ਗੌਤਮ ਦੇ ਅੰਤਲੇ ਕੁਝ ਦਿਨ

06/12/2020 5:47:14 PM

ਪ੍ਰੋਫੈਸਰ ਹਰਪਾਲ ਸਿੰਘ ਪੰਨੂ

480 ਪੂਰਬ ਈਸਵੀ ਸਨ ਵਿਚ ਵੈਸ਼ਾਲੀ, ਖੁਸ਼ਹਾਲ ਲੋਕਾਂ ਦੀਆਂ ਰੌਣਕਾਂ ਨਾਲ ਘੁੱਗ ਵਸਦਾ ਸ਼ਹਿਰ ਸੀ। ਲਿੱਛਵੀਂ ਵੰਸ਼ ਦੇ ਛੇ ਰਾਜਿਆਂ ਨੇ ਆਪਣੇ ਆਪਣੇ ਰਾਜਾਂ ਨੂੰ ਮਿਲਾ ਕੇ ਇਕ ਸਾਂਝੀ ਗਣਤੰਤਰ ਸਥਾਪਤ ਕੀਤੀ, ਜਿਸ ਨੂੰ ਲਿੱਛਵੀ ਗਣਰਾਜ ਕਹਿੰਦੇ ਸਨ। ਇਸ ਗਣਰਾਜ ਦੀ ਰਾਜਧਾਨੀ ਵੈਸ਼ਾਲੀ ਸੀ। ਇਸ ਗਣਰਾਜ ਦੇ ਮੁਖੀ ਨੂੰ ਲਿੱਛਵੀ ਰਾਜ-ਪ੍ਰਮੁੱਖ ਕਿਹਾ ਜਾਂਦਾ ਸੀ। ਇਹ ਰਾਜ-ਪ੍ਰਮੁੱਖ ਬੜਾ ਸ਼ਕਤੀਸ਼ਾਲੀ ਮਹਾਰਾਜਾ ਬਣ ਗਿਆ ਸੀ। 

ਸ਼ੱਕ ਵੰਸ ਦਾ ਯੁਵਰਾਜ ਗੌਤਮ ਜਿਹੜਾ ਇਕ ਹਨੇਰੀ ਸੁੰਨਸਾਨ ਰਾਤ ਵਿਚ ਜੁਆਨ ਉਮਰੇ ਕਪਿਲਵਸਤੂ ਦੇ ਮਹਿਲ ਛੱਡ ਕੇ ਮੰਗਤਾ ਹੋ ਗਿਆ ਸੀ, ਇਨ੍ਹੀ ਦਿਨੀਂ ਰਾਜਗ੍ਰਹਿ ਨਾਂ ਦੇ ਸ਼ਹਿਰ ਵਿਚ ਟਿਕਿਆ ਹੋਇਆ ਸੀ। ਲੋਕ ਉਸ ਨੂੰ ਸ਼ੱਕਮੁਨੀ, ਮਹਾਮੁਨੀ, ਤਥਾਗਤ, ਮਹਾਂ ਸ਼ਰੱਮਣ, ਮਹਾਤਮਾ ਅਤੇ ਬੁੱਧ ਆਦਿਕ ਨਾਵਾਂ ਨਾਲ ਸੰਬੋਧਨ ਕਰਦੇ। ਉਸ ਨੂੰ ਪਤਾ ਸੀ ਹੁਣ ਸੰਸਾਰ ਤੋਂ ਵਿਦਾ ਹੋਣ ਦਾ ਸਮਾਂ ਆ ਗਿਆ ਹੈ। ਉਹ ਰਾਜਗ੍ਰਹਿ ਦੀ ਥਾਂ ਕੁਸ਼ੀਨਗਰ ਜਾ ਕੇ ਸਰੀਰ ਤਿਆਗਣ ਦਾ ਇੱਛੁਕ ਸੀ, ਜਿਸ ਸ਼ਹਿਰ ਨੂੰ ਪਿਆਰ ਨਾਲ ਕੁਸੀਨਾਰ ਕਿਹਾ ਕਰਦਾ ਸੀ। ਇਸ ਸ਼ਹਿਰ ਨੂੰ ਕਿਉਂ ਪਿਆਰ ਕਰਦਾ ਸੀ ਤੇ ਉਥੇ ਸਰੀਰ ਤਿਆਗਣ ਦਾ ਕਿਉਂ ਫੈਸਲਾ ਕੀਤਾ, ਕਿਸੇ ਨੂੰ ਪਤਾ ਨਹੀਂ। ਉਸ ਨੇ ਆਨੰਦ ਨੂੰ ਬੁਲਾਇਆ ਅਤੇ ਕਿਹਾ- ਕੁਸੀਨਾਰ ਜਾਣਾ ਹੈ ਆਨੰਦ। ਵੈਸ਼ਾਲੀ ਦੇ ਰਸਤੇ ਹੋ ਕੇ ਚੱਲਾਂਗੇ। ਤੁਰੇ ਅਤੇ ਵੈਸ਼ਾਲੀ ਨਗਰ ਅੱਪੜ ਗਏ। ਬੁੱਧ ਕਮਜ਼ੋਰ ਹੋ ਗਿਆ ਸੀ। ਵੈਸ਼ਾਲੀ ਪੁੱਜ ਕੇ ਆਨੰਦ ਨੇ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ, ਮੰਨ ਗਿਆ।

ਸਾਬੱਥੀ (ਸੰਸਕ੍ਰਿਤ ਸ਼੍ਰਾਵਸਤੀ) ਸ਼ਹਿਰ ਦੀ ਸੁੰਦਰੀ, ਨਰਤਕੀ ਤੇ ਗਾਇਕਾ ਅਮਰਪਾਲੀ, ਵੈਸ਼ਾਲੀ ਵਿਚ ਰਹਿ ਰਹੀ ਸੀ। ਇਥੇ ਉਸ ਦਾ ਵੱਡਾ ਬਾਗ ਸੀ, ਜਿਸ ਵਿਚ ਆਲੀਸ਼ਾਨ ਹਵੇਲੀ ਸੀ ਅਤੇ ਹਵੇਲੀ ਵਿਚ ਬਹੁਤ ਸਾਰਾ ਧਨ। ਇਸ ਨਰਤਕੀ ਨੂੰ ਸੱਦਾ ਦੇਣ ਦੀ ਸਮੱਰਥਾ ਕੇਵਲ ਰਾਜਿਆਂ ਪਾਸ ਰਹਿ ਗਈ ਸੀ। ਲੋਕ ਉਸ ਦੇ ਨਾਚ ਅਤੇ ਗਾਉਣ ਨੂੰ ਪਸੰਦ ਕਰਦੇ ਪਰ ਇਹ ਕਿੱਤਾ ਸਤਿਕਾਰਯੋਗ ਨਹੀਂ ਸੀ, ਇਸ ਲਈ ਦੂਰ ਰਹਿੰਦੇ। ਬੁੱਧ ਪਾਸ ਆਈ। ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਬੁੱਧ ਆਪਣੇ ਭਿੱਖੂਆਂ ਸਮੇਤ ਉਸ ਦੀ ਹਵੇਲੀ ਆ ਕੇ ਭੋਜਨ ਛਕਣ। ਮਹਾਂਸ਼ਰੱਮਣ ਨੇ ਉਸ ਦੀ ਬੇਨਤੀ ਪ੍ਰਵਾਨ ਕੀਤੀ, ਪ੍ਰਸੰਨਤਾ ਨਾਲ ਵਾਪਸ ਚਲੀ ਗਈ।

ਖਬਰ ਲਿੱਛਵੀ ਸਮਰਾਟ ਨੂੰ ਮਿਲੀ ਤਾਂ ਉਸ ਨੂੰ ਦੁੱਖ ਹੋਇਆ। ਧਨ ਦੇ ਕੇ ਜਿਸ ਕੁੜੀ ਨੂੰ ਕੋਈ ਵੀ ਨੱਚਣ ਲਈ ਬੁਲਾ ਸਕਦਾ ਹੈ, ਸਾਕਯਮੁਨੀ ਸਿਧਾਰਥ ਉਸ ਦੇ ਘਰ ਜਾਣਗੇ? ਸਾਧ ਸੰਤ ਉਸ ਪਾਸਿਉ ਦੀ ਨਹੀਂ ਲੰਘਦੇ। ਰਾਜੇ ਤੇ ਰਾਜ ਕੁਮਾਰ ਉਧਰ ਨਹੀਂ ਜਾਂਦੇ - ਦਿਲ ਕਰੇ ਤਾਂ ਉਸ ਨੂੰ ਆਪਣੇ ਪਾਸ ਸੱਦ ਲੈਦੇ ਹਨ। ਪਰ ਇਹ ਸਾਧੂ ਜਿਹੜਾ ਯੁਵਰਾਜ ਵੀ ਹੈ, ਅਮਰਪਾਲੀ ਦੀ ਹਵੇਲੀ ਜਾਏਗਾ? ਲਿੱਛਵੀ ਨੂੰ ਦੁੱਖ ਹੋਇਆ। ਉਸ ਨੇ ਫੈਸਲਾ ਕੀਤਾ ਕਿ ਉਹ ਬੁੱਧ ਨੂੰ ਉਥੇ ਨਹੀਂ ਜਾਣ ਦਏਗਾ ਪਰ ਉਸ ਪਾਸ ਇਹ ਕਹਿਣ ਦੀ ਹਿੰਮਤ ਨਹੀਂ ਸੀ ਕਿ ਜਾਏ ਅਤੇ ਮਨਾਹੀ ਕਰ ਦਏ ਪਰ ਰੋਕੇਗਾ। ਬੁੱਧ ਪਾਸ ਗਿਆ। ਚਰਨੀ ਹੱਥ ਲਾਏ। ਬੈਠਣ ਦਾ ਇਸ਼ਾਰਾ ਕੀਤਾ, ਧਰਤੀ ਉਤੇ ਬੈਠ ਗਿਆ। ਥੋੜ੍ਹੀ ਦੇਰ ਬਾਅਦ ਕਹਿਣ ਲੱਗਾ- ਹੇ ਸਾਕਯਮੁਨੀ, ਮੇਰੀ ਇੱਛਾ ਹੈ ਆਪ ਨੂੰ ਪ੍ਰਸ਼ਾਦ ਛਕਾਵਾਂ ਸੰਘ ਸਮੇਤ। ਕੀ ਮਨਜ਼ੂਰ ਕਰੋਗੇ? ਬੁੱਧ ਨੇ ਹਾਂ ਵਿਚ ਸਿਰ ਹਿਲਾਇਆ, ਫਿਰ ਪੁੱਛਿਆ- ਕਿਸ ਦਿਨ? ਲਿੱਛਵੀ ਨੇ ਉਹੀ ਦਿਨ ਕਿਹਾ ਜਿਹੜਾ ਅਮਰਪਾਲੀ ਲਈ ਨਿਸ਼ਚਿਤ ਹੋਇਆ ਸੀ। 

ਬੁੱਧ ਨੇ ਕਿਹਾ- ਮਿੱਤਰ, ਇਸ ਦਿਨ ਅੰਬਾਪਾਲੀ ਦੀ ਹਵੇਲੀ ਜਾਵਾਂਗਾ। ਕੋਈ ਹੋਰ ਦਿਨ ਦੱਸੋ।

ਲਿੱਛਵੀ ਨੇ ਕਿਹਾ- ਤਾਂ ਅੱਜ ਅੰਬਾਪਾਲੀ ਵੱਡੀ ਹੈ, ਮਹਾਰਾਜ? ਅਸੀਂ ਸਭ ਉਸ ਤੋਂ ਛੋਟੇ ਰਹਿ ਗਏ ਹਾਂ?

ਬੁੱਧ ਨੇ ਕਿਹਾ- ਅਮਰਪਾਲੀ ਵੱਡੀ ਨਹੀਂ ਹੈ। ਤੁਸੀਂ ਅਤੇ ਮੈਂ ਵੱਡੇ ਨਹੀਂ ਹਾਂ। ਧਰਮ ਵੱਡਾ ਹੈ। ਇਕਰਾਰ, ਧਰਮ ਦੀ ਜੜ੍ਹ ਹੈ। ਮੈਂ ਉਥੇ ਇਕਰਾਰ ਅਨੁਸਾਰ ਜਾਵਾਂਗਾ। ਤੁਸੀਂ ਵੀ ਮੇਰੇ ਨਾਲ ਚੱਲਣਾ, ਸੰਘ ਚੱਲੇਗਾ।

ਲਿੱਛਵੀ ਅਮਰਪਾਲੀ ਪਾਸ ਗਿਆ ਤੇ ਕਹਿਣ ਲੱਗਾ- ਅਮਰਪਾਲੀ ਜੇ ਤੂੰ ਬੁੱਧ ਨੂੰ ਭੋਜਨ ਛਕਾਣ ਦਾ ਸੱਦਾ ਵਾਪਸ ਲੈ ਲਵੇਂ ਤਾਂ ਮੈਂ ਮਹਿਲ ਵਿਚ ਇਹ ਸੇਵਾ ਕਰ ਸਕਦਾ ਹਾਂ ਤੇ ਇਸ ਬਦਲੇ ਤੈਨੂੰ ਇਕ ਲੱਖ ਰੁਪਏ ਦੇਣ ਲਈ ਤਿਆਰ ਹਾਂ। 
ਅਮਰਪਾਲੀ ਨੇ ਕਿਹਾ- ਲੱਖ ਰੁਪਏ ਤਾਂ ਕੀ ਲੱਖ ਦੇਸ਼ ਵੀ ਉਸ ਖਾਣੇ ਬਦਲੇ ਨਹੀਂ ਲਵਾਂਗੀ ਮਹਾਰਾਜ। ਉਹ ਇਥੇ ਮੇਰੇ ਘਰ ਆਉਣਗੇ। ਉਹ ਅਮੁੱਲ ਸੁਗਾਤ ਹਨ। ਸਭ ਅਮਰਪਾਲੀ ਦੀ ਹਵੇਲੀ ਲੰਗਰ ਛਕਣ ਗਏ। ਵਾਪਸ ਆਉਣ ਲੱਗੇ

ਤਾਂ ਅਮਰਪਾਲੀ ਨੇ ਹੱਥ ਜੋੜ ਕੇ ਕਿਹਾ- ਮੇਰੀ ਇਕ ਪ੍ਰਾਰਥਨਾ ਹੈ ਸੁਆਮੀ। ਮੋੜਨੀ ਨਾਂਹ। ਘਣਾ ਫੈਲਿਆ ਇਹ ਵਿਸ਼ਾਲ ਬਾਗ ਮੈਂ ਆਪ ਦੇ ਚਰਨਾ ਵਿਚ ਭੇਟ ਕਰਦੀ ਹਾਂ। ਮੇਰਾ ਹੋਰ ਟਿਕਾਣਾ ਨਹੀਂ ਹੈ। ਜਿੰਨਾ ਚਿਰ ਸਾਹ ਹਨ, ਇਥੇ ਕੋਠੀ ਵਿਚ ਰਹਿਣ ਦੀ ਆਗਿਆ ਦੇ ਦਿਉ। ਮੇਰੇ ਪਿਛੋਂ ਕੋਠੀ, ਸਮਾਨ, ਧਨ, ਇਹ ਆਪਦਾ, ਸੰਘ ਦਾ ਹੋਵੇ। ਬੁੱਧ ਨੇ ਉਸ ਦੀ ਬੇਨਤੀ ਮੰਨੀ, ਬਾਗ ਸੰਘ ਨੂੰ ਦੇ ਦਿੱਤਾ।

ਹੌਲੀ ਹੌਲੀ ਤੁਰਦੇ ਗਏ, ਵੈਸ਼ਾਲੀ ਨਗਰ ਦੀ ਹੱਦ ਪਾਰ ਕਰ ਗਏ। ਬੁੱਧ ਰੁਕਿਆ। ਮੁੜ ਕੇ ਵੈਸ਼ਾਲੀ ਨਗਰ ਵੱਲ ਦੇਖਣ ਲੱਗਾ। ਆਨੰਦ ਨੇ ਕਿਹਾ- ਪੰਧ ਮੁਕਾਣਾ ਹੈ ਮਹਾਰਾਜ ਸਿਧਾਰਥ।  ਚੱਲੀਏ? ਬੁੱਧ ਨੇ ਕਿਹਾ- ਭਲੇ ਲੋਕਾਂ ਦਾ ਸ਼ਹਿਰ ਵੈਸ਼ਾਲੀ। ਸੁੰਦਰ ਬਾਗਾਂ ਦਾ ਸ਼ਹਿਰ। ਮੇਰੀ ਧੀ ਅੰਬਾਪਾਲੀ ਦਾ ਨਗਰ। ਮੈਂ ਇਸ ਨਗਰ ਨੂੰ ਮੁੜ ਕੇ ਕਦੀ ਨਹੀਂ ਦੇਖ ਸਕਾਂਗਾ ਅੱਜ ਤੋਂ ਬਾਅਦ। ਥੋੜੀ ਕੁ ਦੇਰ ਹੋਰ ਦੇਖਣ ਦੀ ਆਗਿਆ ਦੇ ਆਨੰਦ? 

ਆਨੰਦ ਦੀਆਂ ਛਲਕਦੀਆਂ ਅੱਖਾਂ ਵੱਲ ਧਿਆਨ ਦੇਣ ਦੀ ਥਾਂ ਬੁੱਧ ਨੇ ਵੈਸ਼ਾਲੀ ਨੂੰ ਸੁਖੀ ਵਸਣ ਦੀਆਂ ਅਸੀਸਾਂ ਦਿੱਤੀਆਂ, ਫਿਰ ਰਸਤਾ ਫੜਿਆ। ਕੁਸੀਨਾਰ ਦੇ ਰਾਹ ਪੈ ਗਏ ਤਾਂ ਰਸਤੇ ਵਿਚ ਪਾਵਾ ਨਾਂ ਦਾ ਪਿੰਡ ਆਇਆ ਜਿਥੇ ਚੁੰਡ ਲੁਹਾਰ ਨੇ ਖਾਣਾ ਖਾਣ ਦੀ ਬੇਨਤੀ ਕੀਤੀ। ਬੁੱਧ ਦੀ ਖਾਣਾ ਖਾਣ ਦੀ ਇੱਛਾ ਨਹੀਂ ਸੀ। ਸਰੀਰ ਵੀ ਠੀਕ ਨਹੀਂ ਸੀ ਪਰ ਚੁੰਡ ਮੁੜ ਮੁੜ ਪ੍ਰਾਰਥਨਾ ਕਰਨ ਲੱਗਾ ਕਿ ਸੰਘ ਦੇ ਚਰਨ ਘਰ ਵਿਚ ਅਵੱਸ਼ ਪੁਆਉਣੇ ਹਨ। ਸਾਰੇ ਭਿੱਖੂ ਆਉਣ। ਲੋੜ ਅਨੁਸਾਰ ਸਭ ਨੇ ਖਾਣਾ ਖਾਧਾ। ਬੁੱਧ ਨੇ ਥੋੜ੍ਹਾ ਖਾਧਾ। ਖਾਣਾ ਖਾਣ ਪਿਛੋਂ ਉਸ ਦੇ ਪੇਟ ਵਿਚ ਤਿੱਖਾ ਦਰਦ ਉਠਿਆ। ਖੂਨ ਦੇ ਦਸਤ ਸ਼ੁਰੂ ਹੋ ਗਏ। ਸਭ ਨੇ ਰਲ ਮਿਲ ਕੇ ਸੇਵਾ ਸੰਭਾਲ ਕੀਤੀ। ਦੇਰ ਬਾਅਦ ਦਰਦ ਰੁਕਿਆ, ਕਿਹਾ- ਚੱਲੀਏ? ਆਨੰਦ ਦਾ ਮਨ ਕੁੱਝ ਦਿਨ ਰੁਕਣ ਦਾ ਸੀ, ਕਿਉਂਕਿ ਜਾਣ ਵਾਲੀ ਹਾਲਤ ਨਹੀਂ ਸੀ ਪਰ ਉਹ ਚੁੱਪ ਕਰਕੇ ਤੁਰ ਪਿਆ। ਨਾਲ ਹੋਰ ਕੌਣ ਕੌਣ ਸਨ ਪਤਾ ਨਹੀਂ। 

ਦੁਪਹਿਰੇ ਹਿਰਣਾਵਤੀ ਨਦੀ ਕਿਨਾਰੇ ਪੁੱਜੇ। ਬੁੱਧ ਥੱਕ ਗਿਆ ਸੀ। ਲੇਟ ਗਿਆ। ਆਨੰਦ ਨੇ ਸਿਰ ਆਪਣੀ ਗੋਦੀ ਵਿਚ ਰੱਖ ਲਿਆ। ਬੁੱਧ ਨੇ ਕਿਹਾ- ਭੁੱਲੀਂ ਨਾ ਆਨੰਦ। ਇਕ ਕੰਮ ਕਰਨਾ ਹੈ। ਇਧਰੋਂ ਕੁਸੀਨਾਰ ਵਲੋਂ ਜਦੋਂ ਵਿਹਲਾ ਹੋਵੇਂ ਤਾਂ ਵੈਸ਼ਾਲੀ ਨਗਰ ਜਾਈਂ। ਸ਼ਹਿਰ ਤੇਰੇ ਦਰਸ਼ਨਾ ਨੂੰ ਉਮਡ ਪਵੇਗਾ। ਲੋਕ ਤੇਰੇ ਤੋਂ ਜਾਣਨਾ ਚਾਹੁਣਗੇ ਕਿ ਗੌਤਮ ਭਿੱਖੂ ਕੀ-ਕੀ ਕਹਿਕੇ ਗਿਆ ਹੈ ਜਾਂਦਾ ਹੋਇਆ। ਪਰ ਤੂੰ ਚੁੰਡ ਲੁਹਾਰ ਦੇ ਘਰ ਜਾਈਂ। ਉਸ ਨੂੰ ਧਰਵਾਸ ਦੇਈਂ। ਉਸ ਨੂੰ ਕਹੀਂ ਡੋਲੇ ਨਾਹ। ਉਸ ਨੂੰ ਕਹੀਂ ਕਿ ਤਥਾਗਤ ਤੈਨੂੰ ਰਸਤੇ ਰਸਤੇ ਅਸੀਸਾਂ ਦਿੰਦਾ ਗਿਆ ਸੀ। ਭਿੱਖੂਆਂ ਨੂੰ ਕਹਿਣਾ ਸ਼ੱਕ ਨਾ ਕਰਨ। ਚੁੰਡ ਸਾਡਾ ਮਿੱਤਰ ਹੈ। ਉਹ ਸਤਿਕਾਰਯੋਗ ਉਪਾਸ਼ਕ ਹੈ। ਦੋ ਖਾਣੇ ਅਮਰ ਰਹਿਣਗੇ ਹਮੇਸ਼ਾਂ। ਜੋ ਭੋਜਨ ਸੁਜਾਤਾ ਧੀ ਲੈ ਕੇ ਆਈ ਸੀ, ਜਿਸ ਪਿੱਛੋਂ ਤਥਾਗਤ ਨੂੰ ਗਿਆਨ ਹੋਇਆ ਸੀ - ਉਹ ਖਾਣਾ ਅਤਿਅੰਤ ਪਵਿੱਤਰ ਸੀ। ਫਿਰ ਉਹ ਭੋਜਨ ਜਿਸ ਨੂੰ ਗ੍ਰਹਿਣ ਕਰਨ ਤੋਂ ਬਾਅਦ ਤਥਾਗਤ ਵਿਦਾ ਹੋਵੇਗਾ ਸਦਾ ਲਈ। ਇਨ੍ਹਾਂ ਦੋ ਖਾਣਿਆਂ ਨੂੰ ਜੋ ਸਤਿਕਾਰ ਪ੍ਰਾਪਤ ਹੈ ਉਹ ਕਿਸੇ ਧਨ, ਜਾਇਦਾਦ ਜਾਂ ਸ਼ਕਤੀ ਵਿਚ ਨਹੀਂ। ਸੁਜਾਤਾ ਅਤੇ ਚੁੰਡ ਨੂੰ ਅਨੰਤ ਸੁਖ ਮਿਲੇਗਾ। ਫਿਰ ਤੁਰ ਪਏ। 

ਤੁਰਦੇ ਤੁਰਦੇ ਸ਼ਾਮ ਤੋਂ ਪਹਿਲੋਂ ਕੁਸੀਨਾਰ ਦਿਖਾਈ ਦੇਣ ਲੱਗ ਪਿਆ। ਬੁੱਧ ਨੇ ਕਿਹਾ-ਕੁਸ਼ੀਨਾਰ ਆ ਗਿਆ ਹੈ ਆਨੰਦ। ਇਥੇ ਸਾਹਮਣੇ ਸਾਲ ਦੇ ਰੁੱਖਾਂ ਦਾ ਜਿਹੜਾ ਝੁੰਡ ਹੈ, ਇੱਥੇ ਟਿਕਾਣਾ ਕਰਾਂਗੇ। ਹੋਰ ਅੱਗੇ ਨਹੀਂ ਜਾਣਾ। ਚਾਰੇ ਪਾਸੇ ਸ਼ਾਂਤੀ ਸੀ। ਬੁੱਧ ਨੇ ਕਿਹਾ - ਚਟਾਈ ਵਿਛਾ ਦੇਹ ਅਤੇ ਸਿਰ, ਉੱਤਰ ਵੱਲ ਰੱਖੀ। ਆਨੰਦ ਨੇ ਹਲਕੇ ਘਾਹਫੂਸ ਦੀ ਬਣੀ ਨਿੱਕੀ ਚਟਾਈ ਧਰਤੀ ’ਤੇ ਵਿਛਾ ਦਿੱਤੀ। ਬੁੱਧ ਉਸ ਉਪਰ ਲੇਟ ਗਿਆ। ਨਗਰ ਵਾਸੀਆਂ ਨੂੰ ਤੇ ਭਿੱਖੂਆਂ ਨੂੰ ਇਕ ਦੂਜੇ ਤੋਂ ਪਤਾ ਲਗਦਾ ਗਿਆ ਕਿ ਤਥਾਗਤ ਕੁਸੀਨਗਰ ਦੀ ਜੂਹ ਵਿਚ ਆ ਗਿਆ ਹੈ। ਇਹ ਵੀ ਪਤਾ ਲਗਦਾ ਗਿਆ ਕਿ ਉਸ ਦੀ ਤਬੀਅਤ ਠੀਕ ਨਹੀਂ। ਆਨੰਦ ਨੇ ਕਹਿ ਦਿੱਤਾ ਸੀ ਸਭ ਦੂਰੋਂ ਦਰਸ਼ਨ ਕਰੋ। ਹਰ ਪਾਸਿਓਂ ਲੋਕ ਆ-ਆ ਕੇ ਬੈਠੀ ਜਾ ਰਹੇ ਸਨ। ਸਭ ਖਾਮੋਸ਼। 

ਇਕ ਸ਼ਰਧਾਲੂ ਤਥਾਗਤ ਦੇ ਦਰਸ਼ਨ ਕਰਨ ਆਇਆ। ਉਹ ਬੁੱਧ ਦੇ ਚਰਨੀ ਹੱਥ ਲਾਉਣ ਦਾ ਇੱਛੁਕ ਸੀ। ਆਨੰਦ ਨੇ ਰੋਕ ਦਿੱਤਾ। ਉਸ ਨੇ ਮਿੰਨਤ ਕਰਨੀ ਸ਼ੁਰੂ ਕਰ ਦਿੱਤੀ ਜੋ ਬੁੱਧ ਨੇ ਸੁਣ ਲਈ। ਬੁੱਧ ਨੇ ਹੌਲੀ ਦੇ ਕੇ ਕਿਹਾ- ਆਉਣ ਦੇਹ ਆਨੰਦ। ਅੱਗੇ ਵਧਿਆ। ਪ੍ਰਣਾਮ ਕਰਕੇ ਕਿਹਾ- ਜੀ ਮੈਂ ਸੁਭੱਦਰ ਬ੍ਰਾਹਮਣ ਹਾਂ। ਹੇ ਮੁਨੀ, ਕਿਰਪਾ ਕਰਕੇ ਦੱਸ ਦਿਉਗੇ ਅਸੀਂ ਕਿਥੋਂ ਆਏ, ਕਿਉਂ ਆਏ ਤੇ ਕਿਥੇ ਜਾਵਾਂਗੇ? ਆਨੰਦ ਦੀ ਇੱਛਾ ਨਹੀਂ ਸੀ ਕਿ ਇਸ ਸਮੇਂ ਪ੍ਰਸ਼ਨ ਪੁੱਛੇ ਜਾਣ। ਬੁੱਧ ਨੇ ਕਿਹਾ- ਇਨ੍ਹਾਂ ਸਭ ਪ੍ਰਸ਼ਨਾਂ ਦੇ ਉਤਰ ਹਨ, ਮੇਰੇ ਪਾਸ ਸੁਭੱਦਰ। ਜੇ ਮੈਂ ਪਰਗਟ ਕਰ ਦਿਆਂ ਤਦ ਵੀ ਸੰਸਾਰ ਵਿਚ ਦੁੱਖ ਰਹਿਣਗੇ। ਮੇਰਾ ਸਰੋਕਾਰ ਦੁੱਖ ਨਾਲ ਹੈ, ਉਸੇ ਦਾ ਸ਼ਿਕਾਰ ਕਰਨਾ ਚਾਹਿਆ। ਹੋਰ ਕੋਈ ਇੱਛਾ ਬਾਕੀ ਨਹੀਂ। ਦਾਰਸ਼ਨਿਕ ਕਰਦੇ ਰਹਿਣਗੇ ਇਹ ਗੱਲਾਂ। ਤੁਹਾਨੂੰ ਸਮੁੰਦਰ ਵੱਡਾ ਲੱਗਦਾ ਹੈ। ਮੈਨੂੰ ਲਗਦਾ ਹੈ ਪਸ਼ੂ-ਪੰਛੀਆਂ ਅਤੇ ਮਨੁੱਖਾਂ ਨੇ ਅੱਜ ਤਕ ਜਿੰਨੇ ਹੰਝੂ ਵਹਾਏ, ਉਹ ਸਮੁੰਦਰ ਤੋਂ ਵਧੀਕ ਹਨ। ਦੁੱਖਾਂ ਦੀ ਸਮਾਪਤੀ ਕਰਨ ਲਈ ਤਥਾਗਤ ਧਰਤੀ ਉਤੇ ਆਇਆ। 

ਬੁੱਧ ਨੇ ਆਨੰਦ ਵੱਲ ਨਿਗਾਹ ਮੋੜੀ। ਆਨੰਦ ਨੇ ਕਿਹਾ- ਸੁਆਮੀ ਕੁੱਝ ਹੋਰ ਦੱਸੋ ਸਾਨੂੰ। 

ਬੁੱਧ ਨੇ ਆਲੇ ਦੁਆਲੇ ਬੈਠੇ ਭਿੱਖੂਆਂ ਨੂੰ ਕਿਹਾ, ਮਿਤਰੋ, ਜਦੋਂ ਜੁਆਨੀ ਵਿਚ ਮੈਂ ਸੋਚ ਰਿਹਾ ਸਾਂ ਕਿ ਮਹਿਲ ਤਿਆਗ ਕੇ ਸੰਨਿਆਸ ਲਵਾਂ ਕਿ ਨਾ, ਮਾਰ ਦੇਵਤਾ ਪ੍ਰਗਟ ਹੋਇਆ (ਬੋਧ ਸਾਹਿਤ ਵਿਚ ਯਮਰਾਜ ਨੂੰ ਮਾਰ ਕਿਹਾ ਜਾਂਦਾ ਹੈ) ਤੇ ਕਹਿਣ ਲੱਗਾ- ਹੇ ਗੌਤਮ, ਤੂੰ ਤੀਖਣ ਬੁੱਧ ਅਤੇ ਆਤਮ ਵਿਸ਼ਵਾਸੀ ਜੁਆਨ ਹੈਂ। ਮੇਰੀਆਂ ਗੱਲਾਂ ਮੰਨੀ ਜਾਵੇਂ ਤੇ ਸੰਨਿਆਸੀ ਨਾ ਬਣੇ ਤਾਂ ਤੂੰ ਸੱਤ ਦੇਸਾਂ ਦਾ ਛਤਰਪਤੀ ਮਹਾਰਾਜਾ ਬਣੇ। 

ਮੈਂ ਮਾਰ ਦੀ ਗੱਲ ਸੁਣ ਕੇ ਦੁਚਿੱਤੀ ਛੱਡ ਦਿੱਤੀ, ਸੰਨਿਆਸ ਲੈਣ ਦਾ ਫੈਸਲਾ ਕਰਕੇ ਜੰਗਲ ਦਾ ਰਸਤਾ ਫੜਿਆ। ਜੰਗਲ ਵਿਚ ਵਰ੍ਹਿਆਂ ਬੱਧੀ ਏਨਾ ਤਪ ਕੀਤਾ ਕਿ ਮਰਨ ਕਿਨਾਰੇ ਪੁੱਜ ਗਿਆ। ਤਦ ਮਾਰ ਫਿਰ ਪਰਗਟ ਹੋਇਆ ਤੇ ਕਹਿਣ ਲੱਗਾ- ਹੇ ਮੁਨੀ ਤੁਹਾਡੀ ਸਖਤ ਘਾਲਣਾ ਸਫਲ ਹੋਈ। ਚਲੋ ਹੁਣ ਧਰਤੀ ਛੱਡੋ। ਸਤ ਸਵਰਗ ਤੁਹਾਨੂੰ ਉਡੀਕ ਰਹੇ ਹਨ, ਰਾਜ ਕਰੋ। 

ਮੈਂ ਮਾਰ ਨੂੰ ਕਿਹਾ- ਜੇ ਇਹ ਗੱਲ ਹੈ ਤਾਂ ਮੈਂ ਮਰਾਂਗਾ ਨਹੀਂ। ਮੈਂ ਜੀਵਾਂਗਾ। ਧਰਤੀ ਉਤੇ ਰਹਾਂਗਾ, ਜਦੋਂ ਤੀਕ ਸਭ ਜੀਆਂ ਜੰਤਾਂ ਦਾ ਕਲਿਆਣ ਨਹੀਂ ਹੁੰਦਾ ਮੈਂ ਇੱਥੇ ਰਹਾਂਗਾ। ਤਦ ਮੈਂ ਸੁਜਾਤਾ ਦੀ ਲਿਆਂਦੀ ਖੀਰ ਖਾਧੀ ਤੇ ਸਾਹਾਂ ਦੀ ਟੁੱਟਦੀ ਜਾਂਦੀ ਸੰਗਲੀ ਦੁਬਾਰਾ ਆਪਣੇ ਹੱਥ ਫੜੀ। ਸੱਤ ਸਵਰਗਾਂ ਦੇ ਲਾਲਚ ਸਦਕਾ ਮੈਂ ਸਰੀਰ ਨਹੀਂ ਤਿਆਗਿਆ।

ਹੁਣ ਫਿਰ ਮਾਰ ਆਇਆ ਹੈ। ਇਹ ਦੇਵ ਹੁਣ ਕਹਿ ਰਿਹਾ ਹੈ- ਗੌਤਮ ਮੁਨੀ, ਸਰੀਰ ਨਾਸ਼ਵਾਨ ਹੈ। ਇਸ ਦੇ ਕਣ ਖੰਡਿਤ ਹੋਣਗੇ। ਤੁਹਾਨੂੰ ਸਰੀਰ ਤਿਆਗ ਦੇਣਾ ਚਾਹੀਦਾ ਹੈ ਹੇ ਸਾਕਯਮੁਨੀ।

ਹੁਣ ਮੈਂ ਇਸ ਦੀ ਗੱਲ ਮੰਨਾਗਾ। ਹੁਣ ਇਸ ਨੇ ਨਾ ਸੱਤ ਦੇਸਾਂ ਦਾ ਲਾਲਚ ਦਿੱਤਾ ਹੈ ਨਾ ਸੱਤ ਸੁਰਗਾਂ ਦਾ। ਹੁਣ ਇਸ ਨੇ ਅਟੱਲ ਸੱਚ ਬੋਲਿਆ ਹੈ। ਸੱਚ ਸੱਚ ਹੈ, ਭਾਵੇਂ ਦੁਸ਼ਮਣ ਨੇ ਬੋਲਿਆ ਹੋਵੇ। ਹੇ ਮਿੱਤਰੋ ਹੁਣ ਮਾਰ ਦਾ ਕਿਹਾ ਮੰਨੀਏ। ਹੁਣ ਮੈਨੂੰ ਇਥੋਂ ਚਲੇ ਜਾਣਾ ਚਾਹੀਦਾ ਹੈ। 

ਆਨੰਦ ਦੀਆਂ ਅੱਖਾਂ ਵਿਚ ਹੰਝੂ ਭਰ ਗਏ, ਉਸ ਨੇ ਸਾਥੀ ਭਿੱਖੂਆਂ ਨੂੰ ਹੌਲੀ ਦੇ ਕੇ ਕਿਹਾ- ਮੈਂ ਤਾਂ ਅਜੇ ਸਿੱਖਣਾ ਸ਼ੁਰੂ ਕੀਤਾ ਸੀ ਥੋੜਾ ਥੋੜਾ, ਅਜੇ ਸੰਪੂਰਨਤਾ ਬੇਅੰਤ ਦੂਰ ਹੈ ਤੇ ਸਾਡਾ ਸੁਆਮੀ ਜਾ ਰਿਹਾ ਹੈ ਸਾਡੇ ਪਾਸੋਂ, ਸਾਡਾ ਦਿਆਲੂ ਮੁਨੀ।
ਬੁੱਧ ਨੇ ਕਿਹਾ- ਆਨੰਦ! ਇਧਰ ਸਾਹਮਣੇ ਆ। ਉਦਾਸ ਕਿਉਂ ਹੈਂ? ਆਨੰਦ ਨੇ ਕਿਹਾ- ਸੁਆਮੀ ਅਗਿਆਨਤਾ ਦਾ ਅੰਧਕਾਰ ਚੁਫੇਰੇ ਪਸਰਿਆ ਹੋਇਆ ਹੈ। ਨਾਸ਼ਵਾਨ ਸੰਸਾਰ ਦੇ ਪ੍ਰਾਣੀਆਂ ਨੂੰ ਚਾਨਣ ਦੀ ਅਜੇ ਹੋਰ ਲੋੜ ਹੈ। ਤਥਾਗਤਭਿਆਨਕ ਤੂਫਾਨ ਵਿਚ ਸਾਡੇ ਲਈ ਦੀਪਕ ਬਣਿਆ ਤੇ ਇਹ ਦੀਵਾ ਹੁਣ ਬੁਝਣ ਲੱਗਾ ਹੈ। 

ਬੁੱਧ ਨੇ ਕਿਹਾ- ਬੱਸ ਆਨੰਦ ਬੱਸ। ਦਿਲ ਨੂੰ ਡੁਲਾ ਨਾ। ਤੈਨੂੰ ਵੀ, ਸਭਨਾ ਨੂੰ ਵੀ ਪਤਾ ਹੈ ਆਪਾਂ ਵਿਛੜਾਂਗੇ। ਮੈਂ ਦੱਸਦਾ ਤਾਂ ਰਿਹਾ ਹਾਂ ਕਿ ਸਭ ਤੋਂ ਪਿਆਰੀਆਂ ਵਸਤਾਂ, ਸਭ ਤੋਂ ਪਿਆਰੇ ਮਿੱਤਰ, ਵਿਛੜਨਗੇ। ਮੂਰਖ ਕਹਿੰਦਾ ਹੈ- ''ਇਹ ਮੈਂ ਹਾਂ- ਮੈਂ ਹਾਂ ਇਥੇ।'' ਸਿਆਣਾ ਆਦਮੀ ਇਧਰ ਉਧਰ ਦੇਖਦਾ ਹੈ। ਨਾ ਕਿਧਰੇ ਉਸ ਨੂੰ ਮੈਂ ਦਿਸਦੀ ਹੈ, ਨਾ ਮੈਂ ਦਾ ਟਿਕਾਣਾ। ਤਾਂ ਆਨੰਦ ਇਹ ਸਰੀਰ ਕਿਉਂ ਸੰਭਾਲ ਕੇ ਰੱਖੀਏ ਜਦੋਂ ਕਿ ਬੇਅੰਤ ਸ਼ਾਨਦਾਰ ਸਰੀਰ, ਪੰਥ, ਉਹ ਪੰਥ ਜਿਸ ਵਿਚ ਧਰਮ ਸਮਾ ਗਿਆ ਹੈ, ਹਮੇਸ਼ ਰਹੇਗਾ। ਧਰਮ-ਕਾਇਆ ਥਿਰ ਰਹੇਗੀ। ਵਿਸ਼ਵਾਸ ਰੱਖੋ। ਮੈਂ ਸੰਤੁਸ਼ਟ ਹਾਂ। ਜੋ ਕੰਮ ਮੇਰੇ ਜਿੰਮੇ ਲੱਗਾ ਉਹ ਕਰ ਚੱਲਿਆ ਹਾਂ। ਇਸੇ ਦੀ ਲੋੜ ਸੀ। ਸੰਸਾਰ ਵਿਚ ਪੈਦਾ ਹੋਣ ਵਾਲਾ ਮੈਂ ਪਹਿਲਾ ਬੁੱਧ ਨਹੀਂ ਹਾਂ। ਨਾ ਮੈਂ ਆਖਰੀ ਬੁੱਧ ਹਾਂ। ਸੱਚ ਪਰਗਟ ਕਰਨ ਲਈ ਮੈਂ ਤੁਹਾਡੇ ਵਿਚ ਆ ਉਤਰਿਆ ਸਾਂ। ਗੌਤਮ ਨਹੀਂ ਰਹੇਗਾ। ਬੁੱਧ ਹਮੇਸ਼ ਰਹੇਗਾ ਕਿਉਂਕਿ ਸੱਚ ਦਾ ਨਾਮ ਬੁੱਧ ਹੈ ਤੇ ਸੱਚ ਕਦੇ ਨਹੀਂ ਮਰਦਾ। ਜਿਹੜਾ ਸੱਚੇ ਮਾਰਗ ਤੇ ਤੁਰੇਗਾ ਉਹ ਮੇਰਾ ਵਿਦਿਆਰਥੀ ਹੋਵੇਗਾ, ਮੈਂ ਉਸ ਨੂੰ ਪੜ੍ਹਾਵਾਂਗਾ। ਮੈਂ, ਜਿਹੜਾ ਕਿ ਬੁੱਧ ਹਾਂ, ਹਮੇਸ਼ਾ ਤੁਹਾਡੇ ਅੰਗ ਸੰਗ ਰਹਾਂਗਾ।

ਆਨੰਦ ਨੇ ਕਿਹਾ- ਸਾਨੂੰ ਆਖਰੀ ਵਕਤ ਕੁਝ ਹੋਰ ਵੀ ਦੱਸੋ ਮਹਾਰਾਜ।ਬੁੱਧ ਨੇ ਹੌਲੀ ਹੌਲੀ ਕਿਹਾ- ਆਨੰਦ, ਸਾਰੀ ਉਮਰ ਜੋ ਵੀ ਮਿਲਿਆ, ਦੱਸਿਆ, ਇਕ ਨੂੰ ਜਾਂ ਅਨੇਕ ਨੂੰ, ਆਪਣੇ ਦੋਵੇਂ ਹੱਥ ਫੈਲਾਅ ਕੇ ਦੱਸਿਆ। ਇਸ ਸਾਧ ਨੇ ਕਦੀ

ਮੁੱਠੀ ਬੰਦ ਕੀਤੀ ਹੀ ਨਹੀਂ। ਜੋ ਮਿਲਿਆ ਸੋ ਵੰਡ ਦਿੱਤਾ। ਕੋਈ ਭੇਦ ਨਹੀਂ ਹੈ ਇਸ ਵਕਤ ਮੇਰੇ ਕੋਲ। ਕੋਈ ਚੀਜ਼ ਗੁਪਤ ਨਹੀਂ ਰੱਖੀ ਮੈਂ ਕਦੀ। 

ਆਨੰਦ ਨੇ ਪੱਛਿਆ- ਤੁਹਾਡੇ ਬਗੈਰ ਕੀ ਕਰਾਂਗੇ ਸੁਆਮੀ ਅਸੀਂ?

ਬੁੱਧ ਨੇ ਕਿਹਾ- ਉਨ੍ਹਾਂ ਮਿਸ਼ਰਿਤ ਕਣਾਂ ਦਾ ਮੇਰਾ ਸਰੀਰ ਬਣਿਆ ਹੋਇਆ ਹੈ ਜਿਹੜਿਆਂ ਕਣਾਂ ਦਾ ਤੁਹਾਡਾ ਸਭ ਦਾ ਸਰੀਰ ਹੈ। ਇਹ ਵਿਸ਼ੇਸ਼ ਨਹੀਂ ਹੈ। ਇਹ ਕਣ ਅਵੱਸ਼ ਖੰਡਿਤ ਹੋਣਗੇ। ਹੌਂਸਲਾ ਨਹੀਂ ਹਾਰਨਾ।

ਆਨੰਦ ਨੇ ਫਿਰ ਪੁਛਿਆ- ਹੇ ਸਾਕੱਯ ਮੁਨੀ, ਤੁਹਾਡੇ ਪਿਛੋਂ ਕੌਣ ਸਾਡੀ ਅਗਵਾਈ ਕਰੇਗਾ? ਬੁੱਧ ਨੇ ਕਿਹਾ- ਧਰਮ। ਧਰਮ ਤੁਹਾਡਾ ਰਥਵਾਨ ਬਣੇ। ਆਪਣੇ ਅੰਧਕਾਰਮਈ ਰਾਹਾਂ ਵਿਚ ਆਪਣੇ ਦੀਪਕ ਆਪ ਬਣਨਾ। ਆਪਣੇ ਨੱਕ ਵਿਚ ਨੱਥ ਅਵੱਸ਼ ਪਾਉਣੀ ਪਰ ਰੱਸੀ ਆਪਣੇ ਹੱਥ ਵਿਚ ਪਕੜ ਕੇ ਰੱਖਣੀ। ਘੋੜੇ ਦਾ ਲਗਾਮ ਤੇ ਕਿਸ਼ਤੀ ਦਾ ਚੱਪੂ ਆਪ ਫੜਨਾ। ਕਦੀ ਲੱਗੇ, ਤੁਸੀਂ ਨਿਰਬਲ ਹੋ, ਕਦੀ ਕਿਸੇ ਦੀ ਸ਼ਰਣ ਵਿਚ ਜਾਣ ਦਾ ਮਨ ਕਰੇ ਤਾਂ ਸ਼ਰਣ ਵਿਚ ਚਲੇ ਜਾਣਾ ਪਰ ਬਿਗਾਨੇ ਦੀ ਸ਼ਰਣ ਵਿਚ ਨਹੀਂ। ਆਪਣੇ ਸ਼ਰਣਦਾਤੇ ਆਪ ਬਣਨਾ।

ਉਹ ਰੁਕਿਆ। ਫਿਰ ਕਹਿਣ ਲੱਗਾ- ਜਿਹੜੇ ਭਿੱਖੂ ਮੇਰੇ ਨਾਲ ਰਹੇ ਉਨ੍ਹਾਂ ਨੂੰ ਅੱਜ ਵਰ ਵੀ ਦੇਣਾ ਹੈ ਸਰਾਪ ਵੀ। ਵਰ ਇਹ ਕਿ ਮੇਰੇ ਸਾਥੀ ਭਿੱਖੂ ਜੋ ਕਰਨ, ਜੋ ਕਹਿਣ, ਸੰਘ ਉਸ ਦੀ ਨੁਕਤਾਚੀਨੀ ਨਾ ਕਰੇ। ਇਹ ਉਨ੍ਹਾਂ ਨੂੰ ਵਰ ਹੈ। ਪਰ ਜੋ ਉਹ ਕਹਿਣ ਜਾਂ ਜੋ ਉਹ ਕਰਨ, ਉਹ ਮੰਨਣਯੋਗ ਜਾਂ ਕਰਨਯੋਗ ਨਹੀਂ ਹੋਵੇਗਾ। ਕਰਨਾ ਉਹ ਹੈ ਜੋ ਸੰਘ (ਸੰਗਤ) ਕਹੇ। ਸੰਘ ਦੇ ਫੈਸਲੇ ਸਰਬੋਤਮ ਹੋਣਗੇ। ਇਹ ਸਰਾਪ ਹੈ।

ਸਾਕਯਮੁਨੀ ਕੁਝ ਦੇਰ ਚੁੱਪ ਰਿਹਾ, ਫਿਰ ਬੋਲਿਆ- ਦੇਖੋ ਭਿੱਖੂਓ, ਤਥਾਗਤ ਇਥੋਂ ਜਾਣ ਵਾਲਾ ਹੈ। ਮੈਂ ਚਾਹੁੰਦਾ ਹਾਂ ਤੁਸੀਂ ਆਖੋ-

 ਸਭ ਤੱਤ ਬੁੱਢੇ, ਜਰਜਰੇ ਹੋ ਜਾਂਦੇ ਹਨ।
 ਸਭ ਤੱਤ ਅੰਤ ਚੌਗਿਰਦੇ ਵਿਚ ਘੁਲ ਜਾਂਦੇ ਹਨ।
 ਜੋ ਅਮਰ ਹੈ ਉਸ ਦੀ ਤਲਾਸ਼ ਕਰੋ।
 ਪੂਰੀ ਤਾਕਤ ਨਾਲ ਮੁਕਤੀ ਦੀ ਪ੍ਰਾਪਤੀ ਵਾਸਤੇ ਮਿਹਨਤ ਕਰੋ।

ਹੌਲੀ ਹੌਲੀ ਉਹ ਧਰਤੀ ਤੋਂ ਜਾਣ ਲੱਗਾ। ਧਰਮ ਦੀਆਂ ਸਭ ਸਮਾਧੀਆਂ ਪਾਰ ਕੀਤੀਆਂ। ਫਿਰ ਸਦਾ ਲਈ ਅੱਖਾਂ ਮੁੰਦ ਲਈਆਂ। ਆਨੰਦ ਨੇ ਕਿਹਾ- ਹੇ ਸ਼ਰੱਮਣੋ, ਹੇ ਭਿੱਖੂਓ, ਹੇ ਉਪਾਸ਼ਕੋ, ਸਾਡੇ ਪਾਸੋਂ ਸਾਡਾ ਮਿੱਤਰ ਚਲਾ ਗਿਆ ਹੈ। ਭਿੱਖੂ ਵਿਰਲਾਪ ਕਰਨ ਲੱਗੇ। ਵਡੇਰਿਆਂ ਨੇ ਦਿਲਾਸੇ ਦਿੱਤੇ। ਪਾਵਾ ਤੇ ਕੁਸ਼ੀਨਗਰ ਦਾ ਰਾਜਾ ਮੱਲਸ ਫੁੱਲਾਂ ਦੇ ਹਾਰ, ਸੁੰਦਰ ਵਸਤਰ ਅਤੇ ਸੁਗੰਧੀਆਂ ਲੈ ਕੇ ਮਹਾਂਯੋਗੀ ਨੂੰ ਸ਼ਰਧਾਂਜਲੀ ਦੇਣ ਲਈ ਸਭ ਤੋਂ ਪਹਿਲਾ ਆਏ । ਮੱਲਸ ਨੇ ਕਿਹਾ-ਤਥਾਗਤ ਨੇ ਆਖਰੀ ਵਾਰ ਸਾਨੂੰ ਯਾਦ ਕੀਤਾ, ਇਹ ਕਰਜ਼ਾ ਕਿਵੇ ਉਤਾਰਾਂਗੇ ਅਸੀਂ? ਫਿਰ ਬੋਲਿਆ- ਸਾਨੂੰ ਕਿੰਨੇ ਧਨਵਾਨ ਕਰ ਗਿਆ ਹੈ ਉਹ। ਸਾਡੇ ਵਰਗਾ ਕੌਣ ਹੈ ਅਮੀਰ ਅਜ ਦੁਨੀਆਂ ਵਿਚ? ਜਿਵੇਂ-ਜਿਵੇਂ ਖਬਰਾਂ ਪੁੱਜਦੀਆਂ ਗਈਆਂ ਲੋਕ ਦਰਸ਼ਨਾਂ ਲਈ ਕਤਾਰਾਂ ਬੰਨ੍ਹ-ਬੰਨ੍ਹ ਆਉਂਦੇ ਗਏ। ਉਸ ਦੀ ਮਿਰਤਕ ਦੇਹ ਸੱਤ ਦਿਨ ਦਰਸ਼ਨਾ ਵਾਸਤੇ ਸੰਭਾਲੀ ਗਈ। ਅਮਰਪਾਲੀ ਆਪਣੇ ਸੰਗੀਤ ਮੰਡਲ ਸਮੇਤ ਆਈ। ਮੱਥਾ ਟੇਕਿਆ ਅਤੇ ਨਜ਼ਦੀਕ ਬੈਠ ਕੇ ਭਜਨ ਗਾਉਣ ਲੱਗ ਪਈ। ਉਸ ਦਾ ਜਥਾ ਸਾਰਾ ਹਫਤਾ ਉਥੇ ਰਿਹਾ। ਅਮਰਪਾਲੀ ਲਗਾਤਾਰ ਗਾਉਂਦੀ ਰਹੀ।

ਜਦੋਂ ਅਰਥੀ ਸ਼ਮਸ਼ਾਨਘਾਟ ਵੱਲ ਲੈ ਕੇ ਤੁਰੇ ਤਾਂ ਅਮਰਪਾਲੀ ਕਾਫਲੇ ਦੇ ਅੱਗੇ ਹੋ ਗਈ। ਉਸ ਦਾ ਜਥਾ ਉਸ ਦੇ ਨਾਲ ਸੀ। ਉਹ ਸ਼ਮਸ਼ਾਨਘਾਟ ਤਕ ਨੱਚਦੀ ਗਈ। ਉਸ ਦਾ ਜਥਾ ਗਾਉਂਦਾ ਗਿਆ। 

ਅਸਥੀਆਂ ਲੈਣ ਮਗਧ ਦਾ ਰਾਜਾ ਅਜਾਤ-ਸ਼ੱਤਰੂ ਆਇਆ। ਵੈਸ਼ਾਲੀ ਗਣਤੰਤਤਰ ਦੇ ਛੇ ਰਾਜੇ ਆਏ ਤੇ ਅਸਥੀਆਂ ਲੈਣ ਲਈ ਪ੍ਰਾਰਥਨਾ ਕੀਤੀ। ਕਪਿਲਵਸਤੂ ਦੇ ਸ਼ਾਕਯ ਆਏ, ਅੱਲਕਲਪ ਦਾ ਬਯੂਲੀ, ਰਾਮਗਾਮ ਦਾ ਰਾਜਾ ਕੋਲਿਅਸ, ਪਾਵਾ ਦਾ ਰਾਜਾ ਮੱਲਸ ਤੇ ਪਿਪਲੀਵਣ ਦਾ ਰਾਜਾ ਮੋਰਯਾ ਆਇਆ।

ਫੁੱਲ ਚੁਗਣ ਵੇਲੇ ਉਪਾਲੀ ਨੇ ਇਹ ਸ਼ਰਧਾਂਜਲੀ ਭੇਟ ਕੀਤੀ – 
ਹੇ ਭਿਖੂਓ, ਸ਼ਰੱਮਣੋ, ਸਾਧੂਓ ਤੇ ਗ੍ਰਹਿਸਥੀਓ, ਸਾਡਾ ਪਿਆਰਾ ਸਾਡੇ ਤੋਂ ਵਿਛੁੜਿਆ ਨਹੀਂ ਹੈ। ਲੱਖਾਂ ਅੱਖਾਂ ਵਿਚ ਉਹ ਰੋਸ਼ਨੀ ਬਣ  ਕੇ ਟਿਕ ਗਿਆ ਹੈ। ਅੱਖਾਂ ਵਾਲੇ ਉਸ ਨੂੰ ਦੇਖ ਲਿਆ ਕਰਨਗੇ। ਬਹੁਤ ਸਾਰੇ ਰਾਜੇ ਮਹਾਰਾਜੇ ਆਏ ਹਨ ਜੋ ਅਸਥੀਆਂ ਲੈਣ ਲਈ ਪ੍ਰਾਰਥਨਾ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਅਸਥੀਆਂ ਦਿਆਂਗੇ। ਕਹਿ ਰਹੇ ਹਨ ਕਿ ਰਾਜਧਾਨੀਆਂ ਵਿਚ ਅਸਥੀਆਂ ਦਾ ਸਨਮਾਨ ਕਰਕੇ ਉਹ ਬੋਧ ਸਤੂਪ, ਮੱਠ ਉਸਾਰਨਗੇ। ਪਰ ਸਾਡੇ ਪਿਆਰੇ ਸਿਧਾਰਥ ਨੂੰ ਜੇ ਇੱਟਾਂ ਅਤੇ ਚੂਨਾ ਪਸੰਦ ਹੁੰਦੇ ਤਾਂ ਉਹ ਕਪਿਲਵਸਤੂ ਦੇ ਮਹਿਲ ਨਾ ਤਿਆਗਦਾ। ਸਾਡੇ ਦਿਲ ਉਸ ਦੇ ਨਿਵਾਸ ਸਥਾਨ ਬਣਨਗੇ।

ਸਾਡੇ ਲਈ ਇਕ ਮੁਸ਼ਕਲ ਪੈਦਾ ਕਰ ਗਿਆ ਹੈ ਸਾਕਯਮੁਨੀ। ਪਹਿਲੋਂ ਆਪਣੇ ਦਿਲਾਂ ਵਿਚ ਅਸੀਂ ਆਪ ਵਸਦੇ ਸਾਂ ਇਸ ਲਈ ਜਿਹੋ ਜਿਹੇ ਵੀ ਇਹ ਘਰ ਸਨ, ਠੀਕ ਸਨ। ਪਰ ਹੁਣ ਇਨ੍ਹਾਂ ਥਾਵਾਂ ਤੇ ਤਥਾਗਤ ਦਾ ਨਿਵਾਸ ਹੋਵੇਗਾ ਇਸ ਲਈ ਦਿਲਾਂ ਦੇ ਇਹ ਮਹਿਲ ਸਾਫ਼ ਰੱਖਣੇ ਪੈਣਗੇ। ਮਿਹਨਤ ਕਰਨੀ ਪਵੇਗੀ। ਲਗਾਤਾਰ ਸਾਵਧਾਨ ਰਹਿਣਾ ਪਵੇਗਾ।

ਹੇ ਭਿਖੂਓ, ਹੇ ਗ੍ਰਹਿਸਥੀਓ! ਹੁਣ ਤੁਸੀਂ ਆਪੋ ਆਪਣੇ ਟਿਕਾਣਿਆਂ ਨੂੰ ਪਰਤ ਜਾਓ। ਧਰਤੀ ਉਪਰ ਮੰਦਾਰ ਦੇ ਫੁੱਲਾਂ ਦੀ ਭਾਰੀ  ਬਾਰਸ਼ ਹੋਈ ਹੈ। ਗੋਡੇ ਗੋਡੇ ਬਿੱਖਰੇ ਪੁਸ਼ਪਾਂ ਦੀ ਮੋਟੀ ਤਹਿ ਵਿਚੋਂ ਲੰਘ ਕੇ ਜਾਣਾ ਪਵੇਗਾ। ਗ੍ਰਹਿਸਥੀ ਘਰੀਂ ਜਾਣ ਤੇ ਭਿੱਖੂ ਜੰਗਲਾਂ ਦਾ ਰਾਹ ਫੜਨ। ਤੁਸੀਂ ਸਭ ਜਦੋਂ ਆਪਣੇ ਆਪਣੇ ਟਿਕਾਣਿਆਂ ਤੇ ਪੁਜੋਗੇ ਤਾਂ ਰੰਗਾਂ ਅਤੇ ਸੁਗੰਧੀਆਂ ਨਾਲ ਨੁਚੜਦੇ ਹੋਏ ਪੁੱਜੋਗੇ। ਤਥਾਗਤ ਸਹਾਈ ਹੋਣ।'' 

ਉਪਾਲੀ ਤੋਂ ਪਿਛੋਂ ਬੁੱਧ ਦੇ ਸਿੱਖ ਅਤੇ ਉਨ੍ਹਾਂ ਦੇ ਮਿੱਤਰ ਅਨੁਰੁੱਧ ਨੇ ਇਹ ਸ਼ਬਦ ਕਹੇ - 

ਸਾਰੀ ਹੋਂਦ ਦਾ ਉਦਯ, ਅੰਤ ਅਤੇ ਉਦੇਸ਼, ਸੱਚ ਹੈ। ਆਪਣੇ ਵਸੇਬੇ ਵਾਸਤੇ ਉਹ ਅਨੇਕ ਸੰਸਾਰ ਸਿਰਜਦਾ ਹੈ। ਸੱਚ ਕਦੀ ਸ਼ਿੰਗਾਰ ਨਹੀਂ ਕਰਦਾ। ਉਹ ਇੱਕ ਹੈ ਅਤੇ ਅਖੰਡ ਹੈ। ਮੌਤ ਦੀ ਸ਼ਕਤੀ ਤੋਂ ਸੁਤੰਤਰ, ਸਰਬ ਵਿਆਪਕ ਅਤੇ ਅਨੰਤ ਸ਼ਾਨਾਂ ਨਾਲ ਲੱਦਿਆ ਹੋਇਆ। ਵਿਸ਼ਵ ਵਿਚ ਬਹੁਤ ਸਾਰੇ ਰੰਗ ਬਰੰਗੇ ਸੱਚ ਨਹੀਂ ਹਨ। ਹਰ ਕਾਲ ਵਿਚ, ਹਰ ਸਥਾਨ ਉਤੇ ਉਹ ਇਕੱਲਾ ਰਿਹਾ ਅਤੇ ਅਕਾਲੀ ਰਿਹਾ। ਉਸ ਦਾ ਕੋਈ ਟਿਕਾਣਾ ਨਹੀਂ ਸੀ।

ਵਿਸ਼ਵ-ਰਚਨਾ ਦੇ ਮੁਢਲੇ ਦੌਰ ਵਿਚ ਸੂਰਜ, ਧਰਤੀ ਅਤੇ ਚੰਨ ਦਾ ਮੁਖੜਾ ਦਿੱਸਿਆ। ਵਾਯੂ-ਮੰਡਲ ਦੀ ਧੂੜ ਵਿਚ ਲਿੱਬੜ ਕੇ ਸੱਚ ਨੇ ਬੇਅੰਤ ਰੌਸ਼ਨੀ ਪ੍ਰਗਟ ਕੀਤੀ। ਪਰ ਅਜੇ ਉਸ ਨੂੰ ਦੇਖਣ ਵਾਲੀ ਕੋਈ ਅੱਖ ਨਹੀਂ ਸੀ, ਸੁਣਨ ਵਾਲਾ ਕੋਈ ਕੰਨ ਨਹੀਂ ਸੀ, ਉਸ ਦੇ ਮਾਇਨੇ ਸਮਝਣ ਵਾਲਾ ਕੋਈ ਮਨ ਨਹੀਂ ਸੀ। ਹੋਂਦ ਦੇ ਇਸ ਅਮਿੱਤ ਪਸਾਰ ਵਿਚ ਸੱਚ ਨੂੰ ਕੋਈ ਥਾਂ ਅਜਿਹੀ ਨਾ ਮਿਲੀ ਜਿਥੇ ਉਹ ਪੂਰੇ ਜਲੌ ਨਾਲ ਨਿਵਾਸ ਕਰ ਸਕਦਾ।

ਯੁੱਗ ਬੀਤੇ ਤੇ ਵਿਕਾਸ ਦੇ ਅਨੇਕ ਦੌਰਾਂ ਵਿਚੋਂ ਚੇਤਨਾ ਪ੍ਰਗਟ ਹੋਈ। ਜੀਵਨ ਨੇ ਨਵਾਂ ਸੰਸਾਰ ਸਿਰਜਿਆ ਜਿਸ ਵਿਚ ਬਲਵਾਨ ਜਜ਼ਬੇ ਸਨ, ਬੇਅੰਤ ਵਾਸਨਾ ਸੀ ਅਤੇ ਇਕ ਅਜਿੱਤ ਸ਼ਕਤੀ ਲਹਿਰਾਉਣ ਲੱਗੀ। ਵਿਸ਼ਵ ਜੁੱਟਾਂ ਵਿਚ ਵੰਡਿਆ ਗਿਆ। ਸੁਖ ਨਾਲ ਦੁਖ, ਆਤਮ ਨਾਲ ਅਨਾਤਮ, ਦੋਸਤੀ ਨਾਲ ਦੁਸ਼ਮਣੀ, ਪਿਆਰ ਨਾਲ ਨਫਰਤ, ਸਾਰੇ ਬਰਾਬਰ ਵਧੇ ਤੇ ਫੈਲੇ। ਭਾਵਨਾਵਾਂ ਦੇ ਇਸ ਦੌਰ ਵਿਚ ਸੱਚ ਥਰਥੱਰਾਇਆ ਅਤੇ ਬੇਅੰਤ ਸ਼ਕਤੀਸ਼ਾਲੀ ਹੁੰਦੇ ਸੁੰਦੇ ਉਸ ਨੂੰ ਵਿਸ਼ਵ ਵਿਚ ਕੋਈ ਥਾਂ ਅਜਿਹੀ ਨਾ ਮਿਲੀ ਜਿਥੇ ਉਹ ਦੋ ਘੜੀ ਚੈਨ ਨਾਲ ਟਿਕ ਸਕਦਾ।

ਜੀਵਨ ਸੰਗਰਾਮ ਵਿਚੋਂ ਫਿਰ ਦਰਸ਼ਨ ਨੇ ਜਨਮ ਲਿਆ। ਦਰਸ਼ਨ ਨੇ ਆਤਮ ਨੂੰ ਰਾਹ ਦਿਖਾਉਣਾ ਸ਼ੁਰੂ ਕੀਤਾ। ਸਾਰੀ ਰਚਨਾ ਦੇ ਵਿਚਕਾਰ ਬੈਠ ਕੇ ਦਰਸ਼ਨ ਨੇ ਆਪਣੇ ਸਿਰ ਉਪਰ ਹਕੂਮਤ ਦਾ ਤਾਜ ਰੱਖ ਲਿਆ। ਜਾਨਵਰਾਂ ਉਤੇ ਅਤੇ ਸਾਰੇ ਤੱਤਾਂ ਉਤੇ ਦਰਸ਼ਨ ਨੇ ਵਿਜੈ ਹਾਸਲ ਕੀਤੀ। ਪਰ ਨਾਲ-ਨਾਲ ਦਰਸ਼ਨ ਨੇ ਨਫ਼ਰਤ, ਹਵਸ ਅਤੇ ਹੰਕਾਰ ਦੀ ਅਗਨੀ ਵਿਚ ਹੋਰ ਬਾਲਣ ਸੁੱਟ ਕੇ ਭਾਂਬੜ ਬਾਲੇ। ਸੱਚ ਨੇ ਦਰਸ਼ਨ ਦੇ ਕਿਲੇ ਦੀ ਬੜੀ ਵਾਰ ਮੁਰੰਮਤ ਕੀਤੀ ਪਰ ਇਸ ਕਿਲੇ ਵਿਚ ਵੀ ਕੋਈ ਥਾਂ ਅਜਿਹੀ ਨਾ ਮਿਲੀ ਜਿਥੇ ਉਹ ਸਥਾਈ ਟਿਕਾਣਾ ਬਣਾ ਸਕਦਾ।

ਸੱਚ ਨੇ ਦਰਸ਼ਨ ਵਿਚ ਟਿਕਣਾ ਚਾਹਿਆ ਤਾਂ ਦੇਖਿਆ ਕਿ ਦਰਸ਼ਨ ਦੋ ਧਾਰਾ ਖੰਡਾ ਹੈ ਜਿਹੜਾ ਪਹਿਲੋਂ ਸਿਰਜਦਾ ਹੈ ਫਿਰ ਵਢਦਾ ਹੈ। ਸੱਚ ਨੇ ਕਿਹਾ- ਦਰਸ਼ਨ ਮੇਰਾ ਦਸਤਰਖ਼ਾਨ ਹੈ। ਥੋੜ੍ਹੀ ਦੇਰ ਇਸ ਤੇ ਆਰਾਮ ਕਰਾਂਗਾ। ਫਿਰ ਚਲਾ ਜਾਵਾਂਗਾ, ਕਿਉਂਕਿ ਇਹ ਮੇਰਾ ਘਰ ਨਹੀਂ ਹੈ। ਭਾਵੇਂ ਦਰਸ਼ਨ ਰਾਹੀਂ ਸੱਚ ਦੀ ਕੁੱਝ ਥਾਹ ਪੈਂਦੀ ਹੈ ਪਰ ਨਿਰੋਲ ਤੇ ਨਿਰੋਲ ਦਰਸ਼ਨ ਖਾਲੀ ਮੰਜੀ ਹੈ ਜਿਸ ਉਤੇ ਜਦੋਂ ਸੱਚ ਬੈਠ ਜਾਵੇ ਤਾਂ ਅਮਰ ਅਕਾਲੀ ਸਰਕਾਰ ਜਲਵਾਨੁਮਾ ਹੁੰਦੀ ਹੈ। 

ਦਰਸ਼ਨ ਨੇ ਬੜੀ ਵਾਰ ਯਤਨ ਕੀਤੇ ਕਿ ਆਤਮ ਨੂੰ ਬਲਵਾਨ ਕਰਕੇ ਸਭ ਜੀਵਾਂ ਵਿਚੋਂ ਨਫਰਤ, ਵਾਸਨਾ ਤੇ ਪਾਪ ਨਸ਼ਟ ਕਰ ਸਕੇ, ਪਰ ਇਨ੍ਹਾਂ ਯਤਨਾਂ ਵਿਚ ਦਰਸ਼ਨ ਥੱਕ ਕੇ ਟੁੱਟ ਗਿਆ ਤੇ ਮਨੁੱਖ ਉਸ ਦੇ ਮਲਬੇ ਹੇਠ ਦੱਬ ਗਏ। ਤਦ ਸੱਚ, ਬੁੱਧ ਬਣ ਕੇ ਵਿਸ਼ਵ ਵਿਚ ਪ੍ਰਕਾਸ਼ਵਾਨ ਹੋਇਆ ਜਿਥੇ ਉਸ ਨੂੰ ਪੂਰਨ ਆਰਾਮ ਮਿਲਿਆ। ਉਸ ਨੇ ਫੈਸਲਾ ਕੀਤਾ ਕਿ ਇਹੀ ਉਸ ਦਾ ਟਿਕਾਣਾ ਬਣੇ। 

ਹੇ ਬੁੱਧ! ਸੱਚ ਦਾ ਕਿਤੇ ਹੋਰ ਟਿਕਾਣਾ ਹੁੰਦਾ ਇਹ ਉਥੇ ਜਾਂਦਾ। ਪਰ ਇਹ ਤੇਰੇ ਪਾਸ ਆਇਆ ਹੈ। ਕਦੀ ਇਸ ਨੇ ਹੋਂਦ ਦੇ ਜਜ਼ਬਿਆਂ ਵਿਚ ਰੁਕਣਾ ਚਾਹਿਆ ਸੀ ਪਰ ਇਹ ਥਾਂ ਇਸ ਨੂੰ ਜਚੀ ਨਹੀਂ ਸੀ। ਇਹ ਇਥੋਂ ਚਲਾ ਗਿਆ ਸੀ ਪਰ ਇਸ ਦੀਆਂ ਪੈੜਾਂ ਦੇ ਨਿਸ਼ਾਨ ਇਥੇ ਬਚੇ ਪਏ ਹਨ।

ਸੱਚ ਨੇ ਬੁੱਧ ਰਾਹੀਂ ਮਨੁੱਖਾਂ ਅਤੇ ਦੇਵਤਿਆਂ ਨੂੰ ਕਿਹਾ- ਵਸਤਾਂ ਨੂੰ ਉਨ੍ਹਾਂ ਦੇ ਅਸਲੀ ਰੂਪ ਵਿਚ ਦੇਖੋ। ਉਸ ਨੇ ਦਰਸ਼ਨ ਨੂੰ ਕਿਹਾ -ਤੂੰ ਪਿਆਰ ਬਣ ਜਾ। ਜਦੋਂ ਮੇਰੇ ਸਾਹਮਣੇ ਆਵੇਂ ਤਾਂ ਕਰੁਣਾ ਬਣ ਕੇ ਆਈਂ। ਦਰਸ਼ਨ ਤੁਰੰਤ ਦਇਆ ਹੋ ਗਿਆ। ਸੱਚ ਖੁਸ਼ ਹੋਇਆ,  ਯੁੱਗਾਂ ਬਾਅਦ ਉਸ ਨੂੰ, ਇਕ ਖ਼ਾਨਾਬਦੋਸ਼ ਨੂੰ, ਰਹਿਣ ਲਈ ਚੰਗਾ ਘਰ ਮਿਲਿਆ ਜਿਸ ਦਾ ਨਾਮ ਉਸ ਨੇ ਬੁੱਧ ਰੱਖਿਆ।

ਬੁੱਧ ! ਹੇ ਕ੍ਰਿਪਾਲੂ ਬੁੱਧ, ਤੇ ਪਵਿੱਤਰ ਬੁੱਧ, ਹੇ ਸੰਪੂਰਨ ਬੁੱਧ, ਤੇਰੇ ਰਾਹੀਂ ਪ੍ਰਗਟ ਕੀਤਾ ਸੱਚ ਧਰਤੀ ਤੇ ਫੈਲਿਆ ਅਤੇ ਰਾਜ ਕਰਨ ਲੱਗਾ। ਪੁਲਾੜ ਅਨੰਤ ਹੈ ਬੇਸ਼ੱਕ, ਪਰ ਹੇ ਬੁੱਧ, ਸੱਚ ਤੇਰੀ ਸ਼ਰਣ ਵਿਚ ਆਇਆ ਹੈ। ਇਸ ਦਾ ਹੋਰ ਕੋਈ ਟਿਕਾਣਾ ਨਹੀਂ। ਇਸ ਖ਼ਾਨਾਬਦੋਸ਼ ਉਤੇ ਰਹਿਮ ਕਰੀਂ।

ਇਹ ਤਥਾਗਤ ਦੇ ਬਚਨ ਹਨ। ਇਹ ਹੁਸਨਲ ਚਰਾਗ ਅਤੇ ਸਾਹਿਬ ਦਿਮਾਗ਼ ਦੀ ਬਾਣੀ ਹੈ। ਸਾਡੇ ਨਾਮ ਲਿਖੀ ਹੋਈ ਇਹ ਬੁੱਧ ਦੀ ਵਸੀਅਤ ਹੈ।

ਹੇ ਬੁੱਧ, ਸਾਨੂੰ ਆਪਣੇ ਸਿੱਖਾਂ ਵਜੋਂ ਪ੍ਰਵਾਨ ਕਰ। ਹੇ ਬੁੱਧ, ਘਰੋਂ ਦੂਰ ਗਏ ਭਟਕੇ ਹੋਏ ਮੁਸਾਫਰਾਂ ਨੂੰ ਵਾਪਸ ਲਿਆ।''

ਬੁੱਧ ਦੇ ਦੇਹਾਂਤ ਉਪਰੰਤ ਅਮਰਪਾਲੀ ਕਿਸੇ ਰਾਜਮਹਿਲ ਵਿਚ ਨੱਚਣ ਗਾਉਣ ਨਹੀਂ ਗਈ। ਬੋਧ-ਗਾਥਾਵਾਂ ਗਾਉਂਦੀ। ਬੋਧ ਉਸਤਤਿ ਗਾਉਂਦੀ। ਬਦਨਾਮ ਹਵੇਲੀ ਉਤਮ ਬੋਧ-ਆਸ਼ਰਮ ਬਣ ਗਿਆ। ਭਿੱਖੂ, ਗ੍ਰਹਿਸਥੀ, ਮਰਦ ਔਰਤਾਂ ਸਭ ਉਸ ਨੂੰ ਸੁਣਨ ਆਉਂਦੇ। ਅਕਸਰ ਕਿਹਾ ਕਰਦੀ- ਰਾਜ ਕੁਮਾਰ, ਧਨੀ ਸੇਠ, ਰਾਜੇ ਮਹਾਰਾਜੇ ਮੈਨੂੰ ਸੱਦਦੇ, ਬੜਾ ਧਨ ਦਿੰਦੇ, ਸਤਿਕਾਰ ਦਿੰਦੇ। ਪਰ ਚੰਗੇ ਨਾ ਲਗਦੇ। ਕਿਹੋ ਜਿਹਾ ਸੀ ਸਾਡਾ ਇਹ ਭਿਖਮੰਗਾ ਕਿ ਅਸੀਂ ਸਾਰਾ ਕੁੱਝ ਉਸ ਦੇ ਚਰਨਾ ਵਿਚ ਅਰਪਣ ਕਰਨ ਲੱਗਿਆ ਬਾਰ-ਬਾਰ ਸੋਚਦੇ, ਪ੍ਰਵਾਨ ਕਰੇਗਾ ਕਿ ਨਹੀਂ। ਮਹਿਲ ਤਿਆਗ ਕੇ ਉਸ ਨੇ ਠੂਠਾ ਹੱਥ ਵਿਚ ਫੜਿਆ ਪਰ ਮੰਗਤਾ ਕਦੋਂ ਬਣ ਸਕਿਆ ਉਹ। ਸਾਡੇ ਦਿਲ ਉਸ ਦੀਆਂ ਰਾਜਧਾਨੀਆਂ ਬਣੇ। ਇਕ ਕਪਿਲਵਸਤੂ ਛੱਡ ਕੇ ਉਸ ਨੇ ਲੱਖਾਂ ਦਿਲਾਂ ਵਿਚ ਆਪਣੇ ਮਹਿਲ ਉਸਾਰੇ ਤੇ ਰਾਜ ਕਰਨ ਲੱਗਾ। ਚਲਾਕ ਨਿਕਲਿਆ ਗੌਤਮ ਨਾਮ ਦਾ ਮੰਗਤਾ। ਬੁੱਧਮ ਸ਼ਰਣਮ ਗੱਛਾਮਿ''

rajwinder kaur

This news is Content Editor rajwinder kaur