ਰੱਬ ਦਾ ਬੰਦਾ ‘ਅਹਨ’ : ਜਗਬਾਣੀ ਦੇ ਪਾਠਕਾਂ ਨਾਲ ਕਰ ਰਿਹਾ ਹੈ ਸਾਂਝੇ ਆਪਣੇ ਜਜ਼ਬਾਤ

04/09/2020 3:09:00 PM

ਅੱਜ ਬਹੁਤ ਦਿਨਾਂ ਬਾਅਦ ਮਾਂ ਦੀ ਬੁੱਕਲ ’ਚ ਬੈਠਿਆ ਸਿੱਧਾ ਫਲੈਸ਼ ਬੈਕ ਬਚਪਨ ਦੇ ਦਿਨਾਂ ’ਚ...
ਬਿਨਾਂ ਨੈੱਟਵਰਕ...ਐਨੀ ਸਪੀਡ 

ਯਾਦ ਏ ਚੰਗੀ ਤਰ੍ਹਾਂ ...
ਮਾਂ ਪੀੜ੍ਹੀ ’ਤੇ ਬੈਠੀ...
ਮਾਂ ਦੀਆਂ ਤਲੀਆਂ ਸਰੋਂ ਦੇ ਤੇਲ ਨਾਲ ਗੱਚ ਮੇਰੇ ਕੇਸਾਂ ’ਚ ਗੁੰਝਲਾਂ ਕੱਢ ਕੇ ਮੀਡੀਆਂ ਕਰਨ ਲੱਗੀ। 
ਬਸ ਵਾਲ ਖਿੱਚ ਕੇ ਪੋਲੇ ਜੇ 
ਛਾਤੀ ਨਾਲ ਲਾ ਲਿਆ...

ਨਾਨੇ ਨੂੰ ਅਸੀ ਚਾਚਾ ਕਹਿੰਦੇ ਸੀ 
ਕਿਉਂਕਿ ਮਾਂ ਹੁਣੇ ਅਤੇ ਮਾਮੇ ਹੁਣੀਂ ਵੀ ਚਾਚਾ ਕਹਿੰਦੇ ਸੀ (ਮੇਰਾ ਜਨਮ ਮਾਨਸੇ ਦਾ, ਨਾਨਕੇ ਲਾਗੇ ਸੀ ਅੱਜ ਦੇ ਕਹਿਣ ਵਾਂਗ 
(ਪੀ.ਬੀ. 31 ਵਾਲਾ) ਪਿੰਡਾਂ ’ਚ ਰਹਿਣ ਵਾਲਿਆਂ ਨੂੰ ਪਤਾ ਹੋਣਾ ਚਾਚਾ ਕਿਓਂ ਕਹਿੰਦੇ ਸੀ।
ਚਲੋ ਮਾਂ ਗੱਲ ਕਰਦੀ ਉਸ ਵੇਲੇ ਕਿ 
ਅਸੀ ਹੁਣ ਤੱਕ ਅੱਡੇ ਅਤੇ ਦਰੀਆਂ ਬੁਣਨ ਬਹਿ ਜਾਂਦੀਆਂ ਸੀ। ਮੈਂ ਅਤੇ ਤੇਰੀ ਰਕਸ਼ੋ ਮਾਸੀ...

PunjabKesari
 
..ਅੱਜ ਮੈਨੂੰ ਯਾਦ ਆ ਗਿਆ 
ਫੇਰ ਗੱਲ ਤੋਰ ਲਈ, "ਮਾਂ ਦੱਸੀ ਉਹ ਗੱਲ ਜੇਹੜੀ ਮੈਂ ਕਦੇ ਪੂਰੀ ਨੀ ਸੁਣੀ"...

ਆਹੋ ਅੱਜ ਤੈਨੂੰ ਕਿਥੋਂ ਯਾਦ ਆ ਗਈ 
ਦੱਸ ਨਾ ਮਾਂ.. 
ਕੁਛ ਨੀ ਉਹ ਵੇਲਾ ਬਹੁਤਾ ਚੰਗਾ ਸੀ 
ਚਾਚਾ ਸਾਨੂੰ ਸਾਜਰੇ ਉੱਠਾ ਦਿੰਦਾ 
ਮੈਂ ਬੋਕਰ ਫੇਰ ਦਿੰਦੀ
ਬੇਬੇ ਧਾਰਾਂ ਕੱਢਣ ਲੱਗ ਜਾਂਦੀ 
ਤੇਰੀ ਮਾਸੀ-ਮਾਮਿਆਂ ਨੂੰ ਤਿਆਰ ਕਰਦੀ ਸਕੂਲ ਲਈ, ਚਾਚਾ ਖੇਤ ਜਾਂਦਾ 

ਬੇਬੇ ਦੁੱਧ ਕੱਢ ਕੇ 
ਰਿੜਕਣ ਲਈ ਦਿੰਦੀ ਮੈਨੂੰ।
ਫੇਰ ਚਾਚੇ ਲਈ ਖੇਤ ਰੋਟੀ ਲੈ ਜਾਂਦੀ 
ਮੈਂ ਤੇ ਤੇਰੀ ਮਾਸੀ ਦਰੀਆਂ ਬੁਣਦੀਆਂ 
ਫੇਰ ਬੇਬੇ ਆ ਕੇ ਸਾਡੇ ਸਾਰਿਆਂ ਲਈ ਰੋਟੀ ਲਾਉਂਦੀ, ਮਾਸੀ ਛੱਟੀਆਂ ਚੁੱਕ ਕੇ ਚੁੱਲ੍ਹੇ ’ਚ ਲਾਉਂਦੀ...ਮਾਮਾ ਪੱਠੇ ਲੈਣ ਖੇਤ ਜਾਂਦਾ ਚਾਚੇ ਕੋਲ।
ਫੇਰ ਅਸੀਂ ਸਾਰੇ ਗਲੀ ਦੀਆਂ ਕੁੜੀਆਂ ਕੱਠੀਆਂ ਹੋ ਬਾਹਰਲੇ ਘਰ ਜਾਂਦੀਆਂ 
ਓਥੇ ਗੱਲਾਂ ਮਾਰ ਦੀਆਂ, ਹੱਸਦੀਆਂ 
ਫੇਰ ਆ ਕੇ ਰੋਟੀ ਪਾਣੀ ਕਰਦੀਆਂ 
ਐਵੇ ਦਿਨ ਲੰਘ ਜਾਂਦਾ ਸੀ.... 

ਸਬਰ ਸੀ ਓਹਨਾ ਦਿਨਾਂ ’ਚ 
ਬਰਕਤਾਂ ਸੀ ਕਮਾਈਆਂ ਚ' 
ਪਿਆਰ ਸੀ ਹਰ ਬੰਦੇ ਨੂੰ ਆਪਣੇ ਕੰਮ ਨਾਲ 
ਗੁਜ਼ਾਰੇ ਸੀ ਉਨ੍ਹਾਂ ਪੈਸਿਆਂ ’ਚ ਵੀ 
ਜਿਹੜੇ ਚਾਚਾ ਨੇ ਰਹਿੰਦੇ ਸਾਹ ਤੱਕ ਨੀ ਦੱਸਿਆ 
ਕਿੰਨੇ ਸੀ, ਕਿਥੋਂ ਆਏ 
ਜਿੰਦਗੀ ਸੋਹਣੀ ਹੁੰਦੀ, ਹੋਰ ਸੋਹਣੀ ਬਨਾਉਣੀ ਪੈਂਦੀ। 
ਕਿਰਤ ਨਾਲ, ਪਿਆਰ ਨਾਲ, ਮੋਹ ਨਾਲ।

ਸਭ ਸੁਣ ਦਿਲ ਭਰ ਗਿਆ 
ਅਸੀ ਪਤਾ ਨੀ ਹੋਰ ਕਿੰਨੀਆਂ ਚੀਜ਼ਾਂ ਤੋਂ ਵਾਂਝੇ ਰਹਿ ਜਾਣਾ 

ਸ਼ਹਿਰਾਂ ਨੇ ਸਾਨੂੰ ਸਹੂਲਤਾਂ ਤਾਂ ਦਿੱਤੀਆਂ ਪਰ ਅਪਣਾਪਣ ਨੀ ਦੇ ਸਕਿਆ। 
ਸ਼ਹਿਰਾਂ ਨੇ ਸਾਨੂੰ ਰੱਜ ਕੇ ਨਾਮੋਸ਼ੀ ਦਿੱਤੀ 
ਤੇ ਪਿੰਡ ਹਮੇਸ਼ਾ ਬਾਪੂ ਵਾਂਗ ਗਲਵੱਕੜੀ ’ਚ ਲੈਣ ਲਈ ਤਰਸਦਾ...
ਪਰ ਕਦੇ ਬੋਲ ਕੇ ਨਹੀਂ ਦੱਸੇਗਾ 
ਤੁਸੀ ਜਿੱਥੇ ਵੀ ਜਾਦੇਂ ਨਾਲ ਤੁਰਦਾ
ਤੇ ਬਾਪੂ ਦੇ ਨਾਮ ਵਾਂਗ ਪਿੱਛੇ ਤੁਰਦਾ ਰਹੂ ਦੁਨੀਆਂ ’ਤੇ ਰਹਿੰਦੇ 
ਤੁਹਾਡੇ ਨਾਮ ਤੱਕ...

ਉਹ ਬੁਜ਼ਰਗ ਕਿੰਨਾ ਜ਼ਿੰਦਾ ਦਿਲ ਅਤੇ ਮੁਹੱਬਤ ਨਾਲ ਭਰਿਆ ਹੋਣਾ, ਜਿਸ ਨੇ ਪਿੰਡਾਂ ਦਾ ਸਿਰ ਪਲੋਸ ਕੇ ਦੁਆ ਦਿੱਤੀ ਹੋਣੀ ਹੱਸਦਾ ਖਿੱੜਦਾ ਰਹਿ ਬਰਕਤਾਂ ਵਾਲਿਆ ...

ਜਲਦੀ ਆਵਾਂਗਾ ਮਾਫ਼ੀ ਜਲਦੀ ਆਵਾਂਗੇ

17ਵੇ ਦਿਨ ’ਚ ਸ਼ਹਿਰ ਦੀ ਬੰਦ ਗਲੀ ’ਚ ਬੰਦ ਕਮਰੇ ’ਚ ਭੁੱਬ ਮਾਰ ਕੇ ਜੰਮਿਆ ਅਹਿਸਾਸ ।। ਅਹਨ ।।


rajwinder kaur

Content Editor

Related News