ਪਹਿਲੀ ਆਜ਼ਾਦੀ ਦੀ ਲੜਾਈ ਦੇ ਨਾਇਕ ‘ਮੰਗਲ ਪਾਂਡੇ’

04/10/2022 12:08:50 PM

ਅਮਰ ਸ਼ਹੀਦ ਮੰਗਲ ਪਾਂਡੇ ਦਾ ਜਨਮ 19 ਜੁਲਾਈ 1827 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਨਗਵਾ ’ਚ ਦਿਵਾਕਰ ਪਾਂਡੇ ਅਤੇ ਮਾਤਾ ਅਭੈ ਰਾਣੀ ਦੇ ਘਰ ਹੋਇਆ। ਹਾਲਾਂਕਿ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਨਮ ਫੈਜਾਬਾਦ ਜ਼ਿਲ੍ਹੇ ਦੀ ਅਕਬਰਪੁਰ ਤਹਿਸੀਲ ਦੇ ਸੁਰਹੂਪੁਰ ਪਿੰਡ ’ਚ ਹੋਇਆ ਸੀ। ਜਵਾਨੀ ’ਚ ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਮਜਬੂਰੀ ’ਚ ਅੰਗਰੇਜ਼ ਫੌਜ ’ਚ ਨੌਕਰੀ ਕਰਨੀ ਪਈ। 1849 ’ਚ 22 ਸਾਲਾਂ ਦੀ ਉਮਰ ’ਚ ਈਸਟ ਇੰਡੀਆ ਕੰਪਨੀ ਦੀ ਸੈਨਾ ’ਚ ਭਰਤੀ ਹੋਏ। ਇਨ੍ਹਾਂ ਨੂੰ ਬੈਰਕਪੁਰ ਦੀ ਸੈਨਿਕ ਛਾਉਣੀ ’ਚ ‘34ਵੀਂ ਬੰਗਾਲ ਨੇਟਿਵ ਇੰਫੈਂਟਰੀ’ ਵਿਚ ਸ਼ਾਮਲ ਕੀਤਾ ਗਿਆ। ਈਸਟ ਇੰਡੀਆ ਕੰਪਨੀ ਦੀਆਂ ਦਮਨਕਾਰੀ ਨੀਤੀਆਂ ਨੇ ਲੋਕਾਂ ਦੇ ਮਨ ’ਚ ਅੰਗਰੇਜ਼ੀ ਹਕੂਮਤ ਦੇ ਪ੍ਰਤੀ ਪਹਿਲਾਂ ਹੀ ਨਫਰਤ ਪੈਦਾ ਕਰ ਦਿੱਤੀ ਸੀ। 

ਅੰਗਰੇਜ਼ ਅਧਿਕਾਰੀਆਂ ਵਲੋਂ ਭਾਰਤੀ ਸੈਨਿਕਾਂ ’ਤੇ ਅੱਤਿਆਚਾਰ ਤਾਂ ਹੋ ਹੀ ਰਿਹਾ ਸੀ ਪਰ ਹੱਦ ਉਦੋਂ ਹੋ ਗਈ, ਜਦੋਂ 9 ਫਰਵਰੀ, 1857 ’ਚ ਭਾਰਤੀ ਸੈਨਿਕਾਂ ਨੂੰ ਪੈਟਨ 1853 ਐਨਫੀਲਡ ਬੰਦੂਕਾਂ ਦਿੱਤੀਆਂ ਗਈਆਂ। ਇਹ 0.577 ਕੈਲੀਬਰ ਦੀ ਬੰਦੂਕ ਸੀ ਅਤੇ ਪੁਰਾਣੀ ਅਤੇ ਕਈ ਦਹਾਕਿਆਂ ਤੋਂ ਵਰਤੋਂ ’ਚ ਲਿਆਈ ਜਾ ਰਹੀ ਬ੍ਰਾਊਨ ਬੈਸ ਦੇ ਮੁਕਾਬਲੇ ’ਚ ਸ਼ਕਤੀਸ਼ਾਲੀ ਅਤੇ ਅਚੂਕ ਸੀ। ਨਵੀਂ ਬੰਦੂਕ ’ਚ ਗੋਲੀ ਦਾਗਣ ਦੀ ਆਧੁਨਿਕ ਪ੍ਰਣਾਲੀ (ਪ੍ਰਿਕਸ਼ਨ ਕੈਪ) ਦੀ ਵਰਤੋਂ ਕੀਤੀ ਗਈ ਸੀ ਪਰ ਬੰਦੂਕ ’ਚ ਗੋਲੀ ਭਰਨ ਦੀ ਤਕਨੀਕ ਪੁਰਾਣੀ ਸੀ। ਇਸ ’ਚ ਕਾਰਤੂਸ ਭਰਨ ਲਈ ਇਸ ਨੂੰ ਦੰਦਾਂ ਨਾਲ ਕੱਟ ਕੇ ਖੋਲ੍ਹਣਾ ਪੈਂਦਾ ਹੈ। ਉਹ ਕਾਰਤੂਸ ਜਿਸ ਨੂੰ ਦੰਦਾਂ ਨਾਲ ਕੱਟਣਾ ਹੁੰਦਾ ਸੀ, ਉਸ ਦੇ ਉਪਰਲੇ ਹਿੱਸੇ ’ਤੇ ਚਰਬੀ ਹੁੰਦੀ ਸੀ, ਜੋ ਉਸ ਨੂੰ ਪਾਣੀ ਦੀ ਸਿੱਲ੍ਹ ਤੋਂ ਬਚਾਉਂਦੀ ਸੀ।

ਭਾਰਤੀ ਸੈਨਿਕਾਂ ’ਚ ਇਹ ਗੱਲ ਫੈਲ ਗਈ ਸੀ ਕਿ ਕਾਰਤੂਸ ਦੀ ਚਰਬੀ ਸੂਰ ਅਤੇ ਗਾਂ ਦੇ ਮਾਸ ਤੋਂ ਬਣਾਈ ਗਈ ਹੈ। ਇਹ ਗੱਲ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ  ਦੇ ਨਾਲ ਖਿਲਵਾੜ ਸੀ। ਭਾਰਤੀ ਸੈਨਿਕਾਂ ਦੇ ਨਾਲ ਹੋਣ ਵਾਲੇ ਭੇਦਭਾਵ ਕਾਰਨ ਪਹਿਲਾਂ ਹੀ ਭਾਰਤੀ ਸੈਨਿਕਾਂ ’ਚ ਅਸੰਤੋਸ਼ ਸੀ ਅਤੇ ਨਵੇਂ ਕਾਰਤੂਸ ਨਾਲ ਸਬੰਧਿਤ ਖ਼ਬਰ ਨੇ ਅੱਗ ’ਚ ਘਿਓ ਦਾ ਕੰਮ ਕੀਤਾ। ਵਰਤੋਂ ਦੌਰਾਨ ਜਦੋਂ ਇਸ ਨੂੰ ਮੂੰਹ ਲਗਾਉਣ ਲਈ ਕਿਹਾ ਗਿਆ ਤਾਂ ਮੰਗਲ ਪਾਂਡੇ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਸਾਥੀ ਸਿਪਾਹੀਆਂ ਨੂੰ ਵੀ ਅਜਿਹਾ ਹੀ ਵਿਦਰੋਹ ਕਰਨ ਲਈ ਪ੍ਰੇਰਿਤ ਕੀਤਾ ਸੀ।

ਉਨ੍ਹਾਂ ਨੇ ‘ਮਾਰੋ ਫਿਰੰਗੀ ਨੂੰ’ ਨਾਅਰਾ ਦਿੱਤਾ, ਜਿਸ ਦੇ ਬਾਅਦ ਅੰਗਰੇਜ਼ ਅਧਿਕਾਰੀ ਗੁੱਸੇ ਹੋ ਗਏ ਅਤੇ 29 ਮਾਰਚ, 1857 ਨੂੰ ਉਨ੍ਹਾਂ ਨੂੰ ਸੈਨਾ ’ਚੋਂ ਕੱਢਣ, ਵਰਦੀ ਅਤੇ ਬੰਦੂਕ ਵਾਪਸ ਲੈਣ ਦਾ ਫਰਮਾਨ ਸੁਣਾਇਆ ਗਿਆ, ਜਿਸ ਨਾਲ ਮੰਗਲ ਪਾਂਡੇ ਅੱਗ ਬਬੂਲਾ ਹੋ ਗਏ ਅਤੇ ਬ੍ਰਿਟਿਸ਼ ਅਫ਼ਸਰਾਂ ਦੀ ਭਾਰਤੀਆਂ ਦੇ ਪ੍ਰਤੀ ਕਰੂਰਤਾਂ ਨੇ ਅੱਗ ’ਚ ਘਿਓ ਦਾ ਕੰਮ ਕੀਤਾ। ਉਸ ਦੌਰਾਨ ਅੰਗਰੇਜ਼ ਅਫ਼ਸਰ ਉਸ ਵੱਲ ਵਧੇ ਪਰ ਮੰਗਲ ਪਾਂਡੇ ਨੇ ਉਸ ਨੂੰ ਉਥੇ ਹੀ ਢੇਰ ਕਰ ਦਿੱਤਾ। ਉਸ ਨੇ ਬਾਕੀ ਸਾਥੀਆਂ ਨੂੰ ਮਦਦ ਕਰਨ ਲਈ ਕਿਹਾ ਪਰ ਕੋਈ ਅੱਗੇ ਨਹੀਂ ਆਇਆ। ਉਹ ਫਿਰ ਵੀ ਡਟੇ ਰਹੇ ਅਤੇ ਜਦੋਂ ਕਿਸੇ ਭਾਰਤੀ ਸੈਨਿਕ ਨੇ ਸਾਥ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਉੱਪਰ ਵੀ ਗੋਲੀ ਚਲਾਈ ਪਰ ਨਿਸ਼ਾਨਾ ਨਾ ਲੱਗਿਆ। ਹਾਲਾਂਕਿ ਉਹ ਸਿਰਫ਼ ਜ਼ਖ਼ਮੀ ਹੋਏ ਅਤੇ ਅੰਗਰੇਜ਼ ਸੈਨਿਕਾਂ ਨੇ ਉਨ੍ਹਾਂ ਨੂੰ ਫੜ ਲਿਆ।

6 ਅਪ੍ਰੈਲ 1857 ਨੂੰ ਉਨ੍ਹਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਅਤੇ ਬਿਨਾਂ ਕਿਸੇ ਦਲੀਲ-ਅਪੀਲ ਦੇ 18 ਅਪ੍ਰੈਲ ਨੂੰ ਫਾਂਸੀ ਦੇਣ ਦਾ ਹੁਕਮ ਸੁਣਾ ਦਿੱਤਾ ਗਿਆ ਪਰ 1857 ਦੀ ਕ੍ਰਾਂਤੀ ਦੇ ਇਸ ਨਾਇਕ ਤੋਂ ਅੰਗਰੇਜ਼ ਇੰਨੇ ਖੌਫਜ਼ਦਾ ਹੋ ਗਏ ਕਿ ਫਾਂਸੀ ਲਈ ਮੁਕਰਰ ਤਾਰੀਖ਼ ਤੋਂ 10 ਦਿਨ ਪਹਿਲਾਂ ਹੀ ਉਨ੍ਹਾਂ ਨੇ ਲੁਕ ਕੇ 8 ਅਪ੍ਰੈਲ 1857 ਨੂੰ ਪੱਛਮੀ ਬੰਗਾਲ ਦੇ ਬੈਰਕਪੁਰ ’ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।  ਅਜਿਹਾ ਵੀ ਕਿਹਾ ਜਾਂਦਾ ਹੈ ਕਿ ਬੈਰਕਪੁਰ ਛਾਉਣੀ ਦੇ ਸਾਰੇ ਜੱਲਾਦਾਂ ਨੇ ਮੰਗਲ ਪਾਂਡੇ ਨੂੰ ਫਾਂਸੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਫਾਂਸੀ ਦੇਣ ਲਈ ਬਾਹਰ ਤੋਂ ਜੱਲਾਦ ਬੁਲਾਏ ਗਏ ਸਨ। 1857 ਦੀ ਕ੍ਰਾਂਤੀ ਭਾਰਤ ਦਾ ਪਹਿਲਾ ਸੁਤੰਤਰਤਾ ਸੰਗ੍ਰਾਮ ਸੀ, ਜਿਸਦੀ ਸ਼ੁਰੂਆਤ ਮੰਗਲ ਪਾਂਡੇ ਦੇ ਵਿਦਰੋਹ ਨਾਲ ਹੋਈ ਸੀ।

ਸੁਰੇਸ਼ ਕੁਮਾਰ ਗੋਇਲ   


rajwinder kaur

Content Editor

Related News