ਆਜ਼ਾਦੀ ਅਸਲ ਵਿੱਚ ਆਮ ਲੋਕਾਂ ਦੀ ਪਹੁੰਚ ਤੋਂ ਕੋਹਾਂ ਦੂਰ ਹੈ...

08/15/2021 1:21:46 PM

ਅੱਜ ਭਾਵੇਂ ਅਸੀਂ ਸਾਰੇ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ ਪਰ ਅਸਲ ਵਿੱਚ ਇਹ ਆਜ਼ਾਦੀ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਭਾਵ ਇੱਕ ਸੁਪਨਾ ਬਣ ਕੇ ਰਹਿ ਗਈ ਕਿਉਂਕਿ ਕਿ ਆਮ ਇਨਸਾਨ ਤਾਂ ਅੱਜ ਵੀ ਭੁੱਖ ,ਬਿਮਾਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਾਲ ਹਰ ਰੋਜ਼ ਲੜ ਰਿਹਾ ਹੈ। ਆਜ਼ਾਦੀ ਦਾ ਅਸਲ ਆਨੰਦ ਤੇ ਸਾਡੇ ਚੁਣੇ ਹੋਏ ਸਿਆਸਤਦਾਨ ਮਾਣ ਰਹੇ ਹਨ। ਸਾਰੀਆਂ ਹੀ ਬੁਨਿਆਦੀ ਲੋੜਾਂ ਦਾ ਆਨੰਦ ਸਾਡੇ ਸਿਆਸੀ ਲੋਕ ਲੈ ਰਹੇ ਹਨ ਅਤੇ ਆਮ ਬੰਦਾ ਤੇ ਲੜ ਰਿਹਾ ਹੈ ਅੱਜ ਦੇ ਹਾਲਾਤਾਂ ਨਾਲ, ਹਰ ਕੋਈ ਸੋਚਦਾ ਹੈ ਕੀ ਸ਼ਾਇਦ ਇਸ ਵਾਰ ਬਣੀ ਹੋਈ ਨਵੀਂ ਸਰਕਾਰ ਗਰੀਬ ਅਤੇ ਬੇਰੁਜ਼ਗਾਰਾਂ ਲਈ ਕੁੱਝ ਖ਼ਾਸ ਅਤੇ ਨਵਾਂ ਕਰੇਗੀ ਪਰ ਅਫ਼ਸੋਸ ਹਰ ਵਾਰ ਝੂਠੇ ਵਾਅਦੇ ਅਤੇ ਲਾਰਿਆਂ ਨਾਲ ਹੀ ਪੰਜ ਸਾਲ ਬੀਤ ਜਾਂਦੇ ਹਨ। ਕੀ ਦੇਸ਼ ਦੇ ਲੋਕਾਂ 'ਤੇ ਦੇਸ਼ ਨੂੰ ਲੁੱਟਣ ਤੱਕ ਦੀ ਸੋਚ ਲੈ ਕੇ ਸਿਆਸਤ ਕਰਨੀ ਹੀ ਆਜ਼ਾਦੀ ਹੈ। ਕੀ ਰੁਜ਼ਗਾਰ ਮੰਗਣ ਉੱਤੇ ਜਵਾਨ ਧੀਆਂ ਭੈਣਾਂ, ਪੁੱਤਰਾਂ ਦਾ ਸਵਾਗਤ ਡੰਡਿਆਂ ਨਾਲ ਕਰਨਾ ਹੀ ਆਜ਼ਾਦੀ ਹੈ।

ਆਪਣੇ ਹੱਕਾਂ ਲਈ ਕਈ-ਕਈ ਮਹੀਨੇ ਧਰਨੇ ਲਗਾ ਕੇ ਬੈਠਣਾ ਆਪਣੇ ਹੱਕ ਮੰਗਣਾ ਕਿ ਇਹੋ ਆਜ਼ਾਦੀ ਹੈ। ਹਰੇਕ ਵਰਗ ਨਾਲ ਧੱਕਾ ਹੁੰਦਾ ਵੇਖ ਕੇ ਅਤੇ ਦੌਲਤਮੰਦ ਦਾ ਪੱਖ ਪੂਰਿਆ ਜਾਂਦਾ ਵੇਖ ਕੇ ਲੱਗਦਾ ਹੈ ਕੀ ਇਹ ਆਜ਼ਾਦੀ ਆਮ ਲੋਕਾਂ ਦੀ ਨਹੀਂ। ਅਸਲ ਵਿੱਚ ਆਮ ਲੋਕਾਂ ਨੂੰ ਆਜ਼ਾਦੀ ਮਿਲੀ ਹੀ ਨਹੀਂ। ਉਹਨਾਂ ਦੇ ਹਿੱਸੇ ਅੱਜ ਵੀ ਸੰਘਰਸ਼ ਹੈ ਅਤੇ ਉਹ ਕਰ ਵੀ ਰਹੇ ਹਨ। ਜਦੋਂ ਤੱਕ ਹਰੇਕ ਵਿਅਕਤੀ ਨੂੰ ਸਿਹਤ ਸਹੂਲਤਾਂ, ਉੱਚ ਪੜ੍ਹਾਈ, ਰੁਜ਼ਗਾਰ ਅਤੇ ਬਣਦਾ ਸਤਿਕਾਰ ਅਤੇ ਹੱਕ ਨਹੀਂ ਮਿਲ ਜਾਂਦਾ। ਅਸਲ ਵਿੱਚ ਅਸੀਂ ਅੱਜ ਵੀ ਗ਼ੁਲਾਮ ਹਾਂ, ਲਾਲਚੀ ਸਰਕਾਰਾਂ ਦੇ, ਅਸਲੀਅਤ ਵਿੱਚ, ਤਾਂ ਸਰਕਾਰ ਕਾਰਪੋਰੇਟ ਘਰਾਣੇ ਹੀ ਚਲਾ ਰਹੀ ਹੈ, ਕਰਜ਼ੇ ਵੱਡੇ-ਵੱਡੇ ਉਦਯੋਗ-ਪਤੀਆਂ ਦੇ ਮੁਆਫ਼ ਹੋ ਰਹੇ ਹਨ, ਅਤੇ ਚਹੇਤਿਆਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸ਼ਾਇਦ ਸਾਡੀਆਂ ਸਰਕਾਰਾਂ ਕੋਲ਼ ਲੋੜਵੰਦ, ਹੁਨਰਬੰਦ ਅਤੇ ਕਾਬਲੀਅਤ ਇਨਸਾਨਾਂ ਲਈ ਕੋਈ ਵੀ ਰੁਜ਼ਗਾਰ ਨਹੀਂ ਹੈ ਅਤੇ ਨੌਜਵਾਨ ਜੋ ਡਿਗਰੀਆਂ ਲੈ ਕੇ ਰੁਜ਼ਗਾਰ ਦੀ ਭਾਲ ਕਰ ਰਹੇ ਹਨ ਉਹਨਾਂ ਲਈ ਕੋਈ ਠੋਸ ਰਣਨੀਤੀ ਨਹੀਂ ਬਣਾਈ ਜਾਂਦੀ।

ਖ਼ਾਸ ਕਰਕੇ ਪੰਜਾਬ ਲਈ ਬਹੁਤ ਹੀ ਸ਼ਰਮ ਦੀ ਗੱਲ ਹੋਵੇਗੀ ਜੋ ਸਾਡੇ ਪੰਜਾਬ ਦਾ ਨੌਜਵਾਨ ਵਰਗ ਆਪਣਾ ਪੰਜਾਬ ਛੱਡ ਕੇ ਹੋਰਨਾਂ ਦੇਸ਼ਾਂ ਵਿੱਚ ਰੁਜ਼ਗਾਰ ਲਈ ਜਾ ਰਿਹਾ ਹੈ। ਇਸ ਵਿੱਚ ਕੋਈ ਫ਼ਕਰ ਕਰਨ ਵਾਲੀ ਗੱਲ ਨਹੀਂ ਕਿ ਪੰਜਾਬੀ ਬਾਹਰ ਬੈਠੇ ਹਨ ਸਗੋਂ ਇਹ ਸੋਚਣ ਵਾਲੀ ਗੱਲ ਹੈ ਕੀ ਕਿਉਂ ਬੈਠੇ ਹਨ। ਅੰਤ ਵਿੱਚ ਇਹੋ ਕਹਿਣਾ ਚਾਵਾਂਗਾ ਕੀ ਆਜ਼ਾਦੀ ਆਮ ਵਰਗ ਦੇ ਲੋਕਾਂ ਦੀ ਪਹੁੰਚ ਤੋਂ ਅਜੇ ਵੀ ਕੋਹਾਂ ਦੂਰ ਹੈ ਅੱਜ ਵੀ ਬਹੁਤ ਸਾਰੇ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਹੀ ਵਾਂਝੇ ਹਨ। ਅਸੀਂ ਆਜ਼ਾਦੀ ਸਿਆਸਤਦਾਨਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਆਜ਼ਾਦੀ ਕਹਿ ਸਕਦੇ ਹਾਂ ਪਰ ਆਮ ਲੋਕਾਂ ਦੀ ਆਜ਼ਾਦੀ ਵਾਲੀ ਲੜਾਈ ਅਤੇ ਸੰਘਰਸ਼ ਚੱਲ ਰਿਹਾ ਹੈ। 15 ਅਗਸਤ ਵਾਲਾ ਦਿਨ ਆਮ ਆਦਮੀ ਲਈ ਅੱਜ ਵੀ ਆਮ ਦਿਨਾਂ ਵਾਂਗੂ ਲੰਘ ਜਾਵੇਗਾ। ਕਿਉਂਕਿ ਉਹਨਾਂ ਨੂੰ ਫ਼ਿਕਰ ਰੁਜ਼ਗਾਰ ਦਾ ਹੈ, ਸਿਹਤ ਸਹੂਲਤਾਂ ਦਾ ਹੈ, ਬੱਚਿਆਂ ਦੇ ਭਵਿੱਖ ਦਾ ਹੈ, ਵਧੀ ਹੋਈ ਮਹਿੰਗਾਈ ਦਾ ਹੈ, ਦੇਸ਼ ਨੂੰ ਘੁਣ ਵਾਂਗੂ ਖਾ ਰਿਹਾ ਸਭ ਤੋਂ ਗੰਦੇ ਭ੍ਰਿਸ਼ਟਾਚਾਰ ਵਾਲੇ ਦੈਂਤ ਦਾ ਫ਼ਿਕਰ ਹੈ ਜੋ ਕਿ ਹੱਦੋਂ ਵੱਧ ਹੀ ਚੰਗੇ-ਚੰਗੇ ਅਫ਼ਸਰਾਂ ਅਤੇ ਨੇਤਾਵਾਂ ਦੇ ਖ਼ੂਨ ਵਿੱਚ ਰਚ ਗਿਆ ਹੈ। ਜਦੋਂ ਤੱਕ ਅਸੀਂ ਇਹਨਾਂ ਅਲਾਮਤਾਂ ਤੋਂ ਛੁਟਕਾਰਾਂ ਨਹੀਂ ਪਾ ਲੈਂਦੇ ਜਾਂ ਮਿਲ ਨਹੀਂ ਜਾਂਦਾ ਅਸਲ ਵਿੱਚ ਇਹ ਆਜ਼ਾਦੀ ਆਮ ਲੋਕਾਂ ਦੀ ਨਹੀਂ ਹੋ ਸਕਦੀ। ਇਹਨਾਂ ਸ਼ਬਦਾਂ ਨਾਲ ਤੁਹਾਡਾ ਆਪਣਾ 

ਗੁਰਪ੍ਰੀਤ ਸਿੰਘ ਜਖਵਾਲੀ

ਮੋਬਾਇਲ 98550 36444


Aarti dhillon

Content Editor

Related News