ਦੱਖਣ ਵਿੱਚ ਚਾਵਲਾਂ ਦੇ ਕਟੋਰੇ ਵਜੋਂ ਮਸ਼ਹੂਰ-ਤੰਜਾਵੁਰ

11/20/2017 2:07:40 PM

ਦੱਖਣ ਯਾਤਰਾ ਦੌਰਾਨ ਜਿੰਦਗੀ ਦੀ ਇੱਕ ਰਾਤ ਤੇ ਅੱਧਾ ਦਿਨ ਤਾਮਿਲਨਾਡੂ ਦੇ ਸ਼ਹਿਰ ਤੰਜਾਵੁਰ ਵਿੱਚ ਗੁਜਾਰਣ ਦਾ ਮੌਕਾ ਮਿਲਿਆ,ਜਿਸ ਦੀਆਂ ਅਭੁੱਲ ਯਾਦਾਂ ਨੂੰ ਯਾਦ ਕਰਦੇ ਹੀ ਮਨ ਅੱਜ ਵੀ ਖਿੜ ਉਠਦਾ ਹੈ। ਤੰਜਾਵੂਰ, ਜੋ ਕਿ ਪਹਿਲੇ ਤੰਜੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਤਾਮਿਲਨਾਡੂ ਦਾ ਦੱਖਣ-ਪੱਛਮੀ ਜ਼ਿਲਾ ਹੈ ਜੋ ਚਨੇਈ ਤੋਂ ਲਗਭਗ 300 ਕਿਲੋਮੀਟਰ ਦੂਰ ਹੈ। ਕਾਵੇਰੀ ਡੈਲਟਾ ਦੀ ਉਪਜਾਊ ਮਿੱਟੀ ਤੇ ਸਥਿਤ ਹੋਣ ਕਾਰਣ ਇੱਥੇ ਚਾਵਲਾਂ ਦੀ ਫਸਲ ਬਹੁਤ ਜਿਆਦਾ ਹੁੰਦੀ ਹੈ. ਜਿਆਦਾ ਫਸਲ ਹੋਣ ਕਾਰਣ ਹੀ ਇਸ ਸਥਾਨ ਨੂੰ ਤਾਮਿਲਨਾਡੂ ਦਾ ਚਾਵਲਾਂ ਦਾ ਕਟੋਰਾ ਕਹਿੰਦੇ ਹਨ। ਤੰਜਾਵੁਰ ਇਕ ਤਮਿਲ ਸ਼ਬਦ ਤੰਨਜੇਉਰ ਤੋਂ ਬਣਿਆ ਹੈ ਜੋ ਤਿੰਨ ਤਮਿਲ ਸ਼ਬਦ- ਤੰਨ (ਠੰਡਾ) , ਜੇ ( ਖੇਤ) ਅਤੇ ਉਰ ( ਸ਼ਹਿਰ) ਦੇ ਮੇਲ ਤੋਂ ਬਣਿਆ ਹੈ। ਤੰਨਜ ਨਾਮ ੇਉਰ ਭਾਵ ਠੰਡੇ ਖੇਤਾਂ ਨਾਲ ਘਿਰਿਆ ਸ਼ਹਿਰ । ਇੱਕ ਹੋਰ ਹਿੰਦੂ ਮਿਥ ਦੇ ਅਨੁਸਾਰ ਤੰਜੋਰ ਦਾ ਨਾਮ ਇੱਕ ਤੰਜਨ ਨਾਮ ਦੇ ਅਸੁਰ ਤੋਂ ਪਿਆ ਹੈ ਜੋ ਵਿਸ਼ਨੂ ਦੇ ਰੂਪ ਨੀਲਮੇਘਾ ਪੇਰੁਮੱਲ ਦੇ ਹੱਥੋਂ ਮਾਰਿਆ ਗਿਆ ਸੀ। 
  ਹਵਾਈ ਮਾਰਗ ਜਾਣ ਲਈ ਤੰਜਾਵੁਰ ਦੇ ਨੇੜੇ ਦਾ ਹਵਾਈ ਅੱਡਾ ਤਿਰੁਚਿਰਾਪੱਲੀ (ਤ੍ਰਿਚੀ) ਹੈ ਜੋ ਇੱਥੇ 65 ਕਿਲੋਮੀਟਰ ਦੂਰ ਹੈ। ਇਸ ਤੋਂ ਇਲਾਵਾ ਚਨੇਈ ਦੇ ਰਸਤੇ ਵੀ ਇੱਥੇ ਪੁਜਿਆ ਜਾ ਸਕਦਾ ਹੈ। ਰੇਲਵੇ ਮਾਰਗ ਰਾਹੀਂ ਵੀ ਇਹ ਸਥਾਨ ਚਨੇਈ ਅਤੇ ਤ੍ਰਿਚੀ ਤੋਂ ਸਿੱਧੀ ਰੇਲ ਸੇਵਾ ਨਾਲ ਜੁੜਿਆ ਹੋਇਆ ਹੈ। ਸੜਕ ਮਾਰਗ ਰਾਹੀਂ ਇਸ ਤਾਮਿਲਨਾਡੂ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। 
 ਤੰਜਾਵੁਰ ਦੇ ਸ਼ੁਰੂ ਦਾ ਇਤਿਹਾਸ ਜਿਆਦਾ ਉਪਲਬੱਧ ਨਹੀਂ ਪਰੰਤੂ 850 ਇਸਵੀ ਤੋਂ ਬਾਦ ਇਸ ਤੇ ਚੋਲਾ ਵੰਸ਼ ਦਾ ਰਾਜ ਰਿਹਾ ਜੋ 400ਸਾਲ ਤੱਕ ਰਿਹਾ। ਉਹਨਾਂ ਦੇ ਰਾਜ ਦੀ ਰਾਜਧਾਨੀ ਹੋਣ ਕਾਰਣ ਅਤੇ 1010 ਇਸਵੀ ਵਿੱਚ ਰਾਜਾਰਾਜ-1 ਚੋਲ ਵਲੋਂ ਇੱਥੇ 216 ਫੁੱਟ ਉੱਚੇ ਬ੍ਰਹਿਦੀਸ਼ਵਰ ਮੰਦਿਰ ਦਾ ਨਿਰਮਾਣ ਕਰਵਾਉਣ ਕਾਰਣ ਇਹ ਸਥਾਨ ਕਾਫੀ ਮਸ਼ਹੂਰ ਹੋਇਆ। ਚੋਲਾ ਸਮਰਾਜ ਦੇ ਪਤਨ ਤੋਂ ਬਾਦ ਤੰਜਾਵੁਰ ਤੇ ਪਾਂਡਿਆ,ਦਿੱਲੀ ਸਲਤਨੱਤ . ਵਿਜੇਨਗਰ ਅਤੇ ਮਰਾਠਾ ਸ਼ਾਸਕਾਂ ਦਾ ਰਾਜ ਰਿਹਾ। 1855 ਵਿੱਚ ਆਖਰੀ ਮਰਾਠਾ ਰਾਜਾ ਸ਼ਿਵਾ ਜੀ ਦੀ ਮੌਤ ਕਾਰਣ ਅਤੇ ਉਹਨਾਂ ਦਾ ਕੋਈ ਵਾਰਿਸ ਨਾ ਹੋਣ ਕਾਰਨ ਤੰਜਾਵੁਰ ਅੰਗਰੇਜੀ ਸਮਰਾਜ ਅਧੀਨ ਆ ਗਿਆ। ਭਾਰਤ ਦੀ ਅਜ਼ਾਦੀ ਤੋਂ ਬਾਦ ਤੰਜਾਵੁਰ ਜ਼ਿਲਾ ਹੈਡਕੁਆਟਰ ਹੈ।


      ਤੰਜਾਵੁਰ ਵਿੱਚ ਬਰਸਾਤ ਦਾ ਮੋਸਮ ਸਭ ਤੋਂ ਲੰਬਾ ਹੈ ਕਿਉਂਕਿ ਇਸ ਖੇਤਰ ਤੇ ਦੇਸ਼ ਵਿੱਚ ਵਗਣ ਵਾਲੀਆਂ ਮਾਨਸੂਨਾਂ ਨਾਲ ਵਰਖਾ ਹੁੰਦੀ ਹੈ , ਦੱਖਣ-ਪੱਛਮ ਮਾਨਸੂਨ ਨਾਲ ਜੂਨ ਤੋਂ ਸਿਤੰਬਰ ਤੱਕ ਅਤੇ ਉੱਤਰੀ-ਪੂਰਵੀ ਮਾਨਸੂਨ ਨਾਲ ਅਕਤੂਬਰ ਤੋਂ ਜਨਵਰੀ ਤੱਕ ਵਰਖਾ ਹੁੰਦੀ ਹੈ। ਲੰਬੀ ਬਰਸਾਤ ਹੋਣ ਕਾਰਣ ਹੀ ਇੱਥੇ ਚਾਵਲਾਂ ਦੀ ਫਸਲ ਜਿਆਦਾ ਹੁੰਦੀ ਹੈ। ਜਨਵਰੀ ਤੋਂ ਮਾਰਚ ਤੱਕ ਦਾ ਸਮਾਂ ਇਸ ਖੇਤਰ ਵਿੱਚ ਘੁੰਮਣ ਲਈ ਵਧੀਆ ਮੰਨਿਆ ਗਿਆ ਹੈ। ਮਾਰਚ ਤੋਂ ਬਾਦ ਥੋੜੀ ਗਰਮੀ ਵੱਧ ਜਾਂਦੀ ਹੈ। ਵੈਸੇ ਤਾਂ ਸਾਰਾ ਤੰਜਾਵੁਰ ਘੁੰਮਣ ਲਈ ਬਹੁਤ ਵਧੀਆ ਸ਼ਹਿਰ ਹੈ ਪਰ ਬ੍ਰਹਿਦੀਸ਼ਵਰ ਮੰਦਿਰ, ਤੰਜਾਵੁਰ ਮਰਾਠਾ ਪੈਲਸ ,ਸਿਵਗੰਗਾ ਪਾਰਕ,ਰਾਇਲ ਪੈਲਸ ਮਿਊਜਿਅਮ ਇੱਥੇਂ ਦੇ ਮੁੱਖ ਆਕਰਸ਼ਣ ਕੇਂਦਰ ਹਨ।
ਬ੍ਰਹਿਦੀਸ਼ਵਰ ਮੰਦਿਰ- ਇਹ ਮੰਦਿਰ ਸ਼ਹਿਰ ਦਾ ਮੁੱਖ ਹਿੰਦੂ ਮੰਦਿਰ ਹੈ ਜਿਸ ਦਾ ਨਿਰਮਾਣ 1003-1010 ਇਸਵੀ ਵਿਚਕਾਰ ਚੋਲ ਸਾਸ਼ਕ ਰਾਜਾਰਾਜ-1 ਚੋਲ ਨੇ ਕਰਵਾਇਆ। ਉਹਨਾਂ ਦੇ ਨਾਮ ਕਾਰਣ ਇਹ ਮੰਦਿਰ ਰਾਜਾਰਾਜੇਸ਼ਵਰ ਮੰਦਿਰ ਦਾ ਨਾਮ ਨਾਲ ਵੀ ਜਾਇਆ ਜਾਂਦਾ ਹੈ। 216 ਫੁੱਟ ਉਚਾ ਇਹ ਮੰਦਿਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਅਤੇ ਭਾਰਤ ਦੇ ਉੱਚੇ ਮੰਦਿਰਾਂ ਵਿੱਚੋਂ ਇੱਕ ਹੈ। 1600 ਇਸਵੀ ਵਿੱਚ ਬਾਹਰੀ ਸੁਰੱਖਿਆ ਲਈ ਇਸ ਦੇ ਆਲੇ-ਦੁਆਲੇ ਦੋਹਰੀ ਚਾਰਦੀਵਾਰੀ ਬਣਵਾਈ ਗਈ ਅਤੇ ਮੰਦਿਰ ਪ੍ਰਵੇਸ਼ ਲਈ ਦੋ ਦੁਆਰ ਬਣਾਏ ਗਏ। ਮੰਦਿਰ ਦਾ ਮੁੱਖ ਦੁਆਰ ਬਹੁਤ Àੁੱਚਾ ਹੈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਦੱਖਣੀ ਭਾਰਤ ਦੇ ਸਾਰੇ ਮੰਦਿਰ ਉਤਰੀ ਭਾਰਤ ਦੇ ਮੰਦਿਰਾਂ ਤੋਂ ਅਲੱਗ ਹਨ। ਉੱਤਰ ਭਾਰਤ ਵਿੱਚ ਮੰਦਿਰ ਦੇ ਮੁੱਖ ਭਵਨ ਦੀ ਉੱਚਾਈ ਬਾਕੀ ਭਵਨਾਂ ਤੋਂ ਉੱਚੀ ਹੁੰਦੀ ਹੈ ਜਦੋਂ ਕਿ ਦੱਖਣੀ ਭਾਰਤ ਦੇ ਮੰਦਿਰਾਂ ਵਿੱਚ ਮੁੱਖ ਦੁਆਰ (ਗੋਪੁਰਮ) ਦੀ ਉੱਚਾਈ ਬਾਕੀ ਭਵਨਾਂ ਤੋਂ ਉੱਚੀ ਹੁੰਦੀ ਹੈ। ਮੁੱਖ ਦੁਆਰ ਤੋਂ ਬਾਦ ਥੋੜਾ ਅੱਗੇ ਜਾ ਕੇ ਇਕ ਹੋਰ ਦੁਆਰ ਆਉਂਦਾ ਹੈ ਇਹ ਦੁਆਰ ਲੰਘ ਕੇ ਅੱਗੇ ਇੱਕ ਚਬੂਤਰਾ ਆਉਂਦਾ ਹੈ ਜਿਸ ਤੇ ਨੰਦੀ ਜੀ ਦੀ ਵਿਸ਼ਾਲ ਮੂਰਤੀ ਵਿਰਾਜਮਾਨ ਹੈ ਇਸ ਮੂਰਤੀ ਦੀ ਖਾਸ ਗੱਲ ਇਹ ਹੈ ਕਿ ਇਹ ਮੂਰਤੀ ਇੱਕ ਹੀ ਪੱਥਰ ਤੋਂ ਬਣਾਈ ਗਈ ਹੈ ਅਤੇ ਭਾਰਤ ਦੀ ਦੂਸਰੀ ਸਭ ਤੋਂ ਵੱਡੀ ਮੂਰਤੀ ਹੈ। ਸਥਲ ਦੇ ਸਾਹਮਣੇ ਬ੍ਰਹਿਦੀਸ਼ਵਰ ਮੰਦਿਰ ਹੈ । ਸਾਰਾ ਮੰਦਿਰ ਗ੍ਰੇਨਾਈਟ ਦੇ ਪੱਥਰ ਨਾਲ ਬਣਿਆ ਹੋਇਆ ਹੈ ਅਤੇ ਮੰਦਿਰ ਨਿਰਮਾਣ ਵਿੱਚ ਲਗਭਗ 1,30,000 ਟਨ ਗ੍ਰੇਨਾਈਟ ਦਾ ਪ੍ਰਯੋਗ ਹੋਇਆ ਹੈ ਪੂਰੇ ਗ੍ਰੇਨਾਈਟ ਨੂੰ ਨੱਕਾਸ਼ੀ ਨਾਲ ਸਜਾਇਆ ਹੋਇਆ ਹੈ। ਇੱਥੇ ਇਹ ਗੱਲ ਵੀ ਕਾਫੀ ਜ਼ਿਕਰਯੋਗ ਹੈ ਕਿ ਤੰਜਾਵੁਰ ਦੇ 100 ਕਿਲੋਮੀਟਰ ਅਰਧ ਵਿਆਸ ਵਿੱਚ ਕੋਈ ਵੀ ਗ੍ਰੇਨਾਈਟ ਦੀ ਖਾਣ ਨਹੀਂ ਹੈ ਇਸ ਲਈ ਇੰਨੇ ਭਾਰ ਦਾ ਗ੍ਰੇਨਾਈਟ ਇੱਥੇ ਕਿਵੇਂ ਲਿਆਉੁਂਦਾ ਹੋਵੇਗਾ ਅਤੇ ਸਿਰਫ ਹਥੋੜੀ-ਛੈਣੀ ਦੀ ਮੱਦਦ ਨਾਲ ਕਿਵੇ ਨਾਯਾਬ ਨੱਕਾਸ਼ੀ ਕੀਤੀ ਹੋਵੇਗੀ,ਇਹ ਗੱਲ ਅੱਜ ਵੀ ਹੈਰਾਨੀ ਤੇ ਸੋਚਣ ਵਾਲੀ ਹੈ । ਗਰਭਗ੍ਰਹਿ ਵਿਚ ਸਥਾਪਿਤ ਮੁੱਖ ਸ਼ਿਵ ਲਿੰਗਮ ਕਾਫੀ ਉੱਚਾ ਹੈ । ਸ਼ਰਧਾਲੂਆਂ ਨੂੰ ਇੱਕ ਨਿਸ਼ਚਿਤ ਸਥਾਨ ਤੋਂ ਅੱਗੇ ਜਾਣ ਦੀ ਮਨਾਹੀ ਹੈ ਅਤੇ ਉਹਨਾਂ ਦੁਆਰਾ ਅਰਪਿਤ ਪੂਜਾ ਦਾ ਸਮਾਨ ਮੰਦਿਰ ਪੁਜਾਰੀ ਦੁਆਰਾ ਹੀ ਸ਼ਿਵ ਲਿੰਗਮ ਤੱਕ ਪਹੁੰਚਾਇਆ ਜਾਂਦਾ ਹੈ।

ਮੰਦਿਰ ਦੇ ਅੰਦਰ ਫੋਟੋ ਖਿੱਚਣ ਦੀ ਸਖਤ ਮਨਾਹੀ ਹੈ। ਮੰਦਿਰ ਦੀਆਂ 16 ਮੰਜਿਲਾਂ ਹਨ ਅਤੇ ਹਰੇਕ ਮੰਜਿਲ ਨੂੰ ਅਲੋਕਾਰ ਮੀਨਾਕਾਰੀ ਕਰਕੇ ਦੇਵਤਿਆਂ ਮਹਾਂਭਾਰਤ-ਰਮਾਇਣ ਦੇ ਦ੍ਰਿਸ਼,ਜਾਨਵਰਾਂ ਅਤੇ ਪੰਛੀਆਂ ਦੀਆਂ ਮੂਰਤੀਆਂ ਨਾਲ ਸਜਾਇਆ ਗਿਆ ਹੈ। ਇਹ ਮੰਦਿਰ ਮੁੱਖ ਤੌਰ ਤੇ ਤਾਂ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਪਰ ਗਰਭਗ੍ਰਹਿ ਦੇ ਦੁਆਲੇ ਸੂਰਜ ਅਤੇ ਚੰਦਰ ਦੇਵਤੇ ਦੀਆਂ ਵਿਸ਼ਾਲ ਮੂਰਤੀਆਂ ਵੀ ਬਣੀਆਂ ਹੋਈਆਂ ਹਨ। ਪ੍ਰਾਚੀਨ ਕਾਲ ਤੋਂ ਹੀ ਇਹ ਮੰਦਿਰ ਰਾਜਨੀਤਕ,ਸਮਾਜਿਕ,ਵਪਾਰਕ ਅਤੇ ਧਾਰਮਿਕ ਸਰਗਰਮੀਆਂ ਦਾ ਕੇਂਦਰ ਰਿਹਾ ਹੈ।  ਮੰਦਿਰ ਦੇ ਆਸਪਾਸ ਹੀ ਮੁੱਖ ਮੰਡੀਆਂ ਲਗਦੀਆਂ ਸਨ। ਹਰੇਕ ਨਵੇਂ ਸਮਰਾਟ ਦਾ ਰਾਜ ਤਿਲਕ ਇੱਥੇ ਹੀ ਹੁੰਦਾ ਸੀ। ਮਸ਼ਹੂਰ ਸੰਗੀਤਕਾਰਾਂ ਅਤੇ ਡਾਂਸਰਾਂ ਵਲੋਂ ਇੱਥੇ ਭਾਰਤਨਾਟਿਅਮ ਪੇਸ਼ ਕਰਨਾ ਬਹੁਤ ਮਾਣ ਦੀ ਗੱਲ ਸਮਝੀ ਜਾਂਦੀ ਹੈ। ਮੰਦਿਰ ਦੇ 1000 ਸਾਲ ਪੂਰੇ ਹੋਣ ਤੇ ਤਾਮਿਲਨਾਡੂ ਸਰਕਾਰ ਨੇ ਵਿਸ਼ਵ ਦੇ 1000 ਚੋਟੀ ਦੇ ਭਾਰਤਨਾਟਿਅਮ ਕਲਾਕਾਰ ਬੁਲਾ ਕੇ ਦੋ ਦਿਨ ਉਤਸਵ ਮਨਾਇਆ ਸੀ ਅਤੇ ਭਾਰਤ ਸਰਕਾਰ ਨੇ  ਮੰਦਿਰ ਨੂੰ ਸਮਰਪਿਤ 1000 ਰੁਪਏ ਦਾ ਇੱਕ ਸਿੱਕਾ , ਜਿਸ ਤੇ ਮੰਦਿਰ ਦਾ ਚਿੱਤਰ ਅੰਕਿਤ ਹੈ ਜਾਰੀ ਕੀਤਾ ਸੀ। ਦਰਾਵਿੜ ਕਲਾ ਨਾਲ ਬਣਿਆ ਇਹ ਮੰਦਿਰ 1987 ਵਿੱਚ ਯੂਨੈਸਕੋ ਵਲੋਂ ਵਿਸ਼ਵ ਧਰੋਹਰ ਘੋਸ਼ਿਤ ਹੋ ਚੁੱਕਾ ਹੈ। ਸਮੇਂ ਦੀ ਘਾਟ ਕਰਕੇ ਮੈਂ ਤੰਜਾਵੁਰ ਦੇ ਬਾਕੀ ਸਥਾਨ ਨਹੀ ਵੇਖ ਸਕਿਆ ਜਿਸ ਕਰਕੇ ਉਹਨਾਂ ਸਥਾਨਾਂ ਦੀ ਜਾਣਕਾਰੀ ਪਾਠਕਾਂ ਤੱਕ ਨਾ ਪਹੁੰਚਾ ਸਕਣ ਲਈ ਖਿਮਾ ਦਾ ਯਾਚਕ ਹਾਂ।
ਤੰਜਾਵੁਰ ਵਿੱਚ ਬਿਤਾਇਆ ਹਰ ਪਲ ਅੱਜ ਵੀ ਮੇਰੇ ਯਾਦਾਂ ਦੇ ਪਿੰਜਰੇ ਵਿੱਚ ਕੈਦ ਹੈ ਅਤੇ ਜਦੋਂ ਕਦੇ ਵੀ ਮੈਂ ਉਦਾਸੀ ਮਹਿਸੂਸ ਕਰਾਂ ਤਾਂ ਤੰਜਾਵੂਰ ਦੇ ਬ੍ਰਹਿਦੀਸ਼ਵਰ ਮੰਦਿਰ ਵਿੱਚ ਬਿਤਾਏ ਪਲਾਂ ਨੂੰ ਯਾਦ ਕਰਕੇ ਉਦਾਸੀ ਨੂੰ ਖੁਸ਼ੀ ਵਿੱਚ ਬਦਲ ਲੈਂਦਾ ਹਾਂ।
ਤਰਸੇਮ ਸਿੰਘ                                       
ਮਾਡਲ ਟਾਊਨ, ਮੁਕੇਰੀਆਂ
9464730770