ਕਹਾਣੀ ਵਿਸ਼ੇਸ਼ -3 : ਮਜਬੂਰ ਇਨਸਾਨੀਅਤ ਤੇ ਮਰੀ ਜ਼ਮੀਰ ਨੂੰ ਝੰਜੋੜਦੀਆਂ ਪੜ੍ਹੋ 3 ਮਿੰਨੀ ਕਹਾਣੀਆਂ

10/13/2020 4:43:02 PM

ਅਸ਼ੋਕ ਕੰਬੋਜ

ਬਾਲ ਸਭਾ
‘ਇੱਕ ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ, ਉੱਤੋਂ ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ...’

ਇਹ ਸਤਰਾਂ ਅੱਜ ਦੀ ਬਾਲ ਸਭਾ ਵਿੱਚ ਮੋਹਿਤ ਬੜੇ ਜੋਸ਼ ਨਾਲ ਬੋਲ ਰਿਹਾ ਸੀ। ਅਚਾਨਕ ਹੀ ਉਸਨੂੰ ਇਹ ਸਭ ਬੋਲਣ ਤੋਂ ਰੋਕ ਦਿੱਤਾ ਗਿਆ।
“ਕੀ ਤੁਹਾਨੂੰ ਇਹੋ ਜਿਹੇ ਗੀਤ ਹੀ ਆਉਂਦੇ ਹਨ? ਕੋਈ ਦੇਸ਼ ਭਗਤੀ ਵਾਲਾ ਗੀਤ ਨਹੀਂ ਆਉਂਦਾ?”
ਮੈਡਮ ਪਰਵਿੰਦਰ ਕੌਰ ਨੇ ਉਸਨੂੰ ਝਾੜਦਿਆਂ ਕਿਹਾ।
ਮੋਹਿਤ ਉਥੇ ਹੀ ਚੁੱਪ ਚਾਪ ਖੜਿਆ ਰਿਹਾ। ਦੁਬਾਰਾ ਫਿਰ ਪਿਆਰ ਨਾਲ ਪੁੱਛਣ ’ਤੇ ਉਸ ਨੇ ਹੋਲੀ ਜਿਹੇ ਕਿਹਾ “ਮੈਡਮ ਜੀ ਏਹ ਗਾਣਾ ਮੈਂ ਸਾਰਾ ਦਿਨ ਟੈਲੀਵਿਜ਼ਨ ਉੱਪਰ ਸੁਣਦਾ ਹਾਂ ਤਾਂ ਕਰਕੇ ਮੈਨੂੰ ਏਹ ਯਾਦ ਹੈ ਜੀ।”
ਮੈਡਮ ਕਿੰਨੀ ਦੇਰ ਉਸਦੀ ਕਹੀ ਗੱਲ ਸੋਚਦੇ ਰਹੇ। ਵੈਸੇ ਇਸ ਵਿੱਚ ਕਸੂਰ ਮੋਹਿਤ ਦਾ ਨਹੀਂ ਸੀ। ਉਸਨੇ ਉਹੀ ਸਿੱਖਿਆ ਜੋ ਸਮਾਜ ਨੇ ਉਸਨੂੰ ਪਰੋਸ ਕੇ ਦਿੱਤਾ। ਲੱਚਰਤਾ ਭਰੇ ਅੱਜ ਦੇ ਗੀਤਾਂ ਅਤੇ ਸਾਹਿਤ ਤੋਂ ਅਸੀਂ ਉਮੀਦ ਵੀ ਕੀ ਕਰ ਸਕਦੇ ਹਾਂ। ਬੱਚਿਆਂ ਉੱਪਰ ਇਸ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ।
ਲੋੜ ਹੈ ਇਸ ਪ੍ਰਤੀ ਉਸਾਰੂ ਕਦਮ ਚੁੱਕਣ ਦੀ ਤਾਂ ਜੋ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਕਾਇਮ ਰੱਖਿਆ ਜਾ ਸਕੇ।

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਜ਼ਮੀਰ ਮਰ ਗਈ
ਅੱਤ ਦੀ ਗਰਮੀ ਪੈ ਰਹੀ ਸੀ। ਮੈਂ ਸ਼ਹਿਰੋਂ ਪਿੰਡ ਨੂੰ ਆਉਣ ਵਾਲੀ ਬੱਸ ਦਾ ਇੰਤਜ਼ਾਰ ਕਰ ਰਿਹਾ ਸਾਂ। ਮੇਰੇ ਕੋਲ ਚਾਰ ਪੰਜ ਮਾਈਆਂ ਹੱਥਾਂ ਵਿੱਚ ਮੈਲੀਆਂ ਪੋਟਲੀਆਂ ਫੜੀ ਬੜੀ ਬੇ – ਸਬਰੀ ਨਾਲ ਬੱਸ ਵੱਲ ਦੇਖ ਰਹੀਆਂ ਸਨ। ਉਪਰੋਂ ਸਿਖਰ ਦੁਪਹਿਰਾ ਅਤੇ ਗਰਮੀ ਵੀ ਅੱਤ ਦੀ ਸੀ।

ਦੇਖਦੇ ਹੀ ਦੇਖਦੇ ਬੱਸ ਅੱਡੇ ਉੱਪਰ ਕਾਫੀ ਚੀਕ ਚਿਹਾੜਾ ਹੋ ਗਿਆ। ਜਿਸ ਦਾ ਇੰਤਜ਼ਾਰ ਸੀ ਉਹ ਬੱਸ ਵੀ ਆ ਗਈ। ਸਭ ਸਵਾਰੀਆਂ ਜੱਦੋ ਜਹਿਦ ਨਾਲ ਖਿੱਚੋ ਤਾਣੀ ਕਰਕੇ ਬੱਸ ਅੰਦਰ ਵੜਨ ਦਾ ਜ਼ੋਰ ਲਾ ਰਹੀਆਂ ਸਨ। ਕਿਸੇ ਦਾ ਧਿਆਨ ਉਨ੍ਹਾਂ ਮਾਈਆਂ ਵੱਲ ਨਾ ਗਿਆ। 

ਆਖਿਰ ਉਹ ਵੀ ਆਪਣੀਆਂ ਪੋਟਲੀਆਂ ਚੁੱਕ ਕੇ ਅੰਦਰ ਵੜ ਗਈਆਂ। ਕੰਡਕਟਰ ਵੀ ਆਪਣੀ ਰੁੱਖੀ ਬੋਲੀ ਉਨ੍ਹਾਂ ਉੱਪਰ ਝਾੜ ਗਿਆ। ਬੱਸ ਨੱਕੋ ਨੱਕ ਭਰ ਗਈ। ਮੈਂ ਵੀ ਖਿੜਕੀ ਕੋਲ ਇਕ ਪੈਰ ਰੱਖਣ ਦੀ ਜਗ੍ਹਾ ਜਿੰਨੀ ਥਾਂ ਉੱਪਰ ਹੀ ਖੜਿਆ ਸੀ। ਉਹ ਮਾਈਆਂ ਨਿਮਾਣੀ ਨਜ਼ਰਾਂ ਨਾਲ ਸੀਟ ਖ਼ਾਲੀ ਹੋਣ ਦਾ ਇੰਤਜ਼ਾਕ ਕਰ ਰਹੀਆਂ ਸਨ। ਚਾਰ ਪੰਜ ਕਾਲਜੀ ਮੁੰਡੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਹੇ ਸਨ। ਕੋਈ ਵਿਆਹ ਦੀਆਂ ਗੱਲਾਂ ਵਿੱਚ ਮਸਤ ਸੀ, ਕੋਈ ਕਾਰੋਬਾਰ ਦੀਆਂ। ਕਿਸੇ ਦਾ ਵੀ ਧਿਆਨ ਉਨ੍ਹਾਂ ਮਾਈਆਂ ਵੱਲ ਨਾ ਗਿਆ। ਮੈਂ ਖਿੜਕੀ ਕੋਲ ਖੜ੍ਹਾ ਮਾਯੂਸ ਹੋ ਕੇ ਸੋਚ ਰਿਹਾ ਸਾਂ ਕਿ ਲੋਕ ਕਿਸ ਪਾਸੇ ਵੱਲ ਜਾ ਰਹੇ ਹਨ? ਕੀ ਹੁਣ ਲੋਕਾਂ ਨੂੰ ਮਾਂ ਵਿੱਚੋ ਰੱਬ ਨਜ਼ਰ ਨਹੀਂ ਆਉਂਦਾ? ਕਿੱਥੇ ਗਿਆ ਉਹ ਸੱਭਿਆਚਾਰ ਜੋ ਸਭ ਤੋਂ ਪਹਿਲਾਂ ਇਸਤਰੀ ਜਾਤੀ ਦੀ ਕਦਰ ਕਰਨਾ ਸਿਖਾਉਂਦਾ ਸੀ?

ਉਹ ਮਾਈਆਂ ਬੱਸ ਹਿੱਲਣ ਦੇ ਨਾਲ ਕਦੇ ਖੱਬੇ ਝੂਲਦੀਆਂ ਕਦੇ ਸੱਜੇ। ਬਰੇਕਾਂ ਲੱਗਣ ਕਾਰਨ ਅੱਗੇ ਸੀਟਾਂ ਵਿੱਚ ਜਾਂ ਵੱਜਦੀਆਂ। ਕੀ ਉਹ ਵੀ ਕਿਸੇ ਦੀਆਂ ਮਾਵਾਂ ਨਹੀਂ ਸਨ? ਮੈਂ ਮਜਬੂਰ ਇਨਸਾਨੀਅਤ ਅਤੇ ਮਰਦੀ ਜ਼ਮੀਰ ਨੂੰ ਦੇਖਦਾ ਰਿਹਾ ਬੱਸ ਦੇਖਦਾ ਰਿਹਾ।

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਸਕੂਨ
ਮੈਂ ਆਪਣੇ ਸਾਥੀ ਕੰਵਲ ਦੀ ਕਾਰ ਤੋਂ ਉਤਰ ਕੇ ਸਕੂਲ ਵੱਲ ਜਾ ਰਿਹਾ ਸੀ। ਸਾਥੀ ਦਾ ਸਕੂਲ ਥੋੜ੍ਹਾ ਦੂਰ ਹੋਣ ਕਰਕੇ ਉਹ ਦੂਸਰੇ ਰਾਸਤੇ ਤੋਂ ਜਾਇਆ ਕਰਦਾ ਸੀ, ਜਿਸ ਕਾਰਨ ਮੈਨੂੰ ਅੱਧਾ ਕੁ ਮੀਲ ਪੈਦਲ ਤੁਰਨਾ ਪੈਂਦਾ ਸੀ।

ਮਾਰਚ ਦਾ ਮਹੀਨਾ ਸੀ। ਮੈਂ ਦੇਖਿਆ ਮੇਰੇ ਅੱਗੇ ਅੱਗੇ 5ਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਨੂੰ ਉਸਦੇ ਮਾਤਾ ਜੀ ਸਕੂਲ ਛੱਡਣ ਆ ਰਹੇ ਸਨ। ਮਨਪ੍ਰੀਤ ਬਹੁਤ ਹੀ ਹੁਸ਼ਿਆਰ ਅਤੇ ਮਾਸੂਮ ਬੱਚੀ ਸੀ। ਉਹ ਸਭ ਨਾਲ ਪਿਆਰ ਨਾਲ ਗੱਲ ਕਰਦੀ ਸੀ। ਉਹ ਸਵੇਰ ਦੀ ਸਭਾ ਵਿੱਚ ਜੋ ਅੱਜ ਦਾ ਵਿਚਾਰ ਬੋਲਦੀ ਸੀ ਤਾਂ ਸਭ ਨੂੰ ਹੈਰਾਨ ਕਰ ਦਿੰਦੀ ਸੀ। ਪਤਾ ਨਹੀਂ ਕਿੱਥੋਂ ਕਿੱਥੋਂ ਗੱਲਾਂ ਲੈ ਕੇ ਵਿਚਾਰ ਬੋਲਦੀ ਸੀ।

ਉਹ ਸਕੂਲ ਵਾਲੇ ਰਾਸਤੇ ’ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਮੇਰੇ ਮਗਰ ਹੋਣ ਦੀ ਭਣਕ ਨਹੀਂ ਸੀ। ਮਨਪ੍ਰੀਤ ਬੋਲੀ “ਮੰਮੀ ਜੀ, ਮੈਂ ਇਸ ਵਾਰ 200 ਰੁਪਏ ਵਾਲਾ ਸਕੂਲ ਬੈਗ ਲੈਣਾ ਹੈ। ਮੇਰੀਆਂ ਸਾਰੀਆਂ ਸਹੇਲੀਆਂ ਨਵੇਂ ਬੈਗ ਲੈ ਰਹੀਆਂ ਹਨ”।

“ਨਹੀਂ, ਤੂੰ ਇਕ ਵਾਰ ਏਹਦੇ ਨਾਲ ਹੀ ਗੁਜ਼ਾਰਾ ਕਰਲਾ ਪੁੱਤ, ਜਦੋਂ ਪੈਸੇ ਆ ਜਾਣਗੇ ਤਾਂ ਆਪਾਂ ਨਵਾਂ ਬੈਗ ਲਵਾਂਗੇ।”...ਮਾਂ ਨੇ ਹੌਲੀ ਜਿਹਾ ਕਿਹਾ।

ਮੈਂ ਸਾਰੇ ਸਾਲ ਕੋਈ ਪੈਸਾ ਨਹੀਂ ਖ਼ਰਚਿਆ, ਨਾ ਕਦੇ ਚੀਜ਼ ਲਈ ਪੈਸੇ ਮੰਗੇ, ਮੈਂ ਬੈਗ ਜ਼ਰੂਰ ਲੈਣਾ ਹੈ” ਮਨਪ੍ਰੀਤ ਨੇ ਜਵਾਬ ਦਿੱਤਾ।

ਮਾਤਾ ਦੁਆਰਾ ਦੱਸੇ ਘਰ ਦੇ ਹਾਲਾਤ ਦੇਖ ਕੇ ਮਨਪ੍ਰੀਤ ਦੇ ਬੈਗ ਦਾ ਸੁਪਨਾ ਸੁਪਨਾ ਹੀ ਰਹਿ ਗਿਆ।

ਮੈਂ ਸਾਰੀ ਵਾਰਤਾਲਾਪ ਕੰਨੀ ਸੁਣੀ। ਮੇਰਾ ਮਨ ਚੈਨ ਨਹੀਂ ਲੈ ਰਿਹਾ ਸੀ ਕਿ ਉਹ ਬੱਚੀ ਜਿਸਨੇ ਆਪਣੇ ਬੈਗ ਲਈ ਚੀਜ਼ ਤੱਕ ਨਹੀਂ ਲਈ ਉਹ ਘਰ ਦੇ ਹਾਲਾਤਾਂ ਅੱਗੇ ਮਜ਼ਬੂਰ ਹੋਕੇ ਅੱਜ ਬੈਗ ਤੋਂ ਵਾਂਝੀ ਰਹਿ ਗਈ।

ਪਰ ਘਰ ਦੇ ਹਾਲਾਤ ਵੀ ਅਜੀਬ ਹੁੰਦੇ ਹਨ, ਬੰਦਾ ਜੋ ਕੁਝ ਕਰਦਾ ਹੈ, ਹਾਲਾਤ ਅੱਗੇ ਆ ਕੇ ਖ਼ੜ ਜਾਂਦੇ ਹਨ। ਐਨੇ ਸਮੇਂ ਵਿੱਚ ਅਸੀਂ ਸਕੂਲ ਆ ਗਏ। ਮਨਪ੍ਰੀਤ ਵੀ ਆਪਣਾ ਪੁਰਾਣਾ ਬਸਤਾ ਲੈ ਕੇ ਜਮਾਤ ਅੰਦਰ ਚਲੇ ਗਈ।

ਮੇਰਾ ਮਨ ਸ਼ਾਂਤ ਨਹੀਂ ਹੋ ਰਿਹਾ ਸੀ। ਖ਼ਿਆਲਾਂ ਨਾਲ ਖੇਡਾਂ ਕਰਦਾ ਮੈਂ ਕਿਤਾਬਾਂ ਵਾਲੀ ਦੁਕਾਨ ’ਤੇ ਆਇਆ। ਇਕ ਸੋਹਣਾ ਜਿਹਾ ਬੈਗ ਲੈ ਕੇ ਦਫ਼ਤਰ ਵਿਚ ਰੱਖ ਦਿੱਤਾ। ਬੱਚਿਆਂ ਨੇ ਪ੍ਰਾਥਨਾਂ ਲਈ ਕਤਾਰਾਂ ਬਣਾ ਲਈਆਂ। ਸ਼ਬਦ ਖ਼ਤਮ ਹੋਇਆ ਤਾਂ ਮੈਂ ਜਲਦੀ ਜਲਦੀ ਅੱਗੇ ਜਾਕੇ ਕਿਹਾ ਕਿ ਜੋ ਬੱਚਾ ਅੱਜ ਸਭ ਤੋਂ ਵਧੀਆ ਢੰਗ ਨਾਲ ਅੱਜ ਦਾ ਵਿਚਾਰ ਦੱਸੇਗਾ ਉਹਨੂੰ ਇੱਕ ਖ਼ਾਸ ਇਨਾਮ ਦਿੱਤਾ ਜਾਵੇਗਾ। ਸਾਰੇ ਬੱਚੇ ਉਤਸ਼ਾਹਿਤ ਹੋ ਗਏ। ਸਭ ਨੇ ਵਿਚਾਰ ਬੋਲੇ ਪਰ ਜੋ ਅੱਜ ਮਨਪ੍ਰੀਤ ਨੇ ਵਿਚਾਰ ਬੋਲਿਆ, ਉਸ ਵਰਗਾ ਕਿਸੇ ਬੱਚੇ ਨੇ ਕਦੇ ਨਹੀਂ ਸੁਣਾਇਆ ਸੀ। ਮਨਪ੍ਰੀਤ ਨੇ ਬੜੇ ਜੋਸ਼ ਨਾਲ ਅੱਜ ਦਾ ਵਿਚਾਰ ਬੋਲਿਆ।

ਸਭ ਦੀ ਵਾਰੀ ਖਤਮ ਹੋਣ ਤੋਂ ਬਾਅਦ ਮੈਂ ਭੱਜ ਕੇ ਦਫਤਰ ਗਿਆ ਅਤੇ ਬੈਗ ਚੁੱਕ ਲਿਆਇਆ। ਮੈਂ ਸਭ ਨੂੰ ਪੁੱਛਿਆ ਕਿ ਏਸ ਇਨਾਮ ਦਾ ਹੱਕਦਾਰ ਕੌਣ ਹੈ ਤਾਂ ਸਭ ਨੇ ਮਨਪ੍ਰੀਤ ਵੱਲ ਹੀ ਇਸ਼ਾਰਾ ਕੀਤਾ। ਮੈਂ ਮਨਪ੍ਰੀਤ ਨੂੰ ਆਵਾਜ ਮਾਰ ਕੇ ਆਪਣੇ ਕੋਲ ਬੁਲਾਇਆ ਅਤੇ ਬੈਗ ਦੇ ਦਿੱਤਾ। ਸਾਰੇ ਬੱਚਿਆ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਮਨਪ੍ਰੀਤ ਦਾ ਹੌਸਲਾ ਵਧਾਇਆ।

ਮਨਪ੍ਰੀਤ ਦੀਆਂ ਅੱਖਾਂ ਵਿੱਚ ਜੋ ਖੁਸ਼ੀ ਅਤੇ ਚਮਕ ਮੈਂ ਓਸ ਦਿਨ ਦੇਖੀ ਸੀ ਸ਼ਾਇਦ ਹੀ ਕਿਤੇ ਦੇਖੀ ਹੋਏ। ਉਸ ਦੀਆਂ ਅੱਖਾਂ ਭਰ ਆਈਆਂ, ਕਿਉਂਕਿ ਉਸ ਦੇ ਹੱਥ ਉਸ ਦੀ ਸਭ ਤੋਂ ਪਿਆਰੀ ਚੀਜ਼ ਸੀ। ਉਸਨੇ ਡਿੱਗਦੇ ਹੰਝੂਆਂ ਨਾਲ ਕਿਹਾ ‘THANKU SIR’।

ਉਸਦੇ ਇਹ ਸ਼ਬਦ ਮਨ ਨੂੰ ਐਨਾ ਸਕੂਨ ਦੇ ਗਏ, ਜੋ ਸਕੂਨ ਲੱਖਾਂ ਕਰੋੜਾਂ ਰੁਪਇਆਂ ਤੋ ਵੀ ਉੱਪਰ ਸੀ।

rajwinder kaur

This news is Content Editor rajwinder kaur