ਗੀਤ : ''ਬੇ-ਕਦਰੀ ਥੋਹਰ ਜਿਹੀ ਜ਼ਿੰਦਗ਼ੀ’

08/19/2020 2:38:18 PM

ਗੀਤ : 'ਬੇ-ਕਦਰੀ ਥੋਹਰ ਜਿਹੀ ਜ਼ਿੰਦਗ਼ੀ’

ਬੇ-ਕਦਰੀ ਥੋਹਰ ਜਿਹੀ ਜ਼ਿੰਦਗ਼ੀ, ਆ 'ਕੇਰਾਂ ਗਲ ਨਾਲ ਜਾਹ ਵੇ 
ਸਾਨੂੰ ਰੋਹੀਆਂ ’ਚ ਰੁਲ਼ਦਿਆਂ ਨੂੰ, ਬਿਲਕੁਲ ਮਾਰ ਮੁਕਾ ਜਾਹ ਵੇ...

ਮੱਥੇ ਬਦਨਾਮੀ ਦੀਆਂ ਧੂੜਾਂ, ਚੰਦਨ ਦੇ ਤਿਲਕ ਲਗੇ ਜਿਉਂ
ਉਤਲੇ ਮਨੋਂ ਪੁੱਛਦੇ ਨੇ ਲੋਕੀਂ, ਤੁਸੀਂ ਵਿਲਕ ਰਹੇ ਹੋਂ ਕਿਉਂ 
ਕਰ ਪੱਤੀ ਪੱਤੀ ਕਿਰਿਆਂ ਦੀ, ਆਪਣੇ ਪੈਰ ਵਿਛਾ ਜਾਹ ਵੇ
ਬੇ-ਕਦਰੀ ਥੋਹਰ  ਜਿਹੀ....

ਖਿੜ ਖਿੜ ਸੱਤਿਆ ਨਾਸੀ ਜਿਉਂ, ਹੋਏ ਇਸ਼ਕ 'ਚ ਕਮਲੇ
ਨਾ ਛੂਹ ਤੇਰੀ ਨਾ ਤੇਰੇ ਸਾਹਾਂ ਦੀ, ਨਾ ਲੇਖਾਂ ਵਿਚ ਗਮਲੇ 
ਦੇ ਜਾਹ ਦੋ ਬੋਲ ਪਿਆਰਾਂ ਦੇ, ਨਾ ਇਉਂ ਤੜਫਾ ਅੱਗ ਲਾ ਵੇ
ਸ਼ੇ-ਕਦਰੀ ਥੋਹਰ ਜਿਹੀ...

ਤਨਹਾ ਔੜਾਂ ਦੇ ਮਾਰੇ ਹਾਂ, ਮੁੱਠੀ ਦਮਾਂ ਦੀ ਕਿਰਦੇ ਰੇਤ
ਰੋੜ ਦਰਿਆ ਗਮ ਦੇ ਲੈ ਜਾਣੇ,ਕੰਢਿਆਂ ਜਿਉਂ ਅਗੇਤ-ਪਿਛੇਤ
ਪੱਟ ਦੇ ਪੱਲੂ ਦੇ ਨਾਲੋਂ, ਚਿੰਬੜੇ ਲੇਹੇ ਤਾਂ ਲਾਹ ਜਾਹ ਵੇ
ਬੇ-'ਕਦਰੀ ਥੋਹਰ ਜਿਹੀ....

"ਬਾਲੀ" ਜਕੜੇ ਹਾਂ ਪੈਰਾਂ ਤੋਂ, ਦੱਸ ਭਰੀਏ ਕਿੰਝ ਉਡਾਣਾਂ
ਰੋ ਰੋ ਸੁੱਧ ਬੁੱਧ ਗੁਆ ਬੈਠੇ, ਇਉਂ ਮੁੱਕ ਦਮਾਂ ਨੇ ਜਾਣਾ
"ਰੇਤਗੜ "ਸੰਤਾਪ ਦੇ ਪਿੰਜਰ, ਤੋੜ ਚਾਹੁੰਦੇ ਉਡ ਜਾਣਾ
ਬੇ-ਕਦਰੀ ਥੋਹਰ ਜਿਹੀ ਜ਼ਿੰਦਗ਼ੀ....


ਗੀਤ- ‘ਮਾਤਮ’ 

ਏਹ ਨੇ ਤੇਰੇ ਲਈ ਜਸ਼ਨ ਆਜ਼ਾਦੀ ਦੇ...
ਮਾਤਮ ਹੈ ਮੇਰੇ ਲਈ ਮੇਰੀ ਬਰਬਾਦੀ ਦੇ
ਕੀਤੈ ਕਤਲ ਮੇਰੇ ਪੰਜਾਬ ਦਾ, ਅੱਖੜ੍ਹ ਲੋਕ ਗਵਾਰਾਂ ਨੇ
ਖ਼ੇਰੂੰ ਖੇਰੂੰ ਕਰਤਾ ਬੁੱਕਲ਼ ਦੇ ਨਾਗ਼ ਗਦਾਰਾਂ ਨੇ
ਕੀਤੈ ਕਤਲ ਮੇਰੇ ਪੰਜਾਬ ਦਾ....

ਛੇਕੇ ਜਦ ਖੂਹਾਂ ਦੇ ਪਾਣੀ, ਵਿਛੜੇ ਜਾਨਾਂ ਦੇ ਹਾਣੀ
ਜਿੰਦਾਂ ਦੀ ਦੁਸ਼ਮਣ ਕਰ ਦਿੱਤੀ, ਇੱਕੋ ਸੱਥਾਂ ਦੀ  ਢਾਣੀ
ਧਾਹਾਂ ਨਾਲ਼ ਰੁਆਈ ਧਰਤੀ, ਦਿਲ ਦੇ ਮੋਹ-ਪਿਆਰਾਂ ਨੇ
ਕੀਤੈ ਕਤਲ਼ ਪੰਜਾਬ ਦਾ...

ਜੂਨ ਕਤਲ, ਜਬਰ-ਜਨਾਹਾਂ ਦੀ, ਹੰਡਾਈ ਇਸ ਮਿੱਟੀ ਨੇ
ਮਾਪੇ ਸਿੱਟ ਤੁਰੇ ਔਲ਼ਾਦਾਂ, ਜਾਨ ਲੁਕਾਈ ਚੁੰਨੀ ਚਿੱਟੀ ਨੇ
ਅੰਨ੍ਹੇ ਕਰਤੇ ਪੂਰਬ-ਪੱਛਮ, ਡੋਲੀ ਲੁੱਟ ਕੁਹਾਰਾਂ ਨੇ
ਕੀਤੈ ਕਤਲ ਪੰਜਾਬ ਦਾ..........

ਹੁਣ ਏ ਜਖ਼ਮ ਭਰੇ ਨਾ ਜਾਣੇ, ਸ਼ੀਸ਼ੇ ਦੀਆਂ ਕੰਧਾਂ ਦੇ
ਟੁਕੜੇ ਹੁਣ ਜੋੜੇ ਜੁੜਨੇ ਨਾ, ਸ਼ਗਨਾਂ ਦੀਆਂ ਵੰਗਾਂ ਦੇ
ਕੀਤਾ ਨਾ ਪਛਤਾਵਾ ਵਕਤ ਦੇ, ਮਾਰੂ ਹਥਿਆਰਾਂ ਨੇ
ਕੀਤੈ ਕਤਲ ਪੰਜਾਬ ਦਾ....

ਕਤਲੋ.ਗ਼ਾਰਤ ਕਰਨ ਕਰਾਵਣ ਵਾਲੇ , ਨਾ ਤੇਰੇ ਨਾ ਮੇਰੇ
ਉਸ ਨਾਲ ਕੀ  ਰਿਸ਼ਤਾ ਸਾਡਾ, ਜੋ ਸਾਡੇ ਢਾਹ ਗਿਐ ਨਵੇਰੇ
ਰੁਦਨ ਹੈ ਕਰਿਆ ਸਰਹੱਦਾਂ ਤੇ, ਨਫ਼ਰਤ ਦੀਆਂ ਤਾਰਾਂ ਨੇ
ਕੀਤੈ ਕਤਲ ਪੰਜਾਬ ਦਾ....

ਸਿਰ ਝੁਕ ਜਾਂਦੇ ਮੇਰਾ "ਬਾਲੀ, ਮੈਂ ਜਦ ਛਿਪਦੇ ਵੱਲ ਤੱਕਾਂ
"ਰੇਤਗੜ" ਕਿਵੇਂ ਸਿਰ ਨਾਨਕ ਦੇ, ਮੈਂ ਨਨਕਾਣੇ, ਵੱਲ ਚੱਕਾਂ
ਨਾ ਹੱਥੋ ਰੱਤ ਮਸੂਮਾਂ ਦਾ , ਪੂੰਝਿਆ ਸਰਕਾਰਾਂ  ਨੇ
ਕੀਤਾ ਕਤਲ ਪੰਜਾਬ ਦਾ......


ਬਲਜਿੰਦਰ ਸਿੰਘ "ਬਾਲੀ ਰੇਤਗੜੵ"
94651-29168

7087629168

rajwinder kaur

This news is Content Editor rajwinder kaur