ਵਿਸ਼ਵ ਭੋਜਨ ਸੁਰੱਖਿਆ ਦਿਵਸ : ਜਾਣੋ ਭੋਜਨ ਦੀ ਅਹਿਮੀਅਤ

06/07/2020 3:52:07 PM

ਖਾਵਹੁ ਖਰਚਹੁ ਰਲ ਮਿਲ ਭਾਈ।।
ਤੋਟ ਨਾ ਆਵੈ ਵਧਦੀ ਜਾਈ।।

ਕਾਫ਼ੀ ਸਮਾਂ ਪਹਿਲਾਂ ਦੀ ਗੱਲ ਹੈ। ਮੈਂ ਛੋਟਾ ਜਿਹਾ ਹੁੰਦਾ ਸੀ, ਆਪਣੇ ਨਾਨਕੇ ਪਿੰਡ ਗਰਮੀਆਂ ਦੀਆਂ ਛੁੱਟੀਆਂ ਕੱਟਣ ਗਿਆ ਹੋਇਆ ਸੀ। ਪਿੰਡ ਦੇ ਲਹਿੰਦੇ ਪਾਸੇ ਕਿਸੇ ਨੇ ਆਪਣੇ ਨਵੇਂ ਕੋਠੇ ਦੀ ਛੱਤ ਪਾਈ ਸੀ। ਉਦੋਂ ਲੋਕ ਆਮ ਹੀ ਇੱਕ ਦੂਜੇ ਦੀ ਮਦਦ ਵਾਸਤੇ ਬਿਨਾਂ ਸੱਦਿਆਂ ਹੀਂ ਚਲੇ ਜਾਂਦੇ ਸਨ। ਸ਼ਾਮ ਦਾ ਟਾਈਮ ਸੀ, ਤਿੰਨ ਚਾਰ ਔਰਤਾਂ ਸਿਰ ’ਤੇ ਕੁਝ ਚੁੱਕੀ ਆਉਂਦੀਆਂ, ਮੇਰੇ ਨਾਨਕੇ ਘਰ ਵੱਲ ਨੂੰ ਆ ਰਹੀਆਂ ਸਨ। ਮੈਂ ਬਾਹਰ ਖੇਡ ਰਿਹਾ ਸੀ, ਉਨ੍ਹਾਂ ਦੇ ਮਗਰ ਮਗਰ ਮੈਂ ਵੀ ਨਾਲ ਘਰੇ ਆ ਗਿਆ। ਆਉਂਦਿਆਂ ਹੀ ਉਨ੍ਹਾਂ ਨੇ ਮੇਰੀ ਨਾਨੀ ਜੀ ਨੂੰ ਆਵਾਜ਼ ਮਾਰੀ, ਮੇਰੀ ਨਾਨੀ ਜੀ ਬਾਹਰ ਆਏ, ਤਾਂ ਉਨ੍ਹਾਂ ਔਰਤਾਂ ਨੇ ਮੇਰੀ ਨਾਨੀ ਜੀ ਨੂੰ ਕਿਹਾ ਬੀਬੀ ਆਪਣੇ ਬਰਤਨ ਲਿਆਓ, ਆਹ ਸਬਜ਼ੀ ਅਤੇ ਰੋਟੀਆਂ ਨਾਲੇ ਆਹ ਕੜਾਹ ਪ੍ਰਸ਼ਾਦਿ ਲੈ ਲਓ। ਮੇਰੀ ਨਾਨੀ ਜੀ ਬਰਤਨ ਲੈ ਆਏ ਅਤੇ ਪੁੱਛਿਆ ਭਾਈ ਕੀ ਪ੍ਰੋਗਰਾਮ ਆਂ ? ਉਨ੍ਹਾਂ ’ਚੋਂ ਇੱਕ ਨੇ ਦੱਸਿਆ ਮਾਸੀ ਆਪਣੇ ਕੋਠੇ ਦੀ ਛੱਤ ਪਈ ਆ, ਇੰਨੀ ਸੁਣਦਿਆਂ ਹੀ ਮੇਰੀ ਨਾਨੀ ਜੀ ਨੇ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ, ਉਨ੍ਹਾਂ ਔਰਤਾਂ ਨੇ ਵਾਹਵਾ ਪਨੀਰ ਦੀ ਸਬਜ਼ੀ ਪਤੀਲੇ ਵਿੱਚ ਪਾ ਦਿੱਤੀ ਅਤੇ ਤੀਹ ਪੈਂਤੀ ਫੁਲਕੇ ਟੋਕਰੇ ’ਚੋਂ ਕੱਢ ਕੇ ਪਰਾਤ ’ਚ ਰੱਖ ਦਿੱਤੇ। ਕੜਾਹ ਪ੍ਰਸ਼ਾਦਿ ਨਾਲ ਡੋਲੂ ਭਰ ਕੇ ਉਹਨੂੰ ’ਚੋਂ ਇੱਕ ਜਣੀ ਕਹਿਣ ਲੱਗੀ ਲੈ ਬੇਬੇ ਅੱਜ ਤੁਹਾਨੂੰ ਘਰੇ ਪਕਾਉਣ ਦੀ ਲੋੜ ਨਹੀਂ। 

ਮੇਰੇ ਨਾਨੀ ਜੀ ਕਹਿਣ ਲੱਗੇ ਨਹੀਂ ਨਹੀਂ ਅਸੀਂ ਐਨਾ ਰਾਸ਼ਣ ਕੀ ਕਰਨਾ ਆਂ, ਕਿਸੇ ਹੋਰ ਨੂੰ ਵੀ ਦੇ ਦਿਉ। ਤਾਂ ਉਹ ਕਹਿਣ ਲੱਗੀਆਂ ਨਹੀਂ ਬੇਬੇ ਅਸੀਂ ਖੁੱਲ੍ਹਾ ਲੰਗਰ ਕੀਤਾ ਆ, ਅਸੀਂ ਸਭਨਾ ਦੇ ਘਰੋ ਘਰੀਂ ਵੰਡਣ ਲੱਗੀਆਂ ਹੋਈਆਂ ਆਂ। ਅਸੀਂ ਚਾਹੁੰਦੀਆਂ ਆਂ ਕਿ ਇਹ ਲੰਗਰ ਖਰਾਬ ਹੋਣ ਨਾਲੋਂ ਤਾਂ ਕਿਸੇ ਨਾ ਕਿਸੇ ਦੇ ਮੂੰਹ ਪੈ ਜਾਵੇ ਤਾਂ ਚੰਗਾ ਹੈ, ਜੇ ਬਚ ਗਿਆ ਤਾਂ ਖਰਾਬ ਹੋ ਜਾਊਂਗਾ, ਅਸੀਂ ਇਸ ਕਰਕੇ ਵੰਡ ਰਹੀਆਂ ਕਿ ਕਿਤੇ ਖਰਾਬ ਨਾ ਹੋ ਜਾਵੇ। ਦੋਸਤੋ ਹੋਇਆ ਵੀ ਇੰਜ ਈ ਉਨ੍ਹਾਂ ਨੇ ਬਣੇ ਹੋਏ ਭੋਜਨ ਦਾ ਇੱਕ ਵੀ ਕਤਰਾ ਖਰਾਬ ਨਹੀਂ ਹੋਣ ਦਿੱਤਾ। 

ਆਪਾਂ ਵੀ ਸਾਰੇ ਇਹ ਪ੍ਰਣ ਕਰੀਏ ਕਿ ਬਣਿਆ ਹੋਇਆ ਭੋਜਨ ਖਰਾਬ ਨਹੀਂ ਹੋਣ ਦਿਆਂਗੇ। ਜੇ ਸਾਡੀ ਲੋੜ ਤੋਂ ਜ਼ਿਆਦਾ ਭੋਜਨ ਬਚ ਗਿਆ ਹੈ ਤਾਂ ਉਹਨੂੰ ਖਰਾਬ ਹੋਣ ਦੀ ਬਜਾਏ ਵੰਡ ਦਿਓ। ਜੇਕਰ ਤੁਸੀਂ ਇੰਜ ਕਰੋਗੇ ਤਾਂ ਅੰਨ ਭਗਵਾਨ ਦੀ ਨਿਰਾਦਰੀ ਨਹੀਂ ਹੋਏਗੀ ਤੇ ਦੂਜਾ ਜਿਸਨੂੰ ਵੀ ਤੁਸੀਂ ਘਰੇ ਜਾ ਕੇ ਭੋਜਨ ਦਿਉਗੇ, ਉਹਨਾਂ ਨਾਲ ਤੁਹਾਡਾ ਮੇਲ ਮਿਲਾਪ ਅਤੇ ਪਿਆਰ ਵਧੇਗਾ ਅਤੇ ਤੁਹਾਡੀ ਸੋਭਾ ਵੀ ਹੋਵੇਗੀ। ਪਹਿਲੀ ਤਾਂ ਗੱਲ ਇਹ ਹੈ ਕਿ ਲੋੜ ਅਨੁਸਾਰ ਹੀ ਚੀਜ਼ ਬਣਾਉਣੀ ਚਾਹੀਦੀ ਹੈ, ਜੇਕਰ ਫਿਰ ਵੀ ਵਧ ਜਾਂਦੀ ਹੈ ਤਾਂ ਆਂਢ-ਗੁਆਂਢ ਵਿੱਚ ਵੰਡ ਸਕਦੇ ਹੋ। ਮੈਂ ਕਈਆਂ ਢਾਬਿਆਂ ਅਤੇ ਹੋਟਲਾਂ ਵਿੱਚ ਵੇਖਿਆ ਹੈ, ਜੇਕਰ ਕੋਈ ਚੀਜ ਬਚ ਜਾਂਦੀ ਹੈ, ਉਹ ਖਰਾਬ ਹੋਈ ਕੂੜੇ ਦੇ ਢੇਰ ਵਿੱਚ ਤਾਂ ਜਰੂਰ ਸੁੱਟ ਦੇਣਗੇ ਪਰ ਕਿਸੇ ਨੂੰ ਬਿਨਾਂ ਪੈਸਿਆਂ ਤੋਂ ਖਾਣ ਲਈ ਨਹੀਂ ਦੇਣੀ, ਜੋ ਸਰਾਸਰ ਗਲਤ ਹੈ। ਅਸੀਂ ਇਸੇ ਰੋਟੀ ਦੇ ਪਿੱਛੇ ਦਿਨ ਰਾਤ ਭੱਜੇ ਫਿਰਦੇ ਆਂ, ਸਾਡੇ ਦੇਸ਼ ਵਿਚ ਹਜ਼ਾਰਾਂ ਹੀ ਲੋਕ ਇਹੋ ਜਿਹੇ ਹੋਣਗੇ, ਜਿੰਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ।

ਕਈ ਰੱਜੇ ਪੁੱਜੇ ਅਮੀਰਜ਼ਾਦੇ ਲੋਕ ਅੰਨ ਭਗਵਾਨ ਦੀ ਕਦਰ ਨਹੀਂ ਕਰਦੇ, ਜਿਵੇਂ ਕਿਸੇ ਨੇ ਆਖਾਣ ਪਾਇਆ ਸੀ ਢਿੱਡ ਤਾਂ ਰੱਜ ਗਿਆ ਪਰ ਅੱਖਾਂ ਨਹੀਂ ਰੱਜੀਆਂ। ਵਿਆਹਾਂ ਸ਼ਾਦੀਆਂ ’ਚ ਤੁਸੀਂ ਆਮ ਈਂ ਵੇਖਦੇ ਹੋ, ਲੋਕ ਹਲਕਿਆਂ ਤਰਾਂ ਪਲੇਟਾਂ ਤੂਸ ਕੇ ਭਰ ਲੈਂਦੇ ਹਨ, ਬਾਅਦ ’ਚ ਜਦੋਂ ਖਾਧਾ ਨਹੀਂ ਜਾਂਦਾ ਤਾਂ ਚਾਰ ਚੁਫੇਰੇ ਵੇਖ ਕੇ ਅੱਖ ਬਚਾ ਕੇ ਪਲੇਟ ਟੱਪ ’ਚ ਵਗਾਹ ਮਾਰਦੇ ਹਨ ਪਰ ਜੇ ਕਿਸੇ ਦੀ ਨਜ਼ਰ ਪੈ ਜਾਏ ਜਾਂ ਮੂਵੀ ਵਾਲਾ ਮੂਵੀ ਬਣਾ ਲੈ ਤਾਂ ਫਿਰ ਐਨੇ ਕੱਚੇ ਜਿਹੇ ’ਤੇ ਸ਼ਰਮਿੰਦੇ ਹੋਣਗੇ, ਤਾਂ ਉਦੋਂ ਈਂ ਅੱਖ ਬਚਾ ਕੇ ਹਾਲ ਚੋਂ ਬਾਹਰ ਨਿਕਲ ਜਾਣਗੇ। ਇਨ੍ਹਾਂ ਨੂੰ ਬੰਦਾ ਪੁੱਛਣ ਵਾਲਾ ਹੋਵੇ ਕਿ ਜਿਹੜਾ ਕੁਝ ਬਚਿਆ, ਜੋ ਤੈਥੋਂ ਖਾਧਾ ਨਹੀਂ ਗਿਆ, ਇਹਦੇ ’ਤੇ ਕਿਸੇ ਦੀ ਮਿਹਨਤ ਲੱਗੀ ਐ, ਕਿਸੇ ਦੇ ਪੈਸੇ ਲੱਗੇ ਨੇ, ਖਰਚਾ ਆਇਆ ਹੈ।

PunjabKesari

ਆਪਣੀ ਪਲੇਟ ਨੂੰ ਭਰਨ ਤੋਂ ਪਹਿਲਾਂ ਕੁਝ ਸੋਚ ਲੈਂਦਾ ਕਿ ਮੈਂ ਐਨਾ ਕੁ ਮਸਾਂ ਹੀ ਖਾ ਸਕਾਂਗਾ। ਇਹੋ ਜਿਹੇ ਲਾਲਚੀ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜੋ ਕਿਸੇ ਦਾ ਰਾਸ਼ਣ ਖਾਂਦੇ ਘੱਟ ਅਤੇ ਖਰਾਬ ਜ਼ਿਆਦਾ ਕਰਦੇ ਹਨ, ਸੋ ਵੀਰੋ ਇਹ ਮੈਂ ਉਨ੍ਹਾਂ ਲਈ ਕਹਿ ਰਿਹਾ ਹਾਂ ਜੋ ਅਕਸਰ ਹੀ ਇੱਦਾਂ ਕਰਦੇ ਹਨ। 

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਮੋਬ÷ 9855069972 ,ਵੱਟਸ 9780253156


rajwinder kaur

Content Editor

Related News