ਆਤਮ-ਵਿਸ਼ਵਾਸ ਅਤੇ ਸਟੇਜ ’ਤੇ ਬੋਲਣ ਦੀ ਕਲਾ ਸਮੇਂ ਦੀ ਮੁੱਖ ਲੋੜ

06/24/2020 3:05:00 PM

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324

ਕਿਸੇ ਵੀ ਵਿਸ਼ੇ ’ਤੇ ਜਨਤਾ ਦੇ ਸਾਹਮਣੇ ਬੋਲਣਾ ਇੱਕ ਕਲਾ ਹੈ। ਮੈਂ ਇਹ ਕਲਾ ਆਪਣੇ ਸਕੂਲ ਦੇ ਸਮੇਂ ਵਿੱਚ ਸਿੱਖੀ। ਗਣਤੰਤਰ ਦਿਵਸ, ਆਜ਼ਾਦੀ ਦਿਹਾੜਾ, ਅਧਿਆਪਕ ਦਿਹਾੜਾ ਆਦਿ ’ਤੇ ਮੈਨੂੰ ਬੋਲਣ ਲਈ ਸਟੇਜ ’ਤੇ ਖੜ੍ਹਾ ਕਰ ਦਿੱਤਾ ਜਾਂਦਾ ਸੀ।

ਮੈਂ ਆਪਣਾ ਭਾਸ਼ਣ ਲਿਖਕੇ ਅਤੇ ਯਾਦ ਕਰ ਕੇ ਸਟੇਜ ਉਤੇ ਜਾ ਕੇ ਬੋਲ ਦਿੰਦਾ ਸੀ। ਮੈਨੂੰ ਇਹ ਬਿਲਕੁਲ ਵੀ ਯਾਦ ਨਹੀਂ ਕਿ ਕਦੀ ਸਟੇਜ ’ਤੇ ਚੜ੍ਹਦਿਆ ਮੇਰੀਆਂ ਲੱਤਾਂ ਕੰਬੀਆ ਹੋਣ? ਸ਼ਾਇਦ ਸਕੂਲ ਵੀ ਆਪਣਾ ਸੀ ਅਤੇ ਵਿਦਿਆਰਥੀ ਵੀ ਆਪਣੇ। ਸੋ ਡਰ ਕਾਹਦਾ। 

ਕਾਲਜ ਵਿੱਚ ਜਾਣ ’ਤੇ ਵੀ ਮੇਰਾ ਇਹ ਸ਼ੌਕ ਜਾਰੀ ਰਿਹਾ। ਸਟੇਜ ’ਤੇ ਚੜ੍ਹ ਕੇ ਬੋਲਣ ਲਈ ਬਹੁਤੇ ਵਿਦਿਆਰਥੀ ਤਿਆਰ ਨਹੀਂ ਸੀ ਹੁੰਦੇ। ਸੋ ਪ੍ਰੋਫ਼ੈਸਰਾਂ ਨੂੰ ਮੈਂ ਬਲੀ ਦਾ ਬੱਕਰਾ ਲਭਿਆ ਹੋਇਆ ਸੀ। ਹਾਲਾਂਕਿ ਕਾਲਜ ਵਿੱਚ ਮੇਰੇ ਤੋਂ ਵੱਡੀ ਉਮਰ ਦੇ ਵਿਦਿਆਰਥੀ ਵੀ ਸਨ ਅਤੇ ਮੈਂ ਇਨ੍ਹਾਂ ਤੋਂ ਅਣਜਾਣ ਵੀ, ਡਰ ਹੋਣਾ ਲਾਜ਼ਮੀ ਸੀ। ਮੇਰੇ ਕਾਬਲ ਪ੍ਰੋਫੈਸਰ ਸਾਹਿਬ ਨੇ ਮੈਨੂੰ ਕੁਝ ਨੁਕਤੇ ਸਮਝਾਏ ਭਾਵੇਂ ਵਿਸ਼ਾ ਨੀਰਸ ਹੋਵੇ ਉਸ ਨੂੰ ਇਕ ਨਿਬੰਧ ਵਾਂਗ ਨਾ ਲਿਖੋ ਇੱਕ ਕਹਾਣੀ ਵਾਂਗ ਲਿਖੋ ਅਤੇ ਵਿੱਚ ਵਿਚ ਦੋਹਰੇ ਸ਼ੇਅਰ ਤੇ ਕਹਾਵਤਾਂ ਵੀ ਪਾਓ। ਇਸ ਨਾਲ ਸਰੋਤੇ ਬੋਰ ਨਹੀਂ ਹੁੰਦੇ। ਮੈਂ ਪ੍ਰੋਫੈਸਰ ਸਾਹਿਬ ਦੀ ਇਹ ਗੱਲ ਲੜ ਬੰਨ੍ਹ ਲਈ। ਕਾਲਜ ਦੀ ਸਟੇਜ ਨੇ ਮੈਨੂੰ ਪਛਾਣ ਵੀ ਦਿੱਤੀ ਤੇ ਬਹੁਤ ਸਾਰੇ ਦੋਸਤ ਵੀ ਦਿੱਤੇ।

ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’

ਇਹ ਸ਼ੌਕ ਮੈਡੀਕਲ ਕਾਲਜ ਵਿੱਚ ਪਹੁੰਚਣ ’ਤੇ ਵੀ ਜਾਰੀ ਰਿਹਾ। ਜਿਸ ਨਾਲ ਆਤਮ-ਵਿਸ਼ਵਾਸ ਇੰਨਾ ਵਧ ਗਿਆ, ਜਿਸ ਨੇ ਇਮਤਿਹਾਨਾਂ ਵਿਚ ਵਾਈਵਾ ਦੇਣ ਲੱਗਿਆਂ ਮੇਰੀ ਮਦਦ ਕੀਤੀ। ਮੈਂ ਦੇਖਿਆ ਕਿ ਕਈ ਬੁੱਧੀਮਾਨ ਵਿਦਿਆਰਥੀ ਸਭ ਕੁਝ ਜਾਣਦਿਆਂ ਹੋਇਆਂ ਵੀ ਜਵਾਬ ਦੇਣ ਵਿੱਚ ਅਸਮਰੱਥ ਜਾਪਦੇ ਸਨ। ਸ਼ਾਇਦ ਆਤਮ-ਵਿਸ਼ਵਾਸ ਦੀ ਕਮੀ ਸੀ ਜਾਂ ਬੋਲਣ ਦਾ ਡਰ।

ਪਾਸ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਲਈ ਇੰਟਰਵਿਊ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿੱਚ ਹੋਈ। ਉੱਘੇ ਸਾਹਿਤਕਾਰ ਪ੍ਰੋਫੈਸਰ ਐੱਚ. ਐੱਸ. ਦਿਓਲ ਚੇਅਰਮੈਨ ਸਨ। ਉਨ੍ਹਾਂ ਦੇ ਨਾਲ ਦੋ ਹੋਰ ਮੈਂਬਰ ਅਤੇ ਇਕ ਮੈਡੀਕਲ ਵਿਸ਼ੇ ਦਾ ਮਾਹਰ ਵੀ ਸੀ। ਮੈਂ ਦਿਉਲ ਸਾਹਿਬ ਦੀਆਂ ਰਚਨਾਵਾਂ ਅਕਸਰ ਪੜ੍ਹਦਾ ਹੁੰਦਾ ਸੀ।

ਅੰਦਰ ਜਾਂਦਿਆਂ ਹੀ ਮੈਂ ਦਿਉਲ ਸਾਹਿਬ ਨੂੰ ਉਨ੍ਹਾਂ ਦੀ ਨਵੀਂ ਕਿਤਾਬ ਛਪਣ ਦੀ ਵਧਾਈ ਦਿੱਤੀ। ਉਹ ਹੈਰਾਨ ਹੋ ਗਏ ਕਿ ਇਕ ਮੈਡੀਕਲ ਵਿਸ਼ੇ ਦਾ ਵਿਦਿਆਰਥੀ ਸਾਹਿਤ ਵਿਚ ਇੰਨੀ ਰੁਚੀ ਰੱਖਦਾ ਹੈ।

ਕਾਲੇ ਹੋਏ ਭਾਂਡਿਆਂ ਨੂੰ ਮੁੜ ਤੋਂ ਚਮਕਾਉਣ ਲਈ ਵਰਤੋ ਇਹ ਨੁਸਖ਼ੇ, ਹੋਣਗੇ ਲਾਹੇਵੰਦ ਸਿੱਧ

ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਵੀ ਲਿਖਣ ਦਾ ਸ਼ੌਕ ਰੱਖਦਾ ਹਾਂ ਅਤੇ ਮੇਰੀਆਂ ਰਚਨਾਵਾਂ ਵੀ ਛਪੀਆਂ ਹਨ। ਅਸੀਂ ਕੁਝ ਮਿੰਟ ਪੰਜਾਬ ਦੇ ਸਾਹਿਤ ਬਾਰੇ ਗੱਲ ਕਰਦੇ ਰਹੇ। ਇਸ ਤੋਂ ਬਾਅਦ ਦਿਓਲ ਸਾਹਿਬ ਨੇ ਵਿਸ਼ਾ ਮਾਹਰ ਨੂੰ ਕਿਹਾ “ਤੁਸੀਂ ਕੁੱਝ ਪੁੱਛਣਾ ਹੈ “। ਉਹ ਮੁਸਕਰਾਇਆ ਅਤੇ ਉਸਨੇ ਕਿਹਾ” ਤੁਸੀਂ ਬਥੇਰਾ ਕੁਛ ਪੁੱਛ ਲਿਆ ਹੈ “। ਜਦੋਂ ਮੈਂ ਇੰਟਰਵਿਊ ਦੇ ਕੇ ਬਾਹਰ ਆਇਆ ਤਾਂ ਮੇਰੇ ਦੋਸਤਾਂ ਨੇ ਮੈਨੂੰ ਘੇਰ ਲਿਆ।

ਇੰਟਰਵਿਊ ਵਿਚ ਕਿਹੋ ਜਿਹੇ ਸਵਾਲ ਪੁੱਛਦੇ ਹਨ। ਵਿਸ਼ਾ ਮਾਹਿਰ ਕੀ ਪੁੱਛਦਾ ਹੈਂ ਮੈਂ ਉਨ੍ਹਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ।

ਮੇਰੇ ਜਵਾਬ ਦਾ ਉਨ੍ਹਾਂ ਨੂੰ ਕੋਈ ਫਾਇਦਾ ਵੀ ਨਹੀਂ ਸੀ ਹੋਣਾ। ਨਤੀਜਾ ਆਇਆ ਤੇ ਮੇਰੇ ਆਤਮ ਵਿਸ਼ਵਾਸ ਨੇ ਮੈਨੂੰ ਸਰਕਾਰੀ ਨੌਕਰੀ ਦੁਆ ਦਿੱਤੀ।

ਜਨਤਾ ਵਿੱਚ ਬੋਲਣ ਦੀ ਸਮਰਥਾ ਨੇ ਮੇਰੀ ਜ਼ਿੰਦਗੀ ਵਿਚ ਬਹੁਤ ਮਦਦ ਕੀਤੀ । ਮੈਂ ਲੋਕਾਂ ਵਿਚ ਜਲਦੀ ਘੁਲਮਿਲ ਜਾਂਦਾ ਹਾਂ ।

ਦੁਨੀਆਂ ਦੇ ਕਈ ਦੇਸ਼ਾਂ ਵਿੱਚ ਘੁੰਮਿਆ ਹਾਂ। ਕਿਤੇ ਵੀ ਓਪਰਾ ਮਹਿਸੂਸ ਨਹੀਂ ਕੀਤਾ। ਯੂ. ਐੱਨ. ਓ. ਵਰਗੀਆਂ ਸੰਸਥਾਵਾਂ ਵਿਚ ਜਾ ਕੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਮਰੀਜ਼ਾਂ ਦੇ ਨੇੜੇ ਜਾਣ ਤੇ ਉਨ੍ਹਾਂ ਦਾ ਇਲਾਜ ਕਰਨ ਵਿਚ ਵੀ ਇਸ ਗੁਣ ਨੇ ਮੇਰੀ ਸਹਾਇਤਾ ਕੀਤੀ ਹੈ।

ਇਤਿਹਾਸ ਦਾ ਬੇਮਿਸਾਲ ਸਾਕਾ;ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ

ਅੱਜਕਲ ਦੇ ਅਧਿਆਪਕਾਂ ਨੂੰ ਮੇਰੀ ਸਲਾਹ ਹੈ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਜਨਤਾ ਵਿੱਚ ਬੋਲਣ ਦੀ ਸਮਰੱਥਾ ਪੈਦਾ ਕਰੋ, ਉਨ੍ਹਾਂ ਨੂੰ ਅਜਿਹੇ ਮੌਕੇ ਦਿਓ। ਇਸ ਨਾਲ ਉਨ੍ਹਾਂ ਦੀ ਆਤਮ ਨਿਰਭਰ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ।

 

rajwinder kaur

This news is Content Editor rajwinder kaur