵਤ  ਨਾਲ਼ ਰਖੇਲ਼ਾਂ, ਜਾਮਾਂ ਨਾਲ਼ ਚੰਡੋਲ ਰਹੇ

ਸੱਚ ਚੜ੍ਹਾਵੋ ਫਾਂਸੀ ਜੋ ਵੀ, ਹੁਕਮ ਅਦੂਲੀ ਕਰਦਾ ਏ
ਸੀਸ ਸਿਰਾਂ ਦੀ ਪਹਿਚਾਣ ਲਈ, ਜਾਬਰ ਪਿੰਡ ਫਰੋਲ ਰਹੇ

ਸ਼ੇਰ ਸਲਾਖਾਂ ਅੰਦਰ ਤਾੜੇ, ਜੰਗਲ ਦੇ ਰਖਵਾਲੇ ਨੇ
ਨੰਗੇ ਹੋ ਹੋ ਬੂਕ ਰਹੇ, ਕਰ ਗਿੱਦੜ ਝੁੰਡ ਕਲੋਲ ਰਹੇ

ਕੌਣ ਬਗ਼ਾਵਤ ਹੱਕਾਂ ਖਾਤਿਰ, ਕੌਣ ਕਰੂ ਅਗਵਾਈ ਹੁਣ
ਕਾਵਾਂ ਦੇ ਟੋਲੇ ਗਿਰਝਾਂ ਦੇ, ਉਡ ਦਸਤਾਰਾਂ ਟੋਲ ਰਹੇ

ਧੱਕੇਸ਼ਾਹੀ ਕੁੱਟ-ਕੁਟਾਪਾ, ਹੜਦੰਬ ਮਚਾਉਂਦੇ ਨੇਤਾ
ਮਜੵਬਾਂ ਦੇ ਨਾਂ ਮਾਸੂਮਾਂ ਦੀ, ਕਾਫਿਰ ਰੱਤ ਨੂੰ ਡੋਲ ਰਹੇ

ਹੁਣ ਵੈਦ ਨਹੀਂ ਆਖ ਕਸਾਈ, ਪੋਟਾ-ਪੋਟਾ ਕੱਢ ਲੈਂਦੇ
ਕਾਤਲ ਨੇ ਪ੍ਰਮਾਣਿਤ  ਬਚਿਓ, ਮਾਸ ਮਰੇ ਦਾ ਤੋਲ ਰਹੇ

ਖੀਸੇ ਕਰਦੇ ਖਾਲ਼ੀ ਲਾ ਕੇ, ਦੋ ਟੀਕੇ ਬਸ ਡਾਕਟਰ ਵੀ 
ਲਾਸ਼ ਬਣਾ ਕੇ ਤੋਰਨ ਘਰ ਨੂੰ, ਜਾਂਦੇ ਜੇਬ ਟਟੋਲ ਰਹੇ

ਤਲਵਾਰ ਉਠਾਈ ਤਖਤਾਂ ਨੇ, ਆਵਾਜ਼ ਦਬਾਉਣ ਲਈ ਜਦ
ਜੂਝ ਗਏ ਸੂਰੇ ਰਣ ਤੱਤੇ, ਲੜਦੇ ਚਿੱਤ ਅਡੋਲ ਰਹੇ

ਗੀਤ ਲਿਖੇ ਇਸ਼ਕ ਹੁਸਨ ਤੇ, ਦਿਲ ਦੇ ਦਰਦ ਬਿਆਨੇ ਨੇ
ਕਰਜ ਉਤਾਰੀਂ ਸਿਰ ਤੋਂ ਬਾਲੀ, ਹੁਣ ਨਾ ਕੋਈ ਓਹਲ ਰਹੇ।

ਪੜ੍ਹੋ ਇਹ ਵੀ ਖਬਰ - ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ


 ਗਜ਼ਲ਼

ਨਕਾਸ਼ੇ ਨਕਸ਼ ਜਿਸ ਨੇ, ਰੰਗ ਤਸਵੀਰ ਵਿਚ ਭਰਕੇ
ਮਿਲੇ ਹੱਥ ਚੁੰਮਲਾਂ ਉਸਦੇ, ਸਹੁੰ ਤੇਰੀ ਅਦਬ ਕਰਕੇ

ਕਰੀ ਤਾਰੀਫ਼ ਮੈਂ ਜੇਕਰ, ਤੁਸਾਂ ਨੇ ਸ਼ੱਕ ਯਾਹ ਕਰਨੈ
ਕਰੀ ਨਾ ਏ ਖੁਸ਼ਾਮਿਦ ਹੈ, ਖਫ਼ਾਈ ਤੋਂ ਕਦੇ ਡਰ ਕੇ 

ਸਹੁੱਪਣ ਤਾਂ ਹੈ ਕੋਹੀਨੂਰ ਹੀਰਾ, ਪੁੰਨਿਆ ਦੇ ਚੰਨ ਤੋਂ ਸੋਹਣਾ
ਹਜਾਰਾਂ ਮਰ ਗਏ ਆਸ਼ਿਕ, ਨੇ ਬਾਜ਼ੀ ਇਸ਼ਕ ਦੀ ਹਰ ਕੇ

ਕਹੋ ਪੱਥਰ ਤੁਸੀਂ ਜੋ ਚਾਹੋਂ, ਉਵੇਂ ਮਨਜੂਰ ਹੈ ਮਹਿਰਮ 
ਕਿਨਾਰੇ ਹਾਂ ਹਿਫ਼ਾਜਤ ਵਿਚ, ਵਹਾਂਗੇ ਨਾਲ ਖਰ-ਖਰ ਕੇ

ਕਲਾਕਾਰੀ ਮੁਸੱਵਰ ਨੇ, ਤੇਰੇ ਨਕਸ਼ਾਂ ’ਚ ਭਰ ਦਿੱਤੀ 
ਬੜੀ ਰਹਿਮਤ ਕਰੀ ਡਾਢੇ, ਹੈ ਰੰਗਾਂ ਉਪਰ ਮਰ ਮਰ ਕੇ

ਜਵਾਨੀ ਰੁੱਤ ਹੈ ਕੈਸੀ, ਉਡੀ ਜਾਦੈਂ ਸਲਾਖਾਂ ਵਿੱਚ ਵੀ ਬੰਦਾ 
ਜ਼ਰਾ ਝਾਂਜਰ ਕਿਤੇ ਛਣਕੇ, ਜਰਾ ਪਰਦਾ ਕਿਤੋਂ ਸਰਕੇ

ਤੇਰੇ ਆਸ਼ਿਕ ਨੇ ਜਾਂ ਪਾਠਕ, ਹਟਾਈਆਂ ਨਹੀਂ ਨਜ਼ਰਾਂ
ਭਰੀ ਮਹਿਫਲ 'ਚ ਦੀਵਾਨੇ, ਇਹੇ ਸ਼ਾਇਰ ਕਿਵੇਂ ਠਰਕੇ

ਅਦਾਵਾਂ ਨੇ ਚਲਾਏ ਤੀਰ, ਹੋਏ ਹਾਂ ਸ਼ੁਦਾਈ ਯੇਹ
ਖੁਆਉਂਦੇ ਮਾਸ ਵੀ ਪੱਟ ਦਾ, ਝਨਾਂ ਆਉਂਦੇ ਤੁਸਾਂ ਤਰ ਕੇ  

ਖੁਦਾ ਰਹਿਮਤ ਕਰੇ "ਬਾਲੀ", ਇਵੇਂ ਮੁਸਕਰਾਉਂਵੇਂ ਤੂੰ
ਰਹੇਂ ਇਉਂ ਅੱਗ ਹੀ ਲਾਉਂਦਾ, ਭਰੀ ਜਾਵਾਂ ਮੈਂ ਲਿਖ ਵਰਕੇ 

ਬਲਜਿੰਦਰ ਸਿੰਘ "ਬਾਲੀ ਰੇਤਗੜੵ"
9465129168

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ
 


rajwinder kaur

Content Editor

Related News