ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ

09/11/2018 5:02:26 PM

ਗੁਰਬਾਣੀ ਦੇ ਮਹਾਨ ਫ਼ਲਸਫੇ ਅਨੁਸਾਰ ਜੀਵਨ ਦੀ ਜਾਂਚ ਸਿੱਖਣ ਨਾਲ ਮਨੁੱਖਤਾ ਖੁਸ਼ਹਾਲ ਰਹਿੰਦੀ ਹੈ ਪਰ ਬੇਲੋੜੀ ਅਤੇ ਲਾਲਚਪ੍ਰਸਤੀ ਦੌੜ ਨੇ ਸਾਡੀ ਜੀਵਨ ਗਤੀ ਨੂੰ ਲੀਹੋ ਲਾਉਂਣ ਦਾ ਯਤਨ ਕੀਤਾ ਹੈ। ਪਾਣੀ ਸਬੰਧੀ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਏ ਅਸੀਂ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਪਾਣੀ ਜੋ ਸਾਡੇ ਜੀਵਨ ਦਾ ਅਧਾਰ ਹੈ ਅਸੀਂ ਉਸ ਪ੍ਰਤੀ ਵੀ ਹੱਦੋਂ ਵਧ  ਲਾਪਰਵਾਹੀ ਅਤੇ ਡੰਗ ਟਪਾਊ ਨੀਤੀ ਅਪਣਾਈ ਹੈ। ਇਸ ਲਈ ਅਸੀਂ ਸਿਹਤ ਅਤੇ ਆਰਥਿਕ ਪੱਖੋਂ ਕਮਜ਼ੋਰ ਹੋਏ ਹਾਂ ਨਿਤ ਦਿਨ ਇਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਪਵਿੱਤਰ ਵਾਕ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ”ਨੂੰ ਆਪਣੇ ਅੰਦਰ ਵਸਾ ਲੈਂਦੇ ਤਾਂ ਹਾਲਾਤ ਖੁਸ਼ਹਾਲੀ ਵਾਲੇ ਹੋਣੇ ਸਨ। 

ਅੱਜ ਪਾਣੀ ਪੀਣ ਲਈ ਅਤੇ ਹੋਰ ਵਰਤੋਂ ਲਈ ਦੋਹਰੀ ਮਾਰ ਪੈਦਾ ਕਰ ਰਿਹਾ ਹੈ। ਇਕ ਪਾਸੇ ਸਤਰ ਥੱਲੇ ਜਾਣ ਕਰਕੇ ਦੂਜਾ ਜ਼ਹਿਰੀਲੇ ਪਦਾਰਥ ਘੁੱਲਣ ਕਰਕੇ ਅਲਾਮਤਾਂ ਬੂਹੇ ਉੱਤੇ ਖੜ੍ਹ ਗਈਆਂ ਹਨ। ਅੱਜ ਲੋਕਾਂ ਨੂੰ ਪਾਣੀ ਦੀ ਮਾਰ ਦੇ ਨਤੀਜੇ ਦੇਖ ਕੇ ਚੇਤੰਨ ਹੋਣ ਦੀ ਲੋੜ ਹੈ। ਪਿੰਡਾਂ ਦੀਆਂ ਸਵੈ ਸੇਵੀ ਜੱਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਜੋ ਆਰਥਿਕ ਪੱਖੋਂ ਸਮਰੱਥ ਹਨ, ਉਹ ਵੀ ਸ਼ੁੱਧ ਪਾਣੀ ਲਈ ਆਰ.ਓ.ਸ਼ਿਸਟਮ ਲਗਵਾ ਕੇ ਆਪਣੇ-ਆਪਣੇ ਪਿੰਡ ਨੂੰ ਸ਼ੁੱਧ ਪਾਣੀ ਦੇ ਕੇ ਪੁੰਨ ਕਮਾ ਸਕਦੀਆਂ ਹਨ। ਇਹ ਸੰਸਥਾਵਾਂ ਪਾਣੀ ਦੀ ਸੰਭਾਲ ਸੰਬੰਧੀ ਵੀ ਯੋਗਦਾਨ ਪਾ ਸਕਦੀਆਂ ਹਨ। ਅੱਜ ਪਾਣੀ ਦੀ ਪਵਿੱਤਰਤਾ ਤੇ ਲੋੜ ਨੂੰ ਸਮਝ ਕੇ ਇਸ ਦੀ ਸੰਭਾਲ ਲਈ ਸਾਨੂੰ ਸਭ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ। 
(ਸੰਪਾਦਕ ਦੀ ਡਾਕ) ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ