ਫਤਿਹ ਅਤੇ ਮਾਂ ਦੇ ਅਹਿਸਾਸ ਦੀਆਂ ਗੱਲ੍ਹਾਂ...

06/13/2019 2:00:01 PM

ਮਾਂ: ਨਾ ਖੇਡ ਤੂੰ ਲੁੱਕਣ ਮੀਚੀਆਂ
ਮੈਥੋਂ ਲੱਭਿਆ ਨਹੀਂ ਜਾਣਾ
ਪਾਇਪ ਵਿਚ ਕੀ ਕਰਦਾ ਐਂ
ਮੈਥੋਂ ਖਿੱਚਿਆ ਨਹੀਂ ਜਾਣਾ
ਚੱੜ ਐਬੂਲੈਂਸ ਤੂੰ ਤੁਰ
ਪੀ.ਜੀ.ਆਈ ਗਿਆ
ਵੇ ਮੈਥੋਂ ਭੱਜਿਆ ਨਹੀਂ ਜਾਣਾ
ਕਿਉਂ ਬੰਦ ਡੱਬੇ ਤੂੰ ਆਇਆ ਛੁਪ ਕੇ
ਗਲ ਮੈਥੋਂ ਲੱਗਿਆ ਨਹੀਂ ਜਾਣਾ
ਝੱਟ ਸਿਵੇਂ ਵਿਚ ਵੜ ਗਿਆ ਤੂੰ 
ਵੇ ਮੈਥੋਂ ਕੱਢਿਆ ਨਹੀਂ ਜਾਣਾ
ਹੁਣ ਬਚੀ ਸਵਾਹ ਤੇਰੀ ਮੈਨੂੰ ਤੜਫਾਉਂਦੀ ਏ
ਤੇਰੇ ਬਾਝੋਂ ਪੁੱਤਰਾ ਵੇ ਕਦੇ
ਹੱਸਿਆ ਨਹੀਂ ਜਾਣਾ
ਮਾਂ ਆਪਣੀ ਨੂੰ ਦੱਸ ਜਾਂਦਾ
ਤੂੰ ਕਿੱਥੇ ਛੁਪਿਆ ਏ
ਨਹੀਂ ਤਾਂ ਮਾਂ ਤੇਰੀ ਨੇ ਅੱਜ
ਕੁਝ ਨਹੀਂ ਖਾਣਾ
...ਫਤਿਹ:
ਨਾ ਪੁੱਛ ਤੂੰ ਮਾਏ ਨੀ
ਮੈਂ ਛੁਪਿਆ ਕਿੱਥੇ
ਇਕ ਪੈਰਾਂ ਵਿਚ ਡੂੰਘੀ ਖਾਈ ਨੀ
ਮੈਂ ਅਟਕਿਆ ਜਿੱਥੇ
ਮੈ ਅੰਞਾਣ ਸੀ ਭਰੋਸਾ ਕਰ ਬੈਠਾ
ਸਰਕਾਰਾਂ ਨਾਕਾਮ ਸੀ ਜਿੱਥੇ
ਮੈਂ ਨਿਕਲ ਸਕਦਾ ਸੀ, ਪਰ ਉੱਥੋਂ ਨਹੀਂ
ਇਹਨਾਂ ਟੋਆ ਪੱਟਿਆ ਜਿੱਥੇ
ਜਦ ਲੱਭਿਆ ਇਹਨਾਂ ਉਦੋਂ ਦੇਰ ਹੋਗੀ
ਹੁਣ ਕਿੰਝ ਦਿਖਾਵਾ ਕੁੰਡਾ ਖੁਬਿਆ ਜਿੱਥੇ
ਦਿਲ ਕਰਦਾ ਸੀ ਤੇਰੀ ਹਿੱਕ ਨਾਲ ਮੈਂ ਲੱਗ ਜਾਂਵਾ
ਮੇਰੀ ਆਵਾਜ਼ ਨੂੰ ਇਹਨਾਂ ਸੁਣਿਆ ਕਿੱਥੇ
ਪੀ.ਜੀ.ਆਈ. ਦੇ ਡਾਕਟਰਾਂ ਛੁਰਾਂ ਮਾਰਿਆ ਮਾਏ!
ਮੈਂ ਕਿਹਾ, ਮੈਂ ਮਰ ਚੁੱਕਾਂ,
ਉਹਨਾਂ ਸੁਣਿਆ ਕਿੱਥੇ
ਫੇਰ ਪਿੰਡ ਆ ਕੇ ਤੈਨੂੰ ਮਿਲਣਾ ਸੀ ਮੈਂ
ਰੱਖ ਲੱਕੜਾਂ 'ਤੇ ਇਹਨਾਂ ਫੁਕਿਆ ਜਿੱਥੇ
ਮਾਂ ਤੂੰ, ਰੋ ਨਾ, ਰੋਟੀ ਖਾ ਲਵੀਂ ਅੱਜ
ਹੁਣ ਮੈਂ ਮੁੜਣਾ ਕਿੱਥੇ
ਨਾ ਤੂੰ ਆ ਸਕਦੀ ਨਾ ਮੈਂ ਆਉਣਾ
ਜਿੰਦ ਹਾਰ ਤੇਰਾ ਫਤਿਹ ਤੁਰਿਆ ਜਿੱਥੇ...।

ਗੁਰਜੀਤ ਸਿੰਘ ਗੀਤੂ
94653-10052

Aarti dhillon

This news is Content Editor Aarti dhillon