ਗ਼ਜ਼ਲ :ਅਲਫ਼ਾਜ਼ਾਂ ਦੇ ਵਾਂਗੂੰ

08/24/2020 6:02:28 PM

ਗ਼ਜ਼ਲ

ਗੋਰੇ ਚਿਹਰੇ ਨੂੰ ਛੂਹ ਜਾਓ,  ਨਾਗਣ ਜੁਲਫ਼ਾਂ ਦੇ ਵਾਗੂੰ 
ਸੰਵਾਦ ਕਰੋ ਨਜਮਾਂ ਕਵਿਤਾ, ਦੇ ਅਲਫ਼ਾਜ਼ਾਂ ਦੇ ਵਾਂਗੂੰ

ਰਾਗ ਮਹੁੱਬਤ ਦਾ ਛੇੜੋ ਮੌਨ ਰਬਾਬ ਚਿਰਾਂ ਤੋਂ ਤਰਸੇ
ਥਿਰਕਾਂ ਆਵਾਜ਼ ਉਪਰ ਤਾਲਾਂ ''ਚ ਲੈ ਆ ਸਾਜ਼ਾਂ ਦੇ ਵਾਂਗੂੰ

ਕੇਸ ਘਟਾਵਾਂ ਨੇ ਛਾਹ ਕਾਲੇ, ਤੂੰ ਪੁੰਨਿਆ ਦਾ ਚੰਨ ਮੇਰਾ
ਦਿਲ ਕਰਦੈ ਬਸ ਦੇਖੀ ਜਾਵਾਂ, ਚੁੱਪ ਚਕੋਰਾਂ ਦੇ ਵਾਗੂੰ

ਸੱਸੀ ਹੀ ਸੀ ਸੁੱਤੀ ਅੱਖੀਆਂ, ਨਾਲ਼ ਲਗਾ ਕੇ ਪੁੰਨਣ ਦੇ
ਮੈਂ  ਰਾਤੀਂ ਜਾਗਾਂ ਅੜਿਆ, ਨਾ ਤੁਰਜੇਂ ਚੋਰਾਂ ਦੇ ਵਾਗੂੰ 

ਰਹਿਣੈ ਤੇਰੇ ਬੈਠ ਕਲਾਵੇ, ਨਜ਼ਰਾਂ ਸਾਹਵੇਂ ਹਰ ਦਮ ਤੂੰ
ਆਖਣ ਲੋਕ ਸੁਦੈਣ ਜਿਹੀ, ਝੱਲੀ ਜਾਂ ਸਹਿਬਾਂ ਦੇ ਵਾਗੂੰ

ਮੋਮ ਜਿਹਾ ਦਿਲ ਮੇਰਾ ਦੇਖੀਂ, ਸੋਹਲ ਹਾਂ ਕਚਨਾਰ ਜਿਹੀ 
ਸੂਰਜ ਜਿਉਂ ਪਿਘਲਾਉਂਦਾ ਰਹਿ, ਠਰ ਚੁੱਕੀ ਬਰਫ਼ਾਂ ਦੇ ਵਾਂਗੂੰ

ਵਰਕਾ ਹਾਂ ਕੋਰਾ, ਲਿਖ ਕੋਈ , ਕਾਫੀ ਤੂੰ  ਹੂਕ ਦਿਲਾਂ ਦੀ 
ਹਾਸ਼ਿਮ, ਵਾਰਿਸ, ਬੁੱਲੇ, ਬਾਹੂ, ਫਰੀਦ ਦੇ ਹਰਫ਼ਾਂ  ਵਾਂਗੂੰ

ਮੈਂ ਪੰਜਾਬਣ  ਬੋਲ ਜੁਬਾਨੋ, ਤੂੰ ਨਾਲ਼ ਮੇਰੇ ਪੰਜਾਬੀ
ਸ਼ਹਿਦੋ ਮਿੱਠੀ ਰੂਹ ਦੀ ਚਿੱਠੀ, ਰੱਬੀ ਕਲਮਾਂ ਦੇ ਵਾਂਗੂੰ

ਸਾਹਾਂ ਦੀਆਂ ਸਾਂਝਾਂ "ਬਾਲੀ" , ਉਮਰਾਂ ਦੇ ਪੈਂਡੇ ਤੀਕਰ
ਆ ਸਾਥ ਮੁਕਾ ਕੇ ਜੀਆਂਗੇ, ਪਿਛਲੇ ਜਨਮਾਂ ਦੇ ਵਾਂਗੂੰ

ਬਲਜਿੰਦਰ ਸਿੰਘ "ਬਾਲੀ  ਰੇਤਗੜੵ "
9465129168


rajwinder kaur

Content Editor

Related News